ਮਾਪੇ ਕੀ ਕਹਿੰਦੇ ਹਨ
ਮਾਪੇ ਕੀ ਕਹਿੰਦੇ ਹਨ
ਜਿੱਦਾਂ-ਜਿੱਦਾਂ ਤੁਹਾਡੇ ਬੱਚੇ ਵੱਡੇ ਹੁੰਦੇ ਹਨ, ਉੱਦਾਂ-ਉੱਦਾਂ ਤੁਸੀਂ ਉਨ੍ਹਾਂ ਨੂੰ ਕਹਿਣਾ ਮੰਨਣਾ ਕਿਵੇਂ ਸਿਖਾ ਸਕਦੇ ਹੋ? ਤੁਸੀਂ ਉਨ੍ਹਾਂ ਨੂੰ ਅਜਿਹੀਆਂ ਗੱਲਾਂ ਕਿਵੇਂ ਸਿਖਾ ਸਕਦੇ ਹੋ ਜੋ ਉਨ੍ਹਾਂ ਦੇ ਵੱਡੇ ਹੋਣ ਤੇ ਕੰਮ ਆਉਣਗੀਆਂ? ਧਿਆਨ ਦਿਓ ਕਿ ਦੁਨੀਆਂ ਭਰ ਵਿਚ ਮਾਪੇ ਕੀ ਕਹਿੰਦੇ ਹਨ।
ਉੱਠਣ-ਬੈਠਣ ਤੇ ਘਰ ਦੇ ਕੰਮ
“ਜਦੋਂ ਅਸੀਂ ਇਕੱਠੇ ਬੈਠ ਕੇ ਖਾਣਾ ਖਾਂਦੇ ਅਤੇ ਗੱਲਾਂ ਕਰਦੇ ਹਾਂ, ਤਾਂ ਬੱਚੇ ਧਿਆਨ ਨਾਲ ਸੁਣਨਾ ਸਿੱਖਦੇ ਹਨ। ਜਦੋਂ ਉਹ ਦੇਖਦੇ ਹਨ ਕਿ ਮੰਮੀ-ਡੈਡੀ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਦੇ ਹਨ, ਤਾਂ ਉਹ ਵੀ ਇਕ-ਦੂਸਰੇ ਦੀ ਗੱਲ ਧਿਆਨ ਨਾਲ ਸੁਣਨ ਲੱਗ ਜਾਂਦੇ ਹਨ।”—ਰਿਚਰਡ, ਬ੍ਰਿਟੇਨ।
“ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਜਦ ਸਾਡੇ ਬੱਚੇ ਇਕ-ਦੂਸਰੇ ਨਾਲ ਚੰਗੀ ਤਰ੍ਹਾਂ ਪੇਸ਼ ਆਉਂਦੇ ਹਨ ਤੇ ਅਣ-ਬਣ ਹੋਣ ਤੇ ਵੀ ਇਕ-ਦੂਜੇ ਨਾਲ ਸੁਲ੍ਹਾ ਕਰ ਲੈਂਦੇ ਹਨ। ਉਹ ਇਹ ਵੀ ਜਾਣਦੇ ਹਨ ਕਿ ਵੱਡਿਆਂ ਨਾਲ ਕਿਵੇਂ ਗੱਲ ਕਰਨੀ ਚਾਹੀਦੀ ਹੈ।”—ਜੋਨ, ਦੱਖਣੀ ਅਫ਼ਰੀਕਾ।
“ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ ਅਤੇ ਕਦੇ-ਕਦੇ ਮੈਂ ਵੀ ਅਣਜਾਣੇ ਵਿਚ ਆਪਣੇ ਬੱਚਿਆਂ ਦਾ ਦਿਲ ਦੁਖਾ ਦਿੰਦੀ ਹਾਂ। ਜਦੋਂ ਇਸ ਤਰ੍ਹਾਂ ਹੁੰਦਾ ਹੈ, ਤਾਂ ਬਹੁਤ ਜ਼ਰੂਰੀ ਹੈ ਕਿ ਮੈਂ ਆਪਣੇ ਬੱਚਿਆਂ ਤੋਂ ਮਾਫ਼ੀ ਮੰਗਾਂ।”—ਜਨੈਲ, ਆਸਟ੍ਰੇਲੀਆ।
“ਅਸੀਂ ਆਪਣੇ ਬੱਚਿਆਂ ਨੂੰ ਘਰ ਦੇ ਛੋਟੇ-ਮੋਟੇ ਕੰਮ ਕਰਨੇ ਸਿਖਾਉਂਦੇ ਹਾਂ। ਇਸ ਤਰ੍ਹਾਂ ਉਹ ਦੂਸਰਿਆਂ ਦੇ ਫ਼ਾਇਦੇ ਲਈ ਕੰਮ ਕਰਨੇ ਸਿੱਖਦੇ ਹਨ ਅਤੇ ਘਰ ਵਿਚ ਏਕਤਾ ਤੇ ਸ਼ਾਂਤੀ ਬਣੀ ਰਹਿੰਦੀ ਹੈ। ਬੱਚਿਆਂ ਨੂੰ ਵੀ ਚੰਗਾ ਲੱਗਦਾ ਹੈ ਕਿ ਉਨ੍ਹਾਂ ਨੇ ਘਰ ਦੇ ਕੰਮ ਵਿਚ ਹੱਥ ਵਟਾਇਆ।”—ਕਲਾਈਵ, ਆਸਟ੍ਰੇਲੀਆ।
“ਇਹ ਸੌਖਾ ਨਹੀਂ, ਪਰ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਿਖਾਈਏ ਕਿ ਉਹ ਇਕ-ਦੂਜੇ ਨੂੰ ਸਮਝਣ, ਇਕ-ਦੂਜੇ ਨਾਲ ਚੰਗੀ ਤਰ੍ਹਾਂ ਪੇਸ਼ ਆਉਣ ਤੇ ਇਕ-ਦੂਜੇ ਨੂੰ ਮਾਫ਼ ਕਰਨ।”—ਯੂਕੋ, ਜਾਪਾਨ।
ਸਫ਼ਾਈ ਅਤੇ ਸਿਹਤ
“ਜਦੋਂ ਸਾਡੇ ਬੱਚੇ ਛੋਟੇ ਸਨ, ਤਾਂ ਅਸੀਂ ਉਨ੍ਹਾਂ ਨੂੰ ਨਹਾਉਣਾ ਸਿਖਾਇਆ। ਸਾਬਣ ਦੀਆਂ ਟਿਕੀਆਂ ਵੱਖ-ਵੱਖ ਆਕਾਰ ਦੀਆਂ ਹੁੰਦੀਆਂ ਸਨ, ਸ਼ੈਂਪੂ ਦੀਆਂ ਬੋਤਲਾਂ ’ਤੇ ਕਾਰਟੂਨ ਬਣੇ ਹੁੰਦੇ ਸਨ ਤੇ ਸਪੰਜ ਇਸ ਤਰ੍ਹਾਂ ਦੇ ਆਕਾਰ ਦੇ ਹੁੰਦੇ ਸਨ ਜਿਵੇਂ ਛੋਟੇ ਜਾਨਵਰ ਹੋਣ। ਨਹਾਉਂਦੇ ਸਮੇਂ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਦਿਆਂ ਉਹ ਮਜ਼ਾ ਲੈਂਦੇ ਸਨ।”—ਏਡਗਰ, ਮੈਕਸੀਕੋ।
“ਜਦੋਂ ਅਸੀਂ ਉੱਥੇ ਰਹਿੰਦੇ ਸੀ ਜਿੱਥੇ ਟੂਟੀਆਂ ਨਹੀਂ ਸਨ, ਤਾਂ ਮੈਂ ਦਰਵਾਜ਼ੇ ਕੋਲ ਹਮੇਸ਼ਾ ਸਾਬਣ ਤੇ ਪਾਣੀ ਦੀ ਬਾਲਟੀ ਭਰ ਕੇ ਰੱਖਦੀ ਸੀ ਤਾਂਕਿ ਘਰ ਆਉਂਦਿਆਂ ਹੀ ਅਸੀਂ ਆਪਣੇ ਹੱਥ ਧੋ ਸਕੀਏ।”—ਐਂਡਿਓਰੈਂਸ, ਨਾਈਜੀਰੀਆ।
“ਅਸੀਂ ਬੱਚਿਆਂ ਨੂੰ ਰੋਜ਼ ਸਹੀ ਖ਼ੁਰਾਕ ਦੇ ਕੇ ਦੱਸਦੇ ਹਾਂ ਕਿ ਇਹ ਜ਼ਰੂਰੀ ਕਿਉਂ ਹੈ। ਬੱਚੇ ਵੱਖ-ਵੱਖ ਭਾਂਡਿਆਂ ਵਿਚ ਪਏ ਮਸਾਲਿਆਂ ਬਾਰੇ ਜਾਣਨਾ ਚਾਹੁੰਦੇ ਹਨ, ਇਸ ਕਰਕੇ ਮੈਂ ਉਨ੍ਹਾਂ ਨੂੰ ਆਪਣੇ ਨਾਲ ਖਾਣਾ ਬਣਾਉਣ ਲਈ ਕਹਿੰਦੀ ਹਾਂ। ਇੱਦਾਂ ਇਕੱਠੇ ਕੰਮ ਕਰਨ ਦੇ ਨਾਲ-ਨਾਲ ਸਾਨੂੰ ਗੱਲਬਾਤ ਕਰਨ ਦਾ ਮੌਕਾ ਵੀ ਮਿਲਦਾ ਹੈ।”—ਸੈਂਡਰਾ, ਇੰਗਲੈਂਡ।
“ਕਸਰਤ ਕਰਨੀ ਬਹੁਤ ਜ਼ਰੂਰੀ ਹੈ ਤੇ ਮਾਪੇ ਹੋਣ ਦੇ ਨਾਤੇ ਅਸੀਂ ਆਪ ਮਿਸਾਲ ਬਣਨ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਬੱਚੇ ਬਹੁਤ ਖ਼ੁਸ਼ ਹੁੰਦੇ ਹਨ ਜਦੋਂ ਅਸੀਂ ਇਕੱਠੇ ਮਿਲ ਕੇ ਜਾਗਿੰਗ ਤੇ ਸਵਿਮਿੰਗ ਕਰਦੇ ਹਾਂ, ਟੈਨਿਸ ਜਾਂ ਬਾਸਕਟ-ਬਾਲ ਖੇਡਦੇ ਹਾਂ ਜਾਂ ਸਾਈਕਲ ਚਲਾਉਂਦੇ ਹਾਂ। ਉਹ ਸਿੱਖਦੇ ਹਨ ਕਿ ਕਸਰਤ ਕਰਨੀ ਸਿਰਫ਼ ਜ਼ਰੂਰੀ ਹੀ ਨਹੀਂ, ਪਰ ਕਸਰਤ ਕਰ ਕੇ ਮਜ਼ਾ ਵੀ ਆਉਂਦਾ ਹੈ।”—ਕੈਰੇਨ, ਆਸਟ੍ਰੇਲੀਆ।
“ਬੱਚੇ ਸਭ ਤੋਂ ਜ਼ਿਆਦਾ ਆਪਣੇ ਮਾਪਿਆਂ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ। ਕੋਈ ਵੀ ਚੀਜ਼ ਇਸ ਦੀ ਜਗ੍ਹਾ ਨਹੀਂ ਲੈ ਸਕਦੀ, ਜਿਵੇਂ ਪੈਸੇ, ਤੋਹਫ਼ੇ ਤੇ ਘੁੰਮਣਾ-ਫਿਰਨਾ। ਮੈਂ ਸਿਰਫ਼ ਸਵੇਰ ਨੂੰ ਕੰਮ ’ਤੇ ਜਾਂਦੀ ਹਾਂ ਜਦੋਂ ਮੇਰੇ ਬੱਚੇ ਸਕੂਲ ਵਿਚ ਹੁੰਦੇ ਹਨ। ਦੁਪਹਿਰ ਦਾ ਸਮਾਂ ਮੈਂ ਆਪਣੇ ਬੱਚਿਆਂ ਨਾਲ ਗੁਜ਼ਾਰਦੀ ਹਾਂ।”—ਰੋਮੀਨਾ, ਇਟਲੀ।
ਸਿੱਖਿਆ ਤੇ ਤਾੜਨਾ
“ਅਸੀਂ ਇਹ ਦੇਖਿਆ ਹੈ ਕਿ ਤਾੜਨਾ ਦੇਣ ਦਾ ਕੋਈ ਇਕ ਤਰੀਕਾ ਹਰ ਵੇਲੇ ਕੰਮ ਨਹੀਂ ਕਰਦਾ। ਕਈ ਵੇਲੇ ਤਾੜਨਾ ਦੇਣ ਲਈ ਗੱਲ ਕਰਨ ਦੀ ਲੋੜ ਹੁੰਦੀ ਹੈ ਤੇ ਕਈ ਵੇਲੇ ਉਹ ਚੀਜ਼ਾਂ ਕਰਨ ’ਤੇ ਰੋਕ ਲਗਾਉਣ ਦੀ ਲੋੜ ਹੁੰਦੀ ਹੈ ਜਿਨ੍ਹਾਂ ਨੂੰ ਕਰ ਕੇ ਬੱਚੇ ਨੂੰ ਮਜ਼ਾ ਆਉਂਦਾ ਹੈ।”—ਔਗਬੀਟੀ, ਨਾਈਜੀਰੀਆ।
“ਅਸੀਂ ਆਪਣੇ ਬੱਚਿਆਂ ਨੂੰ ਉਹ ਗੱਲਾਂ ਦੁਹਰਾਉਣ ਲਈ ਕਹਿੰਦੇ ਹਾਂ ਜੋ ਅਸੀਂ ਉਨ੍ਹਾਂ ਨੂੰ ਦੱਸੀਆਂ ਹਨ। ਇਸ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਉਹ ਸਾਡੀਆਂ ਗੱਲਾਂ ਸਮਝ ਗਏ ਹਨ। ਫਿਰ ਜੇ ਉਹ ਸਾਡੀਆਂ ਗੱਲਾਂ ਅਨੁਸਾਰ ਨਾ ਚੱਲਣ, ਤਾਂ ਅਸੀਂ ਉਨ੍ਹਾਂ ਨੂੰ ਤਾੜਨਾ ਦਿੰਦੇ ਹਾਂ।”—ਕਲਾਈਵ, ਆਸਟ੍ਰੇਲੀਆ।
“ਮੈਂ ਇਹ ਦੇਖਿਆ ਹੈ ਕਿ ਆਪਣੇ ਬੱਚਿਆਂ ਨੂੰ ਤਾੜਨਾ ਦਿੰਦੇ ਹੋਏ ਝੁਕਣਾ ਜ਼ਰੂਰੀ ਹੈ ਤਾਂਕਿ ਮੈਂ ਉਨ੍ਹਾਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖ ਸਕਾਂ। ਇਸ ਤਰ੍ਹਾਂ ਮੈਂ ਉਨ੍ਹਾਂ ਦਾ ਪੂਰਾ ਧਿਆਨ ਆਪਣੇ ਵੱਲ ਖਿੱਚ ਸਕਦੀ ਹਾਂ। ਬੱਚੇ ਵੀ ਮੇਰੇ ਮੂੰਹ ਦੇ ਹਾਵ-ਭਾਵ ਦੇਖ ਸਕਦੇ ਹਨ ਜੋ ਮੇਰੇ ਸ਼ਬਦਾਂ ਦੇ ਨਾਲ-ਨਾਲ ਉਨ੍ਹਾਂ ਉੱਤੇ ਅਸਰ ਪਾਉਂਦੇ ਹਨ।”—ਜੈਨੀਫ਼ਰ, ਆਸਟ੍ਰੇਲੀਆ।
“ਅਸੀਂ ਆਪਣੇ ਮੁੰਡਿਆਂ ਨੂੰ ਇਹ ਕਹਿਣ ਦੀ ਕੋਸ਼ਿਸ਼ ਨਹੀਂ ਕਰਦੇ: ‘ਤੁਸੀਂ ਕਦੇ ਨਹੀਂ ਸੁਣਦੇ,’ ਭਾਵੇਂ ਇਹ ਗੱਲ ਸਾਨੂੰ ਸਹੀ ਲੱਗੇ। ਅਸੀਂ ਇਕ ਮੁੰਡੇ ਨੂੰ ਦੂਸਰੇ ਮੁੰਡੇ ਦੇ ਸਾਮ੍ਹਣੇ ਨਹੀਂ ਝਿੜਕਦੇ। ਅਸੀਂ ਜਾਂ ਤਾਂ ਉਨ੍ਹਾਂ ਨਾਲ ਹੌਲੀ ਗੱਲ ਕਰਦੇ ਹਾਂ ਜਾਂ ਇਕ ਪਾਸੇ ਲਿਜਾ ਕੇ ਇਕੱਲਿਆਂ ਗੱਲ ਕਰਦੇ ਹਾਂ।”—ਰੂਡਾ, ਮੋਜ਼ਾਮਬੀਕ।
“ਬੱਚਿਆਂ ਨੂੰ ਸੌਖਿਆਂ ਹੀ ਆਪਣੇ ਮਗਰ ਲਾਇਆ ਜਾ ਸਕਦਾ ਹੈ। ਉਹ ਦੂਜਿਆਂ ਦੀ ਰੀਸ ਕਰਨੀ ਪਸੰਦ ਕਰਦੇ ਹਨ। ਇਸ ਕਰਕੇ ਸਾਨੂੰ ਧਿਆਨ ਰੱਖਣਾ ਪੈਂਦਾ ਹੈ ਕਿ ਉਨ੍ਹਾਂ ਦੇ ਹਾਣੀ ਤੇ ਮੀਡੀਆ ਉਨ੍ਹਾਂ ’ਤੇ ਮਾੜਾ ਅਸਰ ਨਾ ਪਾਉਣ। ਅਸੀਂ ਚੰਗੀ ਮਿਸਾਲ ਬਣਦੇ ਹਾਂ ਅਤੇ ਚੰਗੇ ਸੰਸਕਾਰ ਸਿਖਾਉਂਦੇ ਹਾਂ ਤਾਂਕਿ ਉਹ ਜਾਣ ਸਕਣ ਕਿ ਕੀ ਸਹੀ ਹੈ ਤੇ ਕੀ ਗ਼ਲਤ। ਫਿਰ ਉਨ੍ਹਾਂ ਦੀ ਮਦਦ ਹੁੰਦੀ ਹੈ ਕਿ ਉਹ ਅਜਿਹਾ ਕੁਝ ਨਾ ਕਰਨ ਜੋ ਉਨ੍ਹਾਂ ਨੂੰ ਨੁਕਸਾਨ ਪਹੁੰਚਾਵੇਗਾ।”—ਗ੍ਰੈਗੁਆਰ, ਕਾਂਗੋ ਲੋਕਤੰਤਰੀ ਗਣਰਾਜ।
“ਤਾੜਨਾ ਨਾ ਤਾਂ ਜ਼ਿਆਦਾ ਸਖ਼ਤ ਅਤੇ ਨਾ ਹੀ ਜ਼ਿਆਦਾ ਨਰਮ ਹੋਣੀ ਚਾਹੀਦੀ ਹੈ। ਬੱਚਿਆਂ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਗ਼ਲਤ ਕੰਮ ਦੇ ਕੀ ਨਤੀਜੇ ਨਿਕਲਦੇ ਹਨ। ਨਾਲ ਦੀ ਨਾਲ ਉਹ ਇਹ ਵੀ ਸਮਝਣ ਕਿ ਜੋ ਸਜ਼ਾ ਤੁਸੀਂ ਦੱਸੀ ਸੀ ਉਹ ਉਨ੍ਹਾਂ ਨੂੰ ਮਿਲੇਗੀ।”—ਓਅਨ, ਇੰਗਲੈਂਡ।
[ਸਫ਼ਾ 14 ਉੱਤੇ ਸੁਰਖੀ]
“ਤੁਸੀਂ ਆਪਣਿਆਂ ਬਾਲਕਾਂ ਨੂੰ ਨਾ ਖਿਝਾਓ ਭਈ ਓਹ ਕਿਤੇ ਮਨ ਨਾ ਹਾਰ ਦੇਣ।”—ਕੁਲੁੱਸੀਆਂ 3:21
[ਸਫ਼ਾ 15 ਉੱਤੇ ਡੱਬੀ/ਤਸਵੀਰ]
ਜਾਣ-ਪਛਾਣ
ਇਕੱਲੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ
ਲੁਸਿੰਡਾ ਫੋਰਸਟਰ ਦੀ ਇੰਟਰਵਿਊ
ਇਕੱਲੇ ਬੱਚੀਆਂ ਦੀ ਪਰਵਰਿਸ਼ ਕਰਨ ਵਿਚ ਤੁਹਾਡੇ ਲਈ ਸਭ ਤੋਂ ਵੱਡੀ ਮੁਸ਼ਕਲ ਕਿਹੜੀ ਹੈ?
ਮਾਪੇ ਬਣਨਾ ਬਹੁਤ ਮੁਸ਼ਕਲ ਹੈ, ਪਰ ਇਸ ਤੋਂ ਵੀ ਔਖਾ ਹੈ ਇਕੱਲੇ ਬੱਚਿਆਂ ਦੀ ਪਰਵਰਿਸ਼ ਕਰਨੀ। ਮੈਨੂੰ ਕੰਮ ਕਰਨ ਲਈ ਸਮਾਂ ਕੱਢਣਾ ਔਖਾ ਲੱਗਦਾ ਹੈ ਤੇ ਮੈਂ ਥੱਕ ਜਾਂਦੀ ਹਾਂ। ਕੁੜੀਆਂ ਵਿਚ ਚੰਗੇ ਸੰਸਕਾਰ ਅਤੇ ਅਸੂਲ ਬਿਠਾਉਣ ਲਈ ਸਮਾਂ ਚਾਹੀਦਾ ਹੈ ਨਾਲੇ ਉਨ੍ਹਾਂ ਨਾਲ ਹੱਸਣ-ਖੇਡਣ ਲਈ ਵੀ ਸਮਾਂ ਚਾਹੀਦਾ ਹੈ। ਇਸ ਕਰਕੇ ਮੈਨੂੰ ਆਰਾਮ ਕਰਨ ਦਾ ਬਾਹਲਾ ਸਮਾਂ ਨਹੀਂ ਮਿਲਦਾ ਕਿਉਂਕਿ ਮੈਨੂੰ ਘਰ ਦੇ ਕੰਮ ਕਰਨੇ ਪੈਂਦੇ ਹਨ।
ਤੁਸੀਂ ਆਪਣੀਆਂ ਧੀਆਂ ਨਾਲ ਗੱਲਬਾਤ ਕਿੱਦਾਂ ਕਰਦੇ ਹੋ?
ਤਲਾਕ ਤੋਂ ਬਾਅਦ ਬੱਚੇ ਉਦਾਸ ਤੇ ਗੁੱਸੇ ਹੋ ਸਕਦੇ ਹਨ। ਮੈਂ ਦੇਖਿਆ ਹੈ ਕਿ ਸਮੱਸਿਆਵਾਂ ਆਉਣ ਤੇ ਅੱਖਾਂ ਵਿਚ ਅੱਖਾਂ ਪਾ ਕੇ ਤੇ ਧੀਮੀ ਆਵਾਜ਼ ਵਿਚ ਗੱਲ ਕਰਨੀ ਜ਼ਰੂਰੀ ਹੈ। ਮੈਂ ਉਦੋਂ ਤਕ ਗੱਲ ਨਹੀਂ ਕਰਦੀ ਜਦ ਤਕ ਸਾਡਾ ਗੁੱਸਾ ਠੰਢਾ ਨਹੀਂ ਹੋ ਜਾਂਦਾ ਤੇ ਫਿਰ ਸਮੱਸਿਆ ਵਧਾਉਣ ਦੀ ਬਜਾਇ ਮੈਂ ਆਪਣੇ ਦਿਲ ਦੀ ਗੱਲ ਦੱਸਣ ਦੀ ਕੋਸ਼ਿਸ਼ ਕਰਦੀ ਹਾਂ। ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਦਿਲ ਦੀ ਗੱਲ ਪੁੱਛਦੀ ਹਾਂ, ਧਿਆਨ ਨਾਲ ਸੁਣਦੀ ਹਾਂ ਤੇ ਦਿਖਾਉਂਦੀ ਹਾਂ ਕਿ ਮੈਂ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੀ ਹਾਂ। ਮੈਂ ਉਨ੍ਹਾਂ ਦੀ ਪੜ੍ਹਾਈ ਵਿਚ ਦਿਲਚਸਪੀ ਲੈਂਦੀ ਹਾਂ ਤੇ ਉਨ੍ਹਾਂ ਦੀ ਤਾਰੀਫ਼ ਕਰਦੀ ਹਾਂ ਜਦੋਂ ਉਹ ਕੁਝ ਚੰਗਾ ਕਰਦੀਆਂ ਹਨ। ਅਸੀਂ ਹਰ ਰੋਜ਼ ਸ਼ਾਂਤ ਮਾਹੌਲ ਵਿਚ ਇਕੱਠੇ ਬੈਠ ਕੇ ਖਾਣਾ ਖਾਂਦੇ ਹਾਂ ਤੇ ਮੈਂ ਉਨ੍ਹਾਂ ਨੂੰ ਦੱਸਦੀ ਰਹਿੰਦੀ ਹਾਂ ਕਿ ਮੈਂ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੀ ਹਾਂ।
ਤੁਸੀਂ ਆਪਣੀਆਂ ਧੀਆਂ ਨੂੰ ਕਿਵੇਂ ਸਿੱਖਿਆ ਦਿੰਦੇ ਤੇ ਤਾੜਦੇ ਹੋ?
ਬੱਚਿਆਂ ਨੂੰ ਸਾਫ਼ ਪਤਾ ਹੋਣਾ ਚਾਹੀਦਾ ਹੈ ਕਿ ਉਹ ਕੀ ਕਰ ਸਕਦੇ ਹਨ ਤੇ ਕੀ ਨਹੀਂ। ਮੈਂ ਆਪਣੀਆਂ ਧੀਆਂ ਨਾਲ ਪਿਆਰ ਨਾਲ ਪੇਸ਼ ਆਉਣ ਦੀ ਕੋਸ਼ਿਸ਼ ਕਰਦੀ ਹਾਂ, ਪਰ ਮੈਂ ਅਸੂਲਾਂ ’ਤੇ ਪੱਕੀ ਰਹਿੰਦੀ ਹਾਂ। ਮੈਨੂੰ ਉਨ੍ਹਾਂ ਨੂੰ ਸਮਝਾਉਣਾ ਪੈਂਦਾ ਹੈ ਕਿ ਉਨ੍ਹਾਂ ਦਾ ਰਵੱਈਆ ਕਿਉਂ ਗ਼ਲਤ ਹੈ। ਮੈਂ ਤਾੜਨਾ ਦੇਣ ਤੋਂ ਪਹਿਲਾਂ ਉਨ੍ਹਾਂ ਦੀ ਦਿਲ ਦੀ ਗੱਲ ਕੱਢਵਾਉਣ ਦੀ ਕੋਸ਼ਿਸ਼ ਕਰਦੀ ਹਾਂ ਕਿ ਉਨ੍ਹਾਂ ਨੇ ਅਜਿਹਾ ਕੰਮ ਕਿਉਂ ਕੀਤਾ। ਜੇ ਮੈਨੂੰ ਕੋਈ ਗ਼ਲਤਫ਼ਹਿਮੀ ਹੋਈ ਹੋਵੇ, ਤਾਂ ਮੈਂ ਮਾਫ਼ੀ ਮੰਗ ਲੈਂਦੀ ਹਾਂ।
ਤੁਸੀਂ ਆਪਣੀਆਂ ਧੀਆਂ ਨੂੰ ਦੂਜਿਆਂ ਦਾ ਆਦਰ ਕਰਨਾ ਕਿਵੇਂ ਸਿਖਾਉਂਦੇ ਹੋ?
ਮੈਂ ਉਨ੍ਹਾਂ ਨੂੰ ਯਾਦ ਕਰਾਉਂਦੀ ਹਾਂ ਕਿ ਯਿਸੂ ਨੇ ਸਿਖਾਇਆ ਸੀ ਕਿ ਜਿਵੇਂ ਤੁਸੀਂ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ ਉਵੇਂ ਹੀ ਤੁਸੀਂ ਉਨ੍ਹਾਂ ਨਾਲ ਪੇਸ਼ ਆਓ। (ਲੂਕਾ 6:31) ਮੈਂ ਕੁੜੀਆਂ ਨੂੰ ਕਹਿੰਦੀ ਹਾਂ ਕਿ ਜਿੱਥੋਂ ਤਕ ਹੋ ਸਕੇ ਉਹ ਆਪਣੇ ਝਗੜੇ ਆਪ ਹੀ ਸੁਲਝਾਉਣ। ਮੈਂ ਉਨ੍ਹਾਂ ਨੂੰ ਇਹ ਵੀ ਸਿਖਾਉਂਦੀ ਹਾਂ ਕਿ ਜਦੋਂ ਉਹ ਗੁੱਸੇ ਜਾਂ ਨਿਰਾਸ਼ ਹੁੰਦੀਆਂ ਹਨ, ਤਾਂ ਵੀ ਉਹ ਪਿਆਰ ਤੇ ਤਮੀਜ਼ ਨਾਲ ਪੇਸ਼ ਆਉਣ।
ਤੁਸੀਂ ਮਨੋਰੰਜਨ ਕਰਨ ਲਈ ਕੀ ਕਰਦੇ ਹੋ?
ਭਾਵੇਂ ਅਸੀਂ ਛੁੱਟੀਆਂ ਮਨਾਉਣ ਲਈ ਕਿਤੇ ਦੂਰ ਨਹੀਂ ਜਾ ਸਕਦੀਆਂ, ਪਰ ਅਸੀਂ ਅਖ਼ਬਾਰ ਵਿੱਚੋਂ ਅਜਿਹੀਆਂ ਥਾਵਾਂ ਲੱਭਦੀਆਂ ਹਾਂ ਜਿੱਥੇ ਅਸੀਂ ਜਾ ਸਕੀਏ ਤੇ ਜ਼ਿਆਦਾ ਪੈਸੇ ਵੀ ਨਾ ਖ਼ਰਚ ਹੋਣ। ਅਸੀਂ ਪਿਕਨਿਕ ’ਤੇ ਜਾਂ ਨਰਸਰੀ ਵਿਚ ਅਲੱਗ-ਅਲੱਗ ਤਰ੍ਹਾਂ ਦੇ ਫੁੱਲ-ਬੂਟੇ ਦੇਖਣ ਜਾਂਦੀਆਂ ਹਾਂ। ਅਸੀਂ ਬਾਗ਼ ਵਿਚ ਜੜੀ-ਬੂਟੀਆਂ ਉਗਾਉਂਦੀਆਂ ਹਾਂ ਤੇ ਖਾਣਾ ਪਕਾਉਣ ਵੇਲੇ ਇਨ੍ਹਾਂ ਦਾ ਇਸਤੇਮਾਲ ਕਰਦੀਆਂ ਹਾਂ ਜਿਸ ਤੋਂ ਸਾਨੂੰ ਮਜ਼ਾ ਆਉਂਦਾ ਹੈ। ਮਨੋਰੰਜਨ ਕਰਨਾ ਜ਼ਰੂਰੀ ਹੈ ਭਾਵੇਂ ਇਹ ਘਰ ਦੇ ਲਾਗੇ ਪਾਰਕ ਵਿਚ ਹੀ ਕਿਉਂ ਨਾ ਹੋਵੇ।
ਤੁਹਾਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ?
ਇਕੱਲੇ ਬੱਚੀਆਂ ਦੀ ਪਰਵਰਿਸ਼ ਕਰਨੀ ਮੇਰੇ ਲਈ ਔਖੀ ਹੈ ਤੇ ਉਨ੍ਹਾਂ ਨੂੰ ਵੀ ਔਖਾ ਲੱਗਦਾ ਹੈ। ਪਰ ਅਸੀਂ ਇਕ-ਦੂਜੇ ਦੇ ਕਰੀਬ ਆਈਆਂ ਹਾਂ ਤੇ ਜੋ ਸਾਨੂੰ ਬਰਕਤਾਂ ਮਿਲੀਆਂ ਹਨ ਅਸੀਂ ਉਨ੍ਹਾਂ ਦੀ ਕਦਰ ਕਰਨੀ ਸਿੱਖੀ ਹੈ। ਧੀਆਂ ਨੂੰ ਵੱਡੀਆਂ ਹੁੰਦੀਆਂ ਦੇਖਦਿਆਂ ਮੈਨੂੰ ਵਧੀਆ ਲੱਗਦਾ ਹੈ। ਇਸ ਉਮਰ ਵਿਚ ਉਹ ਮੇਰੇ ਨਾਲ ਸਮਾਂ ਗੁਜ਼ਾਰਨਾ ਚਾਹੁੰਦੀਆਂ ਹਨ ਤੇ ਉਨ੍ਹਾਂ ਨਾਲ ਸਮਾਂ ਬਿਤਾ ਕੇ ਮੈਨੂੰ ਖ਼ੁਸ਼ੀ ਮਿਲਦੀ ਹੈ। ਉਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਮੈਂ ਕਦੋਂ ਨਿਰਾਸ਼ ਹਾਂ ਤੇ ਕਦੋਂ ਖ਼ੁਸ਼। ਕਈ ਵਾਰ ਉਹ ਮੈਨੂੰ ਹੌਸਲਾ ਦੇਣ ਲਈ ਜੱਫੀ ਪਾਉਂਦੀਆਂ ਹਨ। ਉਨ੍ਹਾਂ ਦਾ ਪਿਆਰ ਮੇਰੇ ਦਿਲ ਨੂੰ ਛੂਹਦਾ ਹੈ। ਇਸ ਤੋਂ ਵਧ ਅਸੀਂ ਦੇਖਿਆ ਹੈ ਕਿ ਸਾਡੇ ਪਿਆਰੇ ਪਰਮੇਸ਼ੁਰ ਨੇ ਮੁਸ਼ਕਲਾਂ ਦੌਰਾਨ ਸਾਡੀ ਮਦਦ ਕੀਤੀ ਹੈ। ਬਾਈਬਲ ਮੈਨੂੰ ਹੌਸਲਾ ਦਿੰਦੀ ਹੈ ਕਿ ਮੈਂ ਇਕ ਵਧੀਆ ਮਾਂ ਬਣਨ ਦੀ ਕੋਸ਼ਿਸ਼ ਕਰਦੀ ਰਹਾਂ।—ਯਸਾਯਾਹ 41:13.
[ਤਸਵੀਰ]
ਲੁਸਿੰਡਾ ਆਪਣੀਆਂ ਧੀਆਂ ਬ੍ਰੀ ਅਤੇ ਸ਼ਈ ਨਾਲ