Skip to content

Skip to table of contents

ਬਚਪਨ ਤੋਂ ਜਵਾਨੀ ਤਕ ਬੱਚਿਆਂ ਦਾ ਪਾਲਣ-ਪੋਸ਼ਣ

ਬਚਪਨ ਤੋਂ ਜਵਾਨੀ ਤਕ ਬੱਚਿਆਂ ਦਾ ਪਾਲਣ-ਪੋਸ਼ਣ

ਬਚਪਨ ਤੋਂ ਜਵਾਨੀ ਤਕ ਬੱਚਿਆਂ ਦਾ ਪਾਲਣ-ਪੋਸ਼ਣ

“ਪੰਜ ਸਾਲਾਂ ਦੀ ਉਮਰ ਤਕ ਬੱਚਿਆਂ ਦੀ ਘਰ ਵਿਚ ਹੀ ਛੋਟੀ ਜਿਹੀ ਦੁਨੀਆਂ ਹੁੰਦੀ ਹੈ। ਇਸ ਸਮੇਂ ਦੌਰਾਨ ਉਨ੍ਹਾਂ ਵਿਚ ਚੰਗੇ ਗੁਣ ਪੈਦਾ ਕਰਨੇ ਸੌਖੇ ਹੁੰਦੇ ਹਨ। ਪਰ ਜਦੋਂ ਉਹ ਸਕੂਲ ਜਾਣਾ ਸ਼ੁਰੂ ਕਰਦੇ ਹਨ, ਤਾਂ ਉਹ ਦੇਖਦੇ ਹਨ ਕਿ ਦੂਸਰੇ ਬੱਚੇ ਕਿਵੇਂ ਅਲੱਗ-ਅਲੱਗ ਤਰੀਕਿਆਂ ਨਾਲ ਕੰਮ ਕਰਦੇ ਤੇ ਬੋਲਦੇ ਹਨ।”—ਵਾਲਟਰ, ਇਟਲੀ।

ਜਿੱਦਾਂ ਬੱਚੇ ਵੱਡੇ ਹੁੰਦੇ ਹਨ ਉੱਦਾਂ ਹੀ ਉਨ੍ਹਾਂ ਦੀ ਦੁਨੀਆਂ ਵੀ ਵਧਦੀ ਹੈ। ਉਹ ਅਲੱਗ-ਅਲੱਗ ਲੋਕਾਂ ਨਾਲ ਮਿਲਦੇ-ਜੁਲਦੇ ਹਨ। ਮਿਸਾਲ ਲਈ, ਜਿਨ੍ਹਾਂ ਨਾਲ ਉਹ ਖੇਡਦੇ ਹਨ, ਜਿਨ੍ਹਾਂ ਨਾਲ ਉਹ ਸਕੂਲ ਜਾਂਦੇ ਹਨ ਅਤੇ ਹੋਰ ਰਿਸ਼ਤੇਦਾਰ। ਜਿਵੇਂ ਵਾਲਟਰ ਨੇ ਕਿਹਾ ਹੁਣ ਪਹਿਲਾਂ ਵਾਂਗ ਸਿਰਫ਼ ਮਾਪੇ ਹੀ ਆਪਣੇ ਬੱਚੇ ’ਤੇ ਅਸਰ ਨਹੀਂ ਪਾਉਂਦੇ। ਤਾਹੀਓਂ ਜ਼ਰੂਰੀ ਹੈ ਕਿ ਤੁਸੀਂ ਇਨ੍ਹਾਂ ਸਾਲਾਂ ਦੌਰਾਨ ਆਪਣੇ ਬੱਚੇ ਨੂੰ ਕਹਿਣਾ ਮੰਨਣਾ ਅਤੇ ਤਮੀਜ਼ ਸਿਖਾਓ। ਇਹ ਵੀ ਸਮਝਾਉਣਾ ਜ਼ਰੂਰੀ ਹੈ ਕਿ ਕੀ ਸਹੀ ਹੈ ਤੇ ਕੀ ਗ਼ਲਤ।

ਅਜਿਹੀਆਂ ਗੱਲਾਂ ਬੱਚੇ ਨੂੰ ਜਲਦੀ ਅਤੇ ਆਪਣੇ ਆਪ ਹੀ ਸਮਝ ਨਹੀਂ ਆਉਂਦੀਆਂ। ਸ਼ਾਇਦ ਤੁਹਾਨੂੰ ‘ਪੂਰੀ ਧੀਰਜ ਅਤੇ ਸਿੱਖਿਆ ਨਾਲ ਝਿੜਕਣ, ਤਾੜਨ ਅਤੇ ਤਗੀਦ ਕਰਨ’ ਦੀ ਲੋੜ ਪਵੇ। (2 ਤਿਮੋਥਿਉਸ 4:2) ਪੁਰਾਣੇ ਜ਼ਮਾਨੇ ਵਿਚ ਇਸਰਾਏਲੀ ਮਾਪਿਆਂ ਨੂੰ ਪਰਮੇਸ਼ੁਰ ਦੇ ਕਾਨੂੰਨਾਂ ਬਾਰੇ ਹੁਕਮ ਦਿੱਤਾ ਗਿਆ ਸੀ: “ਤੁਸੀਂ ਓਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ। ਤੁਸੀਂ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ ਓਹਨਾਂ ਦਾ ਚਰਚਾ ਕਰੋ।” (ਬਿਵਸਥਾ ਸਾਰ 6:6, 7) ਇਨ੍ਹਾਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਮਾਪਿਆਂ ਲਈ ਸਿੱਖਿਆ ਦਿੰਦੇ ਰਹਿਣਾ ਜ਼ਰੂਰੀ ਹੈ।

ਬੱਚਿਆਂ ਦੇ ਪਾਲਣ-ਪੋਸ਼ਣ ਵਿਚ ਬਹੁਤ ਸਾਰੀਆਂ ਚੁਣੌਤੀਆਂ ਵੀ ਆਉਂਦੀਆਂ ਹਨ। ਆਓ ਆਪਾਂ ਇਨ੍ਹਾਂ ਵਿੱਚੋਂ ਕੁਝ ਵੱਲ ਧਿਆਨ ਦੇਈਏ।

ਸੁਣਨ ਦਾ ਵੇਲਾ

ਜਦ ਕਿ ਬਾਈਬਲ ਕਹਿੰਦੀ ਹੈ ਕਿ “ਇੱਕ ਬੋਲਣ ਦਾ ਵੇਲਾ ਹੈ,” ਪਰ ਇਕ ਸੁਣਨ ਦਾ ਵੀ ਵੇਲਾ ਹੁੰਦਾ ਹੈ। (ਉਪਦੇਸ਼ਕ ਦੀ ਪੋਥੀ 3:7) ਤੁਸੀਂ ਆਪਣੇ ਬੱਚਿਆਂ ਨੂੰ ਕਿਵੇਂ ਸਿਖਾ ਸਕਦੇ ਹੋ ਕਿ ਜਦੋਂ ਤੁਸੀਂ ਜਾਂ ਦੂਸਰੇ ਗੱਲ ਕਰਦੇ ਹਨ, ਤਾਂ ਉਹ ਧਿਆਨ ਨਾਲ ਸੁਣਨ? ਆਪ ਮਿਸਾਲ ਕਾਇਮ ਕਰ ਕੇ। ਕੀ ਤੁਸੀਂ ਦੂਸਰਿਆਂ ਦੀ ਤੇ ਆਪਣੇ ਬੱਚਿਆਂ ਦੀ ਗੱਲ ਧਿਆਨ ਨਾਲ ਸੁਣਦੇ ਹੋ?

ਬੱਚਿਆਂ ਦਾ ਧਿਆਨ ਸੌਖਿਆਂ ਹੀ ਇੱਧਰ-ਉੱਧਰ ਚਲਾ ਜਾਂਦਾ ਹੈ। ਸੋ ਜਦੋਂ ਤੁਸੀਂ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਸ਼ਾਇਦ ਤੁਹਾਨੂੰ ਖਿੱਝ ਆਵੇ। ਸਾਰੇ ਬੱਚੇ ਇੱਕੋ ਜਿਹੇ ਨਹੀਂ ਹੁੰਦੇ। ਇਸ ਲਈ ਦੇਖੋ ਕਿ ਤੁਹਾਡੇ ਬੱਚੇ ਨਾਲ ਗੱਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ। ਮਿਸਾਲ ਲਈ, ਇੰਗਲੈਂਡ ਤੋਂ ਡੇਵਿਡ ਨਾਂ ਦਾ ਪਿਤਾ ਕਹਿੰਦਾ ਹੈ: “ਕੋਈ ਗੱਲ ਕਰਨ ਤੋਂ ਬਾਅਦ ਮੈਂ ਆਪਣੀ ਬੇਟੀ ਨੂੰ ਕਹਿੰਦਾ ਹਾਂ ਕਿ ਉਹ ਆਪਣੇ ਸ਼ਬਦਾਂ ਵਿਚ ਸਮਝਾਵੇ ਕਿ ਮੈਂ ਹੁਣੇ ਕੀ ਕਿਹਾ। ਇਸ ਦਾ ਨਤੀਜਾ ਇਹ ਹੈ ਕਿ ਜਿੱਦਾਂ ਉਹ ਵੱਡੀ ਹੁੰਦੀ ਜਾ ਰਹੀ ਹੈ ਉੱਦਾਂ ਉਹ ਜ਼ਿਆਦਾ ਧਿਆਨ ਨਾਲ ਸੁਣਦੀ ਹੈ।”

ਜਦ ਯਿਸੂ ਆਪਣੇ ਚੇਲਿਆਂ ਨੂੰ ਸਿਖਾ ਰਿਹਾ ਸੀ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਚੌਕਸ ਰਹੋ ਜੋ ਕਿਸ ਤਰਾਂ ਸੁਣਦੇ ਹੋ।” (ਲੂਕਾ 8:18) ਜੇ ਇਹ ਗੱਲ ਸਿਆਣਿਆਂ ਲਈ ਜ਼ਰੂਰੀ ਹੈ, ਤਾਂ ਨਿਆਣਿਆਂ ਲਈ ਹੋਰ ਕਿੰਨੀ ਜ਼ਰੂਰੀ ਹੈ!

‘ਇੱਕ ਦੂਏ ਨੂੰ ਮਾਫ਼ ਕਰੋ’

ਬਾਈਬਲ ਕਹਿੰਦੀ ਹੈ: “ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ।” (ਕੁਲੁੱਸੀਆਂ 3:13) ਬੱਚਿਆਂ ਨੂੰ ਵੀ ਮਾਫ਼ ਕਰਨਾ ਸਿਖਾਇਆ ਜਾ ਸਕਦਾ ਹੈ। ਕਿਵੇਂ?

ਜਿਵੇਂ ਅਸੀਂ ਪਹਿਲਾਂ ਵੀ ਕਿਹਾ ਸੀ, ਤੁਹਾਨੂੰ ਇਸ ਮਾਮਲੇ ਵਿਚ ਵੀ ਆਪ ਮਿਸਾਲ ਕਾਇਮ ਕਰਨ ਦੀ ਲੋੜ ਹੈ। ਆਪਣੇ ਬੱਚਿਆਂ ਨੂੰ ਦਿਖਾਓ ਕਿ ਤੁਸੀਂ ਦੂਜਿਆਂ ਨੂੰ ਮਾਫ਼ ਕਰਨ ਲਈ ਤਿਆਰ ਹੋ। ਰੂਸ ਵਿਚ ਮੈਰੀਨਾ ਨਾਂ ਦੀ ਮਾਂ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਦੀ ਹੈ। ਉਹ ਕਹਿੰਦੀ ਹੈ: “ਦੂਸਰਿਆਂ ਨੂੰ ਮਾਫ਼ ਕਰ ਕੇ, ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਕੇ ਤੇ ਜਲਦੀ ਗੁੱਸਾ ਨਾ ਕਰ ਕੇ ਅਸੀਂ ਆਪਣੇ ਬੱਚਿਆਂ ਲਈ ਚੰਗੀ ਮਿਸਾਲ ਬਣਨ ਦੀ ਕੋਸ਼ਿਸ਼ ਕਰਦੇ ਹਾਂ।” ਉਹ ਅੱਗੇ ਦੱਸਦੀ ਹੈ: “ਜਦੋਂ ਮੇਰੇ ਤੋਂ ਗ਼ਲਤੀ ਹੋ ਜਾਂਦੀ ਹੈ, ਤਾਂ ਮੈਂ ਆਪਣੇ ਬੱਚਿਆਂ ਤੋਂ ਮਾਫ਼ੀ ਮੰਗ ਲੈਂਦੀ ਹਾਂ। ਮੈਂ ਚਾਹੁੰਦੀ ਹਾਂ ਕਿ ਉਹ ਵੀ ਦੂਸਰਿਆਂ ਨਾਲ ਇਸੇ ਤਰ੍ਹਾਂ ਹੀ ਕਰਨ।”

ਵੱਡੇ ਹੋ ਕੇ ਤੁਹਾਡੇ ਬੱਚਿਆਂ ਨੂੰ ਦੂਸਰਿਆਂ ਨੂੰ ਮਾਫ਼ ਕਰਨ ਤੇ ਸੁਲ੍ਹਾ ਕਰਨ ਦੀ ਲੋੜ ਪਵੇਗੀ। ਹੁਣ ਤੋਂ ਹੀ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਕਰਨਾ ਸਿਖਾਓ ਕਿ ਉਹ ਦੂਸਰਿਆਂ ਦਾ ਲਿਹਾਜ਼ ਕਰਨ ਤੇ ਆਪਣੀ ਗ਼ਲਤੀ ਮੰਨਣ। ਇਸ ਤਰ੍ਹਾਂ ਕਰਨ ਨਾਲ ਤੁਸੀਂ ਉਨ੍ਹਾਂ ਨੂੰ ਅਜਿਹੀ ਵਧੀਆ ਸਿੱਖਿਆ ਦੇਵੋਗੇ ਜੋ ਹੁਣ ਤੋਂ ਉਨ੍ਹਾਂ ਦੇ ਕੰਮ ਆਵੇਗੀ।

“ਧੰਨਵਾਦ ਕਰਿਆ ਕਰੋ”

ਇਸ “ਭੈੜੇ ਸਮੇਂ” ਵਿਚ ਕਈ ਲੋਕ “ਆਪ ਸੁਆਰਥੀ” ਹਨ। (2 ਤਿਮੋਥਿਉਸ 3:1, 2) ਹੁਣ ਸਮਾਂ ਹੈ ਜਦ ਤੁਹਾਡੇ ਬੱਚੇ ਅਜੇ ਛੋਟੇ ਹੀ ਹਨ ਕਿ ਤੁਸੀਂ ਉਨ੍ਹਾਂ ਨੂੰ ਸ਼ੁਕਰਗੁਜ਼ਾਰ ਹੋਣਾ ਸਿਖਾਓ। ਪੌਲੁਸ ਰਸੂਲ ਨੇ ਲਿਖਿਆ: “ਤੁਸੀਂ ਧੰਨਵਾਦ ਕਰਿਆ ਕਰੋ।”—ਕੁਲੁੱਸੀਆਂ 3:15.

ਜਦ ਬੱਚੇ ਅਜੇ ਛੋਟੇ ਹੀ ਹੁੰਦੇ ਹਨ, ਉਹ ਤਮੀਜ਼ ਤੇ ਦੂਜਿਆਂ ਦੀ ਪਰਵਾਹ ਕਰਨੀ ਸਿੱਖ ਸਕਦੇ ਹਨ। ਕਿਵੇਂ? ਇਕ ਡਾਕਟਰ ਕਹਿੰਦਾ ਹੈ: “ਆਪਣੇ ਬੱਚਿਆਂ ਨੂੰ ਦੂਜਿਆਂ ਦਾ ਧੰਨਵਾਦ ਕਰਨਾ ਸਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਘਰ ਦੇ ਮੈਂਬਰਾਂ ਦਾ ਹਮੇਸ਼ਾ ਧੰਨਵਾਦ ਕਰੋ।” ਉਹ ਅੱਗੇ ਕਹਿੰਦਾ ਹੈ: “ਇਸ ਤਰ੍ਹਾਂ ਕਰਨ ਦਾ ਮਤਲਬ ਹੈ ਕਿ ਤੁਸੀਂ ਰੋਜ਼ ਇਹ ਕਹਿ ਰਹੇ ਹੋ ਕਿ ਤੁਸੀਂ ਉਨ੍ਹਾਂ ਦੀ ਮਦਦ ਤੇ ਹੋਰ ਕੰਮਾਂ ਦੀ ਕਿੰਨੀ ਕਦਰ ਕਰਦੇ ਹੋ। . . . ਉਨ੍ਹਾਂ ਨੂੰ ਸਿਖਾਉਣ ਲਈ ਇਹ ਵਾਰ-ਵਾਰ ਕਰਨਾ ਪੈਂਦਾ ਹੈ।”

ਬ੍ਰਿਟੇਨ ਤੋਂ ਰਿਚਰਡ ਨਾਂ ਦਾ ਪਿਤਾ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਕਹਿੰਦਾ ਹੈ: “ਮੈਂ ਤੇ ਮੇਰੀ ਪਤਨੀ ਇਹ ਦਿਖਾਉਂਦੇ ਹਾਂ ਕਿ ਅਸੀਂ ਉਨ੍ਹਾਂ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਡੀ ਮਦਦ ਕੀਤੀ, ਜਿਵੇਂ ਕਿ ਬੱਚਿਆਂ ਦੇ ਟੀਚਰ ਅਤੇ ਉਨ੍ਹਾਂ ਦੇ ਦਾਦਾ-ਦਾਦੀ ਤੇ ਨਾਨਾ-ਨਾਨੀ। ਜਦ ਵੀ ਅਸੀਂ ਕਿਸੇ ਦੇ ਘਰ ਖਾਣੇ ’ਤੇ ਜਾਂਦੇ ਹਾਂ, ਤਾਂ ਅਸੀਂ ਕਾਰਡ ’ਤੇ ਥੈਂਕਯੂ ਲਿਖਦੇ ਹੈ ਤੇ ਸਾਰੇ ਬੱਚੇ ਉਸ ਉੱਤੇ ਆਪਣਾ ਨਾਂ ਲਿਖਦੇ ਹਨ ਜਾਂ ਕੋਈ ਤਸਵੀਰ ਬਣਾਉਂਦੇ ਹਨ।” ਦੂਜਿਆਂ ਦਾ ਧੰਨਵਾਦ ਕਰਨ ਨਾਲ ਤੁਹਾਡੇ ਬੱਚਿਆਂ ਦੀ ਮਦਦ ਹੋਵੇਗੀ ਕਿ ਉਹ ਸਿਰਫ਼ ਹੁਣੇ ਹੀ ਨਹੀਂ, ਸਗੋਂ ਵੱਡੇ ਹੋ ਕੇ ਵੀ ਰਿਸ਼ਤੇ ਨਿਭਾ ਸਕਣਗੇ।

“ਤਾੜਨ ਤੋਂ ਨਾ ਰੁਕ”

ਜਿੱਦਾਂ-ਜਿੱਦਾਂ ਤੁਹਾਡਾ ਬੱਚਾ ਵੱਡਾ ਹੁੰਦਾ ਹੈ, ਉੱਦਾਂ-ਉੱਦਾਂ ਉਸ ਲਈ ਸਿੱਖਣਾ ਜ਼ਰੂਰੀ ਹੈ ਕਿ ਹਰ ਕੰਮ ਦੇ ਨਤੀਜੇ ਭੁਗਤਣੇ ਪੈਂਦੇ ਹਨ। ਛੋਟੀ ਉਮਰ ਵਿਚ ਬੱਚਿਆਂ ਨੂੰ ਸਿਰਫ਼ ਆਪਣੇ ਕੰਮਾਂ ਲਈ ਮਾਪਿਆਂ ਨੂੰ ਹੀ ਨਹੀਂ, ਸਗੋਂ ਸਕੂਲ ਤੇ ਸਮਾਜ ਨੂੰ ਵੀ ਜਵਾਬ ਦੇਣਾ ਪੈਂਦਾ ਹੈ। ਤੁਸੀਂ ਆਪਣੇ ਬੱਚੇ ਦੀ ਇਹ ਅਸੂਲ ਸਿੱਖਣ ਵਿਚ ਮਦਦ ਕਰ ਸਕਦੇ ਹੋ ਕਿ ਤੁਸੀਂ ਜੋ ਕੁਝ ਬੀਜੋਗੇ ਉਹੀ ਵੱਢੋਗੇ। (ਗਲਾਤੀਆਂ 6:7) ਕਿਵੇਂ?

ਬਾਈਬਲ ਕਹਿੰਦੀ ਹੈ: “ਬਾਲਕ ਦੇ ਤਾੜਨ ਤੋਂ ਨਾ ਰੁਕ।” (ਕਹਾਉਤਾਂ 23:13) ਜੇ ਤੁਸੀਂ ਇਹ ਸਾਫ਼-ਸਾਫ਼ ਦੱਸਿਆ ਹੈ ਕਿ ਕਿਸੇ ਗ਼ਲਤ ਕੰਮ ਦੀ ਕਿਹੜੀ ਸਜ਼ਾ ਮਿਲੇਗੀ, ਤਾਂ ਜਿੱਦਾਂ ਤੁਸੀਂ ਕਿਹਾ ਸੀ ਉੱਦਾਂ ਹੀ ਕਰੋ। ਅਰਜਨਟੀਨਾ ਵਿਚ ਨੋਰਮਾ ਨਾਂ ਦੀ ਮਾਂ ਕਹਿੰਦੀ ਹੈ: “ਆਪਣੀ ਗੱਲ ’ਤੇ ਪੱਕੇ ਰਹਿਣਾ ਜ਼ਰੂਰੀ ਹੈ। ਜੇ ਇੱਦਾਂ ਨਹੀਂ ਕੀਤਾ ਜਾਂਦਾ, ਤਾਂ ਬੱਚਾ ਹਮੇਸ਼ਾ ਆਪਣੀ ਹੀ ਮਨ-ਮਰਜ਼ੀ ਕਰੇਗਾ।”

ਜੇ ਮਾਪੇ ਆਪਣੇ ਬੱਚਿਆਂ ਨੂੰ ਪਹਿਲਾਂ ਹੀ ਸਮਝਾਉਣ ਕਿ ਕਹਿਣਾ ਨਾ ਮੰਨਣ ਦਾ ਕੀ ਨਤੀਜਾ ਨਿਕਲੇਗਾ, ਤਾਂ ਉਹ ਬਾਅਦ ਵਿਚ ਉਨ੍ਹਾਂ ਨਾਲ ਇਸ ਬਾਰੇ ਬਹਿਸ ਨਹੀਂ ਕਰਨਗੇ। ਜੇ ਬੱਚਿਆਂ ਨੂੰ ਪਤਾ ਹੋਵੇਗਾ ਕਿ ਆਖੇ ਨਾ ਲੱਗਣ ਦਾ ਅੰਜਾਮ ਕੀ ਹੋਵੇਗਾ, ਤਾਂ ਉਹ ਉੱਦਾਂ ਹੀ ਕਰਨਗੇ ਜਿੱਦਾਂ ਉਨ੍ਹਾਂ ਦੇ ਮਾਪੇ ਕਹਿੰਦੇ ਹਨ।

ਯਾਦ ਰੱਖੋ ਕਿ ਤੁਹਾਨੂੰ ਕਦੇ ਵੀ ਆਪਣੇ ਬੱਚਿਆਂ ਨੂੰ ਗੁੱਸੇ ਵਿਚ ਆ ਕੇ ਤਾੜਨਾ ਨਹੀਂ ਚਾਹੀਦਾ। ਬਾਈਬਲ ਕਹਿੰਦੀ ਹੈ: “ਸਭ ਕੁੜੱਤਣ, ਕ੍ਰੋਧ, ਕੋਪ, ਰੌਲਾ, ਅਤੇ ਦੁਰਬਚਨ ਸਾਰੀ ਬੁਰਿਆਈ ਸਣੇ ਤੁਹਾਥੋਂ ਦੂਰ ਹੋਵੇ।” (ਅਫ਼ਸੀਆਂ 4:31) ਤਾੜਨਾ ਦੇਣ ਵੇਲੇ ਤੁਹਾਨੂੰ ਕਦੇ ਵੀ ਗੁੱਸੇ ਵਿਚ ਆ ਕੇ ਬੇਰਹਿਮੀ ਨਾਲ ਆਪਣੇ ਬੱਚਿਆਂ ਨੂੰ ਨਾ ਤਾਂ ਕੁੱਟਣਾ ਚਾਹੀਦਾ ਹੈ ਤੇ ਨਾ ਹੀ ਗਾਲਾਂ ਕੱਢਣੀਆਂ ਚਾਹੀਦੀਆਂ ਹਨ।

ਤੁਸੀਂ ਆਪਣੇ ਗੁੱਸੇ ’ਤੇ ਉਦੋਂ ਕਾਬੂ ਕਿਵੇਂ ਰੱਖ ਸਕਦੇ ਹੋ ਜਦੋਂ ਬੱਚੇ ਦੀਆਂ ਹਰਕਤਾਂ ਕਰਕੇ ਤੁਹਾਡੇ ਸਬਰ ਦਾ ਬੰਨ੍ਹ ਟੁੱਟ ਗਿਆ ਹੋਵੇ? ਨਿਊਜ਼ੀਲੈਂਡ ਵਿਚ ਪੀਟਰ ਨਾਂ ਦਾ ਪਿਤਾ ਕਹਿੰਦਾ ਹੈ: “ਇਹ ਹਮੇਸ਼ਾ ਸੌਖਾ ਨਹੀਂ ਹੁੰਦਾ, ਪਰ ਬੱਚਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਤਾੜਨਾ ਉਨ੍ਹਾਂ ਦੀਆਂ ਹਰਕਤਾਂ ਕਰਕੇ ਮਿਲੀ ਹੈ ਨਾ ਕਿ ਮਾਪਿਆਂ ਦੇ ਗੁੱਸੇ ਕਰਕੇ।”

ਪੀਟਰ ਤੇ ਉਸ ਦੀ ਪਤਨੀ ਬੱਚਿਆਂ ਨੂੰ ਤਾੜਨਾ ਦਾ ਫ਼ਾਇਦਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਕਹਿੰਦਾ ਹੈ: “ਭਾਵੇਂ ਬੱਚਿਆਂ ਨੇ ਕੋਈ ਘਿਣਾਉਣੀ ਹਰਕਤ ਕੀਤੀ ਹੋਵੇ, ਪਰ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਨ੍ਹਾਂ ਨੂੰ ਇਹੋ ਜਿਹੇ ਭੈੜੇ ਕੰਮ ਕਰਨ ਦੀ ਬਜਾਇ ਕਿਹੋ ਜਿਹੇ ਇਨਸਾਨ ਬਣਨਾ ਚਾਹੀਦਾ ਹੈ।”

ਸਮਝਦਾਰੀ ਦਾ ਸਬੂਤ ਦਿਓ

ਆਪਣੇ ਲੋਕਾਂ ਨੂੰ ਤਾੜਨਾ ਦੇਣ ਬਾਰੇ ਦੱਸਦੇ ਹੋਏ ਪਰਮੇਸ਼ੁਰ ਨੇ ਕਿਹਾ: “ਮੈਂ ਤੁਹਾਨੂੰ ਸਜ਼ਾ ਵੀ ਜ਼ਰੂਰ ਦੇਵਾਂਗਾ, ਪਰ ਮੇਰੀ ਸਜ਼ਾ ਜੋਗ ਹੋਵੇਗੀ।” (ਯਿਰਮਿਯਾਹ 46:28, CL) ਤੁਹਾਨੂੰ ਵੀ ਆਪਣੇ ਬੱਚਿਆਂ ਨੂੰ ਜੋਗ ਸਜ਼ਾ ਦੇਣੀ ਚਾਹੀਦੀ ਹੈ। ਇਹ ਨਾ ਹੀ ਜ਼ਿਆਦਾ ਸਖ਼ਤ ਤੇ ਨਾ ਹੀ ਜ਼ਿਆਦਾ ਨਰਮ ਹੋਣੀ ਚਾਹੀਦੀ ਹੈ। ਬਾਈਬਲ ਕਹਿੰਦੀ ਹੈ ਕਿ ਕੋਈ ਵੀ ਕੰਮ ਕਰਨ ਵੇਲੇ ਸਾਨੂੰ ਸਮਝਦਾਰੀ ਦਾ ਸਬੂਤ ਦੇਣਾ ਚਾਹੀਦਾ ਹੈ।

ਸਮਝਦਾਰੀ ਤੋਂ ਕੰਮ ਲੈ ਕੇ ਤੁਹਾਨੂੰ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਸੁਧਾਰਨਾ ਚਾਹੀਦਾ ਹੈ ਕਿ ਉਨ੍ਹਾਂ ਦਾ ਮਾਣ ਵੀ ਰੱਖਿਆ ਜਾ ਸਕੇ। ਇਟਲੀ ਤੋਂ ਸਾਂਟੀ ਨਾਂ ਦਾ ਪਿਤਾ ਕਹਿੰਦਾ ਹੈ: “ਮੈਂ ਆਪਣੇ ਧੀ-ਪੁੱਤ ਨੂੰ ਕਦੇ ਬੇਇੱਜ਼ਤ ਨਹੀਂ ਕਰਦਾ। ਮੈਂ ਸਮੱਸਿਆ ਦੀ ਜੜ੍ਹ ਲੱਭ ਕੇ ਉਨ੍ਹਾਂ ਨੂੰ ਸੁਧਾਰਦਾ ਹਾਂ। ਮੈਂ ਦੂਸਰਿਆਂ ਦੇ ਸਾਮ੍ਹਣੇ ਇੱਥੋਂ ਤਕ ਕਿ ਬਾਕੀ ਬੱਚਿਆਂ ਦੇ ਸਾਮ੍ਹਣੇ ਵੀ ਉਨ੍ਹਾਂ ਨੂੰ ਨਹੀਂ ਤਾੜਦਾ। ਮੈਂ ਨਾ ਹੀ ਸਾਰਿਆਂ ਦੇ ਸਾਮ੍ਹਣੇ ਉਨ੍ਹਾਂ ਦੀਆਂ ਗ਼ਲਤੀਆਂ ਦੀ ਪੋਲ ਖੋਲ੍ਹਦਾ ਹਾਂ ਤੇ ਨਾ ਹੀ ਉਨ੍ਹਾਂ ਦਾ ਮਜ਼ਾਕ ਉਡਾਉਂਦਾ ਹਾਂ।”

ਰਿਚਰਡ ਵੀ ਜਾਣਦਾ ਹੈ ਕਿ ਸਮਝਦਾਰੀ ਵਰਤਣੀ ਕਿੰਨੀ ਜ਼ਰੂਰੀ ਹੈ। ਉਹ ਕਹਿੰਦਾ ਹੈ: “ਸਾਨੂੰ ਸਿਰਫ਼ ਇਕ ਗੱਲ ਦੀ ਸਜ਼ਾ ਵਾਰ-ਵਾਰ ਨਹੀਂ ਦੇਣੀ ਚਾਹੀਦੀ। ਇਕ ਵਾਰੀ ਤਾੜਨਾ ਦੇ ਕੇ ਸਾਨੂੰ ਉਸ ਗ਼ਲਤੀ ਬਾਰੇ ਬੱਚੇ ਨੂੰ ਵਾਰ-ਵਾਰ ਯਾਦ ਨਹੀਂ ਕਰਾਉਣਾ ਚਾਹੀਦਾ।”

ਬੱਚਿਆਂ ਨੂੰ ਪਾਲਣਾ ਸੌਖਾ ਨਹੀਂ ਹੈ। ਇਸ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ, ਪਰ ਸਾਨੂੰ ਆਪਣੀ ਮਿਹਨਤ ਦਾ ਫਲ ਵੀ ਮਿਲਦਾ ਹੈ। ਰੂਸ ਵਿਚ ਰਹਿਣ ਵਾਲੀ ਯਲੈਨਾ ਨਾਂ ਦੀ ਮਾਂ ਇਸ ਗੱਲ ਨਾਲ ਸਹਿਮਤ ਹੈ। ਉਹ ਕਹਿੰਦੀ ਹੈ: “ਮੈਂ ਪਾਰਟ-ਟਾਈਮ ਨੌਕਰੀ ਕਰਨ ਦਾ ਫ਼ੈਸਲਾ ਕੀਤਾ ਹੈ ਤਾਂਕਿ ਮੈਂ ਆਪਣੇ ਬੇਟੇ ਨਾਲ ਜ਼ਿਆਦਾ ਸਮਾਂ ਗੁਜ਼ਾਰ ਸਕਾਂ। ਭਾਵੇਂ ਮੈਨੂੰ ਘੱਟ ਪੈਸੇ ਮਿਲਦੇ ਹਨ ਤੇ ਮੈਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਪਰ ਇਸ ਤੋਂ ਮੇਰਾ ਮੁੰਡਾ ਬਹੁਤ ਖ਼ੁਸ਼ ਹੈ ਤੇ ਸਾਡਾ ਮਾਂ-ਪੁੱਤ ਦਾ ਰਿਸ਼ਤਾ ਬਹੁਤ ਗਹਿਰਾ ਹੋਇਆ ਹੈ।” (g11-E 10)

[ਸਫ਼ਾ 11 ਉੱਤੇ ਤਸਵੀਰ]

ਬੱਚੇ ਦੂਜਿਆਂ ਦੀ ਪਰਵਾਹ ਕਰਨੀ ਸਿੱਖ ਸਕਦੇ ਹਨ

[ਸਫ਼ਾ 12 ਉੱਤੇ ਤਸਵੀਰ]

ਆਪਣੇ ਬੱਚਿਆਂ ਨੂੰ ਤਾੜਨਾ ਦਿੰਦੇ ਸਮੇਂ ਉਨ੍ਹਾਂ ਦਾ ਮਾਣ ਵੀ ਰੱਖੋ