Skip to content

Skip to table of contents

ਇਹ ਕਿਸ ਦਾ ਕਮਾਲ ਹੈ?

ਚੱਕੀਰਾਹੇ ਦੇ ਸਿਰ ਵਿਚ ਝਟਕਾ ਸਹਿਣ ਦੀ ਤਾਕਤ

ਚੱਕੀਰਾਹੇ ਦੇ ਸਿਰ ਵਿਚ ਝਟਕਾ ਸਹਿਣ ਦੀ ਤਾਕਤ

● ਜੇ ਇਨਸਾਨ ਦਾ ਸਿਰ ਜ਼ੋਰ (80-100 g-force) ਨਾਲ ਕਿਸੇ ਚੀਜ਼ ਵਿਚ ਵੱਜੇ, ਤਾਂ ਦਿਮਾਗ਼ੀ ਸੱਟ ਲੱਗਣ ਕਰਕੇ ਉਹ ਬੇਹੋਸ਼ ਹੋ ਸਕਦਾ ਹੈ, ਉਸ ਨੂੰ ਉਲਟੀਆਂ ਲੱਗ ਸਕਦੀਆਂ ਜਾਂ ਉਹ ਬੌਂਦਲ ਸਕਦਾ ਹੈ ਕਿਉਂਕਿ ਇਨਸਾਨ ਦਾ ਸਿਰ ਇੰਨੀ ਜ਼ੋਰ ਦਾ ਝਟਕਾ ਨਹੀਂ ਸਹਿ ਸਕਦਾ। ਪਰ ਜਦੋਂ ਚੱਕੀਰਾਹਾ ਚੁੰਝ ਦਰਖ਼ਤ ਦੇ ਤਣੇ ਵਿਚ ਮਾਰਦਾ ਹੈ, ਤਾਂ ਉਹ ਇਨਸਾਨ ਨਾਲੋਂ 15 ਗੁਣਾ (1,200 g-force) ਜ਼ਿਆਦਾ ਝਟਕਾ ਸਹਿ ਸਕਦਾ ਹੈ। ਇਹ ਪੰਛੀ ਸਿਰਦਰਦ ਜਾਂ ਦਿਮਾਗ਼ੀ ਸੱਟ ਲੱਗਣ ਤੋਂ ਬਿਨਾਂ ਇਸ ਤਰ੍ਹਾਂ ਕਿਵੇਂ ਕਰ ਸਕਦਾ ਹੈ?

ਜ਼ਰਾ ਸੋਚੋ: ਖੋਜਕਾਰਾਂ ਨੇ ਚੱਕੀਰਾਹੇ ਦੇ ਸਿਰ ਬਾਰੇ ਚਾਰ ਖ਼ਾਸੀਅਤਾਂ ਦੇਖੀਆਂ ਹਨ ਜਿਨ੍ਹਾਂ ਕਰਕੇ ਉਸ ਦਾ ਸਿਰ ਇੰਨਾ ਝਟਕਾ ਸਹਿ ਸਕਦਾ ਹੈ:

1. ਮਜ਼ਬੂਤ ਪਰ ਲਚਕਦਾਰ ਚੁੰਝ

2. ਹਾਇਆਇਡ—ਖੋਪੜੀ ਦੁਆਲੇ ਹੱਡੀਆਂ ਦਾ ਢਾਂਚਾ ਅਤੇ ਲਚਕਦਾਰ ਟਿਸ਼ੂ

3. ਖੋਪੜੀ ਵਿਚ ਸਪੰਜ ਵਰਗੀ ਹੱਡੀ

4. ਖੋਪੜੀ ਅਤੇ ਦਿਮਾਗ਼ ਦੇ ਵਿਚਕਾਰ ਰੀੜ੍ਹ ਦੀ ਹੱਡੀ ਦੇ ਤਰਲ ਲਈ ਘੱਟ ਜਗ੍ਹਾ

ਇਨ੍ਹਾਂ ਚਾਰ ਖ਼ਾਸੀਅਤਾਂ ਕਰਕੇ ਚੱਕੀਰਾਹਾ ਦਰਖ਼ਤ ਵਿਚ ਪ੍ਰਤੀ ਸੈਕਿੰਡ 22 ਵਾਰ ਚੁੰਝ ਮਾਰਨ ਤੇ ਸਿਰ ਨੂੰ ਲੱਗੇ ਝਟਕੇ ਨੂੰ ਸਹਿ ਸਕਦਾ ਹੈ ਤੇ ਉਸ ਦੇ ਦਿਮਾਗ਼ ਨੂੰ ਸੱਟ ਨਹੀਂ ਲੱਗਦੀ।

ਖੋਜਕਾਰਾਂ ਨੇ ਚੱਕੀਰਾਹੇ ਦੇ ਸਿਰ ਦੀ ਨਕਲ ਕਰ ਕੇ ਅਜਿਹਾ ਬਕਸਾ ਬਣਾਇਆ ਹੈ ਜੋ ਜਹਾਜ਼ ਤੋਂ ਡਿੱਗਣ ਤੇ ਵੀ ਚੱਕੀਰਾਹੇ ਦੇ ਸਿਰ ਨਾਲੋਂ 50 ਗੁਣਾ (60,000 g-force) ਜ਼ਿਆਦਾ ਝਟਕਾ ਸਹਿ ਸਕਦਾ ਹੈ। ਉਨ੍ਹਾਂ ਦੀ ਇਸ ਕਾਮਯਾਬੀ ਕਾਰਨ ਹੋਰਨਾਂ ਚੀਜ਼ਾਂ ਦੇ ਨਾਲ-ਨਾਲ ਜਹਾਜ਼ ਵਿਚਲੇ ਰਿਕਾਰਡਰ ਦੇ ਬਕਸੇ ਨੂੰ ਜ਼ਿਆਦਾ ਸੁਰੱਖਿਅਤ ਬਣਾਇਆ ਜਾ ਸਕਦਾ ਹੈ ਜੋ ਹੁਣ ਚੱਕੀਰਾਹੇ ਦੇ ਸਿਰ ਨਾਲੋਂ ਘੱਟ ਝਟਕਾ (1,000 g-force) ਸਹਿ ਸਕਦਾ ਹੈ। ਇੰਗਲੈਂਡ ਦੀ ਕ੍ਰੈਨਫੀਲਡ ਯੂਨੀਵਰਸਿਟੀ ਦਾ ਇਕ ਇੰਜੀਨੀਅਰ ਕਿਮ ਬਲੈਕਬਰਨ ਦੱਸਦਾ ਹੈ ਕਿ ਚੱਕੀਰਾਹੇ ਦੇ ਸਿਰ ਬਾਰੇ ਉਨ੍ਹਾਂ ਨੂੰ ਜੋ ਕੁਝ ਪਤਾ ਲੱਗਾ ਹੈ, ਉਹ ਇਸ ਗੱਲ ਦੀ “ਬਹੁਤ ਵਧੀਆ ਮਿਸਾਲ ਹੈ ਕਿ ਕੁਦਰਤ ਵਿਚ ਅਜਿਹੀਆਂ ਕਮਾਲ ਦੀਆਂ ਚੀਜ਼ਾਂ ਹਨ ਜਿਨ੍ਹਾਂ ਵਿਚ ਕਈ ਤਰ੍ਹਾਂ ਦੀਆਂ ਖ਼ਾਸੀਅਤਾਂ ਦਾ ਵਿਕਾਸ ਹੋ ਰਿਹਾ ਹੈ। ਇਨ੍ਹਾਂ ਖ਼ਾਸੀਅਤਾਂ ਨੂੰ ਦੇਖ ਕੇ ਇਨਸਾਨਾਂ ਲਈ ਉਹ ਕੰਮ ਮੁਮਕਿਨ ਹੋ ਸਕਦੇ ਹਨ ਜੋ ਉਨ੍ਹਾਂ ਨੂੰ ਪਹਿਲਾਂ ਨਾਮੁਮਕਿਨ ਲੱਗਦੇ ਸਨ।”

ਤੁਹਾਡਾ ਕੀ ਖ਼ਿਆਲ ਹੈ? ਕੀ ਚੱਕੀਰਾਹੇ ਦਾ ਝਟਕਾ ਸਹਿਣ ਵਾਲਾ ਸਿਰ ਆਪਣੇ ਆਪ ਹੀ ਬਣ ਗਿਆ? ਜਾਂ ਕੀ ਇਹ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹੈ? (g12-E 01)

[ਸਫ਼ਾ 30 ਉੱਤੇ ਡਾਇਆਗ੍ਰਾਮ]

(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

1

2

3

4

[ਸਫ਼ਾ 30 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Redheaded woodpecker: © 2011 photolibrary.com