ਸੰਸਾਰ ਉੱਤੇ ਨਜ਼ਰ
ਸੰਸਾਰ ਉੱਤੇ ਨਜ਼ਰ
ਬ੍ਰਾਜ਼ੀਲ ਵਿਚ 10 ਤੋਂ 13 ਸਾਲ ਦੇ ਸਕੂਲ ਜਾਣ ਵਾਲੇ ਬੱਚਿਆਂ ਵਿੱਚੋਂ ਕੁਝ 17 ਪ੍ਰਤਿਸ਼ਤ ਬੱਚੇ ਜਾਂ ਤਾਂ ਦੂਸਰੇ ਬੱਚਿਆਂ ਨੂੰ ਡਰਾਉਂਦੇ-ਧਮਕਾਉਂਦੇ ਹਨ ਜਾਂ ਉਹ ਖ਼ੁਦ ਇਸ ਦਾ ਸ਼ਿਕਾਰ ਬਣਦੇ ਹਨ।—ਓ ਐਸਟਾਡੋ ਡੇ ਸਾਓ ਪੌਲੋ, ਬ੍ਰਾਜ਼ੀਲ।
ਹਾਈ ਬਲੱਡ ਪ੍ਰੈਸ਼ਰ, ਹਾਈ ਕਲੈਸਟਰੋਲ, ਗੁਰਦੇ ਵਿਚ ਪੱਥਰੀਆਂ ਅਤੇ ਜਿਗਰ ਦੀਆਂ ਬੀਮਾਰੀਆਂ ਹੁਣ 12 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਪਾਈਆਂ ਗਈਆਂ ਹਨ। ਇਸ ਦੇ ਮੁੱਖ ਕਾਰਨ ਕੀ ਹਨ? ਜ਼ਿਆਦਾ ਸਮਾਂ ਬੈਠੇ ਰਹਿਣਾ, ਜੰਕ ਫੂਡ ਖਾਣਾ ਅਤੇ ਮੋਟਾਪਾ।—ਏ ਬੀ ਸੀ, ਸਪੇਨ।
ਅਮਰੀਕਾ ਦੀ ਸਰਕਾਰ ਮੁਤਾਬਕ 2008 ਵਿਚ ਅਮਰੀਕਾ ਵਿਚ ਪੈਦਾ ਹੋਏ ਬੱਚੇ ਦੀ 18 ਸਾਲ ਦੀ ਉਮਰ ਤਕ ਪਰਵਰਿਸ਼ ਕਰਨ ਦਾ ਖ਼ਰਚਾ “ਲਗਭਗ $2,21,190 (98,98,252 ਰੁਪਏ) ਹੋ ਸਕਦਾ ਹੈ।”—ਅਮਰੀਕਾ ਦਾ ਖੇਤੀਬਾੜੀ ਵਿਭਾਗ, ਅਮਰੀਕਾ।
ਉਹ ਖੇਡਣਾ ਭੁੱਲ ਗਏ
ਹਾਲ ਹੀ ਦੇ ਸਮੇਂ ਵਿਚ ਇੰਗਲੈਂਡ ਵਿਚ ਕੀਤੇ ਗਏ ਇਕ ਸਰਵੇਖਣ ਮੁਤਾਬਕ ਲਗਭਗ 20 ਪ੍ਰਤਿਸ਼ਤ ਮਾਪੇ ਇਹ ਭੁੱਲ ਜਾਣ ਦਾ ਦਾਅਵਾ ਕਰਦੇ ਹਨ ਕਿ ਉਹ “ਆਪਣੇ ਬੱਚਿਆਂ ਨਾਲ ਕਿਵੇਂ ਖੇਡਣ।” ਇਕ ਤਿਹਾਈ ਮਾਪੇ ਮੰਨਦੇ ਹਨ ਕਿ ਖੇਡਣਾ ਉਨ੍ਹਾਂ ਲਈ ਬੋਰਿੰਗ ਹੈ ਅਤੇ ਕਈਆਂ ਕੋਲ ਸਮਾਂ ਨਹੀਂ ਹੁੰਦਾ ਜਾਂ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਕੀ ਖੇਡਣ। ਮਨੋਵਿਗਿਆਨ ਦੀ ਪ੍ਰੋਫ਼ੈਸਰ ਤਾਨੀਆ ਬਾਏਰਨ ਨੇ ਇਸ ਬਾਰੇ ਕਿਹਾ: “ਮਾਪਿਆਂ ਅਤੇ ਬੱਚਿਆਂ ਵਿਚ ਸਫ਼ਲਤਾ ਨਾਲ ਖੇਡਣ ਦੇ ਚਾਰ ਪਹਿਲੂ ਹਨ: ਸਿੱਖਿਆ, ਪ੍ਰੇਰਣਾ, ਏਕਤਾ ਅਤੇ ਗੱਲਬਾਤ।” ਭਾਵੇਂ ਇਕ ਤਿਹਾਈ ਮਾਪੇ ਆਪਣੇ ਬੱਚਿਆਂ ਨਾਲ ਕੰਪਿਊਟਰ ਗੇਮਜ਼ ਖੇਡਦੇ ਹਨ, ਪਰ ਜ਼ਿਆਦਾਤਰ ਬੱਚੇ ਇਹ ਖੇਡਾਂ ਇਕੱਲੇ ਖੇਡਣਾ ਪਸੰਦ ਕਰਦੇ ਹਨ। ਜਿਹੜੀਆਂ ਖੇਡਾਂ 5 ਤੋਂ 15 ਸਾਲ ਦੇ ਬੱਚੇ ਆਪਣੇ ਮਾਪਿਆਂ ਨਾਲ ਖੇਡਣਾ ਚਾਹੁੰਦੇ ਹਨ ਉਹ ਹਨ ਘਰੋਂ ਬਾਹਰ ਖੇਡਣਾ ਅਤੇ ਬੋਰਡ-ਗੇਮਾਂ।
ਸੌਣ ਵੇਲੇ ਕਹਾਣੀ
ਜਿਨ੍ਹਾਂ ਪਿਤਾਵਾਂ ਕੋਲ ਆਪਣੇ ਬੱਚਿਆਂ ਨੂੰ ਸੌਣ ਵੇਲੇ ਕਹਾਣੀ ਸੁਣਾਉਣ ਦਾ ਸਮਾਂ ਨਹੀਂ ਹੈ ਉਨ੍ਹਾਂ ਦੀ ਇੰਟਰਨੈੱਟ ਕਾਫ਼ੀ ਮਦਦ ਕਰ ਸਕਦਾ ਹੈ। ਸਿਡਨੀ ਦਾ ਡੇਲੀ ਟੈਲੀਗ੍ਰਾਫ਼ ਅਖ਼ਬਾਰ ਦੱਸਦਾ ਹੈ: “ਕੰਪਿਊਟਰ ਦੀ ਵਰਤੋਂ ਨਾਲ ਪਿਤਾ ਆਪਣੀ ਆਵਾਜ਼ ਅਤੇ ਸੰਗੀਤ ਭਰ ਕੇ ਆਪਣੇ ਬੱਚਿਆਂ ਨੂੰ ਈ-ਮੇਲ ਰਾਹੀਂ ਸੌਣ ਵੇਲੇ ਦੀ ਕਹਾਣੀ ਭੇਜ ਸਕਦਾ ਹੈ।” ਰਿਸ਼ਤੇ-ਨਾਤਿਆਂ ਦੇ ਮਾਹਰ ਇਸ ਨੂੰ ਠੀਕ ਨਹੀਂ ਸਮਝਦੇ। ਆਸਟ੍ਰੇਲੀਆ ਦੀ ਨਿਊਕਾਸਲ ਯੂਨੀਵਰਸਿਟੀ ਦਾ ਡਾਕਟਰ ਰਿਚਰਡ ਫਲੈਟਚਰ ਪਰਿਵਾਰ ਵਿਚ ਰਿਸ਼ਤਿਆਂ ਦਾ ਰੀਸਰਚ ਪ੍ਰੋਗ੍ਰਾਮ ਚਲਾ ਰਿਹਾ ਹੈ। ਉਹ ਕਹਿੰਦਾ ਹੈ: “ਜਦ ਕੋਈ ਬੱਚੇ ਨਾਲ ਕਹਾਣੀ ਪੜ੍ਹਦਾ ਹੈ, ਤਾਂ ਉਸ ਦਾ ਬੱਚੇ ਨਾਲ ਰਿਸ਼ਤਾ ਮਜ਼ਬੂਤ ਹੁੰਦਾ ਹੈ।” ਕਹਾਣੀ ਪੜ੍ਹਨ ਵੇਲੇ ਪਿਤਾ ਆਪਣੇ ਬੱਚੇ ਨਾਲ ਸਮਾਂ ਗੁਜ਼ਾਰਦਾ, ਉਸ ਨਾਲ ਲਾਡ-ਪਿਆਰ ਕਰਦਾ ਅਤੇ ਉਸ ਨਾਲ ਹੱਸਦਾ-ਖੇਡਦਾ ਹੈ। ਡਾਕਟਰ ਫਲੈਟਚਰ ਕਹਿੰਦਾ ਹੈ ਕਿ ਕਿਸੇ ਈ-ਮੇਲ ਤੋਂ ਇੰਨਾ ਫ਼ਾਇਦਾ ਨਹੀਂ ਮਿਲ ਸਕਦਾ ਜਿੰਨਾ ਬੱਚਿਆਂ ਨਾਲ ਖ਼ੁਦ ਬੈਠਣ ਅਤੇ ਫਿਰ ਉਨ੍ਹਾਂ ਨੂੰ ਕਹਾਣੀ ਸੁਣਾਉਣ ਨਾਲ ਮਿਲਦਾ ਹੈ। (g11-E 10)