Skip to content

Skip to table of contents

ਜਦੋਂ ਤੁਸੀਂ ਜ਼ਿੰਦਗੀ ਤੋਂ ਹਾਰ ਜਾਂਦੇ ਹੋ

ਜਦੋਂ ਤੁਸੀਂ ਜ਼ਿੰਦਗੀ ਤੋਂ ਹਾਰ ਜਾਂਦੇ ਹੋ

ਜਦੋਂ ਤੁਸੀਂ ਜ਼ਿੰਦਗੀ ਤੋਂ ਹਾਰ ਜਾਂਦੇ ਹੋ

ਹਰ ਸਾਲ ਅਮਰੀਕਾ ਵਿਚ ਹਜ਼ਾਰਾਂ ਹੀ ਲੋਕ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕਰਦੇ ਹਨ। ਬਾਈਬਲ ਇਸ ਦਾ ਮੁੱਖ ਕਾਰਨ ਦੱਸਦੀ ਹੈ ਕਿ ਬਹੁਤ ਸਾਰੇ ਲੋਕ ਇੰਨੇ ਨਿਰਾਸ਼ ਕਿਉਂ ਹੋ ਜਾਂਦੇ ਹਨ। ਇਸ ਵਿਚ ਲਿਖਿਆ ਹੈ ਕਿ ਅਸੀਂ ਅਜਿਹੇ ਸਮੇਂ ਵਿਚ ਜੀ ਰਹੇ ਹਾਂ ਜੋ ‘ਮੁਸੀਬਤਾਂ ਨਾਲ ਭਰਿਆ ਹੈ ਅਤੇ ਇਸ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੈ।’ ਲੋਕ ਜ਼ਿੰਦਗੀ ਦੀਆਂ ਮੁਸੀਬਤਾਂ ਦੇ ਬੋਝ ਹੇਠਾਂ ਦੱਬੇ ਹੋਏ ਮਹਿਸੂਸ ਕਰਦੇ ਹਨ। (2 ਤਿਮੋਥਿਉਸ 3:1; ਉਪਦੇਸ਼ਕ ਦੀ ਪੋਥੀ 7:7) ਜਦੋਂ ਇਨਸਾਨ ਜ਼ਿੰਦਗੀ ਦੀਆਂ ਚਿੰਤਾਵਾਂ ਨਾਲ ਘਿਰਿਆ ਰਹਿੰਦਾ ਹੈ, ਤਾਂ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਉਹ ਸ਼ਾਇਦ ਆਤਮ-ਹੱਤਿਆ ਕਰਨ ਬਾਰੇ ਸੋਚੇ। ਇਸ ਤਰ੍ਹਾਂ ਦੇ ਖ਼ਿਆਲ ਆਉਣ ਤੇ ਤੁਸੀਂ ਕੀ ਕਰ ਸਕਦੇ ਹੋ?

ਤੁਸੀਂ ਇਕੱਲੇ ਨਿਰਾਸ਼ਾ ਨਾਲ ਨਹੀਂ ਘਿਰੇ!

ਭਾਵੇਂ ਤੁਹਾਨੂੰ ਲੱਗੇ ਕਿ ਤੁਹਾਡੇ ਹਾਲਾਤ ਬਹੁਤ ਹੀ ਖ਼ਰਾਬ ਹਨ, ਪਰ ਯਾਦ ਰੱਖੋ ਕਿ ਤੁਸੀਂ ਇਕੱਲੇ ਨਿਰਾਸ਼ਾ ਨਾਲ ਘਿਰੇ ਹੋਏ ਨਹੀਂ ਹੋ। ਅਫ਼ਸੋਸ ਦੀ ਗੱਲ ਹੈ ਕਿ ਤਕਰੀਬਨ ਹਰ ਇਨਸਾਨ ਕਿਸੇ-ਨਾ-ਕਿਸੇ ਮੁਸ਼ਕਲ ਨਾਲ ਸਿੱਝ ਰਿਹਾ ਹੈ। ਬਾਈਬਲ ਕਹਿੰਦੀ ਹੈ: “ਸਾਰੀ ਸ੍ਰਿਸ਼ਟੀ ਮਿਲ ਕੇ ਹਉਕੇ ਭਰ ਰਹੀ ਹੈ ਅਤੇ ਹੁਣ ਤਕ ਦੁੱਖ ਝੱਲ ਰਹੀ ਹੈ।” (ਰੋਮੀਆਂ 8:22) ਹੁਣ ਸ਼ਾਇਦ ਤੁਹਾਨੂੰ ਲੱਗੇ ਕਿ ਤੁਹਾਡੀ ਮੁਸ਼ਕਲ ਕਦੇ ਹੱਲ ਨਹੀਂ ਹੋਵੇਗੀ, ਪਰ ਸਮੇਂ ਦੇ ਬੀਤਣ ਨਾਲ ਹਾਲਾਤ ਅਕਸਰ ਸੁਧਰ ਜਾਂਦੇ ਹਨ। ਪਰ ਇਸ ਵੇਲੇ ਤੁਹਾਡੀ ਕਿਹੜੀ ਗੱਲ ਮਦਦ ਕਰ ਸਕਦੀ ਹੈ?

ਕਿਸੇ ਸਮਝਦਾਰ ਤੇ ਭਰੋਸੇਯੋਗ ਦੋਸਤ ਨਾਲ ਆਪਣੇ ਜਜ਼ਬਾਤ ਸਾਂਝੇ ਕਰੋ। ਬਾਈਬਲ ਕਹਿੰਦੀ ਹੈ: “ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।” (ਕਹਾਉਤਾਂ 17:17) ਬਾਈਬਲ ਵਿਚ ਅੱਯੂਬ ਨਾਂ ਦੇ ਧਰਮੀ ਬੰਦੇ ਦੀ ਗੱਲ ਕੀਤੀ ਹੈ ਜਿਸ ਨੇ ਆਪਣੇ ਦੁੱਖ ਦੇ ਵੇਲੇ ਦੂਜਿਆਂ ਨਾਲ ਦਿਲ ਖੋਲ੍ਹ ਕੇ ਗੱਲ ਕੀਤੀ ਸੀ। ਜਦੋਂ ਉਹ ਆਪਣੀ ਜ਼ਿੰਦਗੀ ਤੋਂ ਤੰਗ ਆ ਗਿਆ ਸੀ, ਤਾਂ ਉਸ ਨੇ ਕਿਹਾ: “ਮੈਂ ਆਪਣੇ ਗਿਲੇ ਨੂੰ ਖੋਲ੍ਹ ਕੇ ਦੱਸਾਂਗਾ, ਮੈਂ ਆਪਣੀ ਜਾਨ ਦੀ ਕੁੜੱਤਣ ਵਿੱਚ ਬੋਲਾਂਗਾ!” (ਅੱਯੂਬ 10:1) ਜਦੋਂ ਅਸੀਂ ਦੂਜਿਆਂ ਨੂੰ ਆਪਣਾ ਹਮਰਾਜ਼ ਬਣਾਉਂਦੇ ਹਾਂ, ਤਾਂ ਦਿਲ ਹਲਕਾ ਹੋ ਜਾਂਦਾ ਹੈ ਅਤੇ ਸ਼ਾਇਦ ਆਪਣੀਆਂ ਮੁਸ਼ਕਲਾਂ ਬਾਰੇ ਤੁਹਾਡਾ ਨਜ਼ਰੀਆ ਬਦਲ ਜਾਵੇ। *

ਦਿਲ ਖੋਲ੍ਹ ਕੇ ਪਰਮੇਸ਼ੁਰ ਨਾਲ ਗੱਲ ਕਰੋ। ਕੁਝ ਲੋਕਾਂ ਦੇ ਭਾਣੇ ਪ੍ਰਾਰਥਨਾ ਕਰਨ ਵਾਲਿਆਂ ਨੂੰ ਅਸਲੀ ਮਦਦ ਨਹੀਂ ਮਿਲਦੀ, ਉਹ ਸਿਰਫ਼ ਆਪਣੇ ਮਨ ਨੂੰ ਤਸੱਲੀ ਦੇਣ ਲਈ ਹੀ ਪ੍ਰਾਰਥਨਾ ਕਰਦੇ ਹਨ, ਪਰ ਬਾਈਬਲ ਇਸ ਗੱਲ ਨਾਲ ਸਹਿਮਤ ਨਹੀਂ। ਜ਼ਬੂਰ 65:2 ਵਿਚ ਯਹੋਵਾਹ ਪਰਮੇਸ਼ੁਰ ਨੂੰ ‘ਪ੍ਰਾਰਥਨਾ ਦਾ ਸੁਣਨ ਵਾਲਾ’ ਕਿਹਾ ਗਿਆ ਹੈ ਅਤੇ 1 ਪਤਰਸ 5:7 ਕਹਿੰਦਾ ਹੈ: “ਉਸ ਨੂੰ ਤੁਹਾਡਾ ਫ਼ਿਕਰ ਹੈ।” ਬਾਈਬਲ ਵਿਚ ਵਾਰ-ਵਾਰ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਪਰਮੇਸ਼ੁਰ ’ਤੇ ਭਰੋਸਾ ਰੱਖੋ। ਮਿਸਾਲ ਲਈ:

“ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।”ਕਹਾਉਤਾਂ 3:5, 6.

“[ਯਹੋਵਾਹ] ਆਪਣਾ ਭੈ ਮੰਨਣ ਵਾਲਿਆਂ ਦੀ ਇੱਛਿਆ ਪੂਰੀ ਕਰੇਗਾ, ਅਤੇ ਉਨ੍ਹਾਂ ਦੀ ਦੁਹਾਈ ਨੂੰ ਸੁਣੇਗਾ ਤੇ ਉਨ੍ਹਾਂ ਨੂੰ ਬਚਾਵੇਗਾ।”ਜ਼ਬੂਰਾਂ ਦੀ ਪੋਥੀ 145:19.

“ਸਾਨੂੰ ਭਰੋਸਾ ਹੈ ਕਿ ਅਸੀਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਪ੍ਰਾਰਥਨਾ ਵਿਚ ਜੋ ਵੀ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ।”1 ਯੂਹੰਨਾ 5:14.

“ਦੁਸ਼ਟਾਂ ਕੋਲੋਂ ਯਹੋਵਾਹ ਦੂਰ ਹੈ, ਪਰ ਉਹ ਧਰਮੀਆਂ ਦੀ ਪ੍ਰਾਰਥਨਾ ਸੁਣਦਾ ਹੈ।”ਕਹਾਉਤਾਂ 15:29.

ਜੇ ਤੁਸੀਂ ਪਰਮੇਸ਼ੁਰ ਨੂੰ ਆਪਣੀਆਂ ਮੁਸ਼ਕਲਾਂ ਬਾਰੇ ਦੱਸੋ, ਤਾਂ ਉਹ ਜ਼ਰੂਰ ਤੁਹਾਡੀ ਮਦਦ ਕਰੇਗਾ। ਇਸ ਲਈ ਬਾਈਬਲ ਹੱਲਾਸ਼ੇਰੀ ਦਿੰਦੀ ਹੈ ਕਿ ਤੁਸੀਂ “ਹਰ ਵੇਲੇ ਉਸ ਉੱਤੇ ਭਰੋਸਾ ਰੱਖੋ, ਆਪਣਾ ਮਨ ਉਹ ਦੇ ਅੱਗੇ ਖੋਲ੍ਹ ਦਿਓ।”—ਜ਼ਬੂਰਾਂ ਦੀ ਪੋਥੀ 62:8.

ਜਦੋਂ ਡਾਕਟਰੀ ਮਦਦ ਦੀ ਲੋੜ ਪਵੇ

ਕੀਤੇ ਗਏ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਜ਼ਿਆਦਾਤਰ ਲੋਕ ਜੋ ਆਪਣੀ ਜਾਨ ਲੈਂਦੇ ਹਨ, ਉਹ ਲੰਬੇ ਸਮੇਂ ਤੋਂ ਡਿਪਰੈਸ਼ਨ ਦੇ ਸ਼ਿਕਾਰ ਹੁੰਦੇ ਹਨ। * ਇਸ ਤੋਂ ਜ਼ਾਹਰ ਹੁੰਦਾ ਹੈ ਕਿ ਇਸ ਹਾਲਤ ਵਿਚ ਸ਼ਾਇਦ ਡਾਕਟਰੀ ਮਦਦ ਲੈਣ ਦੀ ਲੋੜ ਪਵੇ। ਡਾਕਟਰ ਸ਼ਾਇਦ ਕੋਈ ਦਵਾਈ ਦੇਵੇ ਜਾਂ ਖਾਣ-ਪੀਣ ਵਿਚ ਕੁਝ ਫੇਰ-ਬਦਲ ਕਰਨ ਦੀ ਸਲਾਹ ਦੇਵੇ। ਕੁਝ ਮਰੀਜ਼ਾਂ ਨੂੰ ਦਵਾਈ ਦੇ ਨਾਲ-ਨਾਲ ਸ਼ਾਇਦ ਕਸਰਤ ਕਰਨ ਨਾਲ ਵੀ ਫ਼ਰਕ ਪਵੇ। ਡਾਕਟਰ ਦੀ ਮਦਦ ਲੈਣ ਨਾਲ ਕਈਆਂ ਨੂੰ ਫ਼ਾਇਦਾ ਹੋਇਆ ਹੈ। *

ਬਾਈਬਲ ਵਿਚ ਕਾਫ਼ੀ ਜਾਣਕਾਰੀ ਪਾਈ ਜਾਂਦੀ ਹੈ ਜਿਸ ਤੋਂ ਤੁਹਾਨੂੰ ਸਹਾਰਾ ਅਤੇ ਉਮੀਦ ਦੀ ਕਿਰਨ ਮਿਲ ਸਕਦੀ ਹੈ। ਮਿਸਾਲ ਲਈ, ਪ੍ਰਕਾਸ਼ ਦੀ ਕਿਤਾਬ 21:4 ਵਿਚ ਯਹੋਵਾਹ ਪਰਮੇਸ਼ੁਰ ਬਾਰੇ ਕਿਹਾ ਗਿਆ ਹੈ: “ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਪੁਰਾਣੀਆਂ ਗੱਲਾਂ ਖ਼ਤਮ ਹੋ ਚੁੱਕੀਆਂ ਹਨ।” ਇਹ ਪਰਮੇਸ਼ੁਰ ਦਾ ਵਾਅਦਾ ਹੈ ਅਤੇ ਇਸ ਉੱਤੇ ਸੋਚ-ਵਿਚਾਰ ਕਰਨ ਨਾਲ ਬਹੁਤ ਰਾਹਤ ਮਿਲ ਸਕਦੀ ਹੈ।

ਯਹੋਵਾਹ ਦੇ ਗਵਾਹ ਬਾਈਬਲ ਦੀ ਇਸ ਉਮੀਦ ਨੂੰ ਦੁਨੀਆਂ ਭਰ ਵਿਚ ਲੱਖਾਂ ਹੀ ਲੋਕਾਂ ਨਾਲ ਸਾਂਝੀ ਕਰ ਰਹੇ ਹਨ। ਨਤੀਜੇ ਵਜੋਂ, ਬਹੁਤ ਸਾਰਿਆਂ ਲੋਕਾਂ ਨੂੰ ਇਨ੍ਹਾਂ ਦੁੱਖਾਂ ਭਰੇ ਸਮਿਆਂ ਵਿਚ ਅਸਲੀ ਉਮੀਦ ਮਿਲ ਰਹੀ ਹੈ। ਹੋਰ ਜਾਣਕਾਰੀ ਲਈ, ਆਪਣੇ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਜਾਓ ਜਾਂ ਇਸ ਰਸਾਲੇ ਦੇ ਸਫ਼ਾ 5 ’ਤੇ ਦਿੱਤੇ ਢੁਕਵੇਂ ਪਤੇ ਤੇ ਲਿਖੋ। ਇਸ ਦੇ ਨਾਲ-ਨਾਲ ਤੁਸੀਂ ਸਾਡੀ ਵੈੱਬ-ਸਾਈਟ ਵੀ ਦੇਖ ਸਕਦੇ ਹੋ www.watchtower.org. (g12-E 01)

[ਫੁਟਨੋਟ]

^ ਪੈਰਾ 5 ਕੁਝ ਲੋਕਾਂ ਨੇ ਆਤਮ-ਹੱਤਿਆ ਰੋਕਥਾਮ ਸੈਂਟਰ ਜਾਂ ਕਿਸੇ ਮਾਨਸਿਕ ਸਿਹਤ ਸੈਂਟਰ ਨੂੰ ਫ਼ੋਨ ਕਰ ਕੇ ਮਦਦ ਲਈ ਹੈ।

^ ਪੈਰਾ 13 ਡਿਪਰੈਸ਼ਨ ਬਾਰੇ ਹੋਰ ਜਾਣਕਾਰੀ ਲਈ ਜਾਗਰੂਕ ਬਣੋ! ਅਕਤੂਬਰ-ਦਸੰਬਰ 2009, ਸਫ਼ੇ 3-9 ਦੇਖੋ।

^ ਪੈਰਾ 13 ਜਾਗਰੂਕ ਬਣੋ! ਰਸਾਲਾ ਇਹ ਨਹੀਂ ਦੱਸਦਾ ਕਿ ਤੁਹਾਨੂੰ ਕਿਹੜਾ ਇਲਾਜ ਕਰਵਾਉਣਾ ਚਾਹੀਦਾ ਹੈ ਜਾਂ ਕਿਹੜਾ ਨਹੀਂ। ਹਰ ਵਿਅਕਤੀ ਨੂੰ ਆਪ ਸੋਚ-ਸਮਝ ਕੇ ਫ਼ੈਸਲਾ ਕਰਨ ਦੀ ਲੋੜ ਹੈ ਕਿ ਉਹ ਕਿਹੜਾ ਇਲਾਜ ਕਰਾਵੇਗਾ।

[ਸਫ਼ਾ 14 ਉੱਤੇ ਡੱਬੀ]

ਬਾਈਬਲ ਤੋਂ ਮਦਦ

● “ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਹਰ ਗੱਲ ਵਿਚ ਪਰਮੇਸ਼ੁਰ ਨੂੰ ਪ੍ਰਾਰਥਨਾ, ਫ਼ਰਿਆਦ, ਧੰਨਵਾਦ ਤੇ ਬੇਨਤੀ ਕਰੋ; ਅਤੇ ਪਰਮੇਸ਼ੁਰ ਦੀ ਸ਼ਾਂਤੀ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ, ਮਸੀਹ ਯਿਸੂ ਦੇ ਰਾਹੀਂ ਤੁਹਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ।”—ਫ਼ਿਲਿੱਪੀਆਂ 4:6, 7.

● “ਮੈਂ ਯਹੋਵਾਹ ਨੂੰ ਭਾਲਿਆ ਅਤੇ ਉਸ ਨੇ ਮੈਨੂੰ ਉੱਤਰ ਦਿੱਤਾ, ਅਤੇ ਮੇਰਿਆਂ ਸਭਨਾਂ ਭੈਜਲਾਂ ਤੋਂ ਮੈਨੂੰ ਛੁਡਾਇਆ।”—ਜ਼ਬੂਰਾਂ ਦੀ ਪੋਥੀ 34:4.

● “ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ ਆਤਮਾਂ ਵਾਲਿਆਂ ਨੂੰ ਬਚਾਉਂਦਾ ਹੈ।”—ਜ਼ਬੂਰਾਂ ਦੀ ਪੋਥੀ 34:18.

● “ਉਹ ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ, ਅਤੇ ਉਨ੍ਹਾਂ ਦੇ ਸੋਗਾਂ ਉੱਤੇ ਪੱਟੀ ਬੰਨ੍ਹਦਾ ਹੈ।”—ਜ਼ਬੂਰਾਂ ਦੀ ਪੋਥੀ 147:3.

[ਸਫ਼ਾ 15 ਉੱਤੇ ਡੱਬੀ]

ਜੇ ਆਤਮ-ਹੱਤਿਆ ਕਰਨ ਬਾਰੇ ਤੁਹਾਡੇ ਮਨ ਵਿਚ ਖ਼ਿਆਲ ਆਉਂਦੇ ਹਨ . . .

ਕਿਸੇ ਭਰੋਸੇਯੋਗ ਦੋਸਤ ਨਾਲ ਆਪਣੇ ਜਜ਼ਬਾਤ ਸਾਂਝੇ ਕਰੋ

ਦਿਲ ਖੋਲ੍ਹ ਕੇ ਪਰਮੇਸ਼ੁਰ ਨਾਲ ਗੱਲ ਕਰੋ

ਡਾਕਟਰੀ ਸਲਾਹ ਲਓ

[ਸਫ਼ਾ 16 ਉੱਤੇ ਡੱਬੀ/ਤਸਵੀਰ]

ਦੋਸਤਾਂ ਅਤੇ ਪਰਿਵਾਰ ਲਈ ਸਲਾਹ

ਪਰਿਵਾਰ ਦੇ ਮੈਂਬਰਾਂ ਅਤੇ ਨਜ਼ਦੀਕੀ ਦੋਸਤਾਂ ਨੂੰ ਅਕਸਰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਕਿ ਨਿਰਾਸ਼ ਵਿਅਕਤੀ ਆਤਮ-ਹੱਤਿਆ ਕਰਨ ਬਾਰੇ ਸੋਚ ਰਿਹਾ ਹੈ। ਫ਼ੌਰਨ ਕਦਮ ਚੁੱਕਣ ਨਾਲ ਉਸ ਦੀ ਜਾਨ ਬਚ ਸਕਦੀ ਹੈ! ਹਮਦਰਦੀ ਨਾਲ ਉਸ ਦੀ ਗੱਲ ਸੁਣੋ। ਮੰਨੋ ਕਿ ਉਹ ਸੱਚ-ਮੁੱਚ ਮੁਸ਼ਕਲਾਂ ਵਿੱਚੋਂ ਗੁਜ਼ਰ ਰਿਹਾ ਹੈ। ਬਾਈਬਲ ਕਹਿੰਦੀ ਹੈ: “ਨਿਰਾਸ਼ ਲੋਕਾਂ ਨੂੰ ਦਿਲਾਸਾ ਦਿਓ।” (1 ਥੱਸਲੁਨੀਕੀਆਂ 5:14) ਨਿਰਾਸ਼ ਵਿਅਕਤੀ ਨੂੰ ਮਦਦ ਲੈਣ ਲਈ ਤਾਕੀਦ ਕਰੋ ਅਤੇ ਜ਼ਰੂਰਤ ਪੈਣ ਤੇ ਦੇਖੋ ਕਿ ਉਸ ਨੂੰ ਲੋੜੀਂਦੀ ਮਦਦ ਮਿਲ ਰਹੀ ਹੈ।