Skip to content

Skip to table of contents

ਦਿਲ ਅਤੇ ਸਿਹਤ ਲਈ ਬੁੱਧ ਦੀਆਂ ਗੱਲਾਂ

ਦਿਲ ਅਤੇ ਸਿਹਤ ਲਈ ਬੁੱਧ ਦੀਆਂ ਗੱਲਾਂ

ਦਿਲ ਅਤੇ ਸਿਹਤ ਲਈ ਬੁੱਧ ਦੀਆਂ ਗੱਲਾਂ

“ਸ਼ਾਂਤ ਮਨ ਸਰੀਰ ਦਾ ਜੀਉਣ ਹੈ।”—ਕਹਾਉਤਾਂ 14:30.

“ਖੁਸ਼ ਦਿਲੀ ਦਵਾ ਵਾਂਙੁ ਚੰਗਾ ਕਰਦੀ ਹੈ।”—ਕਹਾਉਤਾਂ 17:22.

● ਇਜ਼ਰਾਈਲ ਦੇ ਰਾਜਾ ਸੁਲੇਮਾਨ ਨੇ ਲਗਭਗ 3,000 ਸਾਲ ਪਹਿਲਾਂ ਇਹ ਸਰਲ ਪਰ ਬਹੁਤ ਮਹੱਤਵਪੂਰਣ ਸ਼ਬਦ ਕਹੇ ਸਨ। * ਪਰ ਕੀ ਇਹ ਸੱਚੇ ਹਨ? ਅੱਜ ਦੇ ਡਾਕਟਰ ਇਨ੍ਹਾਂ ਬਾਰੇ ਕੀ ਕਹਿੰਦੇ ਹਨ?

ਜਰਨਲ ਆਫ਼ ਦੀ ਅਮੈਰੀਕਨ ਕਾਲਜ ਆਫ਼ ਕਾਰਡੀਓਲਜੀ ਇਕ ਸ਼ਾਂਤ ਦਿਲ ਵਾਲੇ ਇਨਸਾਨ ਦੀ ਤੁਲਨਾ ਇਕ ਗੁੱਸਾ ਕਰਨ ਵਾਲੇ ਇਨਸਾਨ ਨਾਲ ਕਰਦਿਆਂ ਕਹਿੰਦਾ ਹੈ: “ਹੋ ਰਹੀਆਂ ਖੋਜਾਂ ਤੋਂ ਜ਼ਾਹਰ ਹੁੰਦਾ ਹੈ ਕਿ ਗੁੱਸਾ ਅਤੇ ਵੈਰ ਕਰਨ ਨਾਲ ਦਿਲ ਦੀਆਂ ਬੀਮਾਰੀਆਂ ਵਧਦੀਆਂ ਹਨ।” ਇਹ ਜਰਨਲ ਅੱਗੇ ਕਹਿੰਦਾ ਹੈ: “ਜੇ ਅਸੀਂ ਦਿਲ ਦੀਆਂ ਬੀਮਾਰੀਆਂ ਤੋਂ ਬਚਣਾ ਚਾਹੁੰਦੇ ਹਾਂ ਅਤੇ ਉਨ੍ਹਾਂ ਦਾ ਇਲਾਜ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਨਾ ਸਿਰਫ਼ ਦਵਾਈਆਂ ਦੀ ਲੋੜ ਹੈ, ਸਗੋਂ ਗੁੱਸੇ ਅਤੇ ਵੈਰ ਦੀਆਂ ਭਾਵਨਾਵਾਂ ਨੂੰ ਕਾਬੂ ਕਰਨ ਲਈ ਥੈਰੇਪੀ ਦੀ ਵੀ ਲੋੜ ਹੈ।” ਸਾਫ਼ ਸ਼ਬਦਾਂ ਵਿਚ ਕਿਹਾ ਜਾਵੇ, ਤਾਂ ਜਿਵੇਂ ਬਾਈਬਲ ਕਹਿੰਦੀ ਹੈ, ਸ਼ਾਂਤ ਰਹਿਣ ਨਾਲ ਸਾਡੀ ਸਿਹਤ ’ਤੇ ਚੰਗਾ ਅਸਰ ਪਵੇਗਾ।

ਖ਼ੁਸ਼ਦਿਲ ਰਹਿਣ ਦੇ ਚੰਗੇ ਨਤੀਜੇ ਨਿਕਲਦੇ ਹਨ। ਡਾਕਟਰ ਡੈਰਿਕ ਕੌਕਸ, ਜੋ ਸਕਾਟਲੈਂਡ ਦਾ ਇਕ ਸਿਹਤ ਅਧਿਕਾਰੀ ਹੈ, ਨੇ ਬੀ.ਬੀ.ਸੀ. ਨਿਊਜ਼ ਰਿਪੋਰਟ ਵਿਚ ਕਿਹਾ: “ਜੇ ਤੁਸੀਂ ਖ਼ੁਸ਼ ਰਹਿੰਦੇ ਹੋ, ਤਾਂ ਸੰਭਵ ਹੈ ਕਿ ਭਵਿੱਖ ਵਿਚ ਤੁਹਾਡੀ ਸਿਹਤ ਉਨ੍ਹਾਂ ਲੋਕਾਂ ਨਾਲੋਂ ਚੰਗੀ ਰਹੇਗੀ ਜੋ ਖ਼ੁਸ਼ ਨਹੀਂ ਹਨ।” ਇਸੇ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਸੀ: “ਜੋ ਲੋਕ ਖ਼ੁਸ਼ ਰਹਿੰਦੇ ਹਨ, ਉਨ੍ਹਾਂ ਦਾ ਦਿਲ ਦੀਆਂ ਬੀਮਾਰੀਆਂ ਅਤੇ ਸਟ੍ਰੋਕ ਤੋਂ ਜ਼ਿਆਦਾ ਬਚਾਅ ਹੁੰਦਾ ਹੈ।”

ਸੁਲੇਮਾਨ ਅਤੇ ਬਾਈਬਲ ਦੇ ਹੋਰ ਲਿਖਾਰੀਆਂ ਦੀ ਬੁੱਧ ਤੋਂ ਸਾਨੂੰ ਹਾਲੇ ਵੀ ਕਿਉਂ ਫ਼ਾਇਦਾ ਹੁੰਦਾ ਹੈ? ਇਸ ਦਾ ਜਵਾਬ ਸਾਫ਼ ਹੈ। ‘ਪਰਮੇਸ਼ੁਰ ਨੇ ਸੁਲੇਮਾਨ ਨੂੰ ਬੁੱਧੀ ਅਤੇ ਸਮਝ ਬਹੁਤ ਹੀ ਵਧੀਕ ਦਿੱਤੀ।’ (1 ਰਾਜਿਆਂ 4:29) ਇਸ ਤੋਂ ਇਲਾਵਾ, ਬਾਈਬਲ ਵਿਚ ਬੁੱਧ ਦੀਆਂ ਗੱਲਾਂ ਸੌਖੇ ਸ਼ਬਦਾਂ ਵਿਚ ਲਿਖੀਆਂ ਗਈਆਂ ਹਨ ਤਾਂਕਿ ਸਾਰੇ ਇਨ੍ਹਾਂ ਤੋਂ ਫ਼ਾਇਦਾ ਉਠਾ ਸਕਣ। ਅਤੇ ਇਹ ਬੁੱਧ ਮੁਫ਼ਤ ਵਿਚ ਮਿਲਦੀ ਹੈ!

ਕਿਉਂ ਨਾ ਤੁਸੀਂ ਰੋਜ਼ ਬਾਈਬਲ ਪੜ੍ਹਨ ਦੀ ਆਦਤ ਬਣਾਓ? ਲੱਖਾਂ ਲੋਕਾਂ ਨੂੰ ਇਨ੍ਹਾਂ ਸ਼ਬਦਾਂ ਤੋਂ ਬਹੁਤ ਖ਼ੁਸ਼ੀ ਮਿਲੀ ਹੈ ਕਿ “ਬੁੱਧ ਤੇਰੇ ਮਨ ਵਿੱਚ ਆਵੇਗੀ ਅਤੇ ਗਿਆਨ ਤੇਰੇ ਮਨ ਨੂੰ ਪਿਆਰਾ ਲੱਗੇਗਾ। ਮੱਤ ਤੇਰੀ ਪਾਲਨਾ ਕਰੇਗੀ, ਅਤੇ ਸਮਝ ਤੇਰੀ ਰਾਖੀ ਕਰੇਗੀ।” (ਕਹਾਉਤਾਂ 2:10, 11) ਇਨ੍ਹਾਂ ਸ਼ਬਦਾਂ ਤੋਂ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ! (g11-E 08)

[ਫੁਟਨੋਟ]

^ ਪੈਰਾ 4 ਬਾਈਬਲ ਵਿਚ ਵਰਤਿਆ ਗਿਆ “ਦਿਲ” ਸ਼ਬਦ ਇਨਸਾਨ ਦੇ ਅੰਦਰਲੇ ਸੁਭਾਅ, ਸੋਚਣੀ, ਰਵੱਈਏ ਤੇ ਜਜ਼ਬਾਤਾਂ ਨੂੰ ਦਰਸਾਉਂਦਾ ਹੈ।