ਈਮਾਨਦਾਰ ਹੋਣ ਦਾ ਫ਼ਾਇਦਾ ਹੈ
ਈਮਾਨਦਾਰ ਹੋਣ ਦਾ ਫ਼ਾਇਦਾ ਹੈ
“ਧੋਖੇ ਦੀ ਰੋਟੀ ਮਨੁੱਖ ਨੂੰ ਮਿੱਠੀ ਲੱਗਦੀ ਹੈ, ਪਰ ਓੜਕ ਉਹ ਦਾ ਮੂੰਹ ਕੰਕਰਾਂ ਨਾਲ ਭਰ ਜਾਂਦਾ ਹੈ।”—ਕਹਾਉਤਾਂ 20:17.
ਕੀ ਬਿਜ਼ਨਿਸ ਵਿਚ ਸਫ਼ਲ ਹੋਣ ਲਈ ਬੇਈਮਾਨੀਆਂ ਕਰਨੀਆਂ ਜ਼ਰੂਰੀ ਹਨ? ਬਿਲਕੁਲ ਨਹੀਂ! ਅਸਲ ਵਿਚ, ਬੇਈਮਾਨੀ ਕਰ ਕੇ ਤੁਸੀਂ ਆਪਣੇ ਪੈਰਾਂ ’ਤੇ ਕੁਹਾੜੀ ਮਾਰਦੇ ਹੋ। ਕਿਸ ਤਰ੍ਹਾਂ? ਜੇ ਤੁਸੀਂ ਈਮਾਨਦਾਰ ਹੋ, ਤਾਂ ਲੋਕ ਤੁਹਾਡੇ ਉੱਤੇ ਭਰੋਸਾ ਕਰਨਗੇ ਜੋ ਕਿ ਲੰਬੇ ਸਮੇਂ ਤਕ ਸਫ਼ਲ ਰਹਿਣ ਲਈ ਜ਼ਰੂਰੀ ਹੈ।
ਭਰੋਸੇ ਦੀ ਅਹਿਮੀਅਤ
ਭਾਵੇਂ ਤੁਸੀਂ ਜਾਣਦੇ ਹੋ ਜਾਂ ਨਹੀਂ, ਇਸ ਗੱਲ ਦਾ ਤੁਹਾਡੀ ਸਫ਼ਲਤਾ ’ਤੇ ਅਸਰ ਪੈਂਦਾ ਹੈ ਕਿ ਤੁਸੀਂ ਈਮਾਨਦਾਰ ਹੋ। ਇਸ ਗੱਲ ਦਾ ਸਬੂਤ ਪਿਛਲੇ ਲੇਖ ਵਿਚ ਜ਼ਿਕਰ ਕੀਤੇ ਗਏ ਫ੍ਰਾਂਜ਼ ਦੇ ਤਜਰਬੇ ਤੋਂ ਦੇਖਿਆ ਜਾ ਸਕਦਾ ਹੈ। ਉਹ ਕਹਿੰਦਾ ਹੈ: “ਜਦੋਂ ਮੈਂ ਆਪਣੇ ਮਾਲਕਾਂ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ, ਤਾਂ ਉਨ੍ਹਾਂ ਨੇ ਕਈ ਗੱਲਾਂ ਵਿਚ ਮੇਰੀ ਈਮਾਨਦਾਰੀ ਦੀ ਪਰੀਖਿਆ ਲਈ ਜਿਸ ਦਾ ਮੈਨੂੰ ਪਤਾ ਨਹੀਂ ਸੀ। ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਮੈਂ ਹਰ ਗੱਲ ਵਿਚ ਈਮਾਨਦਾਰ ਸਾਬਤ ਹੋਇਆ। ਨਤੀਜੇ ਵਜੋਂ, ਮੈਨੂੰ ਹੋਰ ਜ਼ਿੰਮੇਵਾਰੀਆਂ ਅਤੇ ਖੁੱਲ੍ਹ ਦਿੱਤੀ ਗਈ। ਨਾਲੇ ਮੈਨੂੰ ਆਪਣੀ ਈਮਾਨਦਾਰੀ ਦਾ ਮਾਲਕਾਂ ਤੋਂ ਫਲ ਮਿਲਿਆ ਹੈ। ਮੈਂ ਜਾਣਦਾ ਹਾਂ ਕਿ ਹੋਰ ਵੀ ਲੋਕ ਹਨ ਜਿਹੜੇ ਮੇਰਾ ਕੰਮ ਮੇਰੇ ਤੋਂ ਬਿਹਤਰ ਕਰ ਸਕਦੇ ਹਨ ਅਤੇ ਮੇਰੇ ਨਾਲੋਂ ਜ਼ਿਆਦਾ ਹੁਸ਼ਿਆਰ ਹਨ। ਪਰ ਮੈਨੂੰ ਲੱਗਦਾ ਹੈ ਕਿ ਮੇਰੀ ਨੌਕਰੀ ਇਸ ਕਰਕੇ ਬਚੀ ਰਹੀ ਹੈ ਕਿਉਂਕਿ ਮੇਰੇ ਮਾਲਕ ਮੇਰੇ ’ਤੇ ਭਰੋਸਾ ਕਰਦੇ ਹਨ।”
ਖ਼ਤਰਿਆਂ ਨੂੰ ਮੁੱਲ ਲੈਣ ਦੀ ਮੂਰਖਤਾ ਨਾ ਕਰੋ
ਪਿਛਲੇ ਲੇਖ ਵਿਚ ਜ਼ਿਕਰ ਕੀਤਾ ਗਿਆ ਬਿਜ਼ਨਿਸਮੈਨ ਡੇਵਿਡ ਕਹਿੰਦਾ ਹੈ: “ਜਦੋਂ ਮੈਂ ਦੇਖਿਆ ਕਿ ਲੋਕ ਥੋੜ੍ਹੇ ਸਮੇਂ ਦੇ ਫ਼ਾਇਦੇ ਲਈ ਅਸੂਲਾਂ ਨੂੰ ਤੋੜਦੇ-ਮਰੋੜਦੇ ਹਨ, ਤਾਂ ਮੈਂ ਮਨ ਹੀ ਮਨ ਸੋਚਿਆ, ‘ਇਕ-ਨਾ-ਇਕ ਦਿਨ ਆਪਣੀਆਂ ਕਰਨੀਆਂ ਦਾ ਅੰਜਾਮ ਤਾਂ ਭੁਗਤਣਾ ਹੀ ਪਵੇਗਾ।’ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਬੇਈਮਾਨ ਲੋਕਾਂ ’ਤੇ ਅਖ਼ੀਰ ਵਿਚ ਕਿਸੇ ਤਰ੍ਹਾਂ ਤਾਂ ਮੁਸੀਬਤਾਂ ਜ਼ਰੂਰ ਆਉਣਗੀਆਂ। ਸਾਨੂੰ ਬਿਜ਼ਨਿਸ ਕਰਨ ਦੀਆਂ ਕਈ ਪੇਸ਼ਕਸ਼ਾਂ ਆਈਆਂ ਜਿਨ੍ਹਾਂ ਨੂੰ ਅਸੀਂ ਠੁਕਰਾ ਦਿੱਤਾ ਕਿਉਂਕਿ ਉਹ ਸਾਨੂੰ ਸਹੀ ਨਹੀਂ ਸੀ ਲੱਗਦੀਆਂ। ਜਿਹੜੀਆਂ ਕੰਪਨੀਆਂ ਇਸ ਤਰ੍ਹਾਂ ਦਾ ਬਿਜ਼ਨਿਸ ਕਰਦੀਆਂ ਸਨ, ਉਹ ਬਾਅਦ ਵਿਚ ਗਾਇਬ ਹੋ ਗਈਆਂ ਤੇ ਕੁਝ ਲੋਕਾਂ ਉੱਤੇ ਮੁਕੱਦਮੇ ਵੀ ਚੱਲੇ। ਪਰ ਸਾਡੀ ਕੰਪਨੀ ਇਨ੍ਹਾਂ ਝਮੇਲਿਆਂ ਵਿਚ ਪੈਣ ਤੋਂ ਬਚ ਗਈ।”
ਕੈੱਨ ਦੱਖਣੀ-ਪੂਰਬੀ ਅਫ਼ਰੀਕਾ ਵਿਚ ਪਸ਼ੂ ਫਾਰਮ ਚਾਲੂ ਕਰਨ ਦੀ ਤਿਆਰੀ ਵਿਚ ਲੱਗਾ ਹੋਇਆ ਸੀ। ਜੇ ਉਹ ਚਾਹੁੰਦਾ, ਤਾਂ ਉਹ ਬਾਹਰੋਂ ਚੀਜ਼ਾਂ ਜਲਦੀ ਮੰਗਵਾਉਣ ਅਤੇ ਟੈਕਸ ਦੇਣ ਤੋਂ ਬਚਣ ਲਈ ਅਫ਼ਸਰਾਂ ਨੂੰ ਰਿਸ਼ਵਤ ਦੇ ਸਕਦਾ ਸੀ। ਉਹ ਕਹਿੰਦਾ ਹੈ, “ਦੂਸਰੇ ਪਸ਼ੂ-ਫਾਰਮ ਦੇ ਕਈ ਮਾਲਕਾਂ ਨੇ ਰਿਸ਼ਵਤ ਦੇ ਦਿੱਤੀ। ਪਰ ਅਸੀਂ ਈਮਾਨਦਾਰੀ ਨਾਲ ਸਾਰਾ ਕੁਝ ਕੀਤਾ ਜਿਸ ਕਰਕੇ ਫਾਰਮ ਚਾਲੂ ਕਰਨ ਵਿਚ ਸਾਨੂੰ ਦਸ ਸਾਲ ਲੱਗ ਗਏ। ਕੀ ਇਸ ਦਾ ਕੋਈ ਫ਼ਾਇਦਾ ਹੋਇਆ? ਹਾਂ, ਜ਼ਰੂਰ! ਰਿਸ਼ਵਤ ਦੇਣ ਵਾਲਿਆਂ ਨੂੰ ਬਾਅਦ ਵਿਚ ਭ੍ਰਿਸ਼ਟ ਅਫ਼ਸਰ ਹੋਰ ਰਿਸ਼ਵਤ ਦੇਣ ਲਈ ਤੰਗ ਕਰਦੇ ਰਹੇ।”
ਆਰਥਿਕ ਮੰਦੀ ਦੀ ਮਾਰ ਹੇਠ
ਜਦੋਂ ਕੋਈ ਬਿਜ਼ਨਿਸ ਅਸਫ਼ਲ ਹੋਣ ਦੀ ਨੌਬਤ ਤਕ ਪਹੁੰਚ ਜਾਵੇ, ਤਾਂ ਬੇਈਮਾਨੀ ਦਾ ਸਹਾਰਾ ਲੈਣ ਦਾ ਦਬਾਅ ਜ਼ਬਰਦਸਤ ਹੁੰਦਾ ਹੈ। ਪਰ ਇਨ੍ਹਾਂ ਹਾਲਾਤਾਂ ਦੌਰਾਨ ਈਮਾਨਦਾਰੀ ਦਿਖਾਉਣ ਦਾ ਵੀ ਬਹੁਤ ਫ਼ਾਇਦਾ ਹੋ ਸਕਦਾ ਹੈ।
ਬਿਲ ਦੀ ਮਿਸਾਲ ’ਤੇ ਗੌਰ ਕਰੋ। ਬਿਲ ਦਾ ਉਸਾਰੀ ਦਾ ਬਿਜ਼ਨਿਸ ਬੰਦ ਹੋ ਗਿਆ ਜਦ ਅਮਰੀਕਾ ਵਿਚ ਉਸਾਰੀ ਦਾ ਕਾਰੋਬਾਰ ਮੰਦਾ ਪੈ ਗਿਆ। ਉਹ ਦੱਸਦਾ ਹੈ: “ਸਾਡੇ ਕਈ ਵੱਡੇ-ਵੱਡੇ ਗਾਹਕਾਂ ਦੇ ਬਿਜ਼ਨਿਸ ਬਰਬਾਦ ਹੋ ਗਏ ਜਿਨ੍ਹਾਂ ਨੇ ਸਾਨੂੰ ਲੱਖਾਂ ਡਾਲਰਾਂ ਦਾ ਕਰਜ਼ਾ ਦੇਣਾ ਸੀ। ਜਦੋਂ ਲੱਗਾ ਕਿ ਉਮੀਦ ਦੀ ਕੋਈ ਕਿਰਨ ਨਹੀਂ ਸੀ, ਤਾਂ ਮੈਂ ਕਿਸੇ ਹੋਰ ਕੰਪਨੀ ਕੋਲ ਗਿਆ ਅਤੇ ਪੁੱਛਿਆ ਜੇ ਉਹ ਸਾਡੇ ਵਿੱਚੋਂ ਕਿਸੇ ਨੂੰ ਕੰਮ ਦੇ ਸਕਦੀ ਸੀ ਜਾਂ ਨਹੀਂ। ਉਸ ਕੰਪਨੀ ਨੇ 48 ਘੰਟਿਆਂ ਦੇ ਵਿਚ-ਵਿਚ ਮੈਨੂੰ ਤੇ ਮੇਰੇ ਬਾਕੀ ਤਕਰੀਬਨ ਸਾਰੇ ਕਾਮਿਆਂ ਨੂੰ ਕੰਮ ਤੇ ਰੱਖ ਲਿਆ। ਮੈਨੂੰ ਦੱਸਿਆ ਗਿਆ ਕਿ ਮੇਰੀ
ਵਧੀਆ ਸਰਵਿਸ ਤੇ ਈਮਾਨਦਾਰੀ ਤੋਂ ਲੋਕ ਚੰਗੀ ਤਰ੍ਹਾਂ ਵਾਕਫ਼ ਸਨ।”ਇਸ ਲੇਖ ਵਿਚ ਜਿਨ੍ਹਾਂ ਲੋਕਾਂ ਦੇ ਤਜਰਬੇ ਦੱਸੇ ਗਏ ਹਨ, ਉਹ ਸਾਰੇ ਯਹੋਵਾਹ ਦੇ ਗਵਾਹ ਹਨ। ਜ਼ਿੰਦਗੀ ਦੇ ਹੋਰਨਾਂ ਪਹਿਲੂਆਂ ਦੀ ਤਰ੍ਹਾਂ ਉਹ ਬਿਜ਼ਨਿਸ ਦੇ ਮਾਮਲਿਆਂ ਵਿਚ ਵੀ ਬਾਈਬਲ ਦੇ ਅਸੂਲਾਂ ’ਤੇ ਚੱਲਦੇ ਹਨ। ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਈਮਾਨਦਾਰ ਹੋਣ ਨਾਲ ਉਨ੍ਹਾਂ ਦੇ ਬਿਜ਼ਨਿਸ ਵਿਚ ਕੋਈ ਰੁਕਾਵਟ ਨਹੀਂ ਖੜ੍ਹੀ ਹੋਈ, ਸਗੋਂ ਫ਼ਾਇਦਾ ਹੀ ਹੋਇਆ ਹੈ।
ਕੁਝ ਹਾਲਾਤਾਂ ਵਿਚ ਸ਼ਾਇਦ ਬੇਈਮਾਨੀ ਦੇ ਰਾਹ ’ਤੇ ਚੱਲਣ ਦੇ ਫ਼ਾਇਦੇ ਨਜ਼ਰ ਆਉਣ। ਪਰ ਕੀ ਸਫ਼ਲਤਾ ਸਿਰਫ਼ ਪੈਸੇ ਕਮਾਉਣ ਨਾਲ ਹੀ ਮਿਲਦੀ ਹੈ? (g12-E 01)
[ਸਫ਼ਾ 6 ਉੱਤੇ ਸੁਰਖੀ]
ਭਾਵੇਂ ਤੁਸੀਂ ਜਾਣਦੇ ਹੋ ਜਾਂ ਨਹੀਂ, ਈਮਾਨਦਾਰ ਹੋਣ ਦਾ ਤੁਹਾਡੀ ਸਫ਼ਲਤਾ ’ਤੇ ਅਸਰ ਪੈਂਦਾ ਹੈ
[ਸਫ਼ਾ 7 ਉੱਤੇ ਤਸਵੀਰ]
“ਮੈਨੂੰ ਦੱਸਿਆ ਗਿਆ ਕਿ ਮੇਰੀ ਵਧੀਆ ਸਰਵਿਸ ਤੇ ਈਮਾਨਦਾਰੀ ਤੋਂ ਲੋਕ ਚੰਗੀ ਤਰ੍ਹਾਂ ਵਾਕਫ਼ ਸਨ।”—ਬਿਲ, ਅਮਰੀਕਾ