Skip to content

Skip to table of contents

ਜਦੋਂ ਬੱਚੇ ਨੂੰ ਕੈਂਸਰ ਹੁੰਦਾ ਹੈ

ਜਦੋਂ ਬੱਚੇ ਨੂੰ ਕੈਂਸਰ ਹੁੰਦਾ ਹੈ

ਜਦੋਂ ਬੱਚੇ ਨੂੰ ਕੈਂਸਰ ਹੁੰਦਾ ਹੈ

ਜਾਇਲਟਨ ਨੂੰ ਜਦੋਂ ਪਤਾ ਲੱਗਾ ਕਿ ਉਸ ਦੀ ਧੀ ਨੂੰ ਕੈਂਸਰ ਹੈ, ਤਾਂ ਉਸ ਨੇ ਕਿਹਾ: “ਮੈਂ ਬਿਲਕੁਲ ਬੇਬੱਸ ਮਹਿਸੂਸ ਕਰਨ ਲੱਗਾ। ਮੈਨੂੰ ਇਵੇਂ ਲੱਗਾ ਜਿਵੇਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੋਵੇ। ਮੈਨੂੰ ਇਵੇਂ ਲੱਗਾ ਜਿਵੇਂ ਮੇਰੀ ਧੀ ਮਰ ਗਈ ਹੋਵੇ ਅਤੇ ਮੈਂ ਗਮ ਵਿਚ ਡੁੱਬ ਗਿਆ।”

ਇਹ ਪਤਾ ਲੱਗਣ ਤੇ ਕਿ ਤੁਹਾਡੇ ਬੱਚੇ ਨੂੰ ਕੈਂਸਰ ਹੈ, ਬਹੁਤ ਹੀ ਡਰਾਉਣਾ ਤਜਰਬਾ ਹੋ ਸਕਦਾ ਹੈ। ਕਿੰਨੇ ਕੁ ਬੱਚਿਆਂ ਨੂੰ ਕੈਂਸਰ ਹੁੰਦਾ ਹੈ? ਕੈਂਸਰ ਖ਼ਿਲਾਫ਼ ਲੜਨ ਵਾਲੀ ਇਕ ਅੰਤਰਰਾਸ਼ਟਰੀ ਸੰਸਥਾ ਮੁਤਾਬਕ ਭਾਵੇਂ ਕਿ “ਦੁਨੀਆਂ ਭਰ ਵਿਚ ਕੈਂਸਰ ਦੇ ਮਰੀਜ਼ਾਂ ਵਿੱਚੋਂ ਆਮ ਕਰਕੇ ਬੱਚਿਆਂ ਦੀ ਗਿਣਤੀ ਘੱਟ ਹੁੰਦੀ ਹੈ, ਫਿਰ ਵੀ ਹਰ ਸਾਲ 1,60,000 ਤੋਂ ਜ਼ਿਆਦਾ ਬੱਚੇ ਕੈਂਸਰ ਦੇ ਸ਼ਿਕਾਰ ਹੁੰਦੇ ਹਨ। ਅਮੀਰ ਦੇਸ਼ਾਂ ਵਿਚ ਹਾਦਸਿਆਂ ਤੋਂ ਬਾਅਦ ਕੈਂਸਰ ਬੱਚਿਆਂ ਦੀਆਂ ਜ਼ਿਆਦਾ ਜਾਨਾਂ ਲੈਂਦਾ ਹੈ।” ਮਿਸਾਲ ਲਈ, ਨੈਸ਼ਨਲ ਇੰਸਟੀਚਿਊਟ ਆਫ਼ ਕੈਂਸਰ ਕਹਿੰਦੀ ਹੈ ਕਿ ਬ੍ਰਾਜ਼ੀਲ ਵਿਚ “ਅੰਦਾਜ਼ਾ ਲਗਾਇਆ ਗਿਆ ਹੈ ਕਿ ਹਰ ਸਾਲ 9,000 ਬੱਚਿਆਂ ਨੂੰ ਕੈਂਸਰ ਹੁੰਦਾ ਹੈ।”

ਕੈਂਸਰ ਦੇ ਮਰੀਜ਼ ਬੱਚਿਆਂ ਦੀਆਂ ਮਾਵਾਂ ਦੇ ਰੋਲ ਬਾਰੇ ਇਕ ਕਿਤਾਬ ਦੱਸਦੀ ਹੈ ਕਿ ਜਦੋਂ ਬੱਚੇ ਨੂੰ ਕੈਂਸਰ ਹੁੰਦਾ ਹੈ, ਤਾਂ “ਪੂਰੇ ਪਰਿਵਾਰ ਨੂੰ ਸਦਮਾ ਲੱਗਦਾ ਹੈ।” ਕੈਂਸਰ ਦਾ ਇਲਾਜ ਅਕਸਰ ਸਰਜਰੀ ਦੇ ਨਾਲ-ਨਾਲ ਕੀਮੋਥੈਰੇਪੀ ਜਾਂ ਰੇਡੀਏਸ਼ਨ ਨਾਲ ਕੀਤਾ ਜਾਂਦਾ ਹੈ ਜਾਂ ਫਿਰ ਇਹ ਦੋਵੇਂ ਥੈਰੇਪੀਆਂ ਵਰਤੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਬੁਰੇ ਅਸਰ ਹੁੰਦੇ ਹਨ। ਜਦ ਬੱਚੇ ਨੂੰ ਕੈਂਸਰ ਹੁੰਦਾ ਹੈ, ਤਾਂ ਮਾਪਿਆਂ ਨੂੰ ਸਦਮਾ ਲੱਗਣ ਦੇ ਨਾਲ-ਨਾਲ ਉਹ ਡਰ, ਉਦਾਸੀ ਅਤੇ ਦੋਸ਼-ਭਾਵਨਾ ਮਹਿਸੂਸ ਕਰਦੇ ਹਨ। ਉਨ੍ਹਾਂ ਨੂੰ ਗੁੱਸਾ ਵੀ ਆਉਂਦਾ ਹੈ ਅਤੇ ਉਹ ਇਸ ਗੱਲ ਨੂੰ ਮੰਨਣ ਤੋਂ ਵੀ ਇਨਕਾਰ ਕਰਦੇ ਹਨ ਕਿ ਬੱਚੇ ਨੂੰ ਕੈਂਸਰ ਹੈ। ਇਸ ਦੁਖਦਾਈ ਤਜਰਬੇ ਨੂੰ ਮਾਪੇ ਕਿਵੇਂ ਸਹਾਰ ਸਕਦੇ ਹਨ?

ਚੰਗੇ ਡਾਕਟਰਾਂ ਤੋਂ ਕਾਫ਼ੀ ਦਿਲਾਸਾ ਮਿਲ ਸਕਦਾ ਹੈ। ਨਿਊਯਾਰਕ ਦਾ ਇਕ ਡਾਕਟਰ, ਜਿਸ ਨੇ ਅਨੇਕ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਕੀਤਾ ਹੈ, ਕਹਿੰਦਾ ਹੈ: “ਡਾਕਟਰ ਅਜਿਹੀ ਜਾਣਕਾਰੀ ਦੇ ਸਕਦੇ ਹਨ ਜਿਸ ਤੋਂ ਮਾਪਿਆਂ ਨੂੰ ਹੌਸਲਾ ਮਿਲ ਸਕਦਾ ਹੈ। ਡਾਕਟਰ ਇਹ ਵੀ ਸਮਝਾ ਸਕਦੇ ਹਨ ਕਿ ਮਰੀਜ਼ ਉੱਤੇ ਇਲਾਜ ਦੇ ਕਿਹੜੇ ਬੁਰੇ ਅਸਰ ਪੈ ਸਕਦੇ ਹਨ। ਇਸ ਜਾਣਕਾਰੀ ਸਦਕਾ ਡਰ ਘੱਟ ਸਕਦਾ ਹੈ।” ਹੋਰਨਾਂ ਮਾਪਿਆਂ ਤੋਂ ਵੀ ਹੌਸਲਾ ਮਿਲ ਸਕਦਾ ਹੈ ਜਿਨ੍ਹਾਂ ਦੇ ਬੱਚਿਆਂ ਨੂੰ ਪਹਿਲਾਂ ਕੈਂਸਰ ਸੀ। ਇਹ ਗੱਲ ਧਿਆਨ ਵਿਚ ਰੱਖਦਿਆਂ ਜਾਗਰੂਕ ਬਣੋ! ਨੇ ਬ੍ਰਾਜ਼ੀਲ ਵਿਚ ਰਹਿੰਦੇ ਪੰਜ ਮਾਪਿਆਂ ਦੀ ਇੰਟਰਵਿਊ ਲਈ।

ਜਾਇਲਟਨ ਅਤੇ ਨੈਆ “ਜਦੋਂ ਸਾਡੀ ਧੀ ਢਾਈ ਸਾਲਾਂ ਦੀ ਸੀ, ਤਾਂ ਸਾਨੂੰ ਪਤਾ ਲੱਗਾ ਕਿ ਉਸ ਨੂੰ ਲਹੂ ਦਾ ਕੈਂਸਰ (acute lymphoblastic leukemia) ਹੈ।”

ਇਲਾਜ ਕਿੰਨਾ ਚਿਰ ਚੱਲਦਾ ਰਿਹਾ?

“ਉਸ ਦੀ ਲਗਭਗ ਢਾਈ ਸਾਲ ਕੀਮੋਥੈਰੇਪੀ ਚੱਲਦੀ ਰਹੀ।”

ਇਲਾਜ ਦੇ ਉਸ ’ਤੇ ਕਿਹੜੇ ਬੁਰੇ ਅਸਰ ਹੋਏ?

“ਉਸ ਨੂੰ ਉਲਟੀਆਂ ਆਉਂਦੀਆਂ ਸਨ ਅਤੇ ਉਸ ਦੇ ਵਾਲ਼ ਵੀ ਝੜ ਗਏ। ਉਸ ਦੇ ਦੰਦ ਕਾਲੇ ਹੋ ਗਏ ਅਤੇ ਤਿੰਨ ਵਾਰ ਉਸ ਨੂੰ ਨਮੂਨੀਆ ਹੋਇਆ।”

ਇਹ ਦੇਖ ਕੇ ਤੁਸੀਂ ਕਿਵੇਂ ਮਹਿਸੂਸ ਕੀਤਾ?

“ਪਹਿਲਾਂ ਤਾਂ ਅਸੀਂ ਬਹੁਤ ਘਬਰਾ ਗਏ। ਪਰ ਜਦੋਂ ਅਸੀਂ ਉਸ ਦੀ ਸਿਹਤ ਠੀਕ ਹੁੰਦੀ ਦੇਖੀ, ਤਾਂ ਸਾਨੂੰ ਭਰੋਸਾ ਹੋਣ ਲੱਗਾ ਕਿ ਉਹ ਠੀਕ ਹੋ ਜਾਵੇਗੀ। ਉਹ ਹੁਣ ਤਕਰੀਬਨ ਨੌਂ ਸਾਲਾਂ ਦੀ ਹੈ।”

ਇਸ ਦੁਖਦਾਈ ਸਥਿਤੀ ਦਾ ਸਾਮ੍ਹਣਾ ਕਰਨ ਵਿਚ ਕਿਹੜੀ ਗੱਲ ਨੇ ਤੁਹਾਡੀ ਮਦਦ ਕੀਤੀ?

“ਬਿਨਾਂ ਸ਼ੱਕ ਯਹੋਵਾਹ ਪਰਮੇਸ਼ੁਰ ’ਤੇ ਭਰੋਸਾ ਕਰਨ ਨਾਲ ਸਾਡੀ ਬਹੁਤ ਮਦਦ ਹੋਈ। ਜਿਵੇਂ 2 ਕੁਰਿੰਥੀਆਂ 1:3, 4 ਵਿਚ ਲਿਖਿਆ ਹੈ, ਉਸ ਨੇ “ਸਾਡੀਆਂ ਸਾਰੀਆਂ ਮੁਸੀਬਤਾਂ ਵਿਚ ਸਾਨੂੰ ਦਿਲਾਸਾ” ਦਿੱਤਾ। ਸਾਡੀ ਮੰਡਲੀ ਦੇ ਭੈਣਾਂ-ਭਰਾਵਾਂ ਨੇ ਵੀ ਸਾਨੂੰ ਬਹੁਤ ਸਹਾਰਾ ਦਿੱਤਾ। ਉਨ੍ਹਾਂ ਨੇ ਹੌਸਲਾ ਵਧਾਉਣ ਵਾਲੀਆਂ ਚਿੱਠੀਆਂ ਲਿਖੀਆਂ, ਸਾਨੂੰ ਟੈਲੀਫ਼ੋਨ ਕੀਤਾ, ਸਾਡੇ ਨਾਲ ਤੇ ਸਾਡੇ ਵਾਸਤੇ ਪ੍ਰਾਰਥਨਾ ਕੀਤੀ, ਇੱਥੋਂ ਤਕ ਕਿ ਸਾਨੂੰ ਪੈਸੇ ਦੇ ਕੇ ਵੀ ਮਦਦ ਕੀਤੀ। ਫਿਰ ਜਦੋਂ ਸਾਡੀ ਧੀ ਨੂੰ ਕਿਸੇ ਹੋਰ ਸ਼ਹਿਰ ਦੇ ਹਸਪਤਾਲ ਨੂੰ ਲਿਜਾਣਾ ਪਿਆ, ਤਾਂ ਉੱਥੋਂ ਦੇ ਭੈਣਾਂ-ਭਰਾਵਾਂ ਨੇ ਸਾਨੂੰ ਰਹਿਣ ਲਈ ਜਗ੍ਹਾ ਦਿੱਤੀ ਅਤੇ ਵਾਰੀ-ਵਾਰੀ ਸਾਨੂੰ ਹਸਪਤਾਲ ਲੈ ਕੇ ਜਾਂਦੇ ਰਹੇ। ਅਸੀਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ ਕਿ ਅਸੀਂ ਉਨ੍ਹਾਂ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ।”

ਲੁਈਜ਼ ਅਤੇ ਫ਼ਾਬੀਆਨਾ “1992 ਵਿਚ ਸਾਨੂੰ ਪਤਾ ਲੱਗਾ ਕਿ ਸਾਡੀ ਧੀ ਦੇ ਅੰਡਕੋਸ਼ ਵਿਚ ਅਜਿਹਾ ਕੈਂਸਰ ਸੀ ਜੋ ਬਹੁਤ ਖ਼ਤਰਨਾਕ ਅਤੇ ਜਲਦੀ ਫੈਲਣ ਵਾਲਾ ਸੀ। ਉਹ ਸਿਰਫ਼ 11 ਸਾਲ ਦੀ ਸੀ।”

ਬੀਮਾਰੀ ਬਾਰੇ ਸੁਣ ਕੇ ਤੁਸੀਂ ਕਿਵੇਂ ਮਹਿਸੂਸ ਕੀਤਾ?

“ਪਹਿਲਾਂ ਅਸੀਂ ਇਹ ਗੱਲ ਮੰਨਣ ਲਈ ਤਿਆਰ ਹੀ ਨਹੀਂ ਸੀ ਕਿ ਸਾਡੀ ਧੀ ਨੂੰ ਕੈਂਸਰ ਹੈ।”

ਉਸ ਦਾ ਇਲਾਜ ਕਿਵੇਂ ਕੀਤਾ ਗਿਆ?

“ਉਸ ਦਾ ਓਪਰੇਸ਼ਨ ਹੋਇਆ ਅਤੇ ਉਸ ਨੂੰ ਕੀਮੋਥੈਰੇਪੀ ਵੀ ਦਿੱਤੀ ਗਈ ਸੀ। ਇਸ ਦਾ ਸਾਡੇ ਸਾਰਿਆਂ ਉੱਤੇ ਅਸਰ ਪਿਆ ਤੇ ਸਾਡੀ ਸਾਰਿਆਂ ਦੀ ਬਸ ਹੋ ਗਈ ਸੀ। ਦੋ ਵਾਰ ਸਾਡੀ ਧੀ ਨੂੰ ਨਮੂਨੀਆ ਹੋਇਆ। ਦੂਜੀ ਵਾਰ ਤਾਂ ਉਹ ਮਸਾਂ ਹੀ ਮਰਨੋਂ ਬਚੀ। ਉਸ ਦੇ ਲਹੂ ਦੇ ਪਲੇਟਲੈਟਾਂ ਦੀ ਗਿਣਤੀ ਘੱਟਦੀ ਗਈ ਜਿਸ ਕਰਕੇ ਉਸ ਦੀ ਚਮੜੀ ਅਤੇ ਨੱਕ ਵਿੱਚੋਂ ਅਚਾਨਕ ਲਹੂ ਵਗਣ ਲੱਗ ਪੈਂਦਾ ਸੀ। ਦਵਾਈ ਦੀ ਮਦਦ ਨਾਲ ਇਸ ਤਰ੍ਹਾਂ ਹੋਣਾ ਘੱਟ ਗਿਆ।”

ਇਲਾਜ ਕਿੰਨਾ ਚਿਰ ਚੱਲਦਾ ਰਿਹਾ?

“ਸ਼ੁਰੂ ਵਿਚ ਅੰਡਕੋਸ਼ ਦੇ ਕੁਝ ਟਿਸ਼ੂ ਕੱਢ ਕੇ ਇਨ੍ਹਾਂ ਦੀ ਜਾਂਚ ਕਰਨ (biopsy) ਤੋਂ ਆਖ਼ਰੀ ਕੀਮੋਥੈਰੇਪੀ ਤਕ ਛੇ ਮਹੀਨੇ ਲੱਗ ਗਏ।”

ਤੁਹਾਡੀ ਧੀ ਨੇ ਆਪਣੀ ਬੀਮਾਰੀ ਅਤੇ ਇਲਾਜ ਬਾਰੇ ਕਿਵੇਂ ਮਹਿਸੂਸ ਕੀਤਾ?

“ਪਹਿਲਾਂ-ਪਹਿਲਾਂ ਉਸ ਨੂੰ ਪਤਾ ਨਹੀਂ ਸੀ ਕਿ ਕੀ ਹੋ ਰਿਹਾ ਸੀ। ਡਾਕਟਰ ਨੇ ਉਸ ਨੂੰ ਦੱਸਿਆ ਕਿ ਉਸ ਦੇ ‘ਢਿੱਡ ਵਿਚ ਇਕ ਛੋਟੀ ਗਿਲਟੀ ਸੀ ਜਿਸ ਨੂੰ ਕੱਢਣਾ ਪੈਣਾ ਸੀ।’ ਫਿਰ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀ ਹਾਲਤ ਕਿੰਨੀ ਗੰਭੀਰ ਸੀ। ਉਸ ਨੇ ਮੈਨੂੰ ਪੁੱਛਿਆ, ‘ਡੈਡੀ ਜੀ ਕੀ ਮੈਨੂੰ ਕੈਂਸਰ ਹੈ?’ ਮੈਨੂੰ ਪਤਾ ਨਾ ਲੱਗੇ ਕਿ ਮੈਂ ਉਸ ਨੂੰ ਕੀ ਜਵਾਬ ਦੇਵਾਂ।”

ਆਪਣੀ ਧੀ ਨੂੰ ਦੁੱਖ ਸਹਿੰਦੇ ਦੇਖ ਕੇ ਤੁਸੀਂ ਕਿਵੇਂ ਮਹਿਸੂਸ ਕੀਤਾ?

“ਅਸੀਂ ਬਿਆਨ ਨਹੀਂ ਕਰ ਸਕਦੇ ਸਾਡੇ ’ਤੇ ਕੀ ਬੀਤੀ। ਇਹ ਦੇਖਣਾ ਬਹੁਤ ਮੁਸ਼ਕਲ ਸੀ ਜਦ ਸਾਡੀ ਧੀ ਕੀਮੋਥੈਰੇਪੀ ਲਈ ਨਾੜ ਲੱਭਣ ਵਿਚ ਨਰਸ ਦੀ ਮਦਦ ਕਰ ਰਹੀ ਸੀ। ਸਭ ਤੋਂ ਔਖੀਆਂ ਘੜੀਆਂ ਦੌਰਾਨ ਮੈਂ ਬਾਥਰੂਮ ਵਿਚ ਜਾ ਕੇ ਰੋ-ਰੋ ਕੇ ਪ੍ਰਾਰਥਨਾ ਕਰਦਾ ਹੁੰਦਾ ਸੀ। ਇਕ ਦਿਨ ਮੈਂ ਇੰਨਾ ਪਰੇਸ਼ਾਨ ਹੋਇਆ ਕਿ ਮੈਂ ਯਹੋਵਾਹ ਅੱਗੇ ਬੇਨਤੀ ਕੀਤੀ ਕਿ ਆਪਣੀ ਕੁੜੀ ਦੀ ਥਾਂ ਮੈਂ ਹੀ ਮਰ ਜਾਵਾਂ।”

ਇਸ ਸਥਿਤੀ ਦਾ ਸਾਮ੍ਹਣਾ ਕਰਨ ਵਿਚ ਕਿਹੜੀ ਗੱਲ ਨੇ ਤੁਹਾਡੀ ਮਦਦ ਕੀਤੀ?

“ਭੈਣਾਂ-ਭਰਾਵਾਂ ਤੋਂ ਮਿਲੇ ਸਹਾਰੇ ਨੇ ਸਾਡੀ ਬਹੁਤ ਮਦਦ ਕੀਤੀ। ਦੂਰੋਂ-ਦੂਰੋਂ ਕਈ ਭਰਾਵਾਂ ਨੇ ਸਾਨੂੰ ਟੈਲੀਫ਼ੋਨ ਕੀਤੇ। ਇਕ ਭਰਾ ਨੇ ਟੈਲੀਫ਼ੋਨ ’ਤੇ ਮੈਨੂੰ ਆਪਣੀ ਬਾਈਬਲ ਲਿਆਉਣ ਲਈ ਕਿਹਾ। ਫਿਰ ਉਸ ਨੇ ਪਿਆਰ ਨਾਲ ਜ਼ਬੂਰਾਂ ਦੀ ਪੋਥੀ ਵਿੱਚੋਂ ਕਈ ਆਇਤਾਂ ਪੜ੍ਹੀਆਂ। ਮੈਨੂੰ ਅਤੇ ਮੇਰੀ ਪਤਨੀ ਨੂੰ ਇਹ ਆਇਤਾਂ ਸੁਣਨ ਦੀ ਲੋੜ ਸੀ ਕਿਉਂਕਿ ਅਸੀਂ ਆਪਣੀ ਧੀ ਦੇ ਇਲਾਜ ਦੌਰਾਨ ਬਹੁਤ ਹੀ ਔਖੀਆਂ ਘੜੀਆਂ ਵਿੱਚੋਂ ਦੀ ਲੰਘ ਰਹੇ ਸੀ।”

ਰੋਜ਼ੀਮੇਰੀ “ਮੇਰੀ ਧੀ ਚਾਰ ਸਾਲ ਦੀ ਸੀ ਜਦੋਂ ਉਸ ਨੂੰ ਲਹੂ ਦਾ ਕੈਂਸਰ ਹੋ ਗਿਆ।”

ਬੀਮਾਰੀ ਬਾਰੇ ਸੁਣ ਕੇ ਤੁਸੀਂ ਕਿਵੇਂ ਮਹਿਸੂਸ ਕੀਤਾ?

“ਮੈਨੂੰ ਯਕੀਨ ਨਹੀਂ ਸੀ ਹੋ ਰਿਹਾ। ਮੈਂ ਦਿਨ-ਰਾਤ ਹੰਝੂ ਵਹਾ-ਵਹਾ ਕੇ ਮਦਦ ਲਈ ਪਰਮੇਸ਼ੁਰ ਅੱਗੇ ਤਰਲੇ ਕਰਦੀ ਰਹੀ। ਮੇਰੀ ਦੂਜੀ ਧੀ ’ਤੇ ਵੀ ਬਹੁਤ ਬੁਰਾ ਅਸਰ ਪਿਆ ਜਦ ਉਸ ਨੇ ਦੇਖਿਆ ਕਿ ਉਸ ਦੀ ਭੈਣ ਕਿੰਨੀ ਬੀਮਾਰ ਸੀ। ਮੈਨੂੰ ਉਸ ਨੂੰ ਆਪਣੀ ਮਾਂ ਦੇ ਘਰ ਘੱਲਣਾ ਪਿਆ।”

ਤੁਹਾਡੀ ਧੀ ਉੱਤੇ ਇਲਾਜ ਦੇ ਕਿਹੜੇ ਬੁਰੇ ਅਸਰ ਪਏ?

“ਉਸ ਨੂੰ ਰੋਜ਼ ਕੀਮੋਥੈਰੇਪੀ ਦਿੱਤੀ ਜਾਂਦੀ ਸੀ ਜਿਸ ਕਰਕੇ ਉਸ ਨੂੰ ਖ਼ੂਨ ਦੀ ਕਮੀ ਹੋ ਗਈ। ਇਸ ਕਰਕੇ ਉਸ ਦੇ ਖ਼ੂਨ ਦੇ ਲਾਲ ਸੈੱਲਾਂ ਦੀ ਗਿਣਤੀ ਨੂੰ ਵਧਾਉਣ ਲਈ ਡਾਕਟਰਾਂ ਨੇ ਉਸ ਨੂੰ ਆਇਰਨ ਦੇ ਨਾਲ-ਨਾਲ ਇਰਿਥਰੋਪਾਇਟਿਨ ਨਾਂ ਦੀ ਦਵਾਈ ਦਿੱਤੀ। ਉਸ ਦੇ ਲਾਲ ਸੈੱਲਾਂ ਦੀ ਗਿਣਤੀ ਦੀ ਲਗਾਤਾਰ ਚਿੰਤਾ ਰਹਿੰਦੀ ਸੀ। ਉਸ ਨੂੰ ਦੌਰੇ ਵੀ ਪੈਂਦੇ ਸਨ।”

ਉਸ ਦਾ ਇਲਾਜ ਕਿੰਨਾ ਚਿਰ ਚੱਲਦਾ ਰਿਹਾ?

“ਉਸ ਨੂੰ ਦੋ ਸਾਲ ਚਾਰ ਮਹੀਨੇ ਕੀਮੋਥੈਰੇਪੀ ਦਿੱਤੀ ਜਾਂਦੀ ਰਹੀ। ਇਸ ਸਮੇਂ ਦੌਰਾਨ ਉਸ ਦੇ ਵਾਲ਼ ਝੜ ਗਏ ਅਤੇ ਉਸ ਦਾ ਭਾਰ ਕਾਫ਼ੀ ਵਧ ਗਿਆ। ਖ਼ੁਸ਼ਦਿਲ ਸੁਭਾਅ ਹੋਣ ਕਰਕੇ ਉਸ ਨੇ ਕਦੇ ਹਿੰਮਤ ਨਹੀਂ ਹਾਰੀ। ਕੁਝ ਛੇ ਕੁ ਸਾਲ ਬਾਅਦ, ਡਾਕਟਰਾਂ ਨੇ ਕਿਹਾ ਕਿ ਹੁਣ ਮੇਰੀ ਧੀ ਵਿਚ ਇਸ ਬੀਮਾਰੀ ਦੇ ਕੋਈ ਲੱਛਣ ਨਹੀਂ ਸਨ।”

ਇਸ ਔਖੀ ਸਥਿਤੀ ਦਾ ਸਾਮ੍ਹਣਾ ਕਰਨ ਵਿਚ ਕਿਹੜੀ ਗੱਲ ਨੇ ਤੁਹਾਡੀ ਮਦਦ ਕੀਤੀ?

“ਮੈਂ ਅਤੇ ਮੇਰੀ ਧੀ ਅਕਸਰ ਪ੍ਰਾਰਥਨਾ ਕਰਦੀਆਂ ਸਾਂ ਅਤੇ ਅਸੀਂ ਬਾਈਬਲ ਵਿੱਚੋਂ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ’ਤੇ ਗੌਰ ਕੀਤਾ ਜਿਨ੍ਹਾਂ ਨੇ ਵੱਖੋ-ਵੱਖਰੀਆਂ ਅਜ਼ਮਾਇਸ਼ਾਂ ਸਹੀਆਂ। ਅਸੀਂ ਮੱਤੀ 6:34 ਵਿਚ ਦਰਜ ਯਿਸੂ ਦੇ ਸ਼ਬਦਾਂ ਨੂੰ ਯਾਦ ਰੱਖਿਆ ਕਿ ਸਾਨੂੰ ਅੱਜ ਦੀਆਂ ਪਰੇਸ਼ਾਨੀਆਂ ਦੇ ਨਾਲ-ਨਾਲ ਕੱਲ੍ਹ ਦੀਆਂ ਚਿੰਤਾਵਾਂ ਬਾਰੇ ਫ਼ਿਕਰ ਨਹੀਂ ਕਰਨਾ ਚਾਹੀਦਾ। ਮੰਡਲੀ ਦੇ ਭੈਣਾਂ-ਭਰਾਵਾਂ ਨੇ ਸਾਡੀ ਬਹੁਤ ਮਦਦ ਕੀਤੀ। ਨਾਲੇ ਹਸਪਤਾਲ ਸੰਪਰਕ ਕਮੇਟੀ ਦੇ ਭਰਾਵਾਂ ਅਤੇ ਡਾਕਟਰਾਂ ਤੋਂ ਵੀ ਸਾਨੂੰ ਬਹੁਤ ਮਦਦ ਮਿਲੀ ਜੋ ਅਕਸਰ ਇਨ੍ਹਾਂ ਹਾਲਾਤਾਂ ਦਾ ਸਾਮ੍ਹਣਾ ਕਰਦੇ ਹਨ।”

ਕੀ ਤੁਸੀਂ ਕੈਂਸਰ ਦੇ ਮਰੀਜ਼ ਕਿਸੇ ਬੱਚੇ ਨੂੰ ਜਾਣਦੇ ਹੋ ਜਾਂ ਕੀ ਤੁਹਾਡੇ ਪਰਿਵਾਰ ਦੇ ਕਿਸੇ ਬੱਚੇ ਨੂੰ ਕੈਂਸਰ ਹੋਇਆ ਹੈ? ਜੇ ਹਾਂ, ਤਾਂ ਉਮੀਦ ਹੈ ਕਿ ਇਨ੍ਹਾਂ ਇੰਟਰਵਿਊਆਂ ਤੋਂ ਤੁਸੀਂ ਦੇਖ ਸਕੇ ਹੋ ਕਿ ਗਮ ਹੋਣਾ ਆਮ ਹੈ। ਬਾਈਬਲ ਕਹਿੰਦੀ ਹੈ ਕਿ “ਇੱਕ ਰੋਣ ਦਾ ਵੇਲਾ ਹੈ।” (ਉਪਦੇਸ਼ਕ ਦੀ ਪੋਥੀ 3:4) ਸਭ ਤੋਂ ਵੱਧ, ਯਾਦ ਰੱਖੋ ਕਿ ਸੱਚਾ ਪਰਮੇਸ਼ੁਰ ਯਹੋਵਾਹ, ਜੋ ‘ਪ੍ਰਾਰਥਨਾਵਾਂ ਦਾ ਸੁਣਨ ਵਾਲਾ’ ਹੈ, ਉਨ੍ਹਾਂ ਸਾਰੇ ਨੇਕਦਿਲ ਲੋਕਾਂ ਨੂੰ ਦਿਲਾਸਾ ਦੇਵੇਗਾ ਜੋ ਉਸ ਤੋਂ ਮਦਦ ਮੰਗਦੇ ਹਨ।—ਜ਼ਬੂਰਾਂ ਦੀ ਪੋਥੀ 65:2. (g11-E 05)

[ਸਫ਼ਾ 23 ਉੱਤੇ ਕੈਪਸ਼ਨ]

ਦਿਲਾਸਾ ਦੇਣ ਵਾਲੀਆਂ ਬਾਈਬਲ ਦੀਆਂ ਆਇਤਾਂ

“ਕਦੇ ਵੀ ਕੱਲ੍ਹ ਦੀ ਚਿੰਤਾ ਨਾ ਕਰੋ, ਕਿਉਂਕਿ ਕੱਲ੍ਹ ਦੀਆਂ ਆਪਣੀਆਂ ਚਿੰਤਾਵਾਂ ਹੋਣਗੀਆਂ। ਅੱਜ ਦੀਆਂ ਪਰੇਸ਼ਾਨੀਆਂ ਅੱਜ ਲਈ ਬਹੁਤ ਹਨ।”—ਮੱਤੀ 6:34.

“ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ੁਰ ਅਤੇ ਪਿਤਾ ਦੀ ਮਹਿਮਾ ਹੋਵੇ ਜਿਹੜਾ ਦਇਆ ਕਰਨ ਵਾਲਾ ਪਿਤਾ ਹੈ ਅਤੇ ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਹੈ। ਪਰਮੇਸ਼ੁਰ ਸਾਡੀਆਂ ਸਾਰੀਆਂ ਮੁਸੀਬਤਾਂ ਵਿਚ ਸਾਨੂੰ ਦਿਲਾਸਾ ਦਿੰਦਾ ਹੈ।”—2 ਕੁਰਿੰਥੀਆਂ 1:3, 4.

“ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਹਰ ਗੱਲ ਵਿਚ ਪਰਮੇਸ਼ੁਰ ਨੂੰ ਪ੍ਰਾਰਥਨਾ, ਫ਼ਰਿਆਦ, ਧੰਨਵਾਦ ਤੇ ਬੇਨਤੀ ਕਰੋ; ਅਤੇ ਪਰਮੇਸ਼ੁਰ ਦੀ ਸ਼ਾਂਤੀ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ, ਮਸੀਹ ਯਿਸੂ ਦੇ ਰਾਹੀਂ ਤੁਹਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ।”—ਫ਼ਿਲਿੱਪੀਆਂ 4:6, 7.

“ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ [ਪਰਮੇਸ਼ੁਰ] ਉੱਤੇ ਪਾ ਦਿਓ ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।”—1 ਪਤਰਸ 5:7.

[ਸਫ਼ਾ 24 ਉੱਤੇ ਡੱਬੀ]

ਇਕ ਵਧੀਆ ਪ੍ਰਬੰਧ

ਜਦੋਂ ਖ਼ੂਨ ਲੈਣ ਦੇ ਮਾਮਲੇ ਵਿਚ ਗਵਾਹਾਂ ਲਈ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਹਨ, ਤਾਂ ਯਹੋਵਾਹ ਦੇ ਗਵਾਹਾਂ ਦੀਆਂ ਹਸਪਤਾਲ ਸੰਪਰਕ ਕਮੇਟੀਆਂ ਡਾਕਟਰਾਂ ਨਾਲ ਮਿਲ ਕੇ ਕੰਮ ਕਰਦੀਆਂ ਹਨ। ਇਹ ਕਮੇਟੀਆਂ ਉਨ੍ਹਾਂ ਤਜਰਬੇਕਾਰ ਡਾਕਟਰਾਂ ਦੀ ਭਾਲ ਕਰਨ ਵਿਚ ਗਵਾਹਾਂ ਦੀ ਮਦਦ ਕਰਦੀਆਂ ਹਨ ਜਿਹੜੇ ਉਨ੍ਹਾਂ ਦੀ “ਲਹੂ ਤੋਂ ਦੂਰ ਰਹਿਣ” ਦੀ ਇੱਛਾ ਦੀ ਕਦਰ ਕਰਦੇ ਹਨ।—ਰਸੂਲਾਂ ਦੇ ਕੰਮ 15:20.

[ਸਫ਼ਾ 23 ਉੱਤੇ ਤਸਵੀਰ]

ਨੈਆ, ਸਤੇਫ਼ਾਨੀ ਅਤੇ ਜਾਇਲਟਨ

[ਸਫ਼ਾ 23 ਉੱਤੇ ਤਸਵੀਰ]

ਲੁਈਜ਼, ਅਲੀਨ ਅਤੇ ਫ਼ਾਬੀਆਨਾ

[ਸਫ਼ਾ 23 ਉੱਤੇ ਤਸਵੀਰ]

ਅਲੀਨ ਅਤੇ ਰੋਜ਼ੀਮੇਰੀ