Skip to content

Skip to table of contents

ਤੁਸੀਂ ਆਪਣੀ ਸਿਹਤ ਬਿਹਤਰ ਬਣਾ ਸਕਦੇ ਹੋ

ਤੁਸੀਂ ਆਪਣੀ ਸਿਹਤ ਬਿਹਤਰ ਬਣਾ ਸਕਦੇ ਹੋ

ਰੁਸਤਮ

ਰੁਸਤਮ ਰੂਸ ਵਿਚ ਰਹਿੰਦਾ ਹੈ ਤੇ ਉਸ ਦੀ ਜ਼ਿੰਦਗੀ ਬਹੁਤ ਹੀ ਬਿਜ਼ੀ ਹੈ। ਪਹਿਲਾਂ ਉਸ ਨੂੰ ਕੁਝ ਬੁਰੀਆਂ ਆਦਤਾਂ ਸਨ, ਪਰ ਉਸ ਨੂੰ ਅਹਿਸਾਸ ਹੋਇਆ ਕਿ ਇਨ੍ਹਾਂ ਆਦਤਾਂ ਦਾ ਉਸ ਉੱਤੇ ਮਾੜਾ ਅਸਰ ਪੈ ਰਿਹਾ ਸੀ। ਉਸ ਨੇ ਸਿਗਰਟ ਤੇ ਹੱਦੋਂ ਵਧ ਸ਼ਰਾਬ ਪੀਣੀ ਛੱਡ ਦਿੱਤੀ। ਭਾਵੇਂ ਕਿ ਉਸ ਨੇ ਇਹ ਆਦਤਾਂ ਛੱਡ ਦਿੱਤੀਆਂ, ਪਰ ਉਹ ਘੰਟਿਆਂ-ਬੱਧੀ ਕੰਪਿਊਟਰ ਅੱਗੇ ਬੈਠਾ ਰਹਿੰਦਾ ਸੀ ਜਿਸ ਨਾਲ ਉਹ ਸੁਸਤ ਜਿਹਾ ਮਹਿਸੂਸ ਕਰਦਾ ਸੀ।

ਭਾਵੇਂ ਕਿ ਰੁਸਤਮ ਸਵੇਰੇ ਅੱਠ ਵਜੇ ਕੰਮ ਸ਼ੁਰੂ ਕਰਦਾ ਸੀ, ਪਰ ਉਸ ਨੂੰ ਹੋਸ਼ ਦੋ ਘੰਟਿਆਂ ਬਾਅਦ ਹੀ ਆਉਂਦੀ ਸੀ ਅਤੇ ਉਹ ਹਮੇਸ਼ਾ ਬੀਮਾਰ ਰਹਿੰਦਾ ਸੀ। ਇਸ ਲਈ ਉਸ ਨੇ ਆਪਣੀ ਰੁਟੀਨ ਵਿਚ ਤਬਦੀਲੀਆਂ ਲਿਆਂਦੀਆਂ। ਇਸ ਦਾ ਨਤੀਜਾ ਕੀ ਨਿਕਲਿਆ? ਉਹ ਦੱਸਦਾ ਹੈ: “ਪਿਛਲੇ ਸੱਤਾਂ ਸਾਲਾਂ ਵਿਚ ਮੈਨੂੰ ਹਰ ਸਾਲ ਬੀਮਾਰੀ ਕਰਕੇ ਸਿਰਫ਼ ਦੋ ਕੁ ਦਿਨ ਛੁੱਟੀ ਲੈਣੀ ਪਈ ਹੈ। ਮੈਂ ਚੁਸਤ-ਦਰੁਸਤ ਮਹਿਸੂਸ ਕਰਦਾ ਹਾਂ ਤੇ ਜ਼ਿੰਦਗੀ ਦਾ ਮਜ਼ਾ ਲੈਂਦਾ ਹਾਂ!”

ਰਾਮ, ਉਸ ਦੀ ਪਤਨੀ ਤੇ ਉਸ ਦੇ ਦੋ ਛੋਟੇ ਬੱਚੇ ਨੇਪਾਲ ਵਿਚ ਰਹਿੰਦੇ ਹਨ। ਉਨ੍ਹਾਂ ਦੇ ਗੁਆਂਢ ਵਿਚ ਸਫ਼ਾਈ ਨਹੀਂ ਹੈ ਤੇ ਇਲਾਕਾ ਮੱਖੀਆਂ ਤੇ ਮੱਛਰਾਂ ਨਾਲ ਭਰਿਆ ਹੋਇਆ ਹੈ। ਪਿਛਲੇ ਸਾਲਾਂ ਵਿਚ ਰਾਮ ਅਤੇ ਉਸ ਦੇ ਪਰਿਵਾਰ ਨੂੰ ਲਗਾਤਾਰ ਸਾਹ ਸੰਬੰਧੀ ਮੁਸ਼ਕਲਾਂ ਆਈਆਂ ਤੇ ਅੱਖਾਂ ਦੀ ਇਨਫ਼ੈਕਸ਼ਨ ਹੋਈ। ਉਨ੍ਹਾਂ ਨੇ ਵੀ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਜਿਸ ਨਾਲ ਉਨ੍ਹਾਂ ਦੀ ਸਿਹਤ ਅੱਗੇ ਨਾਲੋਂ ਬਿਹਤਰ ਹੈ।

ਆਪਣੀ ਸਿਹਤ ਦਾ ਧਿਆਨ ਰੱਖੋ!

ਭਾਵੇਂ ਲੋਕ ਅਮੀਰ ਹੋਣ ਜਾਂ ਗ਼ਰੀਬ, ਪਰ ਉਨ੍ਹਾਂ ਵਿੱਚੋਂ ਬਹੁਤ ਸਾਰੇ ਆਪਣੀਆਂ ਆਦਤਾਂ ਤੇ ਸਿਹਤ ਵਿਚਕਾਰ ਤਾਲਮੇਲ ਨਹੀਂ ਦੇਖ ਸਕਦੇ। ਸ਼ਾਇਦ ਉਨ੍ਹਾਂ ਨੂੰ ਲੱਗੇ ਕਿ ਉਨ੍ਹਾਂ ਦਾ ਆਪਣੀ ਸਿਹਤ ਉੱਤੇ ਕੋਈ ਵੱਸ ਨਹੀਂ ਹੈ। ਅਜਿਹੇ ਗ਼ਲਤ ਵਿਚਾਰ ਕਰਕੇ ਕਈ ਲੋਕ ਆਪਣੀ ਸਿਹਤ ਦਾ ਖ਼ਿਆਲ ਨਹੀਂ ਰੱਖਦੇ।

ਦਰਅਸਲ ਚਾਹੇ ਤੁਸੀਂ ਅਮੀਰ ਹੋ ਜਾਂ ਗ਼ਰੀਬ, ਪਰ ਤੁਸੀਂ ਕੁਝ ਕਦਮ ਚੁੱਕ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਵਿਚ ਕਾਫ਼ੀ ਸੁਧਾਰ ਕਰ ਸਕਦੇ ਹੋ। ਕੀ ਇਸ ਤਰ੍ਹਾਂ ਕਰਨ ਦਾ ਕੋਈ ਫ਼ਾਇਦਾ ਹੈ? ਬਿਲਕੁਲ ਹੈ! ਤੁਸੀਂ ਆਪਣੀ ਜ਼ਿੰਦਗੀ ਦੀ ਕੁਆਲਿਟੀ ਨੂੰ ਵਧਾ ਸਕਦੇ ਹੋ ਤੇ ਬੇਵਜ੍ਹਾ ਇਸ ਨੂੰ ਛੋਟੀ ਹੋਣ ਤੋਂ ਰੋਕ ਸਕਦੇ ਹੋ।

ਰਾਮ ਆਪਣੇ ਪਰਿਵਾਰ ਲਈ ਸਾਫ਼ ਪਾਣੀ ਲੈਂਦਾ ਹੋਇਆ

ਆਪਣੀ ਕਹਿਣੀ ਅਤੇ ਕਰਨੀ ਦੁਆਰਾ ਮਾਪੇ ਆਪਣੇ ਬੱਚਿਆਂ ਨੂੰ ਚੰਗੀਆਂ ਆਦਤਾਂ ਸਿਖਾ ਸਕਦੇ ਹਨ ਜਿਸ ਦਾ ਨਤੀਜਾ ਚੰਗੀ ਸਿਹਤ ਹੋਵੇਗੀ। ਜਿੰਨਾ ਸਮਾਂ ਅਤੇ ਜਿੰਨਾ ਪੈਸਾ ਤੁਸੀਂ ਆਪਣੀ ਸਿਹਤ ’ਤੇ ਖ਼ਰਚੋਗੇ ਉੱਨਾ ਘੱਟ ਤੁਸੀਂ ਬੀਮਾਰ ਹੋਵੋਗੇ ਤੇ ਦਵਾਈਆਂ ’ਤੇ ਪੈਸੇ ਖ਼ਰਚਣ ਤੋਂ ਬਚੋਗੇ। ਪੰਜਾਬੀ ਵਿਚ ਕਹਾਵਤ ਹੈ ਕਿ ਇਲਾਜ ਨਾਲੋਂ ਪਰਹੇਜ਼ ਚੰਗਾ।

ਅਗਲੇ ਲੇਖਾਂ ਵਿਚ ਅਸੀਂ ਪੰਜ ਸੁਝਾਵਾਂ ਉੱਤੇ ਵਿਚਾਰ ਕਰਾਂਗੇ ਜਿਨ੍ਹਾਂ ਨੇ ਰੁਸਤਮ, ਰਾਮ ਤੇ ਹੋਰਨਾਂ ਦੀ ਮਦਦ ਕੀਤੀ ਹੈ। ਇਹ ਗੱਲਾਂ ਤੁਹਾਡੀ ਵੀ ਮਦਦ ਕਰ ਸਕਦੀਆਂ ਹਨ! (g11-E 03)