Skip to content

Skip to table of contents

ਮੈਂ ਦੋਸਤ ਕਿੱਥੋਂ ਲੱਭਾਂ?

ਮੈਂ ਦੋਸਤ ਕਿੱਥੋਂ ਲੱਭਾਂ?

ਨੌਜਵਾਨ ਪੁੱਛਦੇ ਹਨ

ਮੈਂ ਦੋਸਤ ਕਿੱਥੋਂ ਲੱਭਾਂ?

“ਮੈਂ 21 ਸਾਲਾਂ ਦੀ ਹਾਂ ਅਤੇ ਮੇਰੇ ਆਲੇ-ਦੁਆਲੇ ਮੇਰੀ ਉਮਰ ਦੇ ਲੋਕ ਘੱਟ ਹੀ ਹਨ। ਇਸ ਲਈ ਜਾਂ ਤਾਂ ਮੈਨੂੰ ਉਨ੍ਹਾਂ ਨਾਲ ਸਮਾਂ ਗੁਜ਼ਾਰਨਾ ਪੈਂਦਾ ਹੈ ਜੋ ਮੇਰੇ ਤੋਂ ਛੋਟੇ ਹਨ ਤੇ ਜਿਨ੍ਹਾਂ ਨੂੰ ਸਿਰਫ਼ ਪੜ੍ਹਾਈ ਦਾ ਫ਼ਿਕਰ ਹੁੰਦਾ ਹੈ ਜਾਂ ਉਨ੍ਹਾਂ ਨਾਲ ਜੋ ਵਿਆਹੇ ਹੋਏ ਹਨ ਤੇ ਜਿਨ੍ਹਾਂ ਨੂੰ ਘਰ ਦੇ ਖ਼ਰਚਿਆਂ ਦਾ ਫ਼ਿਕਰ ਰਹਿੰਦਾ ਹੈ। ਪਰ ਮੈਨੂੰ ਤਾਂ ਇਨ੍ਹਾਂ ਗੱਲਾਂ ਦਾ ਕੋਈ ਫ਼ਿਕਰ ਨਹੀਂ। ਮੈਨੂੰ ਤਾਂ ਅਜਿਹੇ ਦੋਸਤ ਚਾਹੀਦੇ ਹਨ ਜੋ ਮੈਨੂੰ ਸਮਝਣ!”—ਕਾਰਮਨ। *

ਭਾਵੇਂ ਕੋਈ ਕਿਸੇ ਵੀ ਉਮਰ ਦਾ ਹੋਵੇ, ਹਰ ਕੋਈ ਚਾਹੁੰਦਾ ਹੈ ਕਿ ਦੂਸਰੇ ਉਨ੍ਹਾਂ ਨੂੰ ਪਸੰਦ ਕਰਨ ਤੇ ਸਮਝਣ। ਤੁਸੀਂ ਵੀ ਇਸ ਤਰ੍ਹਾਂ ਹੀ ਚਾਹੁੰਦੇ ਹੋਵੋਗੇ। ਤਾਹੀਓਂ ਦੁੱਖ ਲੱਗਦਾ ਹੈ ਜਦ ਤੁਹਾਨੂੰ ਦੋਸਤ ਨਹੀਂ ਮਿਲਦੇ। 15 ਸਾਲਾਂ ਦੀ ਮਿਕਾਏਲਾ ਆਪਣੇ ਬਾਰੇ ਕਹਿੰਦੀ ਹੈ ਕਿ “ਲੋਕਾਂ ਦੇ ਵਿਚ ਹੁੰਦੀ ਹੋਈ ਵੀ ਮੈਨੂੰ ਲੱਗਦਾ ਹੈ ਕਿ ਮੈਂ ਇਕੱਲੀ ਹਾਂ।”

ਜੇ ਤੁਸੀਂ ਯਹੋਵਾਹ ਦੇ ਗਵਾਹ ਹੋ, ਤਾਂ ਤੁਸੀਂ ਪੂਰੇ ਭਾਈਚਾਰੇ ਨਾਲ ਮੇਲ-ਮਿਲਾਪ ਰੱਖ ਸਕਦੇ ਹੋ। (1 ਪਤਰਸ 2:17) ਫਿਰ ਵੀ ਤੁਹਾਨੂੰ ਲੱਗ ਸਕਦਾ ਹੈ ਕਿ ਤੁਹਾਡੇ ਕੋਈ ਦੋਸਤ ਨਹੀਂ ਹਨ। ਵੀਹ ਸਾਲਾਂ ਦੀ ਹੇਲੇਨਾ ਕਹਿੰਦੀ ਹੈ ਕਿ “ਮੀਟਿੰਗਾਂ ਤੋਂ ਬਾਅਦ ਮੈਂ ਘਰ ਜਾਂਦੀ ਹੋਈ ਬਹੁਤ ਰੋਂਦੀ ਹੁੰਦੀ ਸੀ। ਮੈਂ ਜਿੰਨਾ ਜ਼ਿਆਦਾ ਦੋਸਤ ਲੱਭਣ ਦੀ ਕੋਸ਼ਿਸ਼ ਕਰਦੀ ਸੀ ਉੱਨਾ ਹੀ ਜ਼ਿਆਦਾ ਮੈਂ ਨਿਰਾਸ਼ ਹੁੰਦੀ ਸੀ।”

ਜੇ ਤੁਹਾਨੂੰ ਦੋਸਤ ਲੱਭਣ ਵਿਚ ਮੁਸ਼ਕਲ ਆਉਂਦੀ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ? ਇਸ ਸਵਾਲ ਦਾ ਜਵਾਬ ਲੈਣ ਤੋਂ ਪਹਿਲਾਂ ਆਓ ਦੇਖੀਏ ਕਿ (1) ਤੁਹਾਨੂੰ ਕਿਹੋ ਜਿਹੇ ਲੋਕਾਂ ਨਾਲ ਦੋਸਤੀ ਕਰਨੀ ਸਭ ਤੋਂ ਮੁਸ਼ਕਲ ਲੱਗਦੀ ਹੈ ਅਤੇ (2) ਜਦੋਂ ਤੁਸੀਂ ਉਨ੍ਹਾਂ ਦੇ ਨਾਲ ਹੁੰਦੇ ਹੋ, ਤਾਂ ਤੁਸੀਂ ਕੀ ਕਰਦੇ ਹੋ।

ਉਨ੍ਹਾਂ ਗਰੁੱਪ ਦੇ ਲੋਕਾਂ ਦੇ ਅੱਗੇ ✔ ਦਾ ਨਿਸ਼ਾਨ ਲਗਾਓ ਜਿਨ੍ਹਾਂ ਨਾਲ ਤੁਹਾਨੂੰ ਦੋਸਤੀ ਕਰਨੀ ਮੁਸ਼ਕਲ ਲੱਗਦੀ ਹੈ।

1. ਉਮਰ

□ ਹਾਣੀ □ ਤੁਹਾਥੋਂ ਛੋਟੇ □ ਤੁਹਾਥੋਂ ਵੱਡੇ

2. ਖੂਬੀਆਂ

ਉਹ ਲੋਕ ਜਿਹੜੇ

□ ਖਿਡਾਰੀ □ ਹੁਨਰਮੰਦ □ ਪੜ੍ਹੇ-ਲਿਖੇ ਹਨ

3. ਸੁਭਾਅ

ਉਹ ਲੋਕ ਜਿਹੜੇ

□ ਦਲੇਰ □ ਸਾਰਿਆਂ ਨੂੰ ਪਸੰਦ □ ਇਕ ਗਰੁੱਪ ਵਿਚ ਰਹਿੰਦੇ ਹਨ

ਹੁਣ ਉਨ੍ਹਾਂ ਗੱਲਾਂ ਅੱਗੇ ✔ ਦਾ ਨਿਸ਼ਾਨ ਲਗਾਓ ਕਿ ਤੁਸੀਂ ਅਜਿਹੇ ਲੋਕਾਂ ਨਾਲ ਹੁੰਦੇ ਹੋਏ ਕੀ ਕਰਦੇ ਹੋ।

□ ਮੈਂ ਇਹ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਮੇਰੀ ਪਸੰਦ-ਨਾਪਸੰਦ ਉਨ੍ਹਾਂ ਵਰਗੀ ਹੈ।

□ ਮੈਂ ਸਿਰਫ਼ ਉਨ੍ਹਾਂ ਚੀਜ਼ਾਂ ਬਾਰੇ ਗੱਲਾਂ ਕਰਦਾ ਹਾਂ ਜੋ ਮੈਨੂੰ ਪਸੰਦ ਹਨ।

□ ਮੈਂ ਚੁੱਪ-ਚਾਪ ਬੈਠਾ ਰਹਿੰਦਾ ਤੇ ਦੇਖਦਾ ਹਾਂ ਕਿ ਕਦੋਂ ਮੌਕਾ ਮਿਲੇ ਤੇ ਮੈਂ ਜਾਵਾਂ।

ਹੁਣ ਤੁਸੀਂ ਉਨ੍ਹਾਂ ਲੋਕਾਂ ਬਾਰੇ ਜਾਣ ਗਏ ਹੋ ਜਿਨ੍ਹਾਂ ਨਾਲ ਤੁਹਾਨੂੰ ਦੋਸਤੀ ਕਰਨੀ ਸਭ ਤੋਂ ਮੁਸ਼ਕਲ ਲੱਗਦੀ ਹੈ ਤੇ ਤੁਸੀਂ ਅਜਿਹੇ ਲੋਕਾਂ ਨਾਲ ਹੁੰਦੇ ਹੋਏ ਵੀ ਕੀ ਕਰਦੇ ਹੋ। ਆਓ ਹੁਣ ਦੇਖੀਏ ਕਿ ਤੁਸੀਂ ਦੋਸਤ ਬਣਾਉਣ ਲਈ ਕੀ ਕਰ ਸਕਦੇ ਹੋ। ਪਹਿਲਾਂ ਉਨ੍ਹਾਂ ਗੱਲਾਂ ਵੱਲ ਧਿਆਨ ਦਿਓ ਜੋ ਤੁਹਾਨੂੰ ਨਹੀਂ ਕਰਨੀਆਂ ਚਾਹੀਦੀਆਂ।

ਪਹਿਲੀ ਗੱਲ: ਦੂਸਰਿਆਂ ਤੋਂ ਦੂਰ-ਦੂਰ ਰਹਿਣਾ

ਮੁਸ਼ਕਲ। ਜਦੋਂ ਤੁਸੀਂ ਉਨ੍ਹਾਂ ਲੋਕਾਂ ਨਾਲ ਹੁੰਦੇ ਹੋ ਜਿਨ੍ਹਾਂ ਦੀ ਪਸੰਦ-ਨਾਪਸੰਦ ਤੁਹਾਡੇ ਤੋਂ ਅਲੱਗ ਹੁੰਦੀ ਹੈ, ਤਾਂ ਸ਼ਾਇਦ ਸੰਗਦੇ ਹੋਏ ਤੁਸੀਂ ਆਪਣੇ ਆਪ ਨੂੰ ਇਕੱਲੇ ਮਹਿਸੂਸ ਕਰੋ। ਅਠਾਰਾਂ ਸਾਲਾਂ ਦੀ ਅਨੀਤਾ ਕਹਿੰਦੀ ਹੈ: “ਮੈਨੂੰ ਗੱਲਬਾਤ ਸ਼ੁਰੂ ਕਰਨੀ ਬਹੁਤ ਔਖੀ ਲੱਗਦੀ ਹੈ ਕਿ ਮੈਂ ਕੁਝ ਗ਼ਲਤ ਨਾ ਕਹਿ ਦੇਵਾਂ।”

ਬਾਈਬਲ ਕੀ ਕਹਿੰਦੀ ਹੈ। “ਜੋ ਆਪ ਨੂੰ ਵੱਖਰਾ ਕਰੇ ਉਹ ਆਪਣੀ ਇੱਛਿਆ ਭਾਲਦਾ ਹੈ, ਉਹ ਸਾਰੀ ਖਰੀ ਬੁੱਧੀ ਦੇ ਵਿਰੁੱਧ ਚਿੜਦਾ ਹੈ।” (ਕਹਾਉਤਾਂ 18:1) ਇਸ ਤੋਂ ਪਤਾ ਲੱਗਦਾ ਹੈ ਕਿ ਦੂਸਰਿਆਂ ਤੋਂ ਦੂਰ ਰਹਿਣ ਨਾਲ ਮੁਸ਼ਕਲ ਦਾ ਹੱਲ ਨਹੀਂ ਹੁੰਦਾ। ਜਦੋਂ ਤੁਸੀਂ ਦੂਜਿਆਂ ਤੋਂ ਦੂਰ ਰਹਿਣ ਲੱਗ ਪੈਂਦੇ ਹੋ, ਤਾਂ ਤੁਸੀਂ ਚੱਕਰ ਵਿਚ ਫਸ ਜਾਂਦੇ ਹੋ। ਤੁਸੀਂ ਇਕੱਲੇ ਮਹਿਸੂਸ ਕਰਦੇ ਹੋ ਜਿਸ ਕਰਕੇ ਤੁਹਾਨੂੰ ਲੱਗਦਾ ਹੈ ਕਿ ਕੋਈ ਤੁਹਾਡਾ ਦੋਸਤ ਨਹੀਂ ਬਣਨਾ ਚਾਹੁੰਦਾ ਜਿਸ ਕਰਕੇ ਤੁਸੀਂ ਲੋਕਾਂ ਤੋਂ ਦੂਰ ਰਹਿਣ ਲੱਗ ਪੈਂਦੇ ਹੋ ਅਤੇ ਇਸ ਕਰਕੇ ਤੁਸੀਂ ਇਕੱਲੇ ਮਹਿਸੂਸ ਕਰਦੇ ਹੋ ਜਿਸ ਕਰਕੇ ਤੁਹਾਨੂੰ ਲੱਗਦਾ ਹੈ ਕਿ ਕੋਈ ਤੁਹਾਡਾ ਦੋਸਤ ਨਹੀਂ ਬਣਨਾ ਚਾਹੁੰਦਾ। ਤੁਸੀਂ ਇਸ ਚੱਕਰ ਵਿਚ ਉਦੋਂ ਤਕ ਫਸੇ ਰਹਿੰਦੇ ਹੋ ਜਦ ਤਕ ਤੁਸੀਂ ਇਸ ਬਾਰੇ ਕੁਝ ਕਰਦੇ ਨਹੀਂ।

“ਦੂਸਰਿਆਂ ਨੂੰ ਇਹ ਨਹੀਂ ਪਤਾ ਕਿ ਤੁਹਾਡੇ ਦਿਮਾਗ਼ ਵਿਚ ਕੀ ਚੱਲ ਰਿਹਾ ਹੈ। ਜਦ ਤਕ ਤੁਸੀਂ ਕਿਸੇ ਨੂੰ ਨਹੀਂ ਦੱਸਦੇ ਉਦੋਂ ਤਕ ਕੋਈ ਨਹੀਂ ਜਾਣ ਸਕਦਾ ਕਿ ਤੁਸੀਂ ਕੀ ਸੋਚਦੇ ਹੋ। ਜੇ ਤੁਸੀਂ ਲੋਕਾਂ ਤੋਂ ਦੂਰ ਰਹੋਗੇ, ਤਾਂ ਤੁਸੀਂ ਕੋਈ ਦੋਸਤ ਨਹੀਂ ਬਣਾ ਸਕੋਗੇ। ਤੁਹਾਨੂੰ ਕੁਝ ਕਰਨ ਦੀ ਲੋੜ ਹੈ। ਇਹ ਸੋਚਣਾ ਗ਼ਲਤ ਹੈ ਕਿ ਦੂਸਰੇ ਹੀ ਦੋਸਤੀ ਦਾ ਹੱਥ ਵਧਾਉਣ।”—ਮਲਿੰਡਾ, 19.

ਦੂਜੀ ਗੱਲ: ਮਾਯੂਸੀ

ਮੁਸ਼ਕਲ। ਦੋਸਤ ਨਾ ਹੋਣ ਕਰ ਕੇ ਕਈ ਲੋਕ ਇੰਨੇ ਨਿਰਾਸ਼ ਹੋ ਜਾਂਦੇ ਹਨ ਕਿ ਉਹ ਗ਼ਲਤ ਸੰਗਤ ਵਿਚ ਪੈ ਜਾਂਦੇ ਹਨ। ਉਹ ਸੋਚਦੇ ਹਨ ਕਿ ਕੋਈ ਦੋਸਤ ਨਾ ਹੋਣ ਨਾਲੋਂ ਕੋਈ ਵੀ ਦੋਸਤ ਹੋਣਾ ਚੰਗਾ ਹੈ। ਪੰਦਰਾਂ ਸਾਲਾਂ ਦੀ ਰੇਨੇ ਕਹਿੰਦੀ ਹੈ: “ਸਾਡੇ ਸਕੂਲ ਵਿਚ ਇਕ ਗਰੁੱਪ ਸੀ ਜਿਸ ਦੇ ਨਾਲ ਸਾਰੇ ਦੋਸਤੀ ਕਰਨਾ ਚਾਹੁੰਦੇ ਸਨ। ਮੈਂ ਵੀ ਉਨ੍ਹਾਂ ਨਾਲ ਦੋਸਤੀ ਕਰਨਾ ਚਾਹੁੰਦੀ ਸੀ। ਮੈਂ ਹਮੇਸ਼ਾ ਉਦਾਸ ਰਹਿੰਦੀ ਸੀ ਕਿ ਮੈਂ ਉਨ੍ਹਾਂ ਦੇ ਗਰੁੱਪ ਦਾ ਹਿੱਸਾ ਨਹੀਂ ਹਾਂ। ਮੈਂ ਉਸ ਗਰੁੱਪ ਵਿਚ ਸ਼ਾਮਲ ਹੋਣ ਲਈ ਕਿਸੇ ਵੀ ਹੱਦ ਤਕ ਜਾਣ ਲਈ ਤਿਆਰ ਸੀ।”

ਬਾਈਬਲ ਕੀ ਕਹਿੰਦੀ ਹੈ। “ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।” (ਕਹਾਉਤਾਂ 13:20) ਇਹ ਜ਼ਰੂਰੀ ਨਹੀਂ ਕਿ ‘ਮੂਰਖ’ ਹੋਣ ਦਾ ਮਤਲਬ ਨਾਲਾਇਕ ਹੈ। ਸ਼ਾਇਦ ਉਹ ਪੜ੍ਹਾਈ-ਲਿਖਾਈ ਵਿਚ ਬਹੁਤ ਹੁਸ਼ਿਆਰ ਹੋਣ। ਪਰ ਜੇ ਉਹ ਬਾਈਬਲ ਦੇ ਅਸੂਲਾਂ ਦੀ ਕਦਰ ਨਹੀਂ ਕਰਦੇ, ਤਾਂ ਉਹ ਰੱਬ ਦੀਆਂ ਨਜ਼ਰਾਂ ਵਿਚ ਮੂਰਖ ਹਨ। ਜੇ ਤੁਸੀਂ ਗਿਰਗਿਟ ਦੀ ਤਰ੍ਹਾਂ ਰੰਗ ਬਦਲਦੇ ਹੋ, ਤਾਂ ਤੁਸੀਂ ਆਪਣੇ ਆਪ ਨੂੰ ਹੀ ਦੁੱਖ ਦਿਓਗੇ।—1 ਕੁਰਿੰਥੀਆਂ 15:33.

“ਸਾਰੇ ਜਣੇ ਚੰਗੇ ਦੋਸਤ ਨਹੀਂ ਹੁੰਦੇ। ਤੁਸੀਂ ਉਹ ਦੋਸਤ ਨਹੀਂ ਚਾਹੁੰਦੇ ਜੋ ਤੁਹਾਨੂੰ ਬਦਲਣ ਦੀ ਕੋਸ਼ਿਸ਼ ਕਰਨ। ਤੁਸੀਂ ਉਹ ਦੋਸਤ ਚਾਹੁੰਦੇ ਹੋ ਜੋ ਤੁਹਾਨੂੰ ਪਿਆਰ ਕਰਨਗੇ ਤੇ ਹਮੇਸ਼ਾ ਤੁਹਾਡਾ ਸਾਥ ਦੇਣਗੇ।”—ਪੌਲਾ, 21.

ਪਹਿਲ ਕਰੋ

ਇਹ ਉਮੀਦ ਨਾ ਰੱਖੋ ਕਿ ਕੋਈ ਤੁਹਾਨੂੰ ਆਪਣਾ ਦੋਸਤ ਬਣਨ ਲਈ ਕਹੇਗਾ। ਇੱਕੀਆਂ ਸਾਲਾਂ ਦੀ ਜੀਨ ਕਹਿੰਦੀ ਹੈ: “ਅਸੀਂ ਇਹ ਉਮੀਦ ਨਹੀਂ ਰੱਖ ਸਕਦੇ ਕਿ ਲੋਕ ਸਾਡੇ ਕੋਲ ਆਉਣ। ਇਹ ਜ਼ਰੂਰੀ ਹੈ ਕਿ ਅਸੀਂ ਪਹਿਲ ਕਰੀਏ।” ਥੱਲੇ ਦੋ ਸੁਝਾਅ ਦਿੱਤੇ ਗਏ ਹਨ ਜੋ ਤੁਹਾਡੀ ਮਦਦ ਕਰ ਸਕਦੇ ਹਨ:

ਹਰ ਉਮਰ ਦੇ ਲੋਕਾਂ ਨਾਲ ਦੋਸਤੀ ਕਰੋ। ਬਾਈਬਲ ਵਿਚ ਅਸੀਂ ਦਾਊਦ ਅਤੇ ਯੋਨਾਥਾਨ ਬਾਰੇ ਪੜ੍ਹਦੇ ਹਾਂ ਜਿਨ੍ਹਾਂ ਦੀ ਉਮਰ ਵਿਚ ਭਾਵੇਂ 30 ਸਾਲਾਂ ਦਾ ਫ਼ਰਕ ਸੀ, ਪਰ ਉਹ “ਜਾਨੀ ਮਿੱਤਰ” ਸਨ। * (1 ਸਮੂਏਲ 18:1) ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਤੁਸੀਂ ਉਨ੍ਹਾਂ ਨਾਲ ਵੀ ਦੋਸਤੀ ਕਰ ਸਕਦੇ ਹੋ ਜੋ ਤੁਹਾਡੇ ਨਾਲੋਂ ਵੱਡੇ ਹਨ। ਇਹ ਕਹਿਣਾ ਗ਼ਲਤ ਹੋਵੇਗਾ ਕਿ ਮੇਰੇ ਹਾਣ ਦਾ ਕੋਈ ਦੋਸਤ ਨਹੀਂ ਮਿਲਦਾ ਜਦ ਕਿ ਤੁਹਾਡੇ ਆਲੇ-ਦੁਆਲੇ ਕਈ ਲੋਕ ਹਨ। ਇਹ ਕਿਸੇ ਟਾਪੂ ’ਤੇ ਭੁੱਖੇ ਮਰਨ ਦੇ ਬਰਾਬਰ ਹੈ ਜਦ ਕਿ ਤੁਹਾਡੇ ਆਲੇ-ਦੁਆਲੇ ਮੱਛੀਆਂ ਘੁੰਮਦੀਆਂ ਹਨ! ਦਰਅਸਲ ਚੰਗੇ ਲੋਕ ਤਾਂ ਬਥੇਰੇ ਹਨ ਜਿਨ੍ਹਾਂ ਨਾਲ ਤੁਸੀਂ ਦੋਸਤੀ ਕਰ ਸਕਦੇ ਹੋ। ਕਿਉਂ ਨਾ ਹਰ ਉਮਰ ਦੇ ਲੋਕਾਂ ਨਾਲ ਦੋਸਤੀ ਕਰੋ।

“ਮੇਰੀ ਮੰਮੀ ਨੇ ਮੈਨੂੰ ਕਲੀਸਿਯਾ ਵਿਚ ਮੈਥੋਂ ਵੱਡੀ ਉਮਰ ਦੇ ਭੈਣਾਂ-ਭਰਾਵਾਂ ਨਾਲ ਗੱਲਬਾਤ ਕਰਨ ਦੀ ਸਲਾਹ ਦਿੱਤੀ। ਉਸ ਨੇ ਕਿਹਾ ਕਿ ਮੈਂ ਇਹ ਜਾਣ ਕੇ ਹੈਰਾਨ ਹੋਵਾਂਗੀ ਕਿ ਉਹ ਮੈਨੂੰ ਕਿੰਨਾ ਸਮਝਣਗੇ। ਮੰਮੀ ਦੀ ਗੱਲ ਸਹੀ ਨਿੱਕਲੀ ਤੇ ਹੁਣ ਮੇਰੇ ਕਿੰਨੇ ਹੀ ਦੋਸਤ ਹਨ।”—ਹੇਲੇਨਾ, 20.

ਗੱਲਬਾਤ ਕਰਨੀ ਸਿੱਖੋ। ਕਿਸੇ ਨਾਲ ਗੱਲਬਾਤ ਕਰਨ ਲਈ ਕੋਸ਼ਿਸ਼ ਕਰਨ ਦੀ ਲੋੜ ਹੈ, ਖ਼ਾਸ ਕਰਕੇ ਜੇ ਤੁਸੀਂ ਸੰਗਦੇ ਹੋ। ਪਰ ਤੁਸੀਂ ਇੱਦਾਂ ਕਰ ਸਕਦੇ ਹੋ ਜੇ ਤੁਸੀਂ (1) ਸੁਣੋ, (2) ਸਵਾਲ ਪੁੱਛੋ ਅਤੇ (3) ਦੂਜਿਆਂ ਵਿਚ ਦਿਲਚਸਪੀ ਲਓ।

“ਮੈਂ ਕਿਸੇ ਨਾਲ ਗੱਲ ਕਰਨ ਵੇਲੇ ਜ਼ਿਆਦਾ ਬੋਲਣ ਨਾਲੋਂ ਸੁਣਨ ਦੀ ਕੋਸ਼ਿਸ਼ ਕਰਦੀ ਹਾਂ। ਜਦੋਂ ਮੈਂ ਗੱਲ ਕਰਦੀ ਹਾਂ, ਤਾਂ ਆਪਣੇ ਬਾਰੇ ਬਹੁਤੀ ਗੱਲ ਨਹੀਂ ਕਰਦੀ ਜਾਂ ਦੂਜਿਆਂ ਵਿਚ ਨੁਕਸ ਨਹੀਂ ਕੱਢਦੀ।”—ਸਰੀਨਾ, 18.

“ਜੇ ਕੋਈ ਮੇਰੇ ਨਾਲ ਅਜਿਹੀ ਗੱਲ ਕਰਦਾ ਹੈ ਜਿਸ ਬਾਰੇ ਮੈਨੂੰ ਜ਼ਿਆਦਾ ਪਤਾ ਨਹੀਂ, ਤਾਂ ਮੈਂ ਉਨ੍ਹਾਂ ਨੂੰ ਸਮਝਾਉਣ ਲਈ ਕਹਿੰਦਾ ਹਾਂ। ਇਸ ਤਰ੍ਹਾਂ ਕਰਨ ਨਾਲ ਉਹ ਸ਼ਾਇਦ ਮੇਰੇ ਨਾਲ ਹੋਰ ਗੱਲਾਂ ਕਰ ਸਕਦਾ ਹੈ।”—ਜੈਰਡ, 21.

ਸ਼ਾਇਦ ਤੁਹਾਡਾ ਸੁਭਾਅ ਹੀ ਇਸ ਤਰ੍ਹਾਂ ਦਾ ਹੈ ਕਿ ਤੁਸੀਂ ਜ਼ਿਆਦਾ ਨਹੀਂ ਬੋਲਦੇ। ਇਹ ਠੀਕ ਹੈ। ਪਰ ਜੇ ਤੁਹਾਨੂੰ ਦੋਸਤ ਬਣਾਉਣੇ ਔਖੇ ਲੱਗਦੇ ਹਨ, ਤਾਂ ਇਸ ਲੇਖ ਵਿਚ ਦਿੱਤੇ ਸੁਝਾਅ ਲਾਗੂ ਕਰਨ ਦੀ ਕੋਸ਼ਿਸ਼ ਕਰੋ। ਸ਼ਾਇਦ ਤੁਸੀਂ ਲੀਆਹ ਵਾਂਗ ਮਹਿਸੂਸ ਕਰੋ ਜਿਸ ਨੇ ਕਿਹਾ: “ਮੈਂ ਬਹੁਤ ਸੰਗਦੀ ਹਾਂ ਜਿਸ ਕਰਕੇ ਕਿਸੇ ਨਾਲ ਗੱਲਬਾਤ ਕਰਨ ਲਈ ਮੈਨੂੰ ਬਹੁਤ ਹਿੰਮਤ ਕਰਨੀ ਪੈਂਦੀ ਹੈ। ਪਰ ਦੋਸਤ ਬਣਾਉਣ ਲਈ ਤੁਹਾਨੂੰ ਪਹਿਲ ਕਰਨ ਦੀ ਲੋੜ ਹੈ। ਇਸ ਲਈ ਮੈਂ ਗੱਲਬਾਤ ਕਰਨੀ ਸ਼ੁਰੂ ਕੀਤੀ ਹੈ।” (g11-E 04)

“ਨੌਜਵਾਨ ਪੁੱਛਦੇ ਹਨ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ’ਤੇ ਦਿੱਤੇ ਗਏ ਹਨ: www.watchtower.org/ype

[ਫੁਟਨੋਟ]

^ ਪੈਰਾ 3 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।

^ ਪੈਰਾ 31 ਦਾਊਦ ਨੌਜਵਾਨ ਹੀ ਸੀ ਜਦ ਉਸ ਨੇ ਯੋਨਾਥਾਨ ਨਾਲ ਦੋਸਤੀ ਕੀਤੀ ਸੀ।

[ਸਫ਼ਾ 21 ਉੱਤੇ ਡੱਬੀ/ਤਸਵੀਰਾਂ]

ਤੁਹਾਡੇ ਹਾਣੀ ਕੀ ਕਹਿੰਦੇ ਹਨ

“ਮੈਂ ਮੀਟਿੰਗ ਤੇ ਘੱਟੋ-ਘੱਟ ਇਕ ਜਣੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਹਾਂ ਜਿਨ੍ਹਾਂ ਨਾਲ ਮੈਂ ਪਹਿਲਾਂ ਕਦੇ ਗੱਲ ਨਹੀਂ ਕੀਤੀ। ਮੈਂ ਦੇਖਿਆ ਹੈ ਕਿ ਕਿਸੇ ਨੂੰ ਹੈਲੋ ਕਹਿਣ ਨਾਲ ਹੀ ਦੋਸਤੀ ਸ਼ੁਰੂ ਹੋ ਸਕਦੀ ਹੈ।”

“ਇਹ ਕਹਿਣਾ ਸੌਖਾ ਹੈ ਕਿ ਦੋਸਤ ਲੱਭਣੇ ਔਖੇ ਹਨ ਤੇ ਮੈਨੂੰ ਕੋਈ ਪਸੰਦ ਨਹੀਂ ਕਰਦਾ। ਪਰ ਇਸ ਬਾਰੇ ਕੁਝ ਕਰਨਾ ਮੁਸ਼ਕਲ ਸੀ। ਪਰ ਅਖ਼ੀਰ ਵਿਚ ਪਹਿਲ ਕਰਨ ਦਾ ਮੈਨੂੰ ਫ਼ਾਇਦਾ ਹੋਇਆ।”

“ਮੈਂ ਹੌਲੀ-ਹੌਲੀ ਵੱਡਿਆਂ ਨਾਲ ਗੱਲ ਕਰਨੀ ਸਿੱਖੀ। ਪਹਿਲਾਂ-ਪਹਿਲਾਂ ਇਹ ਬਹੁਤ ਔਖਾ ਸੀ। ਪਰ ਮੈਨੂੰ ਫ਼ਾਇਦਾ ਹੋਇਆ ਕਿਉਂਕਿ ਜਵਾਨੀ ਵਿਚ ਹੀ ਮੈਂ ਅਜਿਹੇ ਦੋਸਤ ਲੱਭੇ ਜੋ ਹਮੇਸ਼ਾ ਦੋਸਤੀ ਨਿਭਾਉਣਗੇ।”

[ਤਸਵੀਰਾਂ]

ਲੌਰਨ

ਰੇਓਨ

ਕਰਿਸਾ

[ਸਫ਼ਾ 22 ਉੱਤੇ ਡੱਬੀ]

ਆਪਣੇ ਮਾਪਿਆਂ ਨੂੰ ਪੁੱਛੋ

ਜਦੋਂ ਤੁਸੀਂ ਮੇਰੀ ਉਮਰ ਦੇ ਸੀ, ਤਾਂ ਕੀ ਤੁਹਾਨੂੰ ਵੀ ਦੋਸਤ ਲੱਭਣੇ ਮੁਸ਼ਕਲ ਲੱਗਦੇ ਸਨ? ਤੁਹਾਨੂੰ ਕਿਨ੍ਹਾਂ ਲੋਕਾਂ ਨਾਲ ਦੋਸਤੀ ਕਰਨੀ ਸਭ ਤੋਂ ਜ਼ਿਆਦਾ ਮੁਸ਼ਕਲ ਲੱਗਦੀ ਸੀ? ਤੁਸੀਂ ਇਸ ਸਮੱਸਿਆ ਦਾ ਸਾਮ੍ਹਣਾ ਕਿਵੇਂ ਕੀਤਾ?

․․․․․

[ਸਫ਼ਾ 22 ਉੱਤੇ ਡਾਇਆਗ੍ਰਾਮ]

(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

ਇਕੱਲੇਪਣ ਦਾ ਚੱਕਰ

ਇਕੱਲੇਪਣ ਕਰਕੇ ਮੈਨੂੰ ਲੱਗਦਾ ਹੈ . . .

. . . ਕਿ ਮੈਨੂੰ ਕੋਈ ਪਸੰਦ ਨਹੀਂ ਕਰਦਾ . . .

. . . ਸੋ ਮੈਂ ਦੂਜਿਆਂ ਤੋਂ ਦੂਰ ਰਹਿੰਦਾ ਹਾਂ ਤੇ ਫਿਰ . . .