ਈਮਾਨਦਾਰ ਹੋਣ ਨਾਲ ਅਸਲੀ ਸਫ਼ਲਤਾ
ਈਮਾਨਦਾਰ ਹੋਣ ਨਾਲ ਅਸਲੀ ਸਫ਼ਲਤਾ
“ਭਾਵੇਂ ਕਿਸੇ ਇਨਸਾਨ ਕੋਲ ਜਿੰਨੀਆਂ ਮਰਜ਼ੀ ਚੀਜ਼ਾਂ ਹੋਣ, ਪਰ ਉਸ ਦੀ ਜ਼ਿੰਦਗੀ ਇਨ੍ਹਾਂ ਚੀਜ਼ਾਂ ਉੱਤੇ ਨਿਰਭਰ ਨਹੀਂ ਕਰਦੀ।”—ਲੂਕਾ 12:15.
ਰੋਜ਼ੀ-ਰੋਟੀ ਲਈ ਕਮਾਈ ਕਰਨੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਹੈ। ਪਰਮੇਸ਼ੁਰ ਨੇ ਸਾਨੂੰ ਆਪਣੀ ਤੇ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ।—1 ਤਿਮੋਥਿਉਸ 5:8.
ਪਰ ਫਿਰ ਕੀ ਜੇ ਅਸੀਂ ਆਪਣਾ ਗੁਜ਼ਾਰਾ ਤੋਰਨ ਦੀ ਬਜਾਇ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਖ਼ਰੀਦਣ ਲਈ ਪੈਸੇ ਪਿੱਛੇ ਲੱਗੀ ਅੰਨ੍ਹੀ ਦੌੜ ਦੌੜਨ ਲੱਗ ਜਾਈਏ? ਜਿਹੜੇ ਹਰ ਹੀਲੇ ਅਮੀਰ ਬਣਨ ਦਾ ਜਤਨ ਕਰਦੇ ਰਹਿੰਦੇ ਹਨ, ਉਹ ਆਸਾਨੀ ਨਾਲ ਬੇਈਮਾਨੀ ਦੇ ਜਾਲ਼ ਵਿਚ ਫਸ ਜਾਂਦੇ ਹਨ। ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਬੇਈਮਾਨੀ ਕਰਨ ਨਾਲ ਅਸਲੀ ਸਫ਼ਲਤਾ ਉਨ੍ਹਾਂ ਦੇ ਹੱਥ ਨਹੀਂ ਲੱਗੀ, ਉਦੋਂ ਤਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਬਾਈਬਲ ਵੀ ਕਹਿੰਦੀ ਹੈ ਕਿ ਪੈਸੇ ਨਾਲ ਪਿਆਰ ਕਰਨ ਕਰਕੇ ਲੋਕ ਆਪਣੇ ਆਪ ਨੂੰ ਦੁੱਖਾਂ ਦੇ ਤੀਰਾਂ ਨਾਲ ਵਿੰਨ੍ਹ ਲੈਂਦੇ ਹਨ।—1 ਤਿਮੋਥਿਉਸ 6:9, 10.
ਅਗਲੇ ਚਾਰ ਆਦਮੀਆਂ ਦੀਆਂ ਮਿਸਾਲਾਂ ਉੱਤੇ ਗੌਰ ਕਰੋ ਜੋ ਸਮਝਾਉਂਦੇ ਹਨ ਕਿ ਸਫ਼ਲਤਾ ਧਨ-ਦੌਲਤ ਇਕੱਠੀ ਕਰਨ ਨੂੰ ਨਹੀਂ ਕਹਿੰਦੇ, ਸਗੋਂ ਸਫ਼ਲਤਾ ਹੋਰਨਾਂ ਗੱਲਾਂ ’ਤੇ ਨਿਰਭਰ ਕਰਦੀ ਹੈ।
ਇੱਜ਼ਤ ਬਣਾਈ ਰੱਖੋ
“ਕਈ ਸਾਲ ਪਹਿਲਾਂ ਮੈਂ ਇਕ ਸੰਭਾਵੀ ਗਾਹਕ ਦੀ ਇੰਟਰਵਿਊ ਲਈ ਜੋ ਲੱਖਾਂ ਡਾਲਰਾਂ ਦੀ ਜੀਵਨ ਬੀਮਾ ਪਾਲਸੀ ਖ਼ਰੀਦਣੀ ਚਾਹੁੰਦਾ ਸੀ। ਮੈਨੂੰ ਹਜ਼ਾਰਾਂ ਡਾਲਰਾਂ ਦੀ ਕਮਿਸ਼ਨ ਮਿਲਣੀ ਸੀ। ਉਸ ਨੇ ਮੈਨੂੰ ਕਿਹਾ ਕਿ ਉਹ ਤਾਂ ਹੀ ਪਾਲਸੀ ਖ਼ਰੀਦੇਗਾ ਜੇ ਮੈਂ ਉਸ ਨੂੰ ਆਪਣੀ ਅੱਧੀ ਕਮਿਸ਼ਨ ਦੇਵਾਂ। ਉਹ ਮੈਨੂੰ ਜੋ ਕਰਨ ਲਈ ਕਹਿ ਰਿਹਾ ਸੀ, ਉਹ ਨਾ ਸਿਰਫ਼ ਗ਼ਲਤ ਸੀ, ਸਗੋਂ ਗ਼ੈਰ-ਕਾਨੂੰਨੀ ਵੀ ਸੀ ਤੇ ਮੈਂ ਇਹ ਗੱਲ ਉਸ ਨੂੰ ਸਾਫ਼ ਦੱਸ ਦਿੱਤੀ।
“ਮੈਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਪੁੱਛਿਆ: ਕੀ ਉਹ ਕਿਸੇ ਬੇਈਮਾਨ ਬੰਦੇ ਨੂੰ ਆਪਣੀ ਨਿੱਜੀ ਜਾਣਕਾਰੀ ਅਤੇ ਪੈਸਿਆਂ ਵਗੈਰਾ ਬਾਰੇ ਦੱਸੇਗਾ? ਫਿਰ ਮੈਂ ਉਸ ਨੂੰ ਦੁਬਾਰਾ ਆਪਣੇ ਅਸੂਲਾਂ ਬਾਰੇ ਦੱਸਿਆ ਅਤੇ ਕਿਹਾ ਕਿ ਜੇ ਉਹ ਮੇਰੇ ਤੋਂ ਪਾਲਸੀ ਖ਼ਰੀਦਣੀ ਚਾਹੁੰਦਾ ਹੈ, ਤਾਂ ਉਹ ਮੇਰੇ ਨਾਲ ਸੰਪਰਕ ਕਰੇ। ਉਸ ਦਿਨ ਤੋਂ ਬਾਅਦ ਉਸ ਨੇ ਆਪਣੀ ਸ਼ਕਲ ਨਹੀਂ ਦਿਖਾਈ।
“ਜੇ ਮੈਂ ਉਸ ਦੀ ਗੱਲ ਮੰਨ ਲੈਂਦਾ, ਤਾਂ ਮੇਰੇ ਤੋਂ ਆਪਣੀ ਈਮਾਨਦਾਰੀ ਦਾ ਅਸੂਲ ਟੁੱਟ ਜਾਣਾ ਸੀ ਤੇ ਇਕ ਮਸੀਹੀ ਵਜੋਂ ਮੇਰੀ ਇੱਜ਼ਤ ਮਿੱਟੀ ਵਿਚ ਮਿਲ ਜਾਣੀ ਸੀ। ਮੈਂ ਉਸ ਆਦਮੀ ਦਾ ਗ਼ੁਲਾਮ ਬਣ ਜਾਣਾ ਸੀ ਜਿਸ ਨੇ ਮੈਨੂੰ ਬੇਈਮਾਨੀ ਦੇ ਜਾਲ਼ ਵਿਚ ਫਸਣ ਲਈ ਲੁਭਾਇਆ।”—ਡੌਨ, ਅਮਰੀਕਾ।
ਮਨ ਦੀ ਸ਼ਾਂਤੀ
ਜਿਵੇਂ ਆਪਾਂ ਇਨ੍ਹਾਂ ਲੜੀਵਾਰ ਲੇਖਾਂ ਦੇ ਪਹਿਲੇ ਲੇਖ ਵਿਚ ਦੇਖਿਆ ਸੀ, ਡੈਨੀ ਨੂੰ ਬਹੁਤ ਸਾਰੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ ਜੇ ਉਹ ਝੂਠ ਬੋਲ ਕੇ ਕਹੇ ਕਿ ਮਾਲ ਸਪਲਾਈ ਕਰਨ ਵਾਲੀ ਫੈਕਟਰੀ ਉਸ ਦੀ ਕੰਪਨੀ ਨੂੰ ਵਧੀਆ ਕੁਆਲਿਟੀ ਦਾ ਮਾਲ ਭੇਜ ਸਕਦੀ ਹੈ। ਡੈਨੀ ਨੇ ਕੀ ਜਵਾਬ ਦਿੱਤਾ?
“ਮੈਂ ਮੈਨੇਜਰ ਦਾ ਸ਼ੁਕਰੀਆ ਅਦਾ ਕੀਤਾ ਕਿ ਉਸ ਨੇ ਮੈਨੂੰ ਖਾਣਾ
ਖਿਲਾਇਆ ਅਤੇ ਫਿਰ ਮੈਂ ਪੈਸਿਆਂ ਵਾਲਾ ਲਿਫ਼ਾਫ਼ਾ ਉਸ ਨੂੰ ਵਾਪਸ ਕਰ ਦਿੱਤਾ। ਉਸ ਨੇ ਮੇਰੇ ’ਤੇ ਹੋਰ ਜ਼ੋਰ ਪਾਇਆ ਅਤੇ ਕਿਹਾ ਕਿ ਜੇ ਮੈਂ ਉਸ ਦੀ ਫੈਕਟਰੀ ਨੂੰ ਹਾਂ ਕਰ ਦੇਵਾਂ, ਤਾਂ ਉਹ ਮੈਨੂੰ ਹੋਰ ਵੀ ਪੈਸੇ ਦੇਵੇਗਾ। ਮੈਂ ਨਾਂਹ ਕਰ ਦਿੱਤੀ।“ਜੇ ਮੈਂ ਪੈਸੇ ਕਬੂਲ ਕਰ ਲੈਂਦਾ, ਤਾਂ ਮੈਨੂੰ ਹਮੇਸ਼ਾ ਇਹੀ ਡਰ ਰਹਿਣਾ ਸੀ ਕਿ ਮੈਂ ਕਿਤੇ ਫੜਿਆ ਨਾ ਜਾਵਾਂ। ਬਾਅਦ ਵਿਚ ਮੇਰੇ ਬਾਸ ਨੂੰ ਕਿਸੇ ਤਰ੍ਹਾਂ ਇਸ ਗੱਲ ਦਾ ਪਤਾ ਲੱਗ ਗਿਆ। ਮੈਂ ਖ਼ੁਸ਼ ਸੀ ਤੇ ਸੁੱਖ ਦਾ ਸਾਹ ਲਿਆ ਕਿ ਮੈਂ ਕੋਈ ਬੇਈਮਾਨੀ ਦਾ ਕੰਮ ਨਹੀਂ ਕੀਤਾ। ਮੈਨੂੰ ਕਹਾਉਤਾਂ 15:27 ਯਾਦ ਆਇਆ: ‘ਨਫ਼ੇ ਦਾ ਲੋਭੀ ਆਪਣੇ ਹੀ ਟੱਬਰ ਨੂੰ ਦੁਖ ਦਿੰਦਾ ਹੈ, ਪਰ ਜਿਹੜਾ ਵੱਢੀ ਤੋਂ ਘਿਣ ਕਰਦਾ ਹੈ ਉਹ ਜੀਉਂਦਾ ਰਹੇਗਾ।’”—ਡੈਨੀ, ਹਾਂਗ ਕਾਂਗ।
ਪਰਿਵਾਰਕ ਖ਼ੁਸ਼ੀ
“ਮੇਰਾ ਆਪਣਾ ਉਸਾਰੀ ਦਾ ਬਿਜ਼ਨਿਸ ਹੈ। ਮੈਨੂੰ ਗਾਹਕਾਂ ਨੂੰ ਠੱਗਣ ਜਾਂ ਟੈਕਸ ਦੇਣ ਤੋਂ ਬਚਣ ਦੇ ਬਹੁਤ ਮੌਕੇ ਮਿਲਦੇ ਹਨ। ਪਰ ਮੈਂ ਈਮਾਨਦਾਰ ਰਹਿਣ ਦਾ ਪੱਕਾ ਇਰਾਦਾ ਕੀਤਾ ਹੋਇਆ ਹੈ ਜਿਸ ਤੋਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬਹੁਤ ਫ਼ਾਇਦਾ ਹੋਇਆ ਹੈ।
“ਸਾਨੂੰ ਜ਼ਿੰਦਗੀ ਦੇ ਹਰ ਪਹਿਲੂ ਵਿਚ ਈਮਾਨਦਾਰ ਹੋਣ ਦੀ ਲੋੜ ਹੈ, ਨਾ ਸਿਰਫ਼ ਕੰਮ ਤੇ ਜਾਂ ਬਿਜ਼ਨਿਸ ਵਿਚ। ਜੇ ਤੁਹਾਨੂੰ ਪਤਾ ਹੈ ਕਿ ਤੁਹਾਡੀ ਪਤਨੀ ਜਾਂ ਪਤੀ ਪਰਮੇਸ਼ੁਰ ਦੇ ਅਸੂਲਾਂ ਦਾ ਪੱਕਾ ਰਹੇਗਾ, ਤਾਂ ਪਰਿਵਾਰ ਦਾ ਇਕ-ਦੂਜੇ ਉੱਤੇ ਭਰੋਸਾ ਹੋਰ ਵਧਦਾ ਹੈ। ਤੁਹਾਡਾ ਜੀਵਨ ਸਾਥੀ ਇਹ ਜਾਣਦੇ ਹੋਏ ਸੁਰੱਖਿਅਤ ਮਹਿਸੂਸ ਕਰਦਾ ਹੈ ਕਿ ਤੁਸੀਂ ਈਮਾਨਦਾਰੀ ਨੂੰ ਕੱਪੜਿਆਂ ਦੀ ਤਰ੍ਹਾਂ ਨਹੀਂ ਸਮਝਦੇ ਜਿਨ੍ਹਾਂ ਨੂੰ ਜਦੋਂ ਚਾਹਿਆ ਪਾ ਲਿਆ, ਜਦੋਂ ਚਾਹਿਆ ਲਾਹ ਲਿਆ।
“ਦੁਨੀਆਂ ਵਿਚ ਭਾਵੇਂ ਤੁਹਾਡੇ ਕੋਲ ਸਭ ਤੋਂ ਵੱਡੀ ਕੰਪਨੀ ਹੋਵੇ, ਪਰ ਫਿਰ ਵੀ ਤੁਸੀਂ ਆਪਣੇ ਪੈਸਿਆਂ ਨਾਲ ਪਰਿਵਾਰ ਨੂੰ ਮੁਸ਼ਕਲਾਂ ਤੋਂ ਰਾਹਤ ਨਹੀਂ ਦਿਵਾ ਸਕਦੇ। ਯਹੋਵਾਹ ਦਾ ਗਵਾਹ ਹੋਣ ਦੇ ਨਾਤੇ ਮੈਂ ਦੇਖਿਆ ਹੈ ਕਿ ਬਾਈਬਲ ਦੇ ਸਿਧਾਂਤਾਂ ’ਤੇ ਚੱਲਣ ਨਾਲ ਮੈਂ ਜ਼ਿੰਦਗੀ ਬਾਰੇ ਸਹੀ ਨਜ਼ਰੀਆ ਰੱਖ ਸਕਿਆ ਹਾਂ। ਲਾਲਚੀ ਦੁਨੀਆਂ ਨਾਲ ਪੈਸੇ ਦੀ ਦੌੜ ਵਿਚ ਸ਼ਾਮਲ ਹੋਣ ਦੀ ਬਜਾਇ, ਮੈਂ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਸਕਦਾ ਹਾਂ।”—ਡਰਵਿਨ, ਅਮਰੀਕਾ।
ਪਰਮੇਸ਼ੁਰ ਨਾਲ ਵਧੀਆ ਰਿਸ਼ਤਾ
“ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਆਪਣੀ ਕੰਪਨੀ ਲਈ ਮਾਲ ਖ਼ਰੀਦਾਂ। ਜਿਨ੍ਹਾਂ ਤੋਂ ਮੈਂ ਚੀਜ਼ਾਂ ਖ਼ਰੀਦਦਾ ਹਾਂ, ਉਹ ਕਦੇ-ਕਦੇ ਮੈਨੂੰ ਕਹਿੰਦੇ ਹਨ ਕਿ ਮੇਰੀ ਕੰਪਨੀ ਨੂੰ ਪੂਰਾ ਵਾਜਬ ਡਿਸਕਾਊਂਟ ਦੇਣ ਦੀ ਬਜਾਇ, ਉਹ ਮੈਨੂੰ ਉਸ ਪੈਸੇ ਵਿੱਚੋਂ ਹਿੱਸਾ ਦੇਣਗੇ ਜਿੰਨੇ ਪੈਸੇ ਦਾ ਮੇਰੀ ਕੰਪਨੀ ਮਾਲ ਖ਼ਰੀਦੇਗੀ। ਪਰ ਇਸ ਤਰ੍ਹਾਂ ਕਰ ਕੇ ਮੈਂ ਆਪਣੀ ਕੰਪਨੀ ਤੋਂ ਚੋਰੀ ਕਰ ਰਿਹਾ ਹੋਵਾਂਗਾ।
“ਮੇਰੀ ਤਨਖ਼ਾਹ ਬਹੁਤ ਥੋੜ੍ਹੀ ਹੈ, ਇਸ ਲਈ ਵਾਧੂ ਪੈਸੇ ਜ਼ਰੂਰ ਮੇਰੇ ਕੰਮ ਆ ਸਕਦੇ ਸਨ। ਪਰ ਸ਼ੁੱਧ ਜ਼ਮੀਰ ਅਤੇ ਯਹੋਵਾਹ ਪਰਮੇਸ਼ੁਰ ਨਾਲ ਵਧੀਆ ਰਿਸ਼ਤੇ ਦੀ ਤੁਲਨਾ ਵਿਚ ਹੋਰ ਕੋਈ ਵੀ ਚੀਜ਼ ਇੰਨੀ ਅਹਿਮੀਅਤ ਨਹੀਂ ਰੱਖਦੀ। ਇਸ ਲਈ ਹਰ ਵੇਲੇ ਲੈਣ-ਦੇਣ ਦੇ ਮਾਮਲੇ ਵਿਚ ਮੈਂ ਇਬਰਾਨੀਆਂ 13:18 ਵਿਚ ਪਾਇਆ ਜਾਂਦਾ ਇਹ ਅਸੂਲ ਲਾਗੂ ਕਰਦਾ ਹਾਂ: “ਅਸੀਂ ਹਰ ਗੱਲ ਵਿਚ ਈਮਾਨਦਾਰੀ ਤੋਂ ਕੰਮ ਲੈਣਾ ਚਾਹੁੰਦੇ ਹਾਂ।”—ਰਾਕੇਲ, ਫ਼ਿਲਪੀਨ। (g12-E 01)
[ਸਫ਼ਾ 9 ਉੱਤੇ ਡੱਬੀ]
ਈਮਾਨਦਾਰੀ ਨਾਲ ਬਿਜ਼ਨਿਸ ਕਰਨ ਦੇ ਅਸੂਲ
ਹਰ ਜਗ੍ਹਾ ਬਿਜ਼ਨਿਸ ਕਰਨ ਦੇ ਅਸੂਲ ਵੱਖੋ-ਵੱਖਰੇ ਹੁੰਦੇ ਹਨ। ਪਰ ਬਾਈਬਲ ਦੇ ਸਿਧਾਂਤਾਂ ਨੂੰ ਲਾਗੂ ਕਰ ਕੇ ਕੋਈ ਵੀ ਸਹੀ ਫ਼ੈਸਲਾ ਕੀਤਾ ਜਾ ਸਕਦਾ ਹੈ। ਈਮਾਨਦਾਰੀ ਨਾਲ ਬਿਜ਼ਨਿਸ ਕਰਨ ਲਈ ਥੱਲੇ ਦਿੱਤੀਆਂ ਛੇ ਗੱਲਾਂ ਜ਼ਰੂਰੀ ਹਨ:
ਸੱਚ ਬੋਲੋ
ਸਿਧਾਂਤ: “ਇਕ-ਦੂਜੇ ਨਾਲ ਝੂਠ ਨਾ ਬੋਲੋ।”—ਕੁਲੁੱਸੀਆਂ 3:9.
ਇਤਬਾਰਯੋਗ ਬਣੋ
ਸਿਧਾਂਤ: “ਤੁਹਾਡੀ ਹਾਂ ਦੀ ਹਾਂ ਅਤੇ ਤੁਹਾਡੀ ਨਾਂਹ ਦੀ ਨਾਂਹ ਹੋਵੇ।”—ਮੱਤੀ 5:37.
ਵਿਸ਼ਵਾਸਯੋਗ ਬਣੋ
ਸਿਧਾਂਤ: “[ਕਿਸੇ ਦੇ] ਭੇਤ ਨੂੰ ਕਿਸੇ ਦੂਜੇ ਤੇ ਨਾ ਖੋਲ੍ਹ।”—ਕਹਾਉਤਾਂ 25:9.
ਈਮਾਨਦਾਰ ਹੋਵੋ
ਸਿਧਾਂਤ: “ਤੂੰ ਵੱਢੀ ਨਾ ਖਾਹ ਕਿਉਂ ਜੋ ਵੱਢੀ ਤੇਜ ਨਿਗਾਹ ਵਾਲੇ ਨੂੰ ਅੰਨ੍ਹਾ ਕਰ ਦਿੰਦੀ ਹੈ।”—ਕੂਚ 23:8.
ਨਿਰਪੱਖ ਹੋਵੋ
ਸਿਧਾਂਤ: “ਜਿਸ ਤਰ੍ਹਾਂ ਤੁਸੀਂ ਆਪ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ।”—ਮੱਤੀ 7:12.
ਕਾਨੂੰਨ ਪਾਲਕ ਬਣੋ
ਸਿਧਾਂਤ: “ਉਨ੍ਹਾਂ ਦਾ ਜੋ ਵੀ ਹੱਕ ਬਣਦਾ ਹੈ, ਉਨ੍ਹਾਂ ਨੂੰ ਦਿਓ। ਜਿਹੜਾ ਟੈਕਸ ਮੰਗਦਾ ਹੈ, ਉਸ ਨੂੰ ਟੈਕਸ ਦਿਓ।”—ਰੋਮੀਆਂ 13:7.
[ਸਫ਼ਾ 9 ਉੱਤੇ ਡੱਬੀ]
ਬਿਜ਼ਨਿਸ ਵਿਚ ਈਮਾਨਦਾਰੀ ਕਿਵੇਂ ਬਣਾਈ ਰੱਖੀਏ
● ਜ਼ਰੂਰੀ ਗੱਲਾਂ ਨੂੰ ਪਹਿਲ ਦਿਓ: ਮਿਸਾਲ ਲਈ, ਪਰਮੇਸ਼ੁਰ ਨਾਲ ਵਧੀਆ ਰਿਸ਼ਤੇ ਦੀ ਤੁਲਨਾ ਵਿਚ ਧਨ-ਦੌਲਤ ਕਮਾਉਣੀ ਕਿੰਨੀ ਕੁ ਅਹਿਮੀਅਤ ਰੱਖਦੀ ਹੈ?
● ਪਹਿਲਾਂ ਤੋਂ ਫ਼ੈਸਲਾ ਕਰੋ: ਸੋਚੋ ਕਿ ਕਿਹੜੇ ਹਾਲਾਤਾਂ ਵਿਚ ਤੁਹਾਡੀ ਈਮਾਨਦਾਰੀ ਪਰਖੀ ਜਾ ਸਕਦੀ ਹੈ ਅਤੇ ਤੁਸੀਂ ਕੀ ਕਰੋਗੇ।
● ਆਪਣੇ ਅਸੂਲਾਂ ਬਾਰੇ ਪਹਿਲਾਂ ਹੀ ਦੱਸੋ: ਕਿਸੇ ਨਾਲ ਬਿਜ਼ਨਿਸ ਸ਼ੁਰੂ ਕਰਨ ਲੱਗਿਆਂ, ਵਧੀਆ ਤਰੀਕੇ ਨਾਲ ਆਪਣੇ ਅਸੂਲਾਂ ਬਾਰੇ ਉਸ ਨੂੰ ਦੱਸੋ।
● ਦੂਜਿਆਂ ਦੀ ਮਦਦ ਲਓ: ਜਦੋਂ ਤੁਹਾਨੂੰ ਕੋਈ ਲਾਲਚ ਦਿੱਤਾ ਜਾਂਦਾ ਹੈ ਜਾਂ ਅਸੂਲਾਂ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਆਪਣੇ ਵਰਗੇ ਅਸੂਲਾਂ ’ਤੇ ਚੱਲਣ ਵਾਲੇ ਕਿਸੇ ਵਿਅਕਤੀ ਤੋਂ ਸਲਾਹ ਲਓ।
[ਸਫ਼ਾ 8 ਉੱਤੇ ਤਸਵੀਰ]
ਜੇ ਤੁਸੀਂ ਈਮਾਨਦਾਰ ਹੋ, ਤਾਂ ਤੁਹਾਨੂੰ ਮਨ ਦੀ ਸ਼ਾਂਤੀ ਮਿਲੇਗੀ