Skip to content

Skip to table of contents

ਮਾਪਿਆਂ ਦਾ ਕੀ ਫ਼ਰਜ਼ ਬਣਦਾ ਹੈ?

ਮਾਪਿਆਂ ਦਾ ਕੀ ਫ਼ਰਜ਼ ਬਣਦਾ ਹੈ?

ਬਾਈਬਲ ਕੀ ਕਹਿੰਦੀ ਹੈ

ਮਾਪਿਆਂ ਦਾ ਕੀ ਫ਼ਰਜ਼ ਬਣਦਾ ਹੈ?

ਹੇਠਾਂ ਦਿੱਤੀਆਂ ਗੱਲਾਂ ਵਿੱਚੋਂ ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਬਣੇ?

ੳ. ਹੂ-ਬਹੂ ਤੁਹਾਡੇ ਵਰਗਾ।

ਅ. ਤੁਹਾਡੇ ਤੋਂ ਬਿਲਕੁਲ ਵੱਖਰਾ।

ੲ. ਇਕ ਜ਼ਿੰਮੇਵਾਰ ਤੇ ਕਾਬਲ ਇਨਸਾਨ ਜੋ ਚੰਗੇ ਫ਼ੈਸਲੇ ਕਰਦਾ ਹੈ।

ਭਾਵੇਂ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਜ਼ਿੰਮੇਵਾਰ ਇਨਸਾਨ ਬਣਨ, ਪਰ ਉਹ ਇਹ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਹੂ-ਬਹੂ ਉਨ੍ਹਾਂ ਵਰਗੇ ਹੋਣ। ਕਈ ਮਾਪੇ ਸ਼ਾਇਦ ਆਪਣੇ ਨੌਜਵਾਨਾਂ ਨੂੰ ਆਪਣੀਆਂ ਗੱਲਾਂ ਉੱਤੇ ਚੱਲਣ ਲਈ ਮਜਬੂਰ ਕਰਨ। ਮਿਸਾਲ ਲਈ, ਸ਼ਾਇਦ ਉਹ ਉਨ੍ਹਾਂ ਨੂੰ ਦੱਸਣ ਕਿ ਉਨ੍ਹਾਂ ਨੂੰ ਵੱਡੇ ਹੋ ਕੇ ਕੀ ਬਣਨਾ ਚਾਹੀਦਾ ਹੈ। ਇਸ ਦਾ ਕੀ ਨਤੀਜਾ ਨਿਕਲੇਗਾ? ਜਿਉਂ ਹੀ ਨੌਜਵਾਨਾਂ ਨੂੰ ਥੋੜ੍ਹੀ ਜਿਹੀ ਆਜ਼ਾਦੀ ਮਿਲੇਗੀ ਤਿਉਂ ਹੀ ਉਹ ਆਪਣੀ ਮਨ-ਮਰਜ਼ੀ ਕਰਨਗੇ। ਅਸਲ ਵਿਚ ਜਿਹੜੇ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਵਰਗੇ ਬਣਨ ਅਖ਼ੀਰ ਵਿਚ ਉਹੀ ਬੱਚੇ ਉਨ੍ਹਾਂ ਤੋਂ ਬਿਲਕੁਲ ਵੱਖਰੇ ਬਣ ਜਾਂਦੇ ਹਨ।

ਬੱਚਿਆਂ ’ਤੇ ਪੂਰੀ ਤਰ੍ਹਾਂ ਕੰਟ੍ਰੋਲ ਰੱਖ ਕੇ ਤੁਸੀਂ ਸਫ਼ਲ ਨਹੀਂ ਹੋਵੋਗੇ

ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਇਕ ਅਜਿਹਾ ਜ਼ਿੰਮੇਵਾਰ ਇਨਸਾਨ ਬਣੇ ਜੋ ਚੰਗੇ ਫ਼ੈਸਲੇ ਕਰਦਾ ਹੈ। ਪਰ ਤੁਸੀਂ ਇਸ ਟੀਚੇ ਨੂੰ ਕਿਵੇਂ ਹਾਸਲ ਕਰ ਸਕਦੇ ਹੋ? ਇਕ ਗੱਲ ਪੱਕੀ ਹੈ ਕਿ ਪੂਰੀ ਤਰ੍ਹਾਂ ਕੰਟ੍ਰੋਲ ਰੱਖਣ ਨਾਲ ਤੁਸੀਂ ਇੱਦਾਂ ਨਹੀਂ ਕਰ ਸਕੋਗੇ। ਕਿਉਂ? ਦੋ ਗੱਲਾਂ ’ਤੇ ਗੌਰ ਕਰੋ।

1. ਬੱਚਿਆਂ ’ਤੇ ਪੂਰੀ ਤਰ੍ਹਾਂ ਕੰਟ੍ਰੋਲ ਰੱਖਣਾ ਬਾਈਬਲ ਦੇ ਖ਼ਿਲਾਫ਼ ਹੈ। ਯਹੋਵਾਹ ਪਰਮੇਸ਼ੁਰ ਨੇ ਇਨਸਾਨਾਂ ਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਕਾਬਲੀਅਤ ਨਾਲ ਬਣਾਇਆ ਹੈ। ਇਸ ਲਈ ਲੋਕ ਚੁਣ ਸਕਦੇ ਹਨ ਕਿ ਉਹ ਆਪਣੀ ਜ਼ਿੰਦਗੀ ਵਿਚ ਸਹੀ ਕੰਮ ਕਰਨਗੇ ਜਾਂ ਬੁਰੇ। ਮਿਸਾਲ ਲਈ, ਜਦੋਂ ਕਇਨ ਨੇ ਦਿਲ ਵਿਚ ਆਪਣੇ ਭਰਾ ਹਾਬਲ ਨੂੰ ਮਾਰਨ ਦੀ ਸੋਚੀ, ਤਾਂ ਯਹੋਵਾਹ ਨੇ ਉਸ ਨੂੰ ਕਿਹਾ: “ਜੇ ਤੂੰ ਭਲਾ ਕਰੇਂ ਕੀ ਉਹ ਉਤਾਹਾਂ ਨਾ ਕੀਤਾ ਜਾਵੇ? ਜੇ ਤੂੰ ਭਲਾ ਨਾ ਕਰੇਂ ਤਾਂ ਪਾਪ ਬੂਹੇ ਉੱਤੇ ਛੈਹ ਵਿੱਚ ਬੈਠਾ ਹੈ ਅਤੇ ਉਹ ਤੈਨੂੰ ਲੋਚਦਾ ਹੈ ਪਰ ਤੂੰ ਉਹ ਦੇ ਉੱਤੇ ਪਰਬਲ ਹੋ।”—ਉਤਪਤ 4:7.

ਗੌਰ ਕਰੋ ਕਿ ਜਦੋਂ ਯਹੋਵਾਹ ਨੇ ਕਇਨ ਨੂੰ ਸਲਾਹ ਦਿੱਤੀ, ਤਾਂ ਉਸ ਨੇ ਉਸ ’ਤੇ ਜ਼ੋਰ ਨਹੀਂ ਪਾਇਆ ਕਿ ਉਹ ਉਸ ਦਾ ਕਹਿਣਾ ਮੰਨੇ। ਕਇਨ ਨੂੰ ਚੁਣਨਾ ਪਿਆ ਕਿ ਉਹ ਆਪਣੇ ਗੁੱਸੇ ’ਤੇ ਕਾਬੂ ਪਾਵੇਗਾ ਜਾਂ ਨਹੀਂ। ਅਸੀਂ ਇਸ ਤੋਂ ਕਿਹੜਾ ਸਬਕ ਸਿੱਖ ਸਕਦੇ ਹਾਂ? ਜੇ ਯਹੋਵਾਹ ਆਪਣੇ ਲੋਕਾਂ ਨੂੰ ਆਪਣਾ ਕਹਿਣਾ ਮੰਨਣ ਲਈ ਮਜਬੂਰ ਨਹੀਂ ਕਰਦਾ, ਤਾਂ ਸਾਨੂੰ ਵੀ ਆਪਣੇ ਬੱਚਿਆਂ ਨੂੰ ਆਪਣਾ ਕਹਿਣਾ ਮੰਨਣ ਲਈ ਮਜਬੂਰ ਨਹੀਂ ਕਰਨਾ ਚਾਹੀਦਾ। *

2. ਬੱਚਿਆਂ ’ਤੇ ਪੂਰੀ ਤਰ੍ਹਾਂ ਕੰਟ੍ਰੋਲ ਰੱਖਣ ਦੇ ਗ਼ਲਤ ਨਤੀਜੇ ਨਿਕਲਦੇ ਹਨ। ਫ਼ਰਜ਼ ਕਰੋ ਕਿ ਕੋਈ ਵੇਚਣ ਵਾਲਾ ਤੁਹਾਨੂੰ ਕੋਈ ਚੀਜ਼ ਖ਼ਰੀਦਣ ਲਈ ਮਜਬੂਰ ਕਰ ਰਿਹਾ ਹੈ। ਜਿੰਨਾ ਜ਼ਿਆਦਾ ਉਹ ਤੁਹਾਡੇ ’ਤੇ ਜ਼ੋਰ ਪਾਵੇਗਾ ਉੱਨਾ ਜ਼ਿਆਦਾ ਤੁਸੀਂ ਉਹ ਚੀਜ਼ ਨਹੀਂ ਖ਼ਰੀਦੋਗੇ। ਭਾਵੇਂ ਤੁਹਾਨੂੰ ਉਸ ਚੀਜ਼ ਦੀ ਲੋੜ ਹੈ, ਪਰ ਸ਼ਾਇਦ ਤੁਹਾਨੂੰ ਉਸ ਦੇ ਵੇਚਣ ਦਾ ਢੰਗ ਪਸੰਦ ਨਹੀਂ ਹੈ। ਤੁਸੀਂ ਉਸ ਤੋਂ ਪਿੱਛਾ ਛੁਡਾਉਣਾ ਚਾਹੋਗੇ।

ਇਸੇ ਤਰ੍ਹਾਂ ਤੁਹਾਡੇ ਨਾਲ ਹੋ ਸਕਦਾ ਹੈ ਜੇ ਤੁਸੀਂ ਆਪਣੇ ਨੌਜਵਾਨ ’ਤੇ ਆਪਣੇ ਅਸੂਲ, ਵਿਸ਼ਵਾਸ ਅਤੇ ਟੀਚੇ ਥੋਪਣ ਦੀ ਕੋਸ਼ਿਸ਼ ਕਰੋ। ਕੀ ਉਹ ਇਨ੍ਹਾਂ ਨੂੰ ਮੰਨੇਗਾ? ਨਹੀਂ! ਅਸਲ ਵਿਚ, ਤੁਹਾਡੀਆਂ ਗੱਲਾਂ ਕਰਕੇ ਉਹ ਸ਼ਾਇਦ ਆਪਣੀ ਮਨ-ਮਰਜ਼ੀ ਕਰਨ ਲੱਗ ਪਵੇ ਅਤੇ ਇਸ ਕਾਰਨ ਉਹ ਤੁਹਾਡੇ ਅਸੂਲਾਂ ’ਤੇ ਨਾ ਚੱਲੇ। ਇਹ ਸਭ ਕੁਝ ਉਦੋਂ ਹੁੰਦਾ ਹੈ ਜਦੋਂ ਮਾਪੇ ਆਪਣੇ ਬੱਚਿਆਂ ਉੱਤੇ ਪੂਰਾ ਕੰਟ੍ਰੋਲ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਤਾਂ ਫਿਰ, ਤੁਸੀਂ ਕੀ ਕਰ ਸਕਦੇ ਹੋ?

ਛੋਟੇ ਬੱਚਿਆਂ ਵਾਂਗ ਆਪਣੇ ਨੌਜਵਾਨਾਂ ਉੱਤੇ ਕੰਟ੍ਰੋਲ ਰੱਖਣ ਅਤੇ ਉਨ੍ਹਾਂ ’ਤੇ ਆਪਣੇ ਅਸੂਲ ਥੋਪਣ ਦੀ ਬਜਾਇ ਉਨ੍ਹਾਂ ਦੀ ਮਦਦ ਕਰੋ ਕਿ ਉਹ ਆਪ ਸਹੀ ਅਤੇ ਗ਼ਲਤ ਦੀ ਪਛਾਣ ਕਰਨ। ਮਿਸਾਲ ਲਈ, ਜੇ ਤੁਸੀਂ ਇਕ ਮਸੀਹੀ ਹੋ, ਤਾਂ ਉਸ ਨੂੰ ਦਿਖਾਓ ਕਿ ਰੱਬ ਦੇ ਅਸੂਲਾਂ ਅਨੁਸਾਰ ਚੱਲ ਕੇ ਜ਼ਿੰਦਗੀ ਵਿਚ ਕਿਵੇਂ ਖ਼ੁਸ਼ੀ ਮਿਲੇਗੀ।—ਯਸਾਯਾਹ 48:17, 18.

ਤੁਸੀਂ ਉਨ੍ਹਾਂ ਲਈ ਮਿਸਾਲ ਬਣੋ। ਜਿਵੇਂ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਨੌਜਵਾਨ ਬਣੇ, ਉਸੇ ਤਰ੍ਹਾਂ ਦੇ ਤੁਸੀਂ ਵੀ ਬਣਨ ਦੀ ਕੋਸ਼ਿਸ਼ ਕਰੋ। (1 ਕੁਰਿੰਥੀਆਂ 10:33) ਉਨ੍ਹਾਂ ਨੂੰ ਦਿਖਾਓ ਕਿ ਤੁਹਾਡੇ ਅਸੂਲ ਕਿਹੜੇ ਹਨ। (ਕਹਾਉਤਾਂ 4:11) ਜੇ ਤੁਹਾਡਾ ਨੌਜਵਾਨ ਪਰਮੇਸ਼ੁਰ ਅਤੇ ਉਸ ਦੇ ਅਸੂਲਾਂ ਨਾਲ ਪਿਆਰ ਕਰਨਾ ਸਿੱਖੇਗਾ, ਤਾਂ ਉਹ ਉਦੋਂ ਵੀ ਚੰਗੇ ਫ਼ੈਸਲੇ ਕਰੇਗਾ ਜਦੋਂ ਉਹ ਇਕੱਲਾ ਹੁੰਦਾ ਹੈ।—ਜ਼ਬੂਰਾਂ ਦੀ ਪੋਥੀ 119:97; ਫ਼ਿਲਿੱਪੀਆਂ 2:12.

ਜ਼ਿੰਮੇਵਾਰੀਆਂ ਚੁੱਕਣ ਦੀ ਤਿਆਰੀ

ਜਿਵੇਂ ਇਸ ਰਸਾਲੇ ਦੇ ਦੂਜੇ ਸਫ਼ੇ ’ਤੇ ਦੱਸਿਆ ਗਿਆ ਹੈ ਉਹ ਦਿਨ ਆਵੇਗਾ ਜਦੋਂ ਤੁਹਾਡਾ ਬੱਚਾ ਵੱਡਾ ਹੋ ਕੇ “ਆਪਣੇ ਮਾਪੇ ਛੱਡਕੇ” ਆਪਣਾ ਘਰ ਵਸਾਵੇਗਾ। (ਉਤਪਤ 2:24) ਮਾਪਿਆਂ ਵਜੋਂ ਤੁਸੀਂ ਜਾਣਨਾ ਚਾਹੋਗੇ ਕਿ ਇਕੱਲਾ ਬਾਹਰ ਰਹਿ ਕੇ ਉਹ ਆਪਣੀ ਦੇਖ-ਭਾਲ ਕਰ ਸਕੇਗਾ ਜਾਂ ਨਹੀਂ। ਘਰ ਹੁੰਦਿਆਂ ਤੁਸੀਂ ਉਸ ਨੂੰ ਕਿਹੜੇ ਕੰਮ ਸਿਖਾ ਸਕਦੇ ਹੋ ਜੋ ਬਾਅਦ ਵਿਚ ਉਸ ਦੀ ਮਦਦ ਕਰਨਗੇ?

ਘਰ ਦੇ ਕੰਮ-ਕਾਰ। ਕੀ ਤੁਹਾਡਾ ਬੱਚਾ ਖ਼ੁਦ ਖਾਣਾ ਪਕਾ ਸਕਦਾ ਹੈ? ਆਪਣੇ ਕੱਪੜੇ ਪ੍ਰੈੱਸ ਕਰ ਸਕਦਾ ਹੈ? ਆਪਣਾ ਕਮਰਾ ਸਾਫ਼ ਰੱਖ ਸਕਦਾ ਹੈ? ਕੁਝ ਮੁਰੰਮਤ ਦਾ ਕੰਮ ਜਾਂ ਕਾਰ ਦੀ ਥੋੜ੍ਹੀ-ਬਹੁਤੀ ਮੁਰੰਮਤ ਕਰ ਸਕਦਾ ਹੈ? ਇਸ ਤਰ੍ਹਾਂ ਦੇ ਕੰਮ ਤੁਹਾਡੇ ਮੁੰਡੇ ਜਾਂ ਕੁੜੀ ਨੂੰ ਕਿਸੇ ਦਿਨ ਘਰ ਸੰਭਾਲਣ ਵਿਚ ਮਦਦ ਕਰਨਗੇ। ਪੌਲੁਸ ਰਸੂਲ ਨੇ ਕਿਹਾ: “ਮੈਂ ਇਹ ਸਿੱਖ ਲਿਆ ਹੈ ਭਈ ਜਿਸ ਹਾਲ ਵਿੱਚ ਹੋਵਾਂ ਓਸੇ ਵਿੱਚ ਸੰਤੋਖ ਰੱਖਾਂ।”—ਫ਼ਿਲਿੱਪੀਆਂ 4:11.

ਸਲੀਕੇ ਨਾਲ ਪੇਸ਼ ਆਉਣਾ। (ਯਾਕੂਬ 3:17) ਤੁਹਾਡਾ ਨੌਜਵਾਨ ਦੂਜਿਆਂ ਨਾਲ ਕਿਵੇਂ ਪੇਸ਼ ਆਉਂਦਾ ਹੈ? ਕੀ ਉਹ ਝਗੜੇ ਸ਼ਾਂਤੀ ਨਾਲ ਸੁਲਝਾ ਸਕਦਾ ਹੈ? ਕੀ ਤੁਸੀਂ ਉਸ ਨੂੰ ਸਿਖਾਇਆ ਹੈ ਕਿ ਉਹ ਦੂਜਿਆਂ ਨਾਲ ਸਲੀਕੇ ਨਾਲ ਪੇਸ਼ ਆਵੇ ਅਤੇ ਮਤਭੇਦ ਸ਼ਾਂਤੀ ਨਾਲ ਸੁਲਝਾਵੇ? (ਅਫ਼ਸੀਆਂ 4:29, 31, 32) ਬਾਈਬਲ ਕਹਿੰਦੀ ਹੈ: “ਸਭਨਾਂ ਦਾ ਆਦਰ ਕਰੋ।”—1 ਪਤਰਸ 2:17.

ਪੈਸੇ ਦੀ ਵਰਤੋਂ। (ਲੂਕਾ 14:28) ਕੀ ਤੁਸੀਂ ਆਪਣੇ ਬੱਚੇ ਦੀ ਕਿਸੇ ਕੰਮ-ਧੰਦਾ ਸਿੱਖਣ ਵਿਚ, ਬਜਟ ਬਣਾਉਣ ਵਿਚ ਅਤੇ ਕਰਜ਼ੇ ਤੋਂ ਬਚਣ ਵਿਚ ਮਦਦ ਕਰ ਸਕਦੇ ਹੋ? ਕੀ ਤੁਸੀਂ ਉਸ ਨੂੰ ਸਿਖਾਇਆ ਹੈ ਕਿ ਉਹ ਜ਼ਰੂਰੀ ਚੀਜ਼ਾਂ ਨੂੰ ਖ਼ਰੀਦਣ ਲਈ ਪੈਸੇ ਜੋੜੇ, ਬਿਨਾਂ ਵਜ੍ਹਾ ਖ਼ਰੀਦਾਰੀ ਨਾ ਕਰੇ ਅਤੇ ਥੋੜ੍ਹੇ ਵਿਚ ਖ਼ੁਸ਼ ਰਹੇ? (ਕਹਾਉਤਾਂ 22:7) ਪੌਲੁਸ ਨੇ ਲਿਖਿਆ: “ਜਦੋਂ ਸਾਨੂੰ ਭੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ।”—1 ਤਿਮੋਥਿਉਸ 6:8.

ਜਿਨ੍ਹਾਂ ਨੌਜਵਾਨਾਂ ਨੇ ਚੰਗੇ ਅਸੂਲਾਂ ਮੁਤਾਬਕ ਜੀਣਾ ਅਤੇ ਜ਼ਿੰਮੇਵਾਰੀਆਂ ਚੁੱਕਣੀਆਂ ਸਿੱਖ ਲਈਆਂ ਹਨ ਉਹ ਆਪਣਾ ਘਰ ਸੰਭਾਲਣ ਲਈ ਤਿਆਰ ਹੋ ਗਏ ਹਨ। ਉਨ੍ਹਾਂ ਦੇ ਮਾਪਿਆਂ ਨੇ ਆਪਣਾ ਫ਼ਰਜ਼ ਚੰਗੀ ਤਰ੍ਹਾਂ ਨਿਭਾ ਲਿਆ ਹੈ।—ਕਹਾਉਤਾਂ 23:24. (g11-E 10)

[ਫੁਟਨੋਟ]

ਕੀ ਤੁਸੀਂ ਕਦੇ ਸੋਚਿਆ ਹੈ?

● ਮਾਪਿਆਂ ਵਜੋਂ ਤੁਹਾਡਾ ਕੀ ਫ਼ਰਜ਼ ਹੈ?—ਇਬਰਾਨੀਆਂ 5:14.

● ਤੁਹਾਡੇ ਨੌਜਵਾਨ ਦੀ ਕਿਹੜੀ ਜ਼ਿੰਮੇਵਾਰੀ ਹੋਵੇਗੀ ਜਦੋਂ ਉਹ ਵੱਡਾ ਹੋਵੇਗਾ?—ਯਹੋਸ਼ੁਆ 24:15.

[ਸਫ਼ਾ 25 ਉੱਤੇ ਤਸਵੀਰਾਂ]

ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਬਣੇ?

ਹੂ-ਬਹੂ ਤੁਹਾਡੇ ਵਰਗਾ

ਤੁਹਾਡੇ ਤੋਂ ਵੱਖਰਾ

ਜ਼ਿੰਮੇਵਾਰ ਇਨਸਾਨ