Skip to content

Skip to table of contents

ਡੇਂਗੂ—ਫੈਲਦੀ ਜਾ ਰਹੀ ਬੀਮਾਰੀ

ਡੇਂਗੂ—ਫੈਲਦੀ ਜਾ ਰਹੀ ਬੀਮਾਰੀ

ਡੇਂਗੂ​—ਫੈਲਦੀ ਜਾ ਰਹੀ ਬੀਮਾਰੀ

‘ਏਮੀਲੀਆਨੋ ਜ਼ਾਪਤਾ ਟਾਊਨ ਕਾਂਸਲ ਹੈਲਥ ਬੋਰਡ ਦੇ ਸਹਿਯੋਗ ਨਾਲ ਮੋਰੇਲੋਸ ਪ੍ਰਾਂਤ ਦੀ ਹੈਲਥ ਸਰਵਿਸ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਨੂੰ ਸਰਟੀਫਿਕੇਟ ਦਿੰਦੀ ਹੈ ਕਿਉਂਕਿ ਗਵਾਹਾਂ ਨੇ ਮਿਲ ਕੇ ਇਸ ਜਗ੍ਹਾ ਨੂੰ ਸਾਫ਼-ਸੁਥਰਾ ਰੱਖਿਆ ਹੈ ਤਾਂਕਿ ਇੱਥੇ ਡੇਂਗੂ ਫੈਲਾਉਣ ਵਾਲੇ ਮੱਛਰ ਨਾ ਪਲ਼ਣ।’

ਮੈਕਸੀਕੋ ਦੇ ਅਧਿਕਾਰੀ ਬੀਮਾਰੀ ਫੈਲਾਉਣ ਵਾਲੇ ਮੱਛਰਾਂ ਕਾਰਨ ਬਹੁਤ ਚਿੰਤਿਤ ਹਨ। ਉਨ੍ਹਾਂ ਦੀ ਚਿੰਤਾ ਜਾਇਜ਼ ਹੈ ਕਿਉਂਕਿ ਇਹ ਪਰੇਸ਼ਾਨ ਕਰਨ ਵਾਲੇ ਛੋਟੇ-ਛੋਟੇ ਮੱਛਰ ਅਜਿਹਾ ਵਾਇਰਸ ਫੈਲਾਉਂਦੇ ਹਨ ਜਿਸ ਨਾਲ ਡੇਂਗੂ ਹੁੰਦਾ ਹੈ। 2010 ਵਿਚ ਮੈਕਸੀਕੋ ਵਿਚ 57,000 ਤੋਂ ਵੱਧ ਲੋਕ ਇਸ ਜਾਨਲੇਵਾ ਬੀਮਾਰੀ ਦੇ ਸ਼ਿਕਾਰ ਹੋਏ ਸਨ। ਮੈਕਸੀਕੋ ਉਨ੍ਹਾਂ 100 ਤੋਂ ਵੱਧ ਦੇਸ਼ਾਂ ਵਿੱਚੋਂ ਇਕ ਹੈ ਜਿੱਥੇ ਲੋਕਾਂ ਨੂੰ ਆਮ ਹੀ ਇਹ ਬੀਮਾਰੀ ਲੱਗਦੀ ਹੈ। ਅਸਲ ਵਿਚ ਵਿਸ਼ਵ ਸਿਹਤ ਸੰਗਠਨ ਨੇ ਹਾਲ ਹੀ ਵਿਚ ਅੰਦਾਜ਼ਾ ਲਾਇਆ ਹੈ ਕਿ ਦੁਨੀਆਂ ਭਰ ਵਿਚ ਹਰ ਸਾਲ ਸ਼ਾਇਦ ਪੰਜ ਕਰੋੜ ਲੋਕਾਂ ਨੂੰ ਡੇਂਗੂ ਹੁੰਦਾ ਹੈ ਤੇ ਦੁਨੀਆਂ ਦੀ ਆਬਾਦੀ ਦੇ ਲਗਭਗ 40ਫੀ ਸਦੀ ਹਿੱਸੇ ਨੂੰ ਡੇਂਗੂ ਹੋਣ ਦਾ ਖ਼ਤਰਾ ਹੈ। ਇਸ ਲਈ ਸਿਹਤ ਅਧਿਕਾਰੀਆਂ ਨੇ ਚਿੱਟੀਆਂ ਡੱਬੀਆਂ ਵਾਲੇ ਏਡੀਜ਼ ਏਜਿਪਟਾਈ ਮੱਛਰਾਂ ਨੂੰ ਖ਼ਤਮ ਕਰਨ ਲਈ ਪ੍ਰੋਗ੍ਰਾਮ ਚਲਾਏ ਹਨ। ਇਹ ਮੱਛਰ ਡੇਂਗੂ ਵਾਇਰਸ ਫੈਲਾਉਣ ਵਾਲਿਆਂ ਮੱਛਰਾਂ ਦੀ ਇਕ ਕਿਸਮ ਹੈ। *

ਡੇਂਗੂ ਦੀ ਬੀਮਾਰੀ ਗਰਮੀ ਅਤੇ ਹੁੰਮ ਵਿਚ ਜ਼ਿਆਦਾ ਫੈਲਦੀ ਹੈ, ਖ਼ਾਸ ਕਰਕੇ ਮੀਂਹ ਦੇ ਮੌਸਮ ਅਤੇ ਤੂਫ਼ਾਨ ਜਾਂ ਹੜ੍ਹ ਵਰਗੀਆਂ ਕੁਦਰਤੀ ਆਫ਼ਤਾਂ ਤੋਂ ਬਾਅਦ। ਇਸ ਦਾ ਕਾਰਨ ਇਹ ਹੈ ਕਿ ਮਾਦਾ ਏਡੀਜ਼ ਮੱਛਰ ਖੜ੍ਹੇ ਪਾਣੀ ਵਿਚ ਅੰਡੇ ਦਿੰਦੀ ਹੈ। * ਲਾਤੀਨੀ ਅਮਰੀਕਾ ਅਤੇ ਕੈਰੀਬੀਅਨ ਦੇ ਲੋਕ ਪਾਣੀ ਲਿਆ ਕੇ ਕੰਕਰੀਟ ਦੀਆਂ ਬਣੀਆਂ ਟੈਂਕੀਆਂ ਵਿਚ ਰੱਖਦੇ ਹਨ ਜਿਸ ਕਰਕੇ ਸਿਹਤ ਅਧਿਕਾਰੀਆਂ ਨੇ ਉਨ੍ਹਾਂ ਨੂੰ ਟੈਂਕੀਆਂ ਢੱਕ ਕੇ ਰੱਖਣ ਦੀ ਤਾਕੀਦ ਕੀਤੀ ਹੈ। ਇਸ ਤਰ੍ਹਾਂ ਟੈਂਕੀਆਂ ਵਿਚ ਮੱਛਰ ਪੈਦਾ ਨਹੀਂ ਹੁੰਦੇ। ਲੋਕ ਅਜਿਹੀ ਕਿਸੇ ਵੀ ਚੀਜ਼ ਨੂੰ ਆਪਣੇ ਵਿਹੜੇ ਵਿਚ ਨਹੀਂ ਰੱਖਦੇ ਜਿਸ ਵਿਚ ਪਾਣੀ ਖੜ੍ਹਾ ਹੋ ਸਕਦਾ ਹੈ ਜਿਵੇਂ ਪੁਰਾਣੇ ਟਾਇਰ, ਡੱਬੇ, ਗਮਲੇ ਅਤੇ ਪਲਾਸਟਿਕ ਦੇ ਬਰਤਨ।

ਡੇਂਗੂ ਦੀ ਪਛਾਣ ਅਤੇ ਇਲਾਜ

ਕਈ ਵਾਰ ਫਲੂ ਵਰਗੇ ਲੱਛਣਾਂ ਨੂੰ ਦੇਖ ਕੇ ਪਤਾ ਨਹੀਂ ਲੱਗਦਾ ਕਿ ਕਿਸੇ ਨੂੰ ਡੇਂਗੂ ਹੋਇਆ ਹੈ। ਪਰ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਜੇ ਬੁਖ਼ਾਰ ਦੇ ਨਾਲ-ਨਾਲ ਤੁਹਾਡੀ ਚਮੜੀ ’ਤੇ ਦਾਣੇ ਨਿਕਲ ਆਉਂਦੇ ਹਨ, ਅੱਖਾਂ ਪਿੱਛੇ ਦਰਦ ਹੁੰਦਾ ਹੈ, ਮਾਸ-ਪੇਸ਼ੀਆਂ ਦਰਦ ਕਰਦੀਆਂ ਹਨ ਅਤੇ ਜੋੜਾਂ ਵਿਚ ਬਹੁਤ ਦਰਦ ਹੁੰਦਾ ਹੈ, ਤਾਂ ਸਮਝੋ ਤੁਹਾਨੂੰ ਡੇਂਗੂ ਹੈ। ਇਸੇ ਕਰਕੇ ਇਸ ਨੂੰ ਹੱਡੀ ਤੋੜ ਬੁਖ਼ਾਰ ਕਿਹਾ ਜਾਂਦਾ ਹੈ। ਇਹ ਬੁਖ਼ਾਰ ਪੰਜ ਤੋਂ ਸੱਤ ਦਿਨਾਂ ਤਕ ਰਹਿੰਦਾ ਹੈ।

ਡਾਕਟਰਾਂ ਨੂੰ ਹਾਲੇ ਡੇਂਗੂ ਦਾ ਇਲਾਜ ਨਹੀਂ ਮਿਲਿਆ, ਪਰ ਜ਼ਿਆਦਾਤਰ ਮਰੀਜ਼ ਘਰ ਵਿਚ ਆਰਾਮ ਕਰ ਕੇ ਅਤੇ ਬਹੁਤ ਸਾਰਾ ਪਾਣੀ ਤੇ ਹੋਰ ਤਰਲ ਪੀ ਕੇ ਆਪਣਾ ਇਲਾਜ ਕਰ ਸਕਦੇ ਹਨ। ਪਰ ਮਰੀਜ਼ਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਡੇਂਗੂ ਬੁਖ਼ਾਰ ਤੋਂ ਬਾਅਦ ਉਨ੍ਹਾਂ ਨੂੰ ਹੈਮੋਰਿਕ ਫੀਵਰ ਜਾਂ ਡੇਂਗੂ ਸ਼ਾਕ ਸਿੰਡ੍ਰੋਮ ਹੋ ਸਕਦਾ ਹੈ। ਇਹ ਜਾਨਲੇਵਾ ਬੀਮਾਰੀਆਂ ਸ਼ੁਰੂ-ਸ਼ੁਰੂ ਵਿਚ ਹੋਏ ਡੇਂਗੂ ਬੁਖ਼ਾਰ ਦੇ ਉਤਰਨ ਤੋਂ ਬਾਅਦ ਹੋ ਸਕਦੀਆਂ ਹਨ ਜਦੋਂ ਲੱਗਦਾ ਹੈ ਕਿ ਮਰੀਜ਼ ਠੀਕ ਹੋ ਰਿਹਾ ਹੈ। ਇਨ੍ਹਾਂ ਗੰਭੀਰ ਬੀਮਾਰੀਆਂ ਦੇ ਕਿਹੜੇ ਕੁਝ ਲੱਛਣ ਹਨ? ਢਿੱਡ ਵਿਚ ਅਸਹਿ ਦਰਦ, ਲਗਾਤਾਰ ਉਲਟੀਆਂ ਆਉਣੀਆਂ, ਨੱਕ ਅਤੇ ਬੁੱਟਾਂ ਵਿੱਚੋਂ ਲਹੂ ਵੱਗਣਾ, ਟੱਟੀ ਦਾ ਰੰਗ ਕਾਲਾ ਹੋਣਾ ਅਤੇ ਚਮੜੀ ਹੇਠਾਂ ਬੈਂਗਣੀ ਰੰਗ ਦੇ ਛਾਲੇ ਜਿਹੇ ਪੈ ਜਾਣੇ। ਇਸ ਦੇ ਨਾਲ-ਨਾਲ ਡੇਂਗੂ ਸ਼ਾਕ ਸਿੰਡ੍ਰੋਮ ਦੇ ਹੋਰ ਵੀ ਲੱਛਣ ਹੋ ਸਕਦੇ ਹਨ ਜਿਵੇਂ ਬੇਚੈਨੀ, ਬਹੁਤ ਪਿਆਸ ਲੱਗਣੀ, ਚਮੜੀ ਪੀਲ਼ੀ ਤੇ ਠਰੀ-ਠਰੀ ਹੋਣੀ ਅਤੇ ਬਲੱਡ-ਪ੍ਰੈਸ਼ਰ ਬਹੁਤ ਘੱਟ ਜਾਣਾ।

ਅਫ਼ਸੋਸ ਦੀ ਗੱਲ ਹੈ ਕਿ ਐਂਟੀਬਾਇਓਟਿਕਸ ਨਾਲ ਡੇਂਗੂ ਦਾ ਇਲਾਜ ਨਹੀਂ ਹੋ ਸਕਦਾ ਕਿਉਂਕਿ ਡੇਂਗੂ ਬੈਕਟੀਰਿਆਈ ਇਨਫ਼ੈਕਸ਼ਨ ਨਾਲ ਨਹੀਂ ਹੁੰਦਾ, ਸਗੋਂ ਵਾਇਰਲ ਇਨਫ਼ੈਕਸ਼ਨ ਨਾਲ ਹੁੰਦਾ ਹੈ। ਨਾਲੇ ਮਰੀਜ਼ ਲਈ ਇਹ ਚੰਗੀ ਗੱਲ ਹੋਵੇਗੀ ਕਿ ਉਹ ਐਸਪ੍ਰੀਨ ਅਤੇ ਆਈਬਿਊਪਰੋਫ਼ਿਨ ਵਰਗੀਆਂ ਸੋਜ ਘਟਾਉਣ ਵਾਲੀਆਂ ਗੋਲੀਆਂ ਨਾ ਲੈਣ ਕਿਉਂਕਿ ਇਨ੍ਹਾਂ ਨਾਲ ਲਹੂ ਵਗਣ ਦਾ ਖ਼ਤਰਾ ਵਧ ਸਕਦਾ ਹੈ। ਡੇਂਗੂ ਵਾਇਰਸ ਚਾਰ ਕਿਸਮਾਂ ਦਾ ਹੁੰਦਾ ਹੈ ਅਤੇ ਡੇਂਗੂ ਇਕ ਤੋਂ ਜ਼ਿਆਦਾ ਵਾਰ ਹੋ ਸਕਦਾ ਹੈ।

ਜੇ ਤੁਹਾਨੂੰ ਡੇਂਗੂ ਹੋ ਜਾਵੇ, ਤਾਂ ਪੂਰਾ ਆਰਾਮ ਕਰੋ ਅਤੇ ਬਹੁਤ ਸਾਰੇ ਤਰਲ ਪੀਂਦੇ ਰਹੋ। ਇਸ ਦੇ ਨਾਲ-ਨਾਲ ਜਿੰਨਾ ਜ਼ਿਆਦਾ ਹੋ ਸਕੇ ਮੱਛਰਦਾਨੀ ਹੇਠਾਂ ਰਹੋ ਤਾਂਕਿ ਮੱਛਰ ਤੁਹਾਨੂੰ ਲੜ ਕੇ ਕਿਸੇ ਹੋਰ ਨੂੰ ਇਹ ਬੀਮਾਰੀ ਨਾ ਲਾ ਦੇਣ।

ਤੁਸੀਂ ਬੀਮਾਰੀ ਲੱਗਣ ਤੋਂ ਪਹਿਲਾਂ ਹੀ ਮੱਛਰਾਂ ਤੋਂ ਕਿਵੇਂ ਬਚ ਸਕਦੇ ਹੋ? ਲੰਬੀਆਂ ਬਾਹਾਂ ਵਾਲੇ ਕੱਪੜੇ ਪਾਓ, ਪੈਂਟਾਂ ਜਾਂ ਲੰਬੀਆਂ ਡਰੈੱਸਾਂ ਪਾਓ ਅਤੇ ਮੱਛਰਾਂ ਨੂੰ ਆਪਣੇ ਤੋਂ ਦੂਰ ਰੱਖਣ ਲਈ ਕਰੀਮਾਂ ਵਗੈਰਾ ਵਰਤੋ। ਭਾਵੇਂ ਕਿ ਮੱਛਰ ਤੁਹਾਨੂੰ ਦਿਨ ਵੇਲੇ ਕਿਸੇ ਵੀ ਸਮੇਂ ਲੜ ਸਕਦੇ ਹਨ, ਪਰ ਜ਼ਿਆਦਾਤਰ ਇਹ ਸੂਰਜ ਚੜ੍ਹਨ ਤੋਂ ਦੋ ਘੰਟੇ ਬਾਅਦ ਅਤੇ ਸੂਰਜ ਡੁੱਬਣ ਤੋਂ ਦੋ ਘੰਟੇ ਪਹਿਲਾਂ ਲੜਦੇ ਹਨ। ਨਾਲੇ ਜੇ ਤੁਸੀਂ ਮੱਛਰਦਾਨੀ ’ਤੇ ਸਪਰੇਅ ਕਰ ਕੇ ਇਸ ਹੇਠਾਂ ਸੌਵੋਂ, ਤਾਂ ਤੁਹਾਨੂੰ ਹੋਰ ਵੀ ਸੁਰੱਖਿਆ ਮਿਲੇਗੀ।

ਸਮਾਂ ਆਉਣ ਤੇ ਹੀ ਪਤਾ ਲੱਗੇਗਾ ਕਿ ਟੀਕਿਆਂ ਨਾਲ ਡੇਂਗੂ ਤੋਂ ਕੋਈ ਰਾਹਤ ਮਿਲ ਸਕਦੀ ਹੈ ਜਾਂ ਨਹੀਂ। ਆਖ਼ਰਕਾਰ ਪਰਮੇਸ਼ੁਰ ਦਾ ਰਾਜ ਹੀ ਡੇਂਗੂ ਅਤੇ ਹੋਰ ਸਾਰੀਆਂ ਬੀਮਾਰੀਆਂ ਨੂੰ ਪੂਰੀ ਤਰ੍ਹਾਂ ਖ਼ਤਮ ਕਰੇਗਾ। ਵਾਕਈ ਉਹ ਸਮਾਂ ਆ ਰਿਹਾ ਹੈ ਜਦੋਂ ਪਰਮੇਸ਼ੁਰ ਲੋਕਾਂ ਦੀਆਂ “ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਪੁਰਾਣੀਆਂ ਗੱਲਾਂ ਖ਼ਤਮ ਹੋ ਚੁੱਕੀਆਂ ਹਨ।”—ਪ੍ਰਕਾਸ਼ ਦੀ ਕਿਤਾਬ 21:3, 4. (g11-E 11)

[ਫੁਟਨੋਟ]

^ ਪੈਰਾ 3 ਕੁਝ ਦੇਸ਼ਾਂ ਵਿਚ ਦੂਸਰੇ ਮੱਛਰ ਵੀ ਜਿਵੇਂ ਏਡੀਜ਼ ਏਲਬੋ-ਪਿਕਟਸ ਡੇਂਗੂ ਵਾਇਰਸ ਫੈਲਾ ਸਕਦੇ ਹਨ।

^ ਪੈਰਾ 4 ਏਡੀਜ਼ ਮੱਛਰ ਆਮ ਤੌਰ ਤੇ ਅੰਡਿਆਂ ਤੋਂ 100-200 ਕੁ ਮੀਟਰ ਦੂਰ ਜਾਂਦੇ ਹਨ।

[ਸਫ਼ਾ 27 ਉੱਤੇ ਡਾਇਆਗ੍ਰਾਮ]

(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

ਉਨ੍ਹਾਂ ਚੀਜ਼ਾਂ ਨੂੰ ਚੈੱਕ ਕਰੋ ਜਿਨ੍ਹਾਂ ਵਿਚ ਮੱਛਰ ਪੈਦਾ ਹੁੰਦੇ ਹਨ

1. ਪੁਰਾਣੇ ਟਾਇਰ

2. ਪਰਨਾਲੇ

3. ਗਮਲੇ

4. ਪਲਾਸਟਿਕ ਦੇ ਬਰਤਨ

5. ਪੁਰਾਣੇ ਡੱਬੇ

ਮੱਛਰਾਂ ਤੋਂ ਸਰੀਰ ਨੂੰ ਢੱਕ ਕੇ ਰੱਖੋ

ੳ. ਲੰਬੀਆਂ ਬਾਹਾਂ ਵਾਲੇ ਕੱਪੜੇ, ਪੈਂਟਾਂ ਜਾਂ ਲੰਬੀਆਂ ਡਰੈੱਸਾਂ ਪਾਓ। ਮੱਛਰਾਂ ਨੂੰ ਆਪਣੇ ਤੋਂ ਦੂਰ ਰੱਖਣ ਲਈ ਕਰੀਮਾਂ ਵਗੈਰਾ ਵਰਤੋ

ਅ. ਮੱਛਰਦਾਨੀ ਹੇਠਾਂ ਸੌਵੋਂ

[ਸਫ਼ਾ 26 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Source: Courtesy Marcos Teixeira de Freitas