Skip to content

Skip to table of contents

ਬਾਈਬਲ ਕੀ ਕਹਿੰਦੀ ਹੈ

ਕੀ ਸਮਲਿੰਗੀ ਸੰਬੰਧ ਜਾਇਜ਼ ਹਨ?

ਕੀ ਸਮਲਿੰਗੀ ਸੰਬੰਧ ਜਾਇਜ਼ ਹਨ?

ਕਈ ਦੇਸ਼ਾਂ ਵਿਚ ਸਮਲਿੰਗੀ ਸੰਬੰਧਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕ ਠੀਕ ਸਮਝ ਰਹੇ ਹਨ। ਅਮਰੀਕਾ ਦੇ ਇਕ ਚਰਚ ਦਾ ਸਮੂਹ ਮੰਗ ਕਰ ਰਿਹਾ ਹੈ ਕਿ ਬਾਈਬਲ ਸਮਲਿੰਗੀ ਸੰਬੰਧਾਂ ਬਾਰੇ ਜੋ ਕੁਝ ਕਹਿੰਦੀ ਹੈ, ਉਸ ਨੂੰ “ਨਵੀਂ ਸੋਚ” ਦੇ ਮੁਤਾਬਕ ਦੁਬਾਰਾ ਸਮਝਾਇਆ ਜਾਣਾ ਚਾਹੀਦਾ ਹੈ। ਬ੍ਰਾਜ਼ੀਲ ਦੇ ਇਕ ਪਾਦਰੀ ਨੇ ਹੁਣੇ-ਹੁਣੇ ਇਕ ਬੰਦੇ ਨਾਲ ਵਿਆਹ ਕਰਾਇਆ ਹੈ। ਉਸ ਨੇ ਵੀ ਕਿਹਾ ਹੈ ਕਿ “ਬਾਈਬਲ ਦੀ ਨਵੇਂ ਸਿਰਿਓਂ ਜਾਂਚ ਕਰਨੀ ਚਾਹੀਦੀ ਹੈ” ਤਾਂਕਿ ਬਾਈਬਲ ਨੂੰ ਚਰਚ ਦੇ ਮੈਂਬਰਾਂ ਦੀ ਸੋਚ ਮੁਤਾਬਕ ਸਮਝਾਇਆ ਜਾਵੇ।

ਦੂਜੇ ਪਾਸੇ, ਜਿਹੜੇ ਸਮਲਿੰਗੀ ਕੰਮਾਂ ਨੂੰ ਜਾਇਜ਼ ਨਹੀਂ ਮੰਨਦੇ, ਉਨ੍ਹਾਂ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਉਹ ਸਮਲਿੰਗੀ ਲੋਕਾਂ ਨੂੰ ਨਫ਼ਰਤ ਜਾਂ ਉਨ੍ਹਾਂ ਨਾਲ ਪੱਖਪਾਤ ਕਰਦੇ ਹਨ। ਪਰ ਬਾਈਬਲ ਸਮਲਿੰਗਤਾ ਬਾਰੇ ਕੀ ਕਹਿੰਦੀ ਹੈ?

ਬਾਈਬਲ ਕੀ ਕਹਿੰਦੀ ਹੈ?

ਬਾਈਬਲ ਨਹੀਂ ਕਹਿੰਦੀ ਕਿ ਤੁਸੀਂ ਲੋਕਾਂ ਨਾਲ ਪੱਖਪਾਤ ਕਰੋ। ਪਰ ਸਮਲਿੰਗੀ ਕੰਮਾਂ ਬਾਰੇ ਇਸ ਦਾ ਨਜ਼ਰੀਆ ਬਿਲਕੁਲ ਸਪੱਸ਼ਟ ਹੈ।

“ਤੂੰ ਜਿਸ ਤਰਾਂ ਤੀਵੀਂ ਦੇ ਨਾਲ ਸੰਗ ਕਰਦਾ ਹੈਂ ਮਨੁੱਖ ਦੇ ਨਾਲ ਸੰਗ ਨਾ ਕਰੀਂ, ਇਹ ਘਿਣਾਉਣਾ ਹੈ।”ਲੇਵੀਆਂ 18:22.

ਇਹ ਮਨਾਹੀ ਮੂਸਾ ਦੇ ਕਾਨੂੰਨ ਦਾ ਹਿੱਸਾ ਸੀ ਜਿਸ ਵਿਚ ਖ਼ਾਸਕਰ ਇਜ਼ਰਾਈਲ ਦੇ ਲੋਕਾਂ ਨੂੰ ਦਿੱਤੇ ਨੈਤਿਕ ਮਿਆਰ ਦਰਜ ਸਨ। ਪਰ ਚਾਹੇ ਸਮਲਿੰਗੀ ਕੰਮ ਯਹੂਦੀ ਕਰਨ ਜਾਂ ਗ਼ੈਰ-ਯਹੂਦੀ ਕਰਨ, ਫਿਰ ਵੀ ਇਸ ਹੁਕਮ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹ ਕੰਮ ‘ਘਿਣਾਉਣੇ’ ਹਨ। ਇਜ਼ਰਾਈਲ ਦੇ ਆਲੇ-ਦੁਆਲੇ ਦੀਆਂ ਕੌਮਾਂ ਦੇ ਲੋਕ ਸਮਲਿੰਗੀ ਕੰਮ, ਸਕੇ-ਸੰਬੰਧੀਆਂ ਨਾਲ ਜਿਨਸੀ ਸੰਬੰਧ, ਹਰਾਮਕਾਰੀ ਅਤੇ ਮੂਸਾ ਦੇ ਕਾਨੂੰਨ ਵਿਚ ਮਨ੍ਹਾ ਕੀਤੇ ਹੋਰ ਕੰਮ ਕਰਦੇ ਸਨ। ਇਸ ਲਈ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਉਹ ਕੌਮਾਂ ਅਸ਼ੁੱਧ ਸਨ। (ਲੇਵੀਆਂ 18:24, 25) ਕੀ ਮਸੀਹੀਆਂ ਦੇ ਜ਼ਮਾਨੇ ਵਿਚ ਸਮਲਿੰਗੀ ਕੰਮਾਂ ਬਾਰੇ ਬਾਈਬਲ ਦਾ ਨਜ਼ਰੀਆ ਬਦਲ ਗਿਆ ਸੀ? ਹੇਠਾਂ ਦਿੱਤੇ ਹਵਾਲੇ ’ਤੇ ਗੌਰ ਕਰੋ:

“ਪਰਮੇਸ਼ੁਰ ਨੇ ਉਨ੍ਹਾਂ ਨੂੰ ਨੀਚ ਕਾਮ-ਵਾਸ਼ਨਾਵਾਂ ਦੇ ਵੱਸ ਵਿਚ ਰਹਿਣ ਦਿੱਤਾ, ਅਤੇ ਉਨ੍ਹਾਂ ਦੀਆਂ ਤੀਵੀਆਂ ਨੇ ਆਪਸ ਵਿਚ ਗ਼ੈਰ-ਕੁਦਰਤੀ ਸਰੀਰਕ ਸੰਬੰਧ ਬਣਾਏ; ਅਤੇ ਇਸੇ ਤਰ੍ਹਾਂ ਬੰਦਿਆਂ ਨੇ ਵੀ ਤੀਵੀਆਂ ਨਾਲ ਕੁਦਰਤੀ ਸੰਬੰਧ ਛੱਡ ਦਿੱਤੇ, ਅਤੇ ਬੰਦੇ ਬੰਦਿਆਂ ਨਾਲ ਆਪਣੀ ਕਾਮ-ਵਾਸ਼ਨਾ ਦੀ ਅੱਗ ਵਿਚ ਮਚਣ ਲੱਗੇ ਅਤੇ ਅਸ਼ਲੀਲ ਕੰਮ ਕਰਨ ਲੱਗੇ।”ਰੋਮੀਆਂ 1:26, 27.

ਬਾਈਬਲ ਸਮਲਿੰਗੀ ਕੰਮਾਂ ਨੂੰ ਗ਼ੈਰ-ਕੁਦਰਤੀ ਅਤੇ ਅਸ਼ਲੀਲ ਕਿਉਂ ਕਹਿੰਦੀ ਹੈ? ਕਿਉਂਕਿ ਸਾਡਾ ਸ੍ਰਿਸ਼ਟੀਕਰਤਾ ਇਹ ਨਹੀਂ ਸੀ ਚਾਹੁੰਦਾ ਕਿ ਆਦਮੀ ਆਦਮੀਆਂ ਨਾਲ ਅਤੇ ਤੀਵੀਆਂ ਤੀਵੀਆਂ ਨਾਲ ਜਿਨਸੀ ਸੰਬੰਧ ਕਾਇਮ ਕਰਨ। ਸਮਲਿੰਗੀ ਸੰਬੰਧ ਰੱਖਣ ਨਾਲ ਕਿਸੇ ਦੇ ਔਲਾਦ ਨਹੀਂ ਹੋ ਸਕਦੀ। ਬਾਈਬਲ ਸਮਲਿੰਗੀ ਕੰਮਾਂ ਦੀ ਤੁਲਨਾ ਉਨ੍ਹਾਂ ਬਾਗ਼ੀ ਦੂਤਾਂ ਦੇ ਜਿਨਸੀ ਸੰਬੰਧਾਂ ਨਾਲ ਕਰਦੀ ਹੈ ਜੋ ਉਨ੍ਹਾਂ ਨੇ ਨੂਹ ਦੇ ਜ਼ਮਾਨੇ ਵਿਚ ਆਈ ਜਲ ਪਰਲੋ ਤੋਂ ਪਹਿਲਾਂ ਤੀਵੀਆਂ ਨਾਲ ਕਾਇਮ ਕੀਤੇ ਸਨ। ਇਨ੍ਹਾਂ ਬਾਗ਼ੀ ਦੂਤਾਂ ਨੂੰ ਦੁਸ਼ਟ ਦੂਤ ਕਿਹਾ ਜਾਂਦਾ ਹੈ। (ਉਤਪਤ 6:4; 19:4, 5; ਯਹੂਦਾਹ 6, 7) ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹ ਦੋਵੇਂ ਕੰਮ ਘਿਣਾਉਣੇ ਹਨ।

ਕੀ ਸਮਲਿੰਗੀ ਕੰਮਾਂ ਨੂੰ ਜਾਇਜ਼ ਠਹਿਰਾਉਣ ਵਾਲੇ ਕਾਰਨ ਹਨ?

ਕੁਝ ਸ਼ਾਇਦ ਪੁੱਛਣ, ‘ਕੀ ਜੀਨਾਂ, ਮਾਹੌਲ ਜਾਂ ਜ਼ਿੰਦਗੀ ਵਿਚ ਬਦਫ਼ੈਲੀ ਵਰਗੇ ਹੋਏ ਦੁਖਦਾਈ ਤਜਰਬਿਆਂ ਕਾਰਨ ਕਿਹਾ ਜਾ ਸਕਦਾ ਹੈ ਕਿ ਸਮਲਿੰਗੀ ਕੰਮ ਕਰਨੇ ਜਾਇਜ਼ ਹਨ?’ ਬਿਲਕੁਲ ਨਹੀਂ। ਜ਼ਰਾ ਇਸ ਮਿਸਾਲ ’ਤੇ ਗੌਰ ਕਰੋ: ਹੋ ਸਕਦਾ ਹੈ ਕਿ ਕਿਸੇ ਵਿਚ ਜ਼ਿਆਦਾ ਸ਼ਰਾਬ ਪੀਣ ਦਾ ਝੁਕਾਅ ਜਨਮ ਤੋਂ ਹੀ ਹੋਵੇ ਜਿਵੇਂ ਕੁਝ ਸਾਇੰਸਦਾਨਾਂ ਦਾ ਮੰਨਣਾ ਹੈ। ਜਾਂ ਸ਼ਾਇਦ ਇਕ ਵਿਅਕਤੀ ਦੀ ਪਰਵਰਿਸ਼ ਅਜਿਹੇ ਮਾਹੌਲ ਵਿਚ ਹੋਈ ਹੋਵੇ ਜਿਸ ਵਿਚ ਜ਼ਿਆਦਾ ਸ਼ਰਾਬ ਪੀਣੀ ਆਮ ਸੀ। ਕੋਈ ਸ਼ੱਕ ਨਹੀਂ ਕਿ ਇਹੋ ਜਿਹੇ ਇਨਸਾਨ ਨਾਲ ਜ਼ਿਆਦਾਤਰ ਲੋਕ ਹਮਦਰਦੀ ਜਤਾਉਣਗੇ। ਪਰ ਕੋਈ ਵੀ ਉਸ ਨੂੰ ਨਹੀਂ ਕਹੇਗਾ ਕਿ ਉਹ ਜ਼ਿਆਦਾ ਸ਼ਰਾਬ ਪੀਂਦਾ ਰਹੇ ਜਾਂ ਇਸ ਆਦਤ ਤੋਂ ਛੁਟਕਾਰਾ ਪਾਉਣ ਲਈ ਜੱਦੋ-ਜਹਿਦ ਕਰਨੀ ਛੱਡ ਦੇਵੇ ਕਿਉਂਕਿ ਉਸ ਵਿਚ ਇਹ ਝੁਕਾਅ ਜਨਮ ਤੋਂ ਹੀ ਹੈ ਜਾਂ ਉਹ ਇਹੋ ਜਿਹੇ ਮਾਹੌਲ ਵਿਚ ਜੰਮਿਆ-ਪਲ਼ਿਆ ਹੈ।

ਇਸੇ ਤਰ੍ਹਾਂ ਬਾਈਬਲ ਉਨ੍ਹਾਂ ਲੋਕਾਂ ਦੀ ਨਿੰਦਿਆ ਨਹੀਂ ਕਰਦੀ ਜੋ ਸਮਲਿੰਗੀ ਕੰਮ ਕਰਨ ਦਾ ਝੁਕਾਅ ਮਨ ਵਿੱਚੋਂ ਕੱਢਣ ਲਈ ਜੱਦੋ-ਜਹਿਦ ਕਰ ਰਹੇ ਹਨ। ਪਰ ਇਹ ਅਜਿਹੇ ਝੁਕਾਵਾਂ ਅੱਗੇ ਝੁਕ ਜਾਣ ਵਾਲਿਆਂ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰਦੀ, ਭਾਵੇਂ ਇਹ ਝੁਕਾਅ ਜਨੈਟਿਕ ਹੋਣ ਜਾਂ ਕਿਸੇ ਹੋਰ ਕਾਰਨ ਕਰਕੇ ਹੋਣ। (ਰੋਮੀਆਂ 7:21-25; 1 ਕੁਰਿੰਥੀਆਂ 9:27) ਇਸ ਦੀ ਬਜਾਇ ਬਾਈਬਲ ਸਮਲਿੰਗੀ ਕੰਮ ਕਰਨ ਦਾ ਝੁਕਾਅ ਰੱਖਣ ਵਾਲਿਆਂ ਨੂੰ ਮਦਦ ਅਤੇ ਹੌਸਲਾ ਦਿੰਦੀ ਹੈ ਤਾਂਕਿ ਉਹ ਇਨ੍ਹਾਂ ਝੁਕਾਵਾਂ ਖ਼ਿਲਾਫ਼ ਆਪਣੀ ਲੜਾਈ ਜਿੱਤ ਸਕਣ।

ਸਮਲਿੰਗੀ ਕੰਮਾਂ ਦਾ ਝੁਕਾਅ ਰੱਖਣ ਵਾਲਿਆਂ ਲਈ ਪਰਮੇਸ਼ੁਰ ਦੀ ਕੀ ਇੱਛਾ ਹੈ?

ਬਾਈਬਲ ਸਾਨੂੰ ਭਰੋਸੇ ਨਾਲ ਕਹਿੰਦੀ ਹੈ ਕਿ ਪਰਮੇਸ਼ੁਰ ਦੀ ਇੱਛਾ ਹੈ ਕਿ “ਹਰ ਤਰ੍ਹਾਂ ਦੇ ਲੋਕ ਬਚਾਏ ਜਾਣ ਅਤੇ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ।” (1 ਤਿਮੋਥਿਉਸ 2:4) ਭਾਵੇਂ ਕਿ ਬਾਈਬਲ ਸਮਲਿੰਗੀ ਕੰਮਾਂ ਨੂੰ ਗ਼ਲਤ ਠਹਿਰਾਉਂਦੀ ਹੈ, ਪਰ ਬਾਈਬਲ ਇਹ ਨਹੀਂ ਕਹਿੰਦੀ ਕਿ ਸਮਲਿੰਗੀ ਲੋਕਾਂ ਨਾਲ ਨਫ਼ਰਤ ਕੀਤੀ ਜਾਣੀ ਚਾਹੀਦੀ ਹੈ।

ਸਮਲਿੰਗਤਾ ਬਾਰੇ ਪਰਮੇਸ਼ੁਰ ਦੇ ਨਜ਼ਰੀਏ ਨੂੰ ਮਾਮੂਲੀ ਜਿਹੀ ਗੱਲ ਨਹੀਂ ਸਮਝਣਾ ਚਾਹੀਦਾ। 1 ਕੁਰਿੰਥੀਆਂ 6:9, 10 ਵਿਚ ਬਾਈਬਲ ਸਾਫ਼ ਕਹਿੰਦੀ ਹੈ ਕਿ ਜਿਹੜੇ ਲੋਕ “ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ,” ਉਨ੍ਹਾਂ ਵਿਚ “ਜਨਾਨੜੇ” ਵੀ ਸ਼ਾਮਲ ਹਨ। ਪਰ 11ਵੀਂ ਆਇਤ ਤੋਂ ਸਾਨੂੰ ਦਿਲਾਸਾ ਮਿਲਦਾ ਹੈ: “ਤੁਹਾਡੇ ਵਿੱਚੋਂ ਕੁਝ ਪਹਿਲਾਂ ਅਜਿਹੇ ਹੀ ਸਨ। ਪਰ ਹੁਣ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਂ ’ਤੇ ਅਤੇ ਸਾਡੇ ਪਰਮੇਸ਼ੁਰ ਦੀ ਸ਼ਕਤੀ ਨਾਲ ਸ਼ੁੱਧ ਤੇ ਪਵਿੱਤਰ ਕੀਤਾ ਗਿਆ ਹੈ ਅਤੇ ਧਰਮੀ ਠਹਿਰਾਇਆ ਗਿਆ ਹੈ।”

ਇਸ ਤੋਂ ਜ਼ਾਹਰ ਹੁੰਦਾ ਹੈ ਕਿ ਜਿਹੜੇ ਲੋਕ ਪਰਮੇਸ਼ੁਰ ਦੀਆਂ ਸ਼ਰਤਾਂ ਨੂੰ ਮੰਨ ਕੇ ਦਿਲੋਂ ਉਸ ਦੀ ਭਗਤੀ ਕਰਨੀ ਚਾਹੁੰਦੇ ਸਨ, ਉਨ੍ਹਾਂ ਦਾ ਪਹਿਲੀ ਸਦੀ ਦੇ ਮਸੀਹੀਆਂ ਨੇ ਆਪਣੀ ਮੰਡਲੀ ਵਿਚ ਨਿੱਘਾ ਸੁਆਗਤ ਕੀਤਾ। ਇਹੀ ਗੱਲ ਅੱਜ ਉਨ੍ਹਾਂ ਸਾਰੇ ਨੇਕਦਿਲ ਲੋਕਾਂ ਬਾਰੇ ਵੀ ਸੱਚ ਹੈ ਜੋ ਪਰਮੇਸ਼ੁਰ ਦੀ ਮਿਹਰ ਪਾਉਣ ਲਈ ਬਾਈਬਲ ਵਿਚਲੀਆਂ ਗੱਲਾਂ ਨੂੰ ਆਪਣੀ ਸੋਚ ਅਨੁਸਾਰ ਢਾਲ਼ਣ ਦੀ ਕੋਸ਼ਿਸ਼ ਨਹੀਂ ਕਰਦੇ, ਸਗੋਂ ਬਾਈਬਲ ਦੇ ਅਸੂਲਾਂ ਮੁਤਾਬਕ ਆਪਣੀ ਜ਼ਿੰਦਗੀ ਢਾਲ਼ਦੇ ਹਨ। (g12-E 01)

ਕੀ ਤੁਸੀਂ ਕਦੇ ਸੋਚਿਆ ਹੈ?

● ਸਮਲਿੰਗੀ ਕੰਮਾਂ ਬਾਰੇ ਬਾਈਬਲ ਦਾ ਕੀ ਨਜ਼ਰੀਆ ਹੈ?—ਰੋਮੀਆਂ 1:26, 27.

● ਕੀ ਬਾਈਬਲ ਸਮਲਿੰਗੀ ਕੰਮ ਕਰਨ ਦਾ ਝੁਕਾਅ ਰੱਖਣ ਵਾਲਿਆਂ ਨਾਲ ਪੱਖਪਾਤ ਕਰਨ ਲਈ ਕਹਿੰਦੀ ਹੈ?—1 ਤਿਮੋਥਿਉਸ 2:4.

● ਕੀ ਸਮਲਿੰਗੀ ਕੰਮਾਂ ਤੋਂ ਦੂਰ ਰਹਿਣਾ ਸੰਭਵ ਹੈ?—1 ਕੁਰਿੰਥੀਆਂ 6:9-11.

[ਸਫ਼ਾ 29 ਉੱਤੇ ਤਸਵੀਰ]

ਕੀ ਸਮਲਿੰਗੀ ਸੰਬੰਧਾਂ ਬਾਰੇ ਪਰਮੇਸ਼ੁਰ ਦੇ ਨਜ਼ਰੀਏ ਨੂੰ ਦੁਬਾਰਾ ਸਮਝਾਉਣ ਦੀ ਲੋੜ ਹੈ?