Skip to content

Skip to table of contents

ਮੈਨੂੰ ਸੋਸ਼ਲ ਨੈੱਟਵਰਕਿੰਗ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ?—ਦੂਜਾ ਭਾਗ

ਮੈਨੂੰ ਸੋਸ਼ਲ ਨੈੱਟਵਰਕਿੰਗ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ?—ਦੂਜਾ ਭਾਗ

ਨੌਜਵਾਨ ਪੁੱਛਦੇ ਹਨ

ਮੈਨੂੰ ਸੋਸ਼ਲ ਨੈੱਟਵਰਕਿੰਗ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ?—ਦੂਜਾ ਭਾਗ

ਹੇਠਾਂ ਦਿੱਤੀਆਂ ਗੱਲਾਂ ’ਤੇ ਉਨ੍ਹਾਂ ਦੀ ਅਹਿਮੀਅਤ ਮੁਤਾਬਕ ਨੰਬਰ ਲਿਖੋ।

․․․․․ ਨਿੱਜੀ ਜਾਣਕਾਰੀ

․․․․․ ਮੇਰਾ ਸਮਾਂ

․․․․․ ਮੇਰੀ ਨੇਕਨਾਮੀ

․․․․․ ਮੇਰੇ ਦੋਸਤ

ਤੁਸੀਂ ਕਿਹੜੀ ਗੱਲ ’ਤੇ ਨੰਬਰ 1 ਲਿਖਿਆ ਹੈ ਜੋ ਤੁਹਾਡੇ ਲਈ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦੀ ਹੈ? ਜੇ ਤੁਸੀਂ ਸੋਸ਼ਲ ਨੈੱਟਵਰਕ ਵਰਤਦੇ ਹੋ, ਤਾਂ ਤੁਹਾਡੀ ਜ਼ਿੰਦਗੀ ਦੀਆਂ ਇਹ ਚਾਰੇ ਗੱਲਾਂ ਖ਼ਤਰੇ ਵਿਚ ਪੈ ਸਕਦੀਆਂ ਹਨ।

ਕੀ ਤੁਹਾਨੂੰ ਸੋਸ਼ਲ ਨੈੱਟਵਰਕਿੰਗ ਅਕਾਊਂਟ ਖੋਲ੍ਹਣਾ ਚਾਹੀਦਾ ਹੈ? ਜੇ ਤੁਸੀਂ ਆਪਣੇ ਮਾਤਾ-ਪਿਤਾ ਨਾਲ ਰਹਿੰਦੇ ਹੋ, ਤਾਂ ਇਹ ਫ਼ੈਸਲਾ ਉਨ੍ਹਾਂ ਨੂੰ ਕਰਨ ਦੀ ਲੋੜ ਹੈ। * (ਕਹਾਉਤਾਂ 6:20) ਇੰਟਰਨੈੱਟ ਦੇ ਕਿਸੇ ਵੀ ਹਿੱਸੇ ਵਾਂਗ, ਸੋਸ਼ਲ ਨੈੱਟਵਰਕਿੰਗ ਦੇ ਫ਼ਾਇਦਿਆਂ ਦੇ ਨਾਲ-ਨਾਲ ਖ਼ਤਰੇ ਵੀ ਹੁੰਦੇ ਹਨ। ਜੇ ਤੁਹਾਡੇ ਮਾਤਾ-ਪਿਤਾ ਨਹੀਂ ਚਾਹੁੰਦੇ ਕਿ ਤੁਸੀਂ ਸੋਸ਼ਲ ਨੈੱਟਵਰਕਿੰਗ ਅਕਾਊਂਟ ਖੋਲ੍ਹੋ, ਤਾਂ ਫਿਰ ਤੁਹਾਨੂੰ ਉਨ੍ਹਾਂ ਦਾ ਕਹਿਣਾ ਮੰਨਣਾ ਚਾਹੀਦਾ ਹੈ।—ਅਫ਼ਸੀਆਂ 6:1.

ਦੂਜੇ ਪਾਸੇ, ਜੇ ਤੁਹਾਡੇ ਮਾਤਾ-ਪਿਤਾ ਤੁਹਾਨੂੰ ਸੋਸ਼ਲ ਨੈੱਟਵਰਕਿੰਗ ਅਕਾਊਂਟ ਖੋਲ੍ਹਣ ਦੀ ਇਜਾਜ਼ਤ ਦੇ ਦੇਣ, ਤਾਂ ਤੁਸੀਂ ਖ਼ਤਰਿਆਂ ਤੋਂ ਕਿਵੇਂ ਬਚ ਸਕਦੇ ਹੋ? ਪਿਛਲੇ “ਨੌਜਵਾਨ ਪੁੱਛਦੇ ਹਨ” ਲੇਖ ਵਿਚ ਅਸੀਂ ਦੋ ਗੱਲਾਂ ਬਾਰੇ ਚਰਚਾ ਕੀਤੀ ਸੀ—ਤੁਹਾਡੀ ਪ੍ਰਾਈਵੇਸੀ ਅਤੇ ਤੁਹਾਡਾ ਸਮਾਂ। ਇਸ ਲੇਖ ਵਿਚ ਅਸੀਂ ਤੁਹਾਡੀ ਨੇਕਨਾਮੀ ਅਤੇ ਦੋਸਤੀ ਦੀ ਗੱਲ ਕਰਾਂਗੇ।

ਤੁਹਾਡੀ ਨੇਕਨਾਮੀ

ਆਪਣਾ ਨਾਂ ਬਦਨਾਮ ਹੋਣ ਤੋਂ ਬਚਾਉਣ ਦਾ ਮਤਲਬ ਹੈ ਕਿ ਤੁਸੀਂ ਕਿਸੇ ਨੂੰ ਆਪਣੇ ਬਾਰੇ ਬੁਰਾ ਸੋਚਣ ਦਾ ਜਾਇਜ਼ ਕਾਰਨ ਨਹੀਂ ਦੇਵੋਗੇ। ਮਿਸਾਲ ਲਈ, ਫ਼ਰਜ਼ ਕਰੋ ਕਿ ਤੁਸੀਂ ਇਕ ਨਵੀਂ ਗੱਡੀ ਖ਼ਰੀਦੀ ਹੈ। ਇਸ ’ਤੇ ਇਕ ਵੀ ਝਰੀਟ ਨਹੀਂ ਲੱਗੀ ਤੇ ਨਾ ਹੀ ਕੋਈ ਚਿੱਬ ਪਿਆ ਹੈ। ਕੀ ਤੁਸੀਂ ਗੱਡੀ ਨੂੰ ਇਸੇ ਹਾਲਤ ਵਿਚ ਨਹੀਂ ਰੱਖਣੀ ਚਾਹੋਗੇ? ਜੇ ਤੁਹਾਡੀ ਲਾਪਰਵਾਹੀ ਕਰਕੇ ਹਾਦਸੇ ਵਿਚ ਗੱਡੀ ਟੁੱਟ-ਭੱਜ ਜਾਵੇ, ਤਾਂ ਤੁਹਾਨੂੰ ਕਿਵੇਂ ਲੱਗੇਗਾ?

ਇਸੇ ਤਰ੍ਹਾਂ ਜੇ ਤੁਸੀਂ ਲਾਪਰਵਾਹੀ ਕਰੋ, ਤਾਂ ਸੋਸ਼ਲ ਨੈੱਟਵਰਕ ’ਤੇ ਤੁਹਾਡਾ ਨਾਂ ਬਦਨਾਮ ਹੋ ਸਕਦਾ ਹੈ। ਸੀਮਾ ਨਾਂ ਦੀ ਕੁੜੀ ਕਹਿੰਦੀ ਹੈ: “ਜੇ ਤੁਸੀਂ ਬਿਨਾਂ ਸੋਚੇ-ਸਮਝੇ ਕੋਈ ਫੋਟੋ ਜਾਂ ਗੱਲ ਪੋਸਟ ਕਰ ਦਿੰਦੇ ਹੋ, ਤਾਂ ਤੁਹਾਡੀ ਨੇਕਨਾਮੀ ਮਿੱਟੀ ਵਿਚ ਮਿਲ ਸਕਦੀ ਹੈ।” ਧਿਆਨ ਦਿਓ ਕਿ ਹੇਠਾਂ ਦਿੱਤੀਆਂ ਗੱਲਾਂ ਕਰਕੇ ਤੁਹਾਡਾ ਨਾਂ ਕਿਵੇਂ ਬਦਨਾਮ ਹੋ ਸਕਦਾ ਹੈ . . .

ਤੁਹਾਡੀਆਂ ਫੋਟੋਆਂ। ਪਤਰਸ ਰਸੂਲ ਨੇ ਲਿਖਿਆ: “ਦੁਨੀਆਂ ਦੇ ਲੋਕਾਂ ਵਿਚ ਆਪਣਾ ਚਾਲ-ਚਲਣ ਹਮੇਸ਼ਾ ਨੇਕ ਰੱਖੋ।” (1 ਪਤਰਸ 2:12) ਸੋਸ਼ਲ ਨੈੱਟਵਰਕਿੰਗ ਸਾਈਟ ਉੱਤੇ ਫੋਟੋਆਂ ਦੇਖ ਕੇ ਤੁਹਾਨੂੰ ਕਿਵੇਂ ਲੱਗਾ?

“ਜਿਨ੍ਹਾਂ ਦਾ ਮੈਂ ਪਹਿਲਾਂ ਬਹੁਤ ਆਦਰ ਕਰਦੀ ਸੀ, ਕਦੇ-ਕਦੇ ਉਹ ਇੱਦਾਂ ਦੀਆਂ ਫੋਟੋਆਂ ਪਾ ਦਿੰਦੇ ਹਨ ਜਿਨ੍ਹਾਂ ਨੂੰ ਦੇਖ ਕੇ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ।”—ਆਰਤੀ, 19.

“ਮੈਂ ਕਈ ਕੁੜੀਆਂ ਨੂੰ ਜਾਣਦੀ ਹਾਂ ਜਿਨ੍ਹਾਂ ਨੇ ਅਜਿਹੇ ਢੰਗ ਨਾਲ ਪੋਜ਼ ਦਿੱਤੇ ਹਨ ਜਿਸ ਕਾਰਨ ਲੋਕਾਂ ਦਾ ਧਿਆਨ ਉਨ੍ਹਾਂ ਦੇ ਜਿਸਮ ਵੱਲ ਖਿੱਚਿਆ ਜਾਂਦਾ ਹੈ। ਉਹ ਅਸਲੀਅਤ ਵਿਚ ਤਾਂ ਬਿਲਕੁਲ ਵੱਖਰੀਆਂ ਲੱਗਦੀਆਂ ਹਨ।”—ਸੀਮਾ, 19.

ਤੁਸੀਂ ਉਸ ਇਨਸਾਨ ਬਾਰੇ ਕੀ ਸੋਚੋਗੇ ਜਿਸ ਨੇ ਸੋਸ਼ਲ ਨੈੱਟਵਰਕ ਉੱਤੇ ਫੋਟੋ ਵਿਚ (1) ਭੜਕਾਊ ਕੱਪੜੇ ਪਾਏ ਹੋਏ ਹਨ ਜਾਂ (2) ਸ਼ਰਾਬ ਪੀਤੀ ਲੱਗਦੀ ਹੈ?

1 ․․․․․

2 ․․․․․

ਤੁਹਾਡੀਆਂ ਪੋਸਟ ਕੀਤੀਆਂ ਗੱਲਾਂ। ਅਫ਼ਸੀਆਂ 4:29 ਵਿਚ ਲਿਖਿਆ ਹੈ: “ਤੁਹਾਡੇ ਮੂੰਹੋਂ ਇਕ ਵੀ ਗੰਦੀ ਗੱਲ ਨਾ ਨਿਕਲੇ।” ਕਈਆਂ ਨੇ ਦੇਖਿਆ ਹੈ ਕਿ ਸੋਸ਼ਲ ਨੈੱਟਵਰਕਿੰਗ ਸਾਈਟਾਂ ’ਤੇ ਲੋਕ ਚੁਗ਼ਲੀਆਂ ਜਾਂ ਲੱਚਰ ਤੇ ਗੰਦੀਆਂ ਗੱਲਾਂ ਖੁੱਲ੍ਹ ਕੇ ਕਰਦੇ ਹਨ।

“ਸੋਸ਼ਲ ਨੈੱਟਵਰਕ ’ਤੇ ਲੋਕਾਂ ਦੀ ਜਕ ਖੁੱਲ੍ਹ ਜਾਂਦੀ ਹੈ। ਕਈ ਸੋਚਦੇ ਹਨ ਕਿ ਗੰਦੀਆਂ ਗੱਲਾਂ ਜ਼ਬਾਨ ’ਤੇ ਲਿਆਉਣੀਆਂ ਠੀਕ ਨਹੀਂ, ਪਰ ਇੰਟਰਨੈੱਟ ’ਤੇ ਪਾਉਣੀਆਂ ਇੰਨੀਆਂ ਬੁਰੀਆਂ ਨਹੀਂ ਲੱਗਦੀਆਂ। ਤੁਸੀਂ ਭਾਵੇਂ ਗਾਲ਼ਾਂ ਨਾ ਕੱਢ ਰਹੇ ਹੋਵੋ, ਪਰ ਸ਼ਾਇਦ ਤੁਹਾਡੇ ਸ਼ਬਦਾਂ ਤੋਂ ਜ਼ਾਹਰ ਹੋਵੇ ਕਿ ਤੁਸੀਂ ਦੂਜਿਆਂ ਨਾਲ ਫਲਰਟ ਕਰ ਰਹੇ ਹੋ ਅਤੇ ਬੇਝਿਜਕ ਹੋ ਕੇ ਗੰਦੀਆਂ ਗੱਲਾਂ ਕਰ ਰਹੇ ਹੋ।”ਡੈਨੀਏਲ, 19.

ਤੁਹਾਡੇ ਖ਼ਿਆਲ ਵਿਚ ਲੋਕ ਬੇਝਿਜਕ ਹੋ ਕੇ ਇੰਟਰਨੈੱਟ ’ਤੇ ਗੰਦੀਆਂ ਗੱਲਾਂ ਕਿਉਂ ਪਾਉਂਦੇ ਹਨ?

․․․․․

ਕੀ ਪੋਸਟ ਕੀਤੀਆਂ ਹੋਈਆਂ ਫੋਟੋਆਂ ਅਤੇ ਗੱਲਾਂ ਦਾ ਤੁਹਾਡੇ ਉੱਤੇ ਕੋਈ ਅਸਰ ਪੈ ਸਕਦਾ ਹੈ? ਬਿਲਕੁਲ! ਜਸਮੀਤ ਨਾਂ ਦੀ ਕੁੜੀ ਦੱਸਦੀ ਹੈ: “ਸਕੂਲ ਵਿਚ ਕਈ ਇਸ ਅਸਰ ਬਾਰੇ ਗੱਲ ਕਰ ਰਹੇ ਸਨ। ਅਸੀਂ ਗੱਲ ਕਰਦੇ ਸੀ ਕਿ ਕੁਝ ਮਾਲਕ ਕਿਸੇ ਨੂੰ ਨੌਕਰੀ ’ਤੇ ਰੱਖਣ ਤੋਂ ਪਹਿਲਾਂ ਉਸ ਦਾ ਸੋਸ਼ਲ ਨੈੱਟਵਰਕ ਪੇਜ ਦੇਖਦੇ ਹਨ ਕਿ ਉਹ ਕਿਸ ਤਰ੍ਹਾਂ ਦਾ ਇਨਸਾਨ ਹੈ।”

ਡਾਕਟਰ ਬੀ. ਜੇ. ਫੌਗ ਨੇ ਫੇਸਬੁੱਕ ਫੌਰ ਪੇਰੇਂਟਸ ਨਾਂ ਦੀ ਆਪਣੀ ਕਿਤਾਬ ਵਿਚ ਕਿਹਾ ਕਿ ਉਹ ਕਿਸੇ ਨੂੰ ਨੌਕਰੀ ’ਤੇ ਰੱਖਣ ਤੋਂ ਪਹਿਲਾਂ ਉਸ ਦਾ ਸੋਸ਼ਲ ਨੈੱਟਵਰਕਿੰਗ ਪੇਜ ਦੇਖ ਲੈਂਦਾ ਹੈ। ਉਸ ਨੇ ਕਿਹਾ: “ਇਸ ਤਰ੍ਹਾਂ ਕਰਨਾ ਮੈਂ ਜ਼ਰੂਰੀ ਸਮਝਦਾ ਹਾਂ। ਜੇ ਮੈਂ ਕਿਸੇ ਦੇ ਵੈੱਬ ਪੇਜ ਉੱਤੇ ਘਟੀਆ ਗੱਲਾਂ ਦੇਖਦਾ ਹਾਂ, ਤਾਂ ਮੈਨੂੰ ਜ਼ਰਾ ਵੀ ਚੰਗਾ ਨਹੀਂ ਲੱਗਦਾ ਤੇ ਮੈਂ ਉਸ ਨੂੰ ਨੌਕਰੀ ’ਤੇ ਨਹੀਂ ਰੱਖਦਾ। ਕਿਉਂ? ਕਿਉਂਕਿ ਮੈਂ ਸਮਝਦਾਰ ਇਨਸਾਨਾਂ ਨਾਲ ਕੰਮ ਕਰਨਾ ਜ਼ਰੂਰੀ ਸਮਝਦਾ ਹਾਂ।”

ਜੇ ਤੁਸੀਂ ਮਸੀਹੀ ਹੋ, ਤਾਂ ਤੁਹਾਨੂੰ ਇਕ ਹੋਰ ਜ਼ਰੂਰੀ ਗੱਲ ਬਾਰੇ ਵੀ ਸੋਚਣ ਦੀ ਲੋੜ ਹੈ ਕਿ ਤੁਹਾਡੀਆਂ ਪੋਸਟ ਕੀਤੀਆਂ ਗੱਲਾਂ ਦਾ ਦੂਜਿਆਂ ਉੱਤੇ ਕੀ ਅਸਰ ਪੈਂਦਾ ਹੈ, ਚਾਹੇ ਉਹ ਮਸੀਹੀ ਹੋਣ ਜਾਂ ਨਾ। ਪੌਲੁਸ ਰਸੂਲ ਨੇ ਲਿਖਿਆ: “ਅਸੀਂ ਦੂਸਰਿਆਂ ਦੇ ਸਾਮ੍ਹਣੇ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਖੜ੍ਹੀ ਨਹੀਂ ਕਰਦੇ।”—2 ਕੁਰਿੰਥੀਆਂ 6:3; 1 ਪਤਰਸ 3:16.

ਤੁਸੀਂ ਕੀ ਕਰ ਸਕਦੇ ਹੋ

ਜੇ ਤੁਹਾਡੇ ਮਾਤਾ-ਪਿਤਾ ਨੇ ਤੁਹਾਨੂੰ ਸੋਸ਼ਲ ਨੈੱਟਵਰਕ ਵਰਤਣ ਦੀ ਇਜਾਜ਼ਤ ਦਿੱਤੀ ਹੈ, ਤਾਂ ਆਪਣੇ ਪੇਜ ’ਤੇ ਪੋਸਟ ਕੀਤੀਆਂ ਫੋਟੋਆਂ ਦੇਖ ਕੇ ਆਪਣੇ ਤੋਂ ਪੁੱਛੋ: ‘ਇਨ੍ਹਾਂ ਫੋਟੋਆਂ ਵੱਲ ਦੇਖ ਕੇ ਦੂਜੇ ਮੇਰੇ ਬਾਰੇ ਕੀ ਸੋਚਣਗੇ? ਕੀ ਮੈਂ ਚਾਹੁੰਦਾ ਹਾਂ ਕਿ ਦੂਸਰੇ ਮੇਰੇ ਬਾਰੇ ਇੱਦਾਂ ਹੀ ਸੋਚਣ? ਜੇ ਮੇਰੇ ਮਾਤਾ-ਪਿਤਾ, ਮੰਡਲੀ ਦੇ ਬਜ਼ੁਰਗ ਜਾਂ ਭਵਿੱਖ ਵਿਚ ਨੌਕਰੀ ਦੇਣ ਵਾਲੇ ਮਾਲਕ ਨੇ ਇਹ ਫੋਟੋਆਂ ਦੇਖ ਲਈਆਂ, ਤਾਂ ਕੀ ਮੈਂ ਸ਼ਰਮਿੰਦਾ ਹੋਵਾਂਗਾ?’ ਜੇ ਤੁਸੀਂ ਇਸ ਸਵਾਲ ਦਾ ਜਵਾਬ ਹਾਂ ਵਿਚ ਦਿੱਤਾ ਹੈ, ਤਾਂ ਤੁਹਾਨੂੰ ਤਬਦੀਲੀਆਂ ਕਰਨ ਦੀ ਲੋੜ ਹੈ। 21 ਸਾਲ ਦੀ ਕਾਜਲ ਨੇ ਇੱਦਾਂ ਕੀਤਾ ਸੀ। ਉਹ ਕਹਿੰਦੀ ਹੈ: “ਮੇਰੀ ਮੰਡਲੀ ਦੇ ਇਕ ਬਜ਼ੁਰਗ ਨੇ ਮੇਰੇ ਵੈੱਬ ਪੇਜ ਉੱਤੇ ਮੇਰੀ ਫੋਟੋ ਦੇਖ ਕੇ ਮੇਰੇ ਨਾਲ ਇਸ ਬਾਰੇ ਗੱਲ ਕੀਤੀ। ਮੈਂ ਉਸ ਦਾ ਸ਼ੁਕਰ ਕਰਦੀ ਹਾਂ ਕਿ ਉਸ ਨੇ ਗੱਲ ਕੀਤੀ। ਮੈਨੂੰ ਪਤਾ ਹੈ ਕਿ ਉਹ ਮੇਰੀ ਨੇਕਨਾਮੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।”

ਇਸ ਦੇ ਨਾਲ-ਨਾਲ ਆਪਣੇ ਪੇਜ ’ਤੇ ਆਪਣੀਆਂ ਅਤੇ ਦੂਜਿਆਂ ਦੀਆਂ ਪੋਸਟ ਕੀਤੀਆਂ ਗੱਲਾਂ ਵੱਲ ਵੀ ਧਿਆਨ ਦਿਓ। ਦੂਜਿਆਂ ਨੂੰ ਆਪਣੇ ਪੇਜ ’ਤੇ “ਬੇਹੂਦਾ ਗੱਲਾਂ” ਜਾਂ “ਗੰਦੇ ਮਜ਼ਾਕ” ਨਾ ਪਾਉਣ ਦਿਓ। (ਅਫ਼ਸੀਆਂ 5:3, 4) 19 ਸਾਲ ਦੀ ਜੇਨ ਕਹਿੰਦੀ ਹੈ: “ਕਦੇ-ਕਦੇ ਲੋਕ ਗੰਦੇ ਸ਼ਬਦ ਜਾਂ ਅਜਿਹੀਆਂ ਗੱਲਾਂ ਪੋਸਟ ਕਰ ਦਿੰਦੇ ਹਨ ਜਿਨ੍ਹਾਂ ਦਾ ਦੋਹਰਾ ਮਤਲਬ ਹੁੰਦਾ ਹੈ। ਭਾਵੇਂ ਇਹ ਗੱਲਾਂ ਤੁਸੀਂ ਖ਼ੁਦ ਨਹੀਂ ਪਾਈਆਂ, ਫਿਰ ਵੀ ਤੁਹਾਡਾ ਨਾਂ ਬਦਨਾਮ ਹੋਵੇਗਾ ਕਿਉਂਕਿ ਇਹ ਗੱਲਾਂ ਤੁਹਾਡੇ ਪੇਜ ’ਤੇ ਹਨ।”

ਤੁਸੀਂ ਆਪਣੀਆਂ ਪੋਸਟ ਕੀਤੀਆਂ ਫੋਟੋਆਂ ਅਤੇ ਗੱਲਾਂ ਦੇ ਸੰਬੰਧ ਵਿਚ ਕਿਹੜੀਆਂ ਹੱਦਾਂ ਠਹਿਰਾਓਗੇ ਤਾਂਕਿ ਤੁਹਾਡੀ ਨੇਕਨਾਮੀ ’ਤੇ ਕੋਈ ਧੱਬਾ ਨਾ ਲੱਗੇ?

․․․․․

ਤੁਹਾਡੇ ਦੋਸਤ

ਮਿਸਾਲ ਲਈ, ਜੇ ਤੁਸੀਂ ਇਕ ਨਵੀਂ ਗੱਡੀ ਖ਼ਰੀਦੀ ਹੈ, ਤਾਂ ਕੀ ਤੁਸੀਂ ਕਿਸੇ ਨੂੰ ਵੀ ਆਪਣੀ ਗੱਡੀ ਵਿਚ ਬੈਠਣ ਦਿਓਗੇ? ਜੇ ਤੁਹਾਡੇ ਮਾਤਾ-ਪਿਤਾ ਤੁਹਾਨੂੰ ਸੋਸ਼ਲ ਨੈੱਟਵਰਕਿੰਗ ਅਕਾਊਂਟ ਖੋਲ੍ਹਣ ਦਿੰਦੇ ਹਨ, ਤਾਂ ਤੁਹਾਨੂੰ ਫ਼ੈਸਲਾ ਕਰਨਾ ਪਵੇਗਾ ਕਿ ਤੁਸੀਂ ਕਿਨ੍ਹਾਂ ਨੂੰ ਆਪਣੇ ‘ਫਰੈਂਡ’ ਬਣਨ ਦਾ ਸੱਦਾ ਦੇਵੋਗੇ ਅਤੇ ਕਿਨ੍ਹਾਂ ਨੂੰ ਫਰੈਂਡਜ਼ ਵਜੋਂ ਕਬੂਲ ਕਰੋਗੇ। ਤੁਸੀਂ ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਆਪਣੇ ‘ਫਰੈਂਡਜ਼’ ਚੁਣੋਗੇ?

“ਕਈਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਲਿਸਟ ਉੱਤੇ ਜਿੰਨੇ ਜ਼ਿਆਦਾ ‘ਫਰੈਂਡ’ ਹੋਣਗੇ, ਉੱਨਾ ਹੀ ਚੰਗਾ ਹੋਵੇਗਾ। ਉਹ ਉਨ੍ਹਾਂ ਲੋਕਾਂ ਨੂੰ ਵੀ ਆਪਣੀ ਲਿਸਟ ਵਿਚ ਸ਼ਾਮਲ ਕਰ ਲੈਂਦੇ ਹਨ ਜਿਨ੍ਹਾਂ ਨੂੰ ਉਹ ਜਾਣਦੇ ਵੀ ਨਹੀਂ।”—ਨਾਈਸ਼ਾ, 16.

“ਸੋਸ਼ਲ ਨੈੱਟਵਰਕ ਰਾਹੀਂ ਤੁਸੀਂ ਪੁਰਾਣੇ ਦੋਸਤਾਂ-ਮਿੱਤਰਾਂ ਨਾਲ ਦੁਬਾਰਾ ਸੰਪਰਕ ਕਾਇਮ ਕਰ ਸਕਦੇ ਹੋ। ਪਰ ਕਦੇ-ਕਦੇ ਚੰਗਾ ਹੁੰਦਾ ਹੈ ਜੇ ਤੁਸੀਂ ਉਨ੍ਹਾਂ ਲੋਕਾਂ ਨੂੰ ਭੁੱਲ ਜਾਓ।”—ਪੂਜਾ, 25.

ਤੁਸੀਂ ਕੀ ਕਰ ਸਕਦੇ ਹੋ

ਸੁਝਾਅ: ਚੈੱਕ ਕਰੋ ਤੇ ਕੱਟ ਦਿਓ। ਆਪਣੇ ਦੋਸਤਾਂ ਦੀ ਲਿਸਟ ਨੂੰ ਦੁਬਾਰਾ ਚੈੱਕ ਕਰੋ ਅਤੇ ਜ਼ਰੂਰੀ ਤਬਦੀਲੀਆਂ ਕਰੋ। ਹਰ ਵਾਰ ਚੈੱਕ ਕਰਦਿਆਂ ਆਪਣੇ ਆਪ ਤੋਂ ਪੁੱਛੋ:

1. ‘ਮੈਂ ਇਸ ਇਨਸਾਨ ਦੀ ਅਸਲੀਅਤ ਨੂੰ ਕਿੰਨੀ ਕੁ ਚੰਗੀ ਤਰ੍ਹਾਂ ਜਾਣਦਾ ਹਾਂ?’

2. ‘ਇਹ ਇਨਸਾਨ ਕਿਹੋ ਜਿਹੀਆਂ ਗੱਲਾਂ ਅਤੇ ਫੋਟੋਆਂ ਪੋਸਟ ਕਰਦਾ ਹੈ?’

3. ‘ਕੀ ਉਸ ਨਾਲ ਦੋਸਤੀ ਕਰ ਕੇ ਮੇਰੀ ਜ਼ਿੰਦਗੀ ’ਤੇ ਚੰਗਾ ਅਸਰ ਪਵੇਗਾ?’

“ਹਰ ਮਹੀਨੇ ਮੈਂ ਆਪਣੀ ‘ਫਰੈਂਡਜ਼ ਲਿਸਟ’ ਨੂੰ ਚੈੱਕ ਕਰ ਲੈਂਦੀ ਹਾਂ। ਜੇ ਲਿਸਟ ਉੱਤੇ ਕਿਸੇ ਅਜਿਹੇ ਵਿਅਕਤੀ ਦਾ ਨਾਂ ਆਉਂਦਾ ਹੈ ਜਿਸ ਕਾਰਨ ਮੈਂ ਪਰੇਸ਼ਾਨ ਹੋ ਜਾਂਦੀ ਹਾਂ ਜਾਂ ਜਿਸ ਨੂੰ ਮੈਂ ਚੰਗੀ ਤਰ੍ਹਾਂ ਨਹੀਂ ਜਾਣਦੀ, ਉਸ ਦਾ ਨਾਂ ਮੈਂ ਲਿਸਟ ਵਿੱਚੋਂ ਕੱਟ ਦਿੰਦੀ ਹਾਂ।”—ਅਰਪਣਾ, 17.

ਸੁਝਾਅ: ‘ਫਰੈਂਡਿੰਗ ਪਾਲਸੀ’ ਬਣਾਓ। ਜਿਸ ਤਰ੍ਹਾਂ ਤੁਸੀਂ ਆਹਮੋ-ਸਾਮ੍ਹਣੇ ਇਕ-ਦੂਜੇ ਨੂੰ ਦੇਖ ਕੇ ਦੋਸਤ ਚੁਣਦੇ ਹੋ, ਉਸੇ ਤਰ੍ਹਾਂ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਕਿਨ੍ਹਾਂ ਨੂੰ ‘ਦੋਸਤ’ ਬਣਨ ਦਾ ਸੱਦਾ ਦਿਓਗੇ ਜਾਂ ਕਿਨ੍ਹਾਂ ਨੂੰ ਦੋਸਤਾਂ ਵਜੋਂ ਕਬੂਲ ਕਰੋਗੇ। (1 ਕੁਰਿੰਥੀਆਂ 15:33) ਮਿਸਾਲ ਲਈ, ਕੋਮਲ ਨਾਂ ਦੀ ਮੁਟਿਆਰ ਕਹਿੰਦੀ ਹੈ: “ਮੇਰੀ ਪਾਲਸੀ ਹੈ ਕਿ ਜੇ ਮੈਂ ਤੁਹਾਨੂੰ ਨਹੀਂ ਜਾਣਦੀ, ਤਾਂ ਮੈਂ ਤੁਹਾਨੂੰ ‘ਦੋਸਤ’ ਜਾਂ ਸਹੇਲੀ ਵਜੋਂ ਕਬੂਲ ਨਹੀਂ ਕਰਾਂਗੀ। ਜੇ ਤੁਹਾਡੇ ਪੇਜ ’ਤੇ ਮੈਨੂੰ ਕੁਝ ਚੰਗਾ ਨਾ ਲੱਗਾ, ਤਾਂ ਮੈਂ ਤੁਹਾਨੂੰ ਆਪਣੇ ‘ਦੋਸਤਾਂ ਦੀ ਲਿਸਟ’ ਵਿੱਚੋਂ ਕੱਢ ਦੇਵਾਂਗੀ ਅਤੇ ਤੁਹਾਡੇ ਸੱਦੇ ਨੂੰ ਫਿਰ ਤੋਂ ਕਬੂਲ ਨਹੀਂ ਕਰਾਂਗੀ।” ਹੋਰਨਾਂ ਨੇ ਵੀ ਇਸੇ ਤਰ੍ਹਾਂ ਕੀਤਾ ਹੈ।

“ਮੈਂ ਹਰ ਕਿਸੇ ਨੂੰ ‘ਦੋਸਤ’ ਜਾਂ ਸਹੇਲੀ ਵਜੋਂ ਕਬੂਲ ਨਹੀਂ ਕਰਦੀ। ਇੱਦਾਂ ਕਰਨਾ ਖ਼ਤਰਨਾਕ ਹੋ ਸਕਦਾ ਹੈ।”—ਸੁਸ਼ਮਿਤਾ, 21.

“ਮੇਰੇ ਸਕੂਲ ਦੇ ਪੁਰਾਣੇ ਦੋਸਤਾਂ ਨੇ ਮੈਨੂੰ ਨੈੱਟਵਰਕ ਉੱਤੇ ਸੱਦਾ ਦਿੱਤਾ ਕਿ ਮੈਂ ਉਨ੍ਹਾਂ ਦਾ ਦੋਸਤ ਬਣਾਂ। ਪਰ ਸਕੂਲ ਹੁੰਦਿਆਂ ਮੈਂ ਉਨ੍ਹਾਂ ਤੋਂ ਦੂਰ ਹੀ ਰਹਿੰਦਾ ਸੀ, ਤਾਂ ਫਿਰ ਮੈਂ ਉਨ੍ਹਾਂ ਨਾਲ ਹੁਣ ਦੋਸਤੀ ਕਿਉਂ ਪਾਵਾਂ?”—ਸਮੀਰ, 21.

ਹੇਠਾਂ ਲਿਖੋ ਕਿ ਤੁਹਾਡੀ ‘ਫਰੈਂਡਿੰਗ ਪਾਲਸੀ’ ਕੀ ਹੋਵੇਗੀ?

․․․․․

“ਨੌਜਵਾਨ ਪੁੱਛਦੇ ਹਨ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ’ਤੇ ਦਿੱਤੇ ਗਏ ਹਨ: www.watchtower.org/ype

[ਫੁਟਨੋਟ]

^ ਪੈਰਾ 9 ਜਾਗਰੂਕ ਬਣੋ! ਰਸਾਲਾ ਸੁਝਾਅ ਨਹੀਂ ਦਿੰਦਾ ਕਿ ਤੁਹਾਨੂੰ ਕਿਹੜੀ ਨੈੱਟਵਰਕ ਸਾਈਟ ਵਰਤਣੀ ਜਾਂ ਨਹੀਂ ਵਰਤਣੀ ਚਾਹੀਦੀ। ਮਸੀਹੀਆਂ ਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਇੰਟਰਨੈੱਟ ਵਰਤਦਿਆਂ ਉਹ ਬਾਈਬਲ ਦੇ ਕਿਸੇ ਵੀ ਸਿਧਾਂਤ ਦੇ ਖ਼ਿਲਾਫ਼ ਨਾ ਜਾਣ।—1 ਤਿਮੋਥਿਉਸ 1:5, 19.

[ਸਫ਼ਾ 18 ਉੱਤੇ ਸੁਰਖੀ]

ਇਕ ਬਾਈਬਲ ਕਹਾਵਤ ਕਹਿੰਦੀ ਹੈ: “ਵੱਡੇ ਧਨ ਨਾਲੋਂ ਨੇਕ ਨਾਮੀ ਚੁਣਨੀ ਚਾਹੀਦੀ ਹੈ।”—ਕਹਾਉਤਾਂ 22:1.

[ਸਫ਼ਾ 20 ਉੱਤੇ ਡੱਬੀ]

ਕਿਉਂ ਨਾ ਆਪਣੇ ਮਾਤਾ-ਪਿਤਾ ਨੂੰ ਪੁੱਛੋ?

ਇਸ ਲੇਖ ਅਤੇ ਪਿਛਲੇ ਲੇਖ ਨੂੰ ਆਪਣੇ ਮਾਤਾ-ਪਿਤਾ ਨਾਲ ਇਕੱਠਿਆਂ ਪੜ੍ਹੋ। ਉਨ੍ਹਾਂ ਨਾਲ ਗੱਲ ਕਰੋ ਕਿ ਤੁਹਾਡੇ ਇੰਟਰਨੈੱਟ ਵਰਤਣ ਨਾਲ (1) ਤੁਹਾਡੀ ਪ੍ਰਾਈਵੇਸੀ, (2) ਤੁਹਾਡੇ ਸਮੇਂ, (3) ਤੁਹਾਡੀ ਨੇਕਨਾਮੀ ਅਤੇ (4) ਦੋਸਤਾਂ ਦੀ ਚੋਣ ਉੱਤੇ ਕਿਹੋ ਜਿਹਾ ਅਸਰ ਪੈ ਰਿਹਾ ਹੈ।

[ਸਫ਼ਾ 21 ਉੱਤੇ ਡੱਬੀ]

ਮਾਤਾ-ਪਿਤਾ ਨੂੰ ਸਲਾਹ

ਤੁਹਾਡੇ ਬੱਚਿਆਂ ਨੂੰ ਇੰਟਰਨੈੱਟ ਬਾਰੇ ਸ਼ਾਇਦ ਤੁਹਾਡੇ ਨਾਲੋਂ ਜ਼ਿਆਦਾ ਪਤਾ ਹੋਵੇ, ਪਰ ਤੁਸੀਂ ਉਨ੍ਹਾਂ ਨਾਲੋਂ ਜ਼ਿਆਦਾ ਸਮਝਦਾਰ ਹੋ। (ਕਹਾਉਤਾਂ 1:4; 2:1-6) ਇਹ ਗੱਲ ਇੰਟਰਨੈੱਟ-ਸੁਰੱਖਿਆ ਮਾਹਰ ਪੈਰੀ ਆਫਤਾਬ ਦੀ ਕਹੀ ਗੱਲ ਨਾਲ ਮੇਲ ਖਾਂਦੀ ਹੈ: “ਬੱਚਿਆਂ ਨੂੰ ਤਕਨਾਲੋਜੀ ਬਾਰੇ ਜ਼ਿਆਦਾ ਪਤਾ ਹੁੰਦਾ ਹੈ, ਪਰ ਮਾਤਾ-ਪਿਤਾ ਨੂੰ ਜ਼ਿੰਦਗੀ ਦਾ ਜ਼ਿਆਦਾ ਤਜਰਬਾ ਹੁੰਦਾ ਹੈ।”

ਹਾਲ ਦੇ ਹੀ ਸਾਲਾਂ ਵਿਚ ਸੋਸ਼ਲ ਨੈੱਟਵਰਕ ਬਹੁਤ ਹੀ ਮਸ਼ਹੂਰ ਹੋ ਗਿਆ ਹੈ। ਕੀ ਤੁਹਾਡਾ ਅੱਲ੍ਹੜ ਉਮਰ ਦਾ ਬੱਚਾ ਸੋਸ਼ਲ ਨੈੱਟਵਰਕ ਦੀ ਵਰਤੋਂ ਕਰਨ ਵਿਚ ਸਮਝਦਾਰੀ ਵਰਤੇਗਾ? ਇਹ ਫ਼ੈਸਲਾ ਤੁਸੀਂ ਕਰਨਾ ਹੈ। ਜਿਵੇਂ ਗੱਡੀ ਚਲਾਉਣ, ਬੈਂਕ ਅਕਾਊਂਟ ਖੋਲ੍ਹਣ ਜਾਂ ਕ੍ਰੈਡਿਟ ਕਾਰਡ ਵਰਤਣ ਦੇ ਖ਼ਤਰੇ ਹੋ ਸਕਦੇ ਹਨ, ਉਸੇ ਤਰ੍ਹਾਂ ਸੋਸ਼ਲ ਨੈੱਟਵਰਕ ਵਰਤਣ ਦੇ ਖ਼ਤਰੇ ਵੀ ਹੋ ਸਕਦੇ ਹਨ। ਇਨ੍ਹਾਂ ਵਿੱਚੋਂ ਕੁਝ ਖ਼ਤਰੇ ਕਿਹੜੇ ਹਨ?

ਪ੍ਰਾਈਵੇਸੀ: ਕਈ ਨੌਜਵਾਨ ਸਮਝਦੇ ਨਹੀਂ ਕਿ ਇੰਟਰਨੈੱਟ ’ਤੇ ਬਹੁਤ ਜ਼ਿਆਦਾ ਨਿੱਜੀ ਜਾਣਕਾਰੀ ਪਾਉਣ ਦੇ ਕਿਹੜੇ ਖ਼ਤਰੇ ਹੋ ਸਕਦੇ ਹਨ। ਜਦੋਂ ਉਹ ਦੂਜਿਆਂ ਨੂੰ ਦੱਸਦੇ ਹਨ ਕਿ ਉਹ ਕਿੱਥੇ ਰਹਿੰਦੇ ਹਨ, ਕਿਹੜੇ ਸਕੂਲ ਜਾਂਦੇ ਹਨ, ਉਹ ਕਦੋਂ ਘਰ ਹੁੰਦੇ ਹਨ ਜਾਂ ਕਦੋਂ ਘਰ ਨਹੀਂ ਹੁੰਦੇ, ਤਾਂ ਇਸ ਨਾਲ ਪੂਰੇ ਪਰਿਵਾਰ ਦੀ ਸੁਰੱਖਿਆ ਖ਼ਤਰੇ ਵਿਚ ਪੈ ਸਕਦੀ ਹੈ।

ਤੁਸੀਂ ਕੀ ਕਰ ਸਕਦੇ ਹੋ: ਜਦੋਂ ਤੁਹਾਡੇ ਬੱਚੇ ਛੋਟੇ ਹੁੰਦੇ ਸੀ, ਤਾਂ ਤੁਸੀਂ ਉਨ੍ਹਾਂ ਨੂੰ ਸਿਖਾਇਆ ਸੀ ਕਿ ਉਹ ਦੋਵੇਂ ਪਾਸੇ ਦੇਖ ਕੇ ਸੜਕ ਪਾਰ ਕਰਨ। ਹੁਣ ਉਹ ਵੱਡੇ ਹੋ ਗਏ ਹਨ, ਇਸ ਲਈ ਉਨ੍ਹਾਂ ਨੂੰ ਸਿਖਾਓ ਕਿ ਇੰਟਰਨੈੱਟ ਸਾਵਧਾਨੀ ਨਾਲ ਕਿਵੇਂ ਵਰਤਣਾ ਹੈ। ਪਿਛਲੇ “ਨੌਜਵਾਨ ਪੁੱਛਦੇ ਹਨ” ਲੇਖ ਵਿਚ ਪ੍ਰਾਈਵੇਸੀ ਬਾਰੇ ਦੱਸੀਆਂ ਗੱਲਾਂ ਪੜ੍ਹੋ। ਇਸ ਦੇ ਨਾਲ-ਨਾਲ ਜਨਵਰੀ-ਮਾਰਚ 2009 ਦੇ ਜਾਗਰੂਕ ਬਣੋ! ਦੇ ਸਫ਼ੇ 12-17 ਦੇਖੋ। ਇਸ ਤੋਂ ਬਾਅਦ ਆਪਣੇ ਨੌਜਵਾਨ ਬੱਚੇ ਨਾਲ ਇਸ ਲੇਖ ਬਾਰੇ ਗੱਲ ਕਰੋ। ਇੰਟਰਨੈੱਟ ਨੂੰ ਧਿਆਨ ਨਾਲ ਵਰਤਣ ਲਈ ਆਪਣੇ ਬੱਚਿਆਂ ਵਿਚ ‘ਬੁੱਧ ਤੇ ਸੂਝ’ ਪੈਦਾ ਕਰਨ ਦੀ ਕੋਸ਼ਿਸ਼ ਕਰੋ।—ਕਹਾਉਤਾਂ 3:21, CL.

ਸਮਾਂ: ਤੁਹਾਨੂੰ ਸੋਸ਼ਲ ਨੈੱਟਵਰਕਿੰਗ ਵਰਤਣ ਦੀ ਲਤ ਲੱਗ ਸਕਦੀ ਹੈ। 23 ਸਾਲਾਂ ਦਾ ਰਿੱਕੀ ਕਹਿੰਦਾ ਹੈ: “ਅਕਾਊਂਟ ਖੋਲ੍ਹਣ ਤੋਂ ਥੋੜ੍ਹੇ ਹੀ ਦਿਨਾਂ ਬਾਅਦ, ਮੈਂ ਸੋਸ਼ਲ ਨੈੱਟਵਰਕ ਦਾ ਆਦੀ ਹੋ ਗਿਆ। ਮੈਂ ਘੰਟਿਆਂ-ਬੱਧੀ ਫੋਟੋਆਂ ਅਤੇ ਪੋਸਟਾਂ ਨੂੰ ਦੇਖਦਾ ਰਹਿੰਦਾ ਸੀ।”

ਤੁਸੀਂ ਕੀ ਕਰ ਸਕਦੇ ਹੋ: ਆਪਣੇ ਬੱਚਿਆਂ ਨਾਲ ਅਪ੍ਰੈਲ-ਜੂਨ 2011 ਦੇ ਜਾਗਰੂਕ ਬਣੋ! ਵਿਚ “ਨੌਜਵਾਨ ਪੁੱਛਦੇ ਹਨ . . . ਕੀ ਮੈਂ ਤਕਨਾਲੋਜੀ ਦੇ ਜਾਲ ਵਿਚ ਫੱਸਿਆ ਹੋਇਆ ਹਾਂ?” ਨਾਂ ਦਾ ਲੇਖ ਪੜ੍ਹੋ ਅਤੇ ਇਸ ਬਾਰੇ ਗੱਲਬਾਤ ਕਰੋ। ਸਫ਼ਾ 18 ਉੱਤੇ “ਮੈਂ ਆਨ-ਲਾਈਨ ਸੋਸ਼ਲ ਨੈੱਟਵਰਕ ਦੀ ਸ਼ਿਕਾਰ ਬਣੀ” ਨਾਂ ਦੀ ਡੱਬੀ ਉੱਤੇ ਖ਼ਾਸ ਧਿਆਨ ਦਿਓ। ਆਪਣੇ ਬੱਚੇ ਨੂੰ ‘ਸੰਜਮ ਰੱਖਣ’ ਅਤੇ ਇੰਟਰਨੈੱਟ ਨੂੰ ਉੱਨੇ ਸਮੇਂ ਲਈ ਵਰਤਣ ਵਿਚ ਮਦਦ ਕਰੋ ਜਿੰਨਾ ਸਮਾਂ ਤੈਅ ਕੀਤਾ ਹੈ। (1 ਤਿਮੋਥਿਉਸ 3:2) ਉਸ ਨੂੰ ਯਾਦ ਕਰਾਓ ਕਿ ਇੰਟਰਨੈੱਟ ਤੋਂ ਇਲਾਵਾ ਜ਼ਿੰਦਗੀ ਵਿਚ ਹੋਰ ਵੀ ਜ਼ਰੂਰੀ ਗੱਲਾਂ ਹਨ!

ਨੇਕਨਾਮੀ: ਇਕ ਬਾਈਬਲ ਦੀ ਕਹਾਵਤ ਅਨੁਸਾਰ “ਬੱਚਾ ਵੀ ਆਪਣੇ ਕਰਤੱਬਾਂ ਤੋਂ ਸਿਆਣੀਦਾ ਹੈ।” (ਕਹਾਉਤਾਂ 20:11) ਇਹ ਗੱਲ ਇੰਟਰਨੈੱਟ ਵਰਤਣ ਦੇ ਸੰਬੰਧ ਵਿਚ ਵੀ ਸੱਚ ਹੈ! ਇਸ ਤੋਂ ਇਲਾਵਾ, ਸੋਸ਼ਲ ਨੈੱਟਵਰਕ ’ਤੇ ਪਾਈ ਜਾਣਕਾਰੀ ਨੂੰ ਕੋਈ ਵੀ ਦੇਖ ਸਕਦਾ ਹੈ। ਜੋ ਵੀ ਤੁਹਾਡੇ ਬੱਚੇ ਇੰਟਰਨੈੱਟ ’ਤੇ ਪਾਉਂਦੇ ਹਨ, ਉਸ ਨਾਲ ਨਾ ਸਿਰਫ਼ ਤੁਹਾਡੇ ਬੱਚੇ ਦੀ, ਬਲਕਿ ਤੁਹਾਡੇ ਸਾਰੇ ਪਰਿਵਾਰ ਦੀ ਨੇਕਨਾਮੀ ਖ਼ਤਰੇ ਵਿਚ ਪੈ ਸਕਦੀ ਹੈ।

ਤੁਸੀਂ ਕੀ ਕਰ ਸਕਦੇ ਹੋ: ਨੌਜਵਾਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਜੋ ਵੀ ਇੰਟਰਨੈੱਟ ’ਤੇ ਪਾਉਂਦੇ ਹਨ, ਉਸ ਤੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਉਹ ਕਿਹੋ ਜਿਹੇ ਹਨ। ਉਨ੍ਹਾਂ ਨੂੰ ਸਮਝਣ ਦੀ ਲੋੜ ਹੈ ਕਿ ਇੰਟਰਨੈੱਟ ’ਤੇ ਜੋ ਵੀ ਪੋਸਟ ਕੀਤਾ ਜਾਂਦਾ ਹੈ, ਉਸ ਦੀ ਹਮੇਸ਼ਾ ਕਿਤੇ ਨਾ ਕਿਤੇ ਇਕ ਕਾਪੀ ਹੁੰਦੀ ਹੈ। ਗਵੇਨ ਸ਼ੋਰਗਨ ਓਕੀਫ ਨੇ ਸਾਈਬਰਸੇਫ ਨਾਂ ਦੀ ਆਪਣੀ ਕਿਤਾਬ ਵਿਚ ਕਿਹਾ: “ਇਹ ਗੱਲ ਨੌਜਵਾਨਾਂ ਨੂੰ ਸ਼ਾਇਦ ਸਮਝਣੀ ਔਖੀ ਲੱਗੇ ਕਿ ਜੋ ਉਹ ਇੰਟਰਨੈੱਟ ’ਤੇ ਲਿਖਦੇ ਹਨ, ਉਸ ਦੀ ਹਮੇਸ਼ਾ ਇਕ ਕਾਪੀ ਹੁੰਦੀ ਹੈ। ਪਰ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਜਿਹੜੀ ਗੱਲ ਉਹ ਕਿਸੇ ਨੂੰ ਆਹਮੋ-ਸਾਮ੍ਹਣੇ ਨਹੀਂ ਕਹਿਣੀ ਚਾਹੁੰਦੇ, ਉਹ ਗੱਲ ਉਨ੍ਹਾਂ ਨੂੰ ਇੰਟਰਨੈੱਟ ’ਤੇ ਵੀ ਨਹੀਂ ਪਾਉਣੀ ਚਾਹੀਦੀ।”

ਦੋਸਤੀ: 23 ਸਾਲਾਂ ਦੀ ਤਾਨੀਆ ਕਹਿੰਦੀ ਹੈ: “ਬਹੁਤ ਸਾਰੇ ਨੌਜਵਾਨ ਚਾਹੁੰਦੇ ਹਨ ਕਿ ਉਨ੍ਹਾਂ ਦੇ ਬਹੁਤ ਦੋਸਤ ਹੋਣ। ਇਸ ਲਈ ਉਹ ਕਿਸੇ ਵੀ ਅਜਨਬੀ ਨੂੰ ਆਪਣਾ ‘ਫਰੈਂਡ’ ਬਣਾ ਲੈਂਦੇ ਹਨ, ਉਸ ਨੂੰ ਵੀ ਜਿਸ ਦੀਆਂ ਕੋਈ ਕਦਰਾਂ-ਕੀਮਤਾਂ ਨਾ ਹੋਣ।”

ਤੁਸੀਂ ਕੀ ਕਰ ਸਕਦੇ ਹੋ: ਆਪਣੇ ਧੀ-ਪੁੱਤ ਦੀ ‘ਫਰੈਂਡਿੰਗ ਪਾਲਿਸੀ’ ਬਣਾਉਣ ਵਿਚ ਮਦਦ ਕਰੋ। ਮਿਸਾਲ ਲਈ, 22 ਸਾਲ ਦੀ ਅਲੀਸ਼ਾ ਆਮ ਤੌਰ ਤੇ ਆਪਣੇ ਦੋਸਤਾਂ ਦੇ ਦੋਸਤਾਂ ਨੂੰ ਆਪਣੀ ਫਰੈਂਡਾਂ ਦੀ ਲਿਸਟ ਵਿਚ ਸ਼ਾਮਲ ਨਹੀਂ ਕਰਦੀ। ਉਹ ਕਹਿੰਦੀ ਹੈ: “ਜੇ ਮੈਂ ਤੁਹਾਨੂੰ ਜਾਣਦੀ ਨਹੀਂ ਜਾਂ ਕਦੇ ਮਿਲੀ ਨਹੀਂ, ਤਾਂ ਮੈਂ ਤੁਹਾਨੂੰ ਆਪਣੇ ਦੋਸਤਾਂ ਦੀ ਲਿਸਟ ਵਿਚ ਨਹੀਂ ਪਾਵਾਂਗੀ ਭਾਵੇਂ ਕਿ ਤੁਸੀਂ ਮੇਰੇ ਦੋਸਤਾਂ ਦੇ ਦੋਸਤ ਹੋ।”

ਰਨਵੀਰ ਅਤੇ ਸੁਸ਼ੀਲ ਨਾਂ ਦੇ ਮਾਤਾ-ਪਿਤਾ ਨੇ ਆਪਣਾ ਸੋਸ਼ਲ ਨੈੱਟਵਰਕ ਅਕਾਊਂਟ ਖੋਲ੍ਹਿਆ ਹੈ ਤਾਂਕਿ ਉਹ ਆਪਣੀ ਕੁੜੀ ਅਤੇ ਉਸ ਦੇ ਦੋਸਤਾਂ ਦੇ ਪੋਸਟਾਂ ਨੂੰ ਦੇਖ ਸਕਣ। ਸੁਸ਼ੀਲ ਨੇ ਕਿਹਾ: “ਅਸੀਂ ਆਪਣੀ ਧੀ ਨੂੰ ਕਿਹਾ ਕਿ ਉਹ ਸਾਨੂੰ ਆਪਣੇ ਦੋਸਤਾਂ ਦੀ ਲਿਸਟ ਵਿਚ ਸ਼ਾਮਲ ਕਰੇ। ਜਦੋਂ ਉਹ ਆਨ-ਲਾਈਨ ਹੁੰਦੀ ਹੈ, ਤਾਂ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਉਸ ਦੇ ਦੋਸਤ ਸਾਡੇ ਘਰ ਬੈਠੇ ਹੋਣ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਉਸ ਦੇ ਦੋਸਤ ਕੌਣ ਹਨ।”

[ਸਫ਼ਾ 19 ਉੱਤੇ ਤਸਵੀਰ]

ਜਿਸ ਤਰ੍ਹਾਂ ਲਾਪਰਵਾਹੀ ਨਾਲ ਗੱਡੀ ਚਲਾਉਣ ਕਾਰਨ ਗੱਡੀ ਟੁੱਟ-ਭੱਜ ਸਕਦੀ ਹੈ, ਉਸੇ ਤਰ੍ਹਾਂ ਇੰਟਰਨੈੱਟ ’ਤੇ ਗੰਦੀਆਂ ਫੋਟੋਆਂ ਅਤੇ ਗੱਲਾਂ ਪਾਉਣ ਨਾਲ ਤੁਹਾਡਾ ਨਾਂ ਮਿੱਟੀ ਵਿਚ ਮਿਲ ਸਕਦਾ ਹੈ

[ਸਫ਼ਾ 20 ਉੱਤੇ ਤਸਵੀਰ]

ਕੀ ਤੁਸੀਂ ਕਿਸੇ ਅਜਨਬੀ ਨੂੰ ਆਪਣੀ ਗੱਡੀ ਵਿਚ ਬਿਠਾਓਗੇ? ਤਾਂ ਫਿਰ, ਤੁਸੀਂ ਇੰਟਰਨੈੱਟ ’ਤੇ ਇਕ ਅਜਨਬੀ ਨੂੰ ਆਪਣੇ ਦੋਸਤ ਵਜੋਂ ਕਿਵੇਂ ਕਬੂਲ ਕਰ ਸਕਦੇ ਹੋ?