Skip to content

Skip to table of contents

ਮਾਪੇ ਕੀ ਕਹਿੰਦੇ ਹਨ

ਮਾਪੇ ਕੀ ਕਹਿੰਦੇ ਹਨ

ਮਾਪੇ ਕੀ ਕਹਿੰਦੇ ਹਨ

ਜੇ ਤੁਹਾਡਾ ਬੱਚਾ ਅਜੇ ਸਕੂਲ ਨਹੀਂ ਜਾਂਦਾ, ਤਾਂ ਤੁਸੀਂ ਸ਼ਾਇਦ ਮੁਸ਼ਕਲਾਂ ਦਾ ਸਾਮ੍ਹਣਾ ਕਰੋ। ਮਿਸਾਲ ਲਈ, ਜੇ ਬੱਚਾ ਜ਼ਿੱਦ ਤੇ ਬਦਤਮੀਜ਼ੀਆਂ ਕਰੇ, ਤਾਂ ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਆਪਣੇ ਬੱਚੇ ਨੂੰ ਸਹੀ-ਗ਼ਲਤ ਵਿਚ ਫ਼ਰਕ ਕਿਵੇਂ ਦੱਸ ਸਕਦੇ ਹੋ ਤੇ ਉਸ ਨੂੰ ਤਾੜਨਾ ਕਿਵੇਂ ਦੇ ਸਕਦੇ ਹੋ? ਗੌਰ ਕਰੋ ਕਿ ਕੁਝ ਮਾਪਿਆਂ ਨੇ ਇਨ੍ਹਾਂ ਮਸਲਿਆਂ ਨੂੰ ਕਿਵੇਂ ਸੁਲਝਾਇਆ ਹੈ।

ਬਦਤਮੀਜ਼ੀ

“ਦੋ ਕੁ ਸਾਲਾਂ ਦਾ ਬੱਚਾ ਚਾਹੁੰਦਾ ਹੈ ਕਿ ਜੋ ਵੀ ਚੀਜ਼ ਉਹ ਮੰਗਦਾ ਹੈ ਉਸ ਨੂੰ ਉਹੀ ਦਿੱਤੀ ਜਾਵੇ। ਸਾਡਾ ਮੁੰਡਾ ਵੀ ਇਹੀ ਚਾਹੁੰਦਾ ਸੀ। ਜੇ ਅਸੀਂ ਉਸ ਦੀ ਨਹੀਂ ਸੁਣਦੇ ਸੀ, ਤਾਂ ਉਹ ਚੀਜ਼ਾਂ ਚੁੱਕ ਕੇ ਸੁੱਟਣ ਲੱਗ ਪੈਂਦਾ ਸੀ। ਪਹਿਲਾ ਬੱਚਾ ਹੋਣ ਕਰਕੇ ਸਾਨੂੰ ਪਤਾ ਨਹੀਂ ਸੀ ਕਿ ਉਹ ਇੱਦਾਂ ਕਿਉਂ ਕਰਦਾ ਹੈ। ਜਦ ਦੂਜਿਆਂ ਨੇ ਦੱਸਿਆ ਕਿ ਇਸ ਉਮਰ ਦੇ ਬੱਚੇ ਇੱਦਾਂ ਹੀ ਕਰਦੇ ਹਨ, ਤਾਂ ਫਿਰ ਵੀ ਸਾਨੂੰ ਪਤਾ ਨਹੀਂ ਲੱਗਾ ਕਿ ਅਸੀਂ ਕੀ ਕਰੀਏ।”—ਸੂਜ਼ਨ, ਕੀਨੀਆ।

“ਸਾਡੀ ਧੀ ਦੋ ਸਾਲਾਂ ਦੀ ਸੀ ਜਦੋਂ ਉਹ ਭੁੰਜੇ ਲਿਟ ਕੇ ਚੀਕਾਂ ਮਾਰਦੀ, ਰੋਂਦੀ ਤੇ ਲੱਤਾਂ ਮਾਰਦੀ ਸੀ। . . . ਸਾਨੂੰ ਖਿੱਝ ਆਉਂਦੀ ਸੀ। ਉਸ ਸਮੇਂ ਉਸ ਨਾਲ ਗੱਲ ਕਰਨ ਦਾ ਕੋਈ ਫ਼ਾਇਦਾ ਨਹੀਂ ਸੀ ਹੁੰਦਾ। ਸੋ ਅਸੀਂ ਸ਼ਾਂਤ ਹੋ ਕੇ ਉਸ ਨੂੰ ਕਹਿੰਦੇ ਸੀ ਕਿ ‘ਜਦੋਂ ਤੂੰ ਚੁੱਪ ਹੋ ਜਾਵੇ, ਫਿਰ ਅਸੀਂ ਤੇਰੇ ਨਾਲ ਗੱਲ ਕਰਾਂਗੇ।’ ਫਿਰ ਅਸੀਂ ਉਸ ਨੂੰ ਉਹ ਦੇ ਕਮਰੇ ਵਿਚ ਭੇਜ ਦਿੰਦੇ ਸੀ। ਜਦੋਂ ਉਸ ਦਾ ਰੋਣਾ-ਧੋਣਾ ਬੰਦ ਹੋ ਜਾਂਦਾ ਸੀ, ਤਾਂ ਮੈਂ ਜਾਂ ਮੇਰਾ ਪਤੀ ਉਸ ਦੇ ਕਮਰੇ ਵਿਚ ਜਾ ਕੇ ਉਸ ਨੂੰ ਸਮਝਾਉਂਦੇ ਸੀ ਕਿ ਜੋ ਉਸ ਨੇ ਕੀਤਾ ਉਹ ਕਿਉਂ ਗ਼ਲਤ ਸੀ। ਇਸ ਤਰ੍ਹਾਂ ਕਰਨ ਨਾਲ ਫ਼ਾਇਦਾ ਹੋਇਆ। ਇਕ ਵਾਰ ਤਾਂ ਅਸੀਂ ਉਸ ਨੂੰ ਰੱਬ ਕੋਲੋਂ ਮਾਫ਼ੀ ਮੰਗਦਿਆਂ ਸੁਣਿਆ। ਹੌਲੀ-ਹੌਲੀ ਉਸ ਨੇ ਜ਼ਿੱਦ ਕਰਨੀ ਛੱਡ ਦਿੱਤੀ।”—ਯੋਲਾਂਡਾ, ਸਪੇਨ।

“ਨਿਆਣੇ ਦੇਖਣਾ ਚਾਹੁੰਦੇ ਹਨ ਕਿ ਉਹ ਆਪਣੇ ਮਾਪਿਆਂ ਨਾਲ ਕਿਸ ਹੱਦ ਤਕ ਜਾ ਸਕਦੇ ਹਨ। ਜੇ ਤੁਸੀਂ ਆਪਣੇ ਬੱਚੇ ਨੂੰ ਉਹ ਕਰਨ ਦਿਓ ਜੋ ਤੁਸੀਂ ਪਹਿਲਾਂ ਮਨ੍ਹਾ ਕੀਤਾ ਸੀ, ਤਾਂ ਬੱਚਾ ਸਹੀ-ਗ਼ਲਤ ਵਿਚ ਫ਼ਰਕ ਕਰਨਾ ਨਹੀਂ ਸਿੱਖੇਗਾ। ਅਸੀਂ ਦੇਖਿਆ ਕਿ ਜਦੋਂ ਅਸੀਂ ਆਪਣੀ ਗੱਲ ’ਤੇ ਪੱਕੇ ਰਹਿੰਦੇ ਸੀ, ਤਾਂ ਸਾਡੇ ਬੱਚਿਆਂ ਨੂੰ ਪਤਾ ਲੱਗ ਗਿਆ ਕਿ ਚੀਕ-ਚਿਹਾੜਾ ਪਾਉਣ ਨਾਲ ਉਨ੍ਹਾਂ ਦਾ ਕੁਝ ਨਹੀਂ ਬਣਨਾ।”—ਨੀਲ, ਬ੍ਰਿਟੇਨ।

ਤਾੜਨਾ

“ਜਦੋਂ ਬੱਚਾ ਪੰਜ ਸਾਲ ਤੋਂ ਘੱਟ ਉਮਰ ਦਾ ਹੁੰਦਾ ਹੈ, ਤਾਂ ਇਹ ਪਤਾ ਲਾਉਣਾ ਮੁਸ਼ਕਲ ਹੁੰਦਾ ਹੈ ਕਿ ਉਹ ਕਿੰਨੇ ਧਿਆਨ ਨਾਲ ਗੱਲ ਸੁਣਦਾ ਹੈ। ਇਸ ਲਈ ਤੁਸੀਂ ਜੋ ਵੀ ਬੱਚੇ ਨੂੰ ਕਹਿੰਦੇ ਹੋ ਉਸ ਨੂੰ ਵਾਰ-ਵਾਰ ਦੁਹਰਾਓ। ਇੱਦਾਂ ਲੱਗਦਾ ਹੈ ਕਿ ਤੁਹਾਨੂੰ ਸੌ ਵਾਰੀ ਇੱਕੋ ਗੱਲ ਕਹਿਣੀ ਪੈਂਦੀ ਹੈ, ਨਾਲ ਦੀ ਨਾਲ ਤੁਹਾਨੂੰ ਆਪਣੇ ਹਾਵਾਂ-ਭਾਵਾਂ ਤੇ ਬੋਲਣ ਦੇ ਅੰਦਾਜ਼ ਨਾਲ ਵੀ ਸਮਝਾਉਣਾ ਪੈਂਦਾ ਹੈ।”—ਸਰਜ਼, ਫ੍ਰਾਂਸ।

“ਭਾਵੇਂ ਕਿ ਸਾਰੇ ਨਿਆਣੇ ਇੱਕੋ ਮਾਹੌਲ ਵਿਚ ਪਲੇ ਸਨ, ਪਰ ਚਾਰੇ ਜਣੇ ਇਕ-ਦੂਜੇ ਤੋਂ ਵੱਖਰੇ ਸਨ। ਸਾਡੀ ਇਕ ਧੀ ਸਿਰਫ਼ ਇਸ ਗੱਲ ’ਤੇ ਰੋਣ ਲੱਗ ਪੈਂਦੀ ਸੀ ਕਿ ਉਸ ਨੇ ਸਾਨੂੰ ਦੁੱਖ ਪਹੁੰਚਾਇਆ ਤੇ ਦੂਜੀ ਇਹ ਦੇਖਣਾ ਚਾਹੁੰਦੀ ਸੀ ਕਿ ਉਹ ਕਿਸ ਹੱਦ ਤਕ ਜਾ ਸਕਦੀ ਹੈ। ਕਈ ਵੇਲੇ ਤਾਂ ਸਿਰਫ਼ ਘੂਰੀ ਵੱਟ ਕੇ ਹੀ ਸਮਝਾਇਆ ਜਾ ਸਕਦਾ ਸੀ, ਪਰ ਕਦੀ-ਕਦੀ ਸਾਨੂੰ ਉਨ੍ਹਾਂ ਨੂੰ ਸਜ਼ਾ ਦੇਣੀ ਪੈਂਦੀ ਸੀ।”—ਨੇਥਨ, ਕੈਨੇਡਾ।

“ਇਹ ਜ਼ਰੂਰੀ ਹੈ ਕਿ ਸਮਝੌਤਾ ਨਾ ਕਰੋ। ਪਰ ਦੂਜੇ ਪਾਸੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਗੱਲ ’ਤੇ ਅੜੇ ਨਾ ਰਹਿਣ। ਕਈ ਵੇਲੇ ਜਦੋਂ ਬੱਚਾ ਦਿਲੋਂ ਮਾਫ਼ੀ ਮੰਗਦਾ ਹੈ, ਤਾਂ ਬੱਚੇ ਨੂੰ ਮਾਫ਼ ਕਰਨਾ ਸਹੀ ਹੈ।”—ਮੱਥੀਓ, ਫਰਾਂਸ।

“ਮੈਂ ਬਹੁਤ ਸਾਰੇ ਅਸੂਲ ਥੋਪਣ ਦੀ ਕੋਸ਼ਿਸ਼ ਨਹੀਂ ਕਰਦੀ, ਪਰ ਮੈਂ ਇਕ ਗੱਲ ਸਾਫ਼ ਦੱਸੀ ਹੈ ਕਿ ਕੁਝ ਅਸੂਲ ਬਦਲੇ ਨਹੀਂ ਜਾ ਸਕਦੇ। ਮੇਰਾ ਤਿੰਨ ਸਾਲਾਂ ਦਾ ਮੁੰਡਾ ਜਾਣਦਾ ਹੈ ਕਿ ਜੇ ਉਸ ਨੇ ਕਹਿਣਾ ਨਾ ਮੰਨਿਆ, ਤਾਂ ਉਸ ਨੂੰ ਕਿਹੜੀ ਸਜ਼ਾ ਭੁਗਤਣੀ ਪਵੇਗੀ। ਇਹ ਗੱਲ ਉਸ ਨੂੰ ਆਪਣੀ ਮਨ-ਮਾਨੀ ਕਰਨ ਤੋਂ ਰੋਕਦੀ ਹੈ। ਜਦ ਮੈਂ ਥੱਕੀ ਹੋਈ ਹੁੰਦੀ ਹਾਂ, ਤਾਂ ਉਸ ਦੀਆਂ ਬਦਤਮੀਜ਼ੀਆਂ ਨੂੰ ਨਜ਼ਰਅੰਦਾਜ਼ ਕਰਨਾ ਸੌਖਾ ਹੋ ਸਕਦਾ ਹੈ। ਪਰ ਮੈਂ ਇਸ ਤਰ੍ਹਾਂ ਨਹੀਂ ਕਰਦੀ ਕਿਉਂਕਿ ਮੈਂ ਜਾਣਦੀ ਹਾਂ ਕਿ ਆਪਣੀ ਗੱਲ ਉੱਤੇ ਪੱਕੀ ਰਹਿਣਾ ਕਿੰਨਾ ਜ਼ਰੂਰੀ ਹੈ।”—ਨੈਟਲੀ, ਕੈਨੇਡਾ।

ਆਪਣੀ ਗੱਲ ਉੱਤੇ ਪੱਕੇ ਰਹੋ

“ਛੋਟੇ ਬੱਚਿਆਂ ਨੂੰ ਪਤਾ ਲੱਗ ਜਾਂਦਾ ਹੈ ਜਦ ਉਨ੍ਹਾਂ ਦੇ ਮਾਪੇ ਕਹਿੰਦੇ ਕੁਝ, ਪਰ ਕਰਦੇ ਕੁਝ ਹੋਰ ਹਨ।”—ਮਿਲਟਨ, ਬੋਲੀਵੀਆ।

“ਕਈ ਵਾਰ ਮੇਰਾ ਮੁੰਡਾ ਇੱਕੋ ਵਿਸ਼ੇ ’ਤੇ ਅਲੱਗ-ਅਲੱਗ ਤਰੀਕੇ ਨਾਲ ਸਵਾਲ ਪੁੱਛ ਕੇ ਇਹ ਦੇਖਣਾ ਚਾਹੁੰਦਾ ਹੈ ਕਿ ਅਸੀਂ ਹਰ ਵਾਰ ਉਸ ਸਵਾਲ ਦਾ ਇੱਕੋ ਜਵਾਬ ਦਿੰਦੇ ਹਾਂ ਜਾਂ ਨਹੀਂ। ਜੇ ਮੈਂ ਕੁਝ ਕਹਾਂ ਤੇ ਉਸ ਦੀ ਮੰਮੀ ਕੁਝ ਹੋਰ ਕਹੇ, ਤਾਂ ਉਸ ਨੂੰ ਲੱਗੇਗਾ ਕਿ ਸਾਡੇ ਵਿਚ ਏਕਤਾ ਨਹੀਂ ਹੈ ਤੇ ਉਹ ਇਸ ਗੱਲ ਦਾ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕਰੇਗਾ।”—ਆਂਖ਼ਲ, ਸਪੇਨ।

“ਕਈ ਵਾਰ ਜਦੋਂ ਮੈਂ ਖ਼ੁਸ਼ ਹੁੰਦੀ ਸੀ, ਤਾਂ ਮੈਂ ਆਪਣੇ ਮੁੰਡੇ ਦੀਆਂ ਗ਼ਲਤੀਆਂ ਮਾਫ਼ ਕਰ ਦਿੰਦੀ ਸੀ, ਪਰ ਜਦੋਂ ਮੇਰਾ ਮੂਡ ਖ਼ਰਾਬ ਹੁੰਦਾ ਸੀ, ਤਾਂ ਮੈਂ ਉਸ ਨੂੰ ਸਖ਼ਤ ਸਜ਼ਾ ਦਿੰਦੀ ਸੀ। ਪਰ ਇਸ ਤਰ੍ਹਾਂ ਕਰਨ ਨਾਲ ਉਹ ਜ਼ਿਆਦਾ ਜ਼ਿੱਦੀ ਤੇ ਬਦਤਮੀਜ਼ ਬਣਦਾ ਸੀ।”—ਗੀਓਨ ਓਕ, ਕੋਰੀਆ।

“ਬੱਚੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਜਿਹੜਾ ਰਵੱਈਆ ਅੱਜ ਗ਼ਲਤ ਹੈ ਉਹ ਹਮੇਸ਼ਾ ਹੀ ਗ਼ਲਤ ਹੋਵੇਗਾ।”—ਐਨਟੋਨਿਓ, ਬ੍ਰਾਜ਼ੀਲ।

“ਜੇ ਮਾਪੇ ਆਪਣੀ ਗੱਲ ’ਤੇ ਪੱਕੇ ਨਾ ਰਹਿਣ, ਤਾਂ ਬੱਚਾ ਸਮਝੇਗਾ ਕਿ ਮੰਮੀ-ਡੈਡੀ ਦਾ ਤਾਂ ਕੁਝ ਪਤਾ ਨਹੀਂ ਲੱਗਦਾ ਤੇ ਉਹ ਆਪਣੇ ਮੂਡ ਮੁਤਾਬਕ ਫ਼ੈਸਲੇ ਕਰਦੇ ਹਨ। ਪਰ ਜੇ ਮਾਪੇ ਆਪਣੀ ਗੱਲ ’ਤੇ ਪੱਕੇ ਰਹਿਣ, ਤਾਂ ਬੱਚੇ ਸਿੱਖਣਗੇ ਕਿ ਜੇ ਕੁਝ ਗ਼ਲਤ ਹੈ, ਤਾਂ ਉਹ ਹਮੇਸ਼ਾ ਗ਼ਲਤ ਹੁੰਦਾ ਹੈ। ਇਸ ਤਰ੍ਹਾਂ ਮਾਪੇ ਆਪਣੇ ਬੱਚਿਆਂ ਦੀ ਸਹੀ ਦੇਖ-ਭਾਲ ਕਰ ਸਕਦੇ ਹਨ।”—ਜ਼ਿਲਮਾਰ, ਬ੍ਰਾਜ਼ੀਲ।

“ਬੱਚੇ ਜਾਣਦੇ ਹਨ ਕਿ ਉਨ੍ਹਾਂ ਦੇ ਮਾਪੇ ਹਾਂ ਕਹਿਣ ਲਈ ਕਈ ਵਾਰ ਮਜਬੂਰ ਹੋ ਸਕਦੇ ਹਨ। ਮਿਸਾਲ ਲਈ, ਜਦੋਂ ਘਰ ਪਰਾਹੁਣੇ ਆਏ ਹੋਣ। ਪਰ ਜੇ ਮੈਂ ਕਿਸੇ ਗੱਲ ਲਈ ਨਾਂਹ ਕੀਤੀ ਹੋਵੇ, ਤਾਂ ਮੈਂ ਸ਼ੁਰੂ ਵਿਚ ਹੀ ਆਪਣੇ ਮੁੰਡੇ ਨੂੰ ਦੱਸ ਦਿੰਦਾ ਹਾਂ ਕਿ ਮੈਂ ਉਸ ਦੀਆਂ ਮਿੰਨਤਾਂ ਨਹੀਂ ਸੁਣਾਂਗਾ।”—ਚੈਂਗ ਸੋਕ, ਕੋਰੀਆ।

“ਮਾਪਿਆਂ ਨੂੰ ਇਕ-ਦੂਜੇ ਨਾਲ ਸਹਿਮਤ ਹੋਣ ਦੀ ਲੋੜ ਹੈ। ਜੇ ਮੈਂ ਤੇ ਮੇਰੀ ਪਤਨੀ ਕਿਸੇ ਗੱਲ ’ਤੇ ਸਹਿਮਤ ਨਹੀਂ ਹੁੰਦੇ, ਤਾਂ ਅਸੀਂ ਇਸ ਬਾਰੇ ਇਕੱਲਿਆਂ ਗੱਲ ਕਰਦੇ ਹਾਂ। ਨਹੀਂ ਤਾਂ ਬੱਚੇ ਇਸ ਗੱਲ ਨੂੰ ਫੜ ਸਕਦੇ ਹਨ ਅਤੇ ਉਹ ਇਸ ਦਾ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕਰਨਗੇ।”—ਹੇਸੂਸ, ਸਪੇਨ।

“ਬੱਚੇ ਨੂੰ ਚੰਗਾ ਲੱਗਦਾ ਹੈ ਜਦੋਂ ਉਸ ਦੇ ਮਾਪਿਆਂ ਵਿਚ ਏਕਤਾ ਹੁੰਦੀ ਹੈ। ਉਹ ਫਿਰ ਸਮਝ ਜਾਂਦਾ ਹੈ ਕਿ ਉਨ੍ਹਾਂ ਦੀ ਗੱਲ ਮੰਨਣ ਜਾਂ ਨਾ ਮੰਨਣ ਦੇ ਕੀ ਨਤੀਜੇ ਨਿਕਲਣਗੇ।”—ਦਮਾਰਿਸ, ਜਰਮਨੀ।

“ਸਾਡੀ ਧੀ ਨੂੰ ਪਤਾ ਹੈ ਕਿ ਅਸੀਂ ਆਪਣੀ ਗੱਲ ’ਤੇ ਹਮੇਸ਼ਾ ਪੱਕੇ ਰਹਿੰਦੇ ਹਾਂ। ਮਿਸਾਲ ਲਈ, ਜਦੋਂ ਉਹ ਬੁਰਾ ਕੰਮ ਕਰਦੀ ਹੈ, ਤਾਂ ਅਸੀਂ ਉਸ ਨੂੰ ਸਜ਼ਾ ਦਿੰਦੇ ਹਾਂ, ਪਰ ਉਦੋਂ ਅਸੀਂ ਉਸ ਨੂੰ ਇਨਾਮ ਵੀ ਦਿੰਦੇ ਹਾਂ ਜਦੋਂ ਉਹ ਕੋਈ ਚੰਗਾ ਕੰਮ ਕਰਦੀ ਹੈ। ਇਸ ਤਰ੍ਹਾਂ ਉਹ ਸਾਡੀਆਂ ਗੱਲਾਂ ’ਤੇ ਭਰੋਸਾ ਕਰਨਾ ਸਿੱਖਦੀ ਹੈ।”—ਹੈਂਡਰਿਕ, ਜਰਮਨੀ।

“ਜੇ ਮੇਰਾ ਬਾਸ ਕੰਮ ’ਤੇ ਅਸੂਲ ਬਦਲਦਾ ਰਹੇ, ਤਾਂ ਮੈਨੂੰ ਖਿੱਝ ਆਵੇਗੀ। ਬੱਚੇ ਵੀ ਚਾਹੁੰਦੇ ਹਨ ਕਿ ਮਾਪੇ ਆਪਣੇ ਅਸੂਲਾਂ ’ਤੇ ਪੱਕੇ ਰਹਿਣ। ਉਨ੍ਹਾਂ ਨੂੰ ਇਹ ਵੀ ਜਾਣਨ ਦੀ ਲੋੜ ਹੈ ਕਿ ਤੁਹਾਡੀ ਹਾਂ ਦੀ ਹਾਂ ਅਤੇ ਨਾਂਹ ਦੀ ਨਾਂਹ ਰਹੇਗੀ।”—ਗਲੈਨ, ਕੈਨੇਡਾ।

[ਸਫ਼ਾ 8 ਉੱਤੇ ਸੁਰਖੀ]

“ਤੁਹਾਡੀ ਹਾਂ ਦੀ ਹਾਂ ਅਤੇ ਨਾ ਦੀ ਨਾ ਹੋਵੇ।”—ਯਾਕੂਬ 5:12

[ਸਫ਼ਾ 9 ਉੱਤੇ ਡੱਬੀ/ਤਸਵੀਰਾਂ]

ਜਾਣ-ਪਛਾਣ

ਸਾਡਾ ਬੱਚਾ ਪੈਦਾ ਕਰਨ ਦਾ ਕੋਈ ਇਰਾਦਾ ਨਹੀਂ ਸੀ—ਅਸੀਂ ਕਿਵੇਂ ਬਦਲਾਅ ਕੀਤੇ

ਟੌਮ ਤੇ ਯੂਨਹੀ ਹਾਨ ਦੀ ਜ਼ਬਾਨੀ

ਟੌਮ: ਸਾਡੇ ਵਿਆਹ ਨੂੰ ਅਜੇ ਸਿਰਫ਼ ਛੇ ਮਹੀਨੇ ਹੀ ਹੋਏ ਸਨ ਜਦੋਂ ਮੇਰੀ ਪਤਨੀ ਯੂਨਹੀ ਨੂੰ ਪਤਾ ਲੱਗਾ ਕਿ ਉਹ ਮਾਂ ਬਣਨ ਵਾਲੀ ਹੈ। ਬਾਹਰੋਂ ਤਾਂ ਮੈਂ ਸ਼ਾਂਤ ਰਿਹਾ ਕਿਉਂਕਿ ਮੈਂ ਯੂਨਹੀ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਸੀ ਕਿ ਮੈਂ ਉਸ ਦੇ ਨਾਲ ਸੀ, ਪਰ ਅੰਦਰੋਂ ਮੈਂ ਬਹੁਤ ਘਬਰਾਇਆ ਹੋਇਆ ਸੀ!

ਯੂਨਹੀ: ਮੇਰੇ ਪੈਰਾਂ ਹੇਠੋਂ ਤਾਂ ਜ਼ਮੀਨ ਹੀ ਨਿਕਲ ਗਈ! ਮੈਂ ਰੋਂਦੀ ਰਹੀ ਤੇ ਮੈਨੂੰ ਲੱਗਾ ਕਿ ਨਾ ਤਾਂ ਮੈਂ ਮਾਂ ਬਣਨ ਲਈ ਤਿਆਰ ਹਾਂ ਤੇ ਨਾ ਹੀ ਇਸ ਦੇ ਕਾਬਲ।

ਟੌਮ: ਮੈਨੂੰ ਇੱਦਾਂ ਲੱਗਦਾ ਸੀ ਕਿ ਮੈਂ ਅਜੇ ਪਿਤਾ ਬਣਨ ਲਈ ਤਿਆਰ ਨਹੀਂ ਸੀ। ਪਰ ਦੂਸਰੇ ਮਾਪਿਆਂ ਨਾਲ ਗੱਲ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਇਹ ਇਕ ਆਮ ਸਮੱਸਿਆ ਹੈ। ਪਰ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮਾਂ-ਬਾਪ ਬਣਨ ਨਾਲ ਕਿੰਨੀ ਖ਼ੁਸ਼ੀ ਮਿਲਦੀ ਹੈ। ਹੌਲੀ-ਹੌਲੀ ਘਬਰਾਹਟ ਅਤੇ ਡਰ ਦੀ ਥਾਂ ਮੈਨੂੰ ਉਮੀਦ ਮਿਲੀ।

ਯੂਨਹੀ: ਅਮੈਂਡਾ ਦੇ ਜਨਮ ਤੋਂ ਬਾਅਦ ਨਵੀਆਂ ਮੁਸ਼ਕਲਾਂ ਆਈਆਂ। ਉਹ ਰੋਂਦੀ ਰਹਿੰਦੀ ਸੀ ਤੇ ਮੈਂ ਕਈ ਹਫ਼ਤੇ ਚੰਗੀ ਤਰ੍ਹਾਂ ਸੌਂ ਨਹੀਂ ਸਕੀ। ਮੇਰੀ ਭੁੱਖ ਮਿਟ ਗਈ ਅਤੇ ਮੈਂ ਹਰ ਵੇਲੇ ਥੱਕੀ ਰਹਿੰਦੀ ਸੀ। ਪਹਿਲਾਂ-ਪਹਿਲਾਂ ਮੈਂ ਲੋਕਾਂ ਤੋਂ ਦੂਰ ਰਹਿਣਾ ਚਾਹੁੰਦੀ ਸੀ। ਪਰ ਮੈਨੂੰ ਅਹਿਸਾਸ ਹੋਇਆ ਕਿ ਘਰ ਵਿਚ ਇਕੱਲੇ ਰਹਿਣ ਨਾਲ ਮੇਰੀ ਕੋਈ ਮਦਦ ਨਹੀਂ ਹੋਣੀ। ਇਸ ਲਈ ਮੈਂ ਹੋਰਨਾਂ ਔਰਤਾਂ ਨਾਲ ਸਮਾਂ ਬਿਤਾਉਣ ਲੱਗੀ ਜਿਨ੍ਹਾਂ ਦੇ ਨਵ-ਜੰਮੇ ਬੱਚੇ ਸਨ। ਇਸ ਨਾਲ ਮੈਨੂੰ ਆਪਣੇ ਹਾਲਾਤਾਂ ਬਾਰੇ ਉਨ੍ਹਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਜਿਨ੍ਹਾਂ ਦੇ ਹਾਲਾਤ ਮੇਰੇ ਵਰਗੇ ਸਨ। ਇੱਦਾਂ ਕਰਨ ਨਾਲ ਮੈਨੂੰ ਪਤਾ ਲੱਗਾ ਕਿ ਇਕੱਲੀ ਮੈਂ ਹੀ ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਨਹੀਂ ਕਰ ਰਹੀ ਸੀ।

ਟੌਮ: ਮੈਂ ਆਪਣੇ ਪਰਿਵਾਰ ਦੀ ਰੁਟੀਨ ਨੂੰ ਪਹਿਲਾਂ ਵਾਂਗ ਬਣਾਉਣ ਦੀ ਕੋਸ਼ਿਸ਼ ਕੀਤੀ। ਮਿਸਾਲ ਲਈ, ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਮੈਂ ਤੇ ਯੂਨਹੀ ਨੇ ਪ੍ਰਚਾਰ ਅਤੇ ਮੀਟਿੰਗਾਂ ਵਿਚ ਲਗਾਤਾਰ ਜਾਣ ਦਾ ਪੱਕਾ ਇਰਾਦਾ ਕੀਤਾ। ਬੱਚਾ ਹੋਣ ਨਾਲ ਖ਼ਰਚੇ ਵੀ ਵਧੇ ਜਿਨ੍ਹਾਂ ਬਾਰੇ ਅਸੀਂ ਸੋਚਿਆ ਨਹੀਂ ਸੀ। ਅਸੀਂ ਇਹ ਪੱਕਾ ਕੀਤਾ ਕਿ ਅਸੀਂ ਉੱਨੇ ਪੈਸੇ ਹੀ ਖ਼ਰਚ ਕਰਾਂਗੇ ਜਿੰਨੇ ਸਾਡੇ ਕੋਲ ਹਨ। ਇਸ ਤਰ੍ਹਾਂ ਅਸੀਂ ਕਰਜ਼ਾ ਲੈਣ ਤੋਂ ਬਚੇ ਰਹੇ, ਨਹੀਂ ਤਾਂ ਸਾਡੀ ਟੈਨਸ਼ਨ ਹੋਰ ਵਧਦੀ।

ਯੂਨਹੀ: ਪਹਿਲਾਂ ਮੈਨੂੰ ਲੱਗਾ ਕਿ ਬੱਚੇ ਨਾਲ ਪ੍ਰਚਾਰ ਵਿਚ ਜਾਣਾ ਮੁਸ਼ਕਲ ਹੋਵੇਗਾ। ਪਰ ਅਸਲ ਵਿਚ ਲੋਕ ਨਿਆਣੇ ਦੇਖ ਕੇ ਖ਼ੁਸ਼ ਹੁੰਦੇ ਹਨ। ਇਸ ਗੱਲ ਨੂੰ ਮਨ ਵਿਚ ਰੱਖ ਕੇ ਮੈਂ ਆਪਣੀ ਬੱਚੀ ਨੂੰ ਪ੍ਰਚਾਰ ਵਿਚ ਲਿਜਾ ਕੇ ਖ਼ੁਸ਼ ਰਹਿੰਦੀ ਸੀ।

ਟੌਮ: ਬਾਈਬਲ ਕਹਿੰਦੀ ਹੈ ਕਿ ਬੱਚੇ “ਯਹੋਵਾਹ ਵੱਲੋਂ ਮਿਰਾਸ” ਤੇ “ਇੱਕ ਇਨਾਮ” ਹਨ। (ਜ਼ਬੂਰਾਂ ਦੀ ਪੋਥੀ 127:3) ਇਨ੍ਹਾਂ ਸ਼ਬਦਾਂ ਤੋਂ ਮੈਨੂੰ ਪਤਾ ਲੱਗਾ ਕਿ ਬੱਚੇ ਪਰਮੇਸ਼ੁਰ ਵੱਲੋਂ ਇਕ ਦਾਤ ਹਨ। ਜਦੋਂ ਤੁਹਾਨੂੰ ਮਿਰਾਸ ਜਾਂ ਵਿਰਾਸਤ ਵਿਚ ਕੁਝ ਮਿਲਦਾ ਹੈ, ਤਾਂ ਤੁਸੀਂ ਜਾਂ ਤਾਂ ਉਸ ਨੂੰ ਸੰਭਾਲ ਕੇ ਰੱਖ ਸਕਦੇ ਹੋ ਜਾਂ ਲੁਟਾ ਸਕਦੇ ਹੋ। ਮੈਂ ਸਿੱਖਿਆ ਹੈ ਕਿ ਬੱਚਿਆਂ ਨੂੰ ਵਧਦੇ-ਫੁੱਲਦੇ ਦੇਖਣਾ ਕਿੰਨੀ ਕਮਾਲ ਦੀ ਗੱਲ ਹੈ। ਮੈਂ ਆਪਣੀ ਧੀ ਨੂੰ ਹਰ ਰੋਜ਼ ਵਧਦੀ ਹੋਈ ਦੇਖਣਾ ਚਾਹੁੰਦਾ ਹਾਂ ਕਿਉਂਕਿ ਇਕ ਵਾਰ ਜੇ ਇਹ ਮੌਕਾ ਹੱਥੋਂ ਨਿਕਲ ਗਿਆ, ਤਾਂ ਇਹ ਵਾਪਸ ਨਹੀਂ ਆਉਣਾ।

ਯੂਨਹੀ: ਕਈ ਵੇਲੇ ਜ਼ਿੰਦਗੀ ਵਿਚ ਉਹ ਨਹੀਂ ਹੁੰਦਾ ਜੋ ਅਸੀਂ ਸੋਚਦੇ ਹਾਂ। ਭਾਵੇਂ ਅਸੀਂ ਬੱਚਾ ਪੈਦਾ ਨਹੀਂ ਕਰਨਾ ਚਾਹੁੰਦੇ ਸੀ, ਪਰ ਹੁਣ ਇਸ ਤੋਂ ਸਾਨੂੰ ਬਹੁਤ ਖ਼ੁਸ਼ੀ ਮਿਲਦੀ ਹੈ। ਅਮੈਂਡਾ ਹੁਣ ਛੇ ਸਾਲਾਂ ਦੀ ਹੈ ਅਤੇ ਮੈਂ ਉਸ ਤੋਂ ਬਿਨਾਂ ਰਹਿਣ ਬਾਰੇ ਸੋਚ ਹੀ ਨਹੀਂ ਸਕਦੀ।

[ਤਸਵੀਰ]

ਟੌਮ ਤੇ ਯੂਨਹੀ ਆਪਣੀ ਧੀ ਅਮੈਂਡਾ ਨਾਲ