Skip to content

Skip to table of contents

ਬਾਈਬਲ ਦੀ ਸਿੱਖਿਆ ਨੇ ਉਨ੍ਹਾਂ ਨੂੰ ਆਜ਼ਾਦ ਕੀਤਾ

ਬਾਈਬਲ ਦੀ ਸਿੱਖਿਆ ਨੇ ਉਨ੍ਹਾਂ ਨੂੰ ਆਜ਼ਾਦ ਕੀਤਾ

ਬਾਈਬਲ ਦੀ ਸਿੱਖਿਆ ਨੇ ਉਨ੍ਹਾਂ ਨੂੰ ਆਜ਼ਾਦ ਕੀਤਾ

ਯਿਸੂ ਮਸੀਹ ਨੇ ਸੁਣਨ ਵਾਲਿਆਂ ਨੂੰ ਕਿਹਾ: ਤੁਸੀਂ “ਸਚਿਆਈ ਨੂੰ ਜਾਣੋਗੇ ਅਤੇ ਸਚਿਆਈ ਤੁਹਾਨੂੰ ਅਜ਼ਾਦ ਕਰੇਗੀ।” (ਯੂਹੰਨਾ 8:32) ਹੇਠਾਂ ਦਿੱਤੇ ਗਏ ਤਜਰਬਿਆਂ ਤੋਂ ਪਤਾ ਲੱਗੇਗਾ ਕਿ ਇਹ ਆਜ਼ਾਦੀ ਬੁਰੇ ਦੂਤਾਂ ਤੋਂ ਅਤੇ ਝੂਠ ਬੋਲਣ ਤੇ ਧੋਖਾ ਦੇਣ ਵਾਲਿਆਂ ਤੋਂ ਮਿਲਦੀ ਹੈ ਜੋ ਜਾਦੂਗਰੀ ਦੇ ਪਿੱਛੇ ਹਨ।—ਯੂਹੰਨਾ 8:44.

ਹਰ ਤਜਰਬਾ ਦਿਖਾਉਂਦਾ ਹੈ ਕਿ ਸਿਰਫ਼ ਬਾਈਬਲ ਦੀ ਸੱਚਾਈ ਲੋਕਾਂ ਨੂੰ ਆਜ਼ਾਦ ਕਰ ਸਕਦੀ ਹੈ। ਕਿਉਂ ਨਾ ਖ਼ੁਦ ਬਾਈਬਲ ਪੜ੍ਹ ਕੇ ਦੇਖੋ? ਬਾਈਬਲ ਬਾਰੇ ਸਿੱਖ ਕੇ ਤੁਹਾਨੂੰ ਜ਼ਰੂਰ ਲਾਭ ਹੋਵੇਗਾ। (g11-E 02)

[ਸਫ਼ਾ 16 ਉੱਤੇ ਡੱਬੀ/ਤਸਵੀਰ]

ਇਨ੍ਹਾਂ ਤਸਵੀਰਾਂ ਵਿਚ ਐਕਟਿੰਗ ਕੀਤੀ ਗਈ ਹੈ

ਸੁਜ਼ਾਨਾ ਬ੍ਰਾਜ਼ੀਲ ਦੇ ਮੰਦਰ ਦੀ ਪੁਜਾਰਨ ਆਪਣੀਆਂ ਅਲੌਕਿਕ ਸ਼ਕਤੀਆਂ ਵਰਤ ਕੇ ਲੋਕਾਂ ਦੀ ਮਦਦ ਕਰਨੀ ਚਾਹੁੰਦੀ ਸੀ। ਨਾਲੇ ਉਸ ਨੂੰ ਲੱਗਦਾ ਸੀ ਕਿ ਉਹ ਆਪਣੀਆਂ ਸ਼ਕਤੀਆਂ ਵਰਤ ਕੇ ਆਪਣੀ ਮਰੀ ਹੋਈ ਮਾਂ ਨਾਲ ਗੱਲਾਂ ਕਰਦੀ ਸੀ। ਸਮੇਂ ਦੇ ਬੀਤਣ ਨਾਲ ਉਸ ਨੂੰ ਲੱਗਾ ਕਿ ਉਸ ਦੀ ਮਾਂ ਉਸ ਨੂੰ ਖ਼ੁਦਕੁਸ਼ੀ ਕਰਨ ਲਈ ਕਹਿ ਰਹੀ ਸੀ ਤਾਂਕਿ ਉਹ ਵੀ ਉਸ ਕੋਲ ਚਲੀ ਜਾਵੇ। ਇਹ ਗੱਲਾਂ ਸੁਜ਼ਾਨਾ ਨੂੰ ਸਤਾਉਣ ਲੱਗੀਆਂ ਤੇ ਉਸ ਨੂੰ ਰਾਤ ਨੂੰ ਡਰਾਉਣੇ ਸੁਪਨੇ ਆਉਣ ਲੱਗੇ। ਫਿਰ ਸੁਜ਼ਾਨਾ ਤੇ ਉਸ ਦਾ ਪਤੀ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਲੱਗ ਪਏ। ਉਨ੍ਹਾਂ ਲਈ “ਸ਼ਤਾਨ ਦਾ ਸਾਹਮਣਾ” ਕਰਨਾ ਬਹੁਤ ਔਖਾ ਸੀ, ਪਰ ਅਖ਼ੀਰ ਸ਼ਤਾਨ ਉਨ੍ਹਾਂ ‘ਕੋਲੋਂ ਭੱਜ ਗਿਆ।’ (ਯਾਕੂਬ 4:7) ਹੁਣ ਉਨ੍ਹਾਂ ਕੋਲ ਮਨ ਦੀ ਸ਼ਾਂਤੀ ਹੈ ਤੇ ਸੁਜ਼ਾਨਾ ਨੂੰ ਡਰਾਉਣੇ ਸੁਪਨੇ ਵੀ ਨਹੀਂ ਆਉਂਦੇ। ਉਸ ਨੇ ਲਿਖਿਆ, “ਮੈਂ ਯਹੋਵਾਹ ਦੀ ਇਸ ਗੱਲ ਲਈ ਸਭ ਤੋਂ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਸਾਨੂੰ ਹਨੇਰੇ ਵਿੱਚੋਂ ਕੱਢ ਕੇ ਆਪਣੇ ਬਾਰੇ ਸੱਚਾਈ ਸਿਖਾਈ।”

[ਸਫ਼ਾ 16 ਉੱਤੇ ਡੱਬੀ/ਤਸਵੀਰ]

ਟਿਮਥੀ ਜੋ ਪੱਛਮੀ ਅਫ਼ਰੀਕਾ ਵਿਚ ਰਹਿੰਦਾ ਹੈ ਗੁੰਗਾ ਤੇ ਬੋਲ਼ਾ ਹੈ। * ਡਾਕਟਰੀ ਇਲਾਜ ਨਾਲ ਉਸ ਨੂੰ ਕੋਈ ਫ਼ਾਇਦਾ ਨਾ ਹੋਣ ਕਰਕੇ ਉਹ ਚਮਤਕਾਰੀ ਢੰਗ ਨਾਲ ਇਲਾਜ ਕਰਨ ਵਾਲੇ ਪਾਦਰੀਆਂ ਕੋਲ ਗਿਆ, ਪਰ ਉਹ ਵੀ ਕੁਝ ਨਹੀਂ ਕਰ ਸਕੇ। ਉਹ ਦੱਸਦਾ ਹੈ: “ਇਸ ਕਰਕੇ ਮੈਂ ਧੁਰ ਅੰਦਰੋਂ ਟੁੱਟ ਚੁੱਕਾ ਸੀ।” ਫਿਰ ਟਿਮਥੀ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕੀਤੀ ਜਿਨ੍ਹਾਂ ਨੇ ਉਸ ਨੂੰ ਸਿਖਾਇਆ ਕਿ ਰੱਬ ਬੀਮਾਰ ਤੇ ਅਪਾਹਜ ਲੋਕਾਂ ਨੂੰ ਠੀਕ ਕਰਨਾ ਚਾਹੁੰਦਾ ਹੈ। ਟਿਮਥੀ ਨੇ ਕਿਹਾ: “ਮੈਂ ਉਸ ਦਿਨ ਦੀ ਉਡੀਕ ਕਰਦਾ ਹੈ ਕਿ ਜਦੋਂ ਰੱਬ ਦੀ ਨਵੀਂ ਦੁਨੀਆਂ ਵਿਚ ‘ਬੋਲਿਆਂ ਦੇ ਕੰਨ ਖੁਲ੍ਹ ਜਾਣਗੇ। . . . ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ।’” (ਯਸਾਯਾਹ 35:1-6) ਉਸ ਸਮੇਂ ਤਕ ਉਹ ਡੀ. ਵੀ. ਡੀ. ਪਲੇਅਰ ਵਰਤ ਕੇ ਹੋਰ ਬੋਲ਼ੇ ਲੋਕਾਂ ਨੂੰ ਬਾਈਬਲ ਦੀ ਸੱਚਾਈ ਸਿਖਾਉਂਦਾ ਹੈ ਤਾਂਕਿ ਉਹ ਵੀ ਆਜ਼ਾਦ ਹੋ ਸਕਣ।

[ਫੁਟਨੋਟ]

^ ਪੈਰਾ 8 ਕੁਝ ਨਾਂ ਬਦਲੇ ਗਏ ਹਨ।

[ਸਫ਼ਾ 17 ਉੱਤੇ ਡੱਬੀ/ਤਸਵੀਰ]

● ਏਸਟੋਨੀਆ ਵਿਚ ਰਹਿਣ ਵਾਲੀ ਐਵਲਿਨ ਜਾਦੂਗਰੀ ਵਿਚ ਬੁਰੀ ਤਰ੍ਹਾਂ ਫਸੀ ਹੋਈ ਸੀ। ਜਿੱਦਾਂ ਯਿਸੂ ਨੇ ਲੋਕਾਂ ਨੂੰ ਠੀਕ ਕੀਤਾ ਉੱਦਾਂ ਹੀ ਉਹ ਕਰਨਾ ਚਾਹੁੰਦੀ ਸੀ। ਉਹ ਖ਼ਾਸ ਕਰ ਕੇ ਆਪਣੀ ਮਾਂ ਨੂੰ ਠੀਕ ਕਰਨਾ ਚਾਹੁੰਦੀ ਸੀ ਜੋ ਕਾਫ਼ੀ ਸਮੇਂ ਤੋਂ ਬੀਮਾਰ ਸੀ। ਇਸ ਲਈ ਗੰਭੀਰ ਬੀਮਾਰੀਆਂ ਦਾ ਜਾਦੂ-ਟੂਣੇ ਨਾਲ ਇਲਾਜ ਲੱਭਣ ਲਈ ਉਸ ਨੇ ਪੈਂਡੂਲਮ ਵਰਤਣਾ ਸਿੱਖਿਆ। ਫਿਰ ਉਹ ਬਾਈਬਲ ਬਾਰੇ ਸਿੱਖਣ ਲੱਗੀ। ਇਸ ਦਾ ਨਤੀਜਾ ਕੀ ਨਿਕਲਿਆ? ਉਹ ਦੱਸਦੀ ਹੈ: “ਮੈਂ ਸਮਝਣ ਲੱਗੀ ਕਿ ਮੈਂ ਕਿੰਨੇ ਧੋਖੇ ਵਿਚ ਸੀ। ਇਸ ਲਈ ਮੈਂ ਆਪਣੀਆਂ ਜਾਦੂ-ਟੂਣੇ ਵਾਲੀਆਂ ਕਿਤਾਬਾਂ ਤੇ ਪੈਂਡੂਲਮ ਨੂੰ ਸਾੜ ਦਿੱਤਾ।” ਹੁਣ ਉਹ ਦੂਜਿਆਂ ਨੂੰ ਬਾਈਬਲ ਦੀਆਂ ਸੱਚਾਈਆਂ ਸਿਖਾਉਂਦੀ ਹੈ।

[ਸਫ਼ਾ 17 ਉੱਤੇ ਡੱਬੀ/ਤਸਵੀਰ]

ਮੈਰੀ ਪਾਪੂਆ ਨਿਊ ਗਿਨੀ ਵਿਚ ਜੰਮੀ-ਪਲੀ ਜਿੱਥੇ ਲੋਕ ਮਰਿਆਂ ਹੋਇਆਂ ਤੋਂ ਬਹੁਤ ਡਰਦੇ ਹਨ। ਜਦੋਂ ਵੀ ਉਸ ਦੇ ਪਿੰਡ ਵਿਚ ਕੋਈ ਮਰਦਾ ਸੀ, ਤਾਂ ਮੈਰੀ ਇਕੱਲੀ ਹੋਣ ਦੇ ਡਰ ਕਰਕੇ ਕਿਸੇ ਦੇ ਮੰਜੇ ਥੱਲੇ ਸੌਂਦੀ ਸੀ ਕਿ ਮਰੇ ਹੋਏ ਦੀ ਆਤਮਾ ਉਸ ਨੂੰ ਤੰਗ ਨਾ ਕਰੇ। ਫਿਰ ਉਸ ਨੇ ਬਾਈਬਲ ਤੋਂ ਸਿੱਖਿਆ ਕਿ ਮਰੇ ਹੋਏ ਤਾਂ ਸੁੱਤੇ ਹੋਇਆਂ ਵਰਗੇ ਹਨ। ਉਹ ਕਬਰਾਂ ਵਿਚ ਇਸ ਉਡੀਕ ਵਿਚ ਹਨ ਕਿ ਰੱਬ ਉਨ੍ਹਾਂ ਨੂੰ ਜੀਉਂਦਾ ਕਰੇਗਾ। (ਯੂਹੰਨਾ 11:11-14) ਹੁਣ ਉਹ ਮਰਿਆਂ ਹੋਇਆਂ ਤੋਂ ਨਹੀਂ ਡਰਦੀ ਹੈ।

[ਸਫ਼ਾ 17 ਉੱਤੇ ਡੱਬੀ/ਤਸਵੀਰ]

● ਅਮਰੀਕਾ ਵਿਚ ਰਹਿਣ ਵਾਲੀ ਅਲੀਸਿਆ ਦਾ ਪਾਲਣ-ਪੋਸ਼ਣ ਯਹੋਵਾਹ ਦੇ ਇਕ ਗਵਾਹ ਵਜੋਂ ਹੋਇਆ ਸੀ। ਪਰ ਉਸ ਨੇ ਜਾਦੂ-ਟੂਣੇ ਵਾਲੀਆਂ ਕਿਤਾਬਾਂ ਤੇ ਫ਼ਿਲਮਾਂ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਫਿਰ ਉਹ ਯਾਦ ਕਰਨ ਲੱਗੀ ਕਿ ਉਸ ਨੂੰ ਬਾਈਬਲ ਬਾਰੇ ਕੀ ਸਿਖਾਇਆ ਗਿਆ ਸੀ। ਉਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਹ “ਪ੍ਰਭੁ ਦੀ ਮੇਜ਼, ਨਾਲੇ ਭੂਤਾਂ ਦੀ ਮੇਜ਼ ਦੋਹਾਂ ਦੇ ਸਾਂਝੀ” ਬਣ ਰਹੀ ਸੀ। ਉਸ ਨੇ ਆਪਣੇ ਰਸਤਿਆਂ ਨੂੰ ਬਦਲਿਆ ਅਤੇ ਹੁਣ ਉਸ ਦਾ ਰੱਬ ਨਾਲ ਚੰਗਾ ਰਿਸ਼ਤਾ ਹੈ।—1 ਕੁਰਿੰਥੀਆਂ 10:21.