Skip to content

Skip to table of contents

ਬੇਈਮਾਨੀ ਕਰਨ ਦਾ ਦਬਾਅ

ਬੇਈਮਾਨੀ ਕਰਨ ਦਾ ਦਬਾਅ

ਬੇਈਮਾਨੀ ਕਰਨ ਦਾ ਦਬਾਅ

“ਕਾਰੋਬਾਰ ਵਿਚ ਈਮਾਨਦਾਰ ਹੋਣਾ ਬੀਤੇ ਜ਼ਮਾਨੇ ਦੀ ਗੱਲ ਸਮਝੀ ਜਾਂਦੀ ਹੈ। ਜਿਹੜੇ ਈਮਾਨਦਾਰ ਬਣਨ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨੇ ਅਸਫ਼ਲ ਹੋਣਾ ਹੀ ਹੋਣਾ ਹੈ।”—ਸਟੀਵਨ, ਯੂ. ਐੱਸ. ਏ.

ਕੀ ਤੁਸੀਂ ਇਸ ਨਿਰਾਸ਼ਾ ਭਰੀ ਗੱਲ ਨਾਲ ਸਹਿਮਤ ਹੋ? ਇਹ ਸੱਚ ਹੈ ਕਿ ਬੇਈਮਾਨੀ ਕਰਨ ਨਾਲ ਕੁਝ ਹੱਦ ਤਕ ਫ਼ਾਇਦਾ ਤਾਂ ਹੁੰਦਾ ਹੈ, ਪਰ ਥੋੜ੍ਹੇ ਸਮੇਂ ਲਈ ਹੀ ਹੁੰਦਾ ਹੈ। ਨਤੀਜੇ ਵਜੋਂ, ਜਿਹੜੇ ਈਮਾਨਦਾਰ ਹੋਣ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਉੱਤੇ ਹੇਠਾਂ ਦੱਸੀਆਂ ਗੱਲਾਂ ਕਰਨ ਦਾ ਕਾਫ਼ੀ ਦਬਾਅ ਆਉਂਦਾ ਹੈ।

ਲਾਲਚ: ਕੌਣ ਨਹੀਂ ਚਾਹੁੰਦਾ ਕਿ ਉਸ ਕੋਲ ਜ਼ਿਆਦਾ ਪੈਸਾ ਤੇ ਐਸ਼ੋ-ਆਰਾਮ ਦੀਆਂ ਚੀਜ਼ਾਂ ਹੋਣ? ਜਦੋਂ ਲੋਕਾਂ ਨੂੰ ਬੇਈਮਾਨੀ ਨਾਲ ਪੈਸਾ ਕਮਾਉਣ ਦਾ ਮੌਕਾ ਮਿਲਦਾ ਹੈ, ਤਾਂ ਉਨ੍ਹਾਂ ਲਈ ਨਾਂਹ ਕਰਨੀ ਮੁਸ਼ਕਲ ਹੋ ਸਕਦੀ ਹੈ।

● “ਮੇਰਾ ਕੰਮ ਆਪਣੀ ਕੰਪਨੀ ਵੱਲੋਂ ਦੂਜੀਆਂ ਕੰਪਨੀਆਂ ਨੂੰ ਕਾਨਟ੍ਰੈਕਟ ਦੇਣਾ ਹੈ। ਮੈਨੂੰ ਅਕਸਰ ਰਿਸ਼ਵਤ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਆਸਾਨੀ ਨਾਲ ਪੈਸਾ ਕਮਾਉਣ ਦਾ ਲਾਲਚ ਜ਼ਬਰਦਸਤ ਹੁੰਦਾ ਹੈ।”—ਫ੍ਰਾਂਜ਼, ਮੱਧ ਪੂਰਬ।

ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਦਾ ਦਬਾਅ: ਹਾਲ ਹੀ ਦੇ ਸਾਲਾਂ ਵਿਚ, ਦੁਨੀਆਂ ਭਰ ਦੀਆਂ ਕੰਪਨੀਆਂ ਨੂੰ ਆਰਥਿਕ ਮੰਦੀ ਦੇ ਦੌਰ ਵਿਚ ਜੱਦੋ-ਜਹਿਦ ਕਰਨੀ ਪਈ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਤੇਜ਼ੀ ਨਾਲ ਬਦਲ ਰਹੀ ਤਕਨਾਲੋਜੀ ਅਤੇ ਆਪਣੇ ਦੇਸ਼ ਤੇ ਦੁਨੀਆਂ ਭਰ ਵਿਚ ਹੋ ਰਹੇ ਮੁਕਾਬਲੇ ਨਾਲ ਵੀ ਸਿੱਝਣਾ ਪੈ ਰਿਹਾ ਹੈ। ਇਸ ਲਈ ਕਾਮਿਆਂ ਨੂੰ ਸ਼ਾਇਦ ਲੱਗੇ ਕਿ ਆਪਣੇ ਮਾਲਕਾਂ ਤੇ ਮੈਨੇਜਰ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਬੇਈਮਾਨੀ ਦਾ ਸਹਾਰਾ ਲੈਣਾ ਹੀ ਪੈਣਾ ਹੈ।

● “ਸਾਨੂੰ ਲੱਗਾ ਕਿ ਸਾਨੂੰ ਬੇਈਮਾਨੀ ਕਰਨੀ ਹੀ ਪੈਣੀ ਸੀ। . . . ਨਹੀਂ ਤਾਂ ਸਾਡੀ ਕੰਪਨੀ ਡੁੱਬ ਜਾਣੀ ਸੀ।”—ਰੇਨਾਡ ਸਿਕਾਚੈੱਕ, ਰਿਸ਼ਵਤ ਦੇ ਮਾਮਲੇ ਵਿਚ ਗਿਰਫ਼ਤਾਰ।—ਨਿਊਯਾਰਕ ਟਾਈਮਜ਼।

ਦੂਜਿਆਂ ਵੱਲੋਂ ਦਬਾਅ: ਨਾਲ ਦੇ ਕੰਮ ਕਰਨ ਵਾਲੇ ਜਾਂ ਗਾਹਕ ਸ਼ਾਇਦ ਕਦੇ-ਕਦੇ ਇਹ ਸਲਾਹ ਦੇਣ ਜਾਂ ਇੱਥੋਂ ਤਕ ਕਿ ਮੰਗ ਵੀ ਕਰਨ ਕਿ ਅਸੀਂ ਉਨ੍ਹਾਂ ਦੀਆਂ ਬੇਈਮਾਨੀ ਦੀਆਂ ਸਕੀਮਾਂ ਵਿਚ ਸ਼ਾਮਲ ਹੋ ਜਾਈਏ।

● “ਇਕ ਬਹੁਤ ਹੀ ਵੱਡੀ ਕੰਪਨੀ ਦਾ ਮੈਨੇਜਰ ਮੈਨੂੰ ਮਿਲਣ ਆਇਆ ਅਤੇ ਕਿਹਾ ਕਿ ਉਹ ਸਾਡੇ ਨਾਲ ਬਿਜ਼ਨਿਸ ਕਰਨਾ ਬੰਦ ਕਰ ਦੇਵੇਗਾ ਜੇ ਮੈਂ ਬਿਜ਼ਨਿਸ ਦੇ ਪੈਸਿਆਂ ਵਿੱਚੋਂ ਚੁੱਪ-ਚਪੀਤੇ ਉਸ ਨੂੰ ਕੁਝ ਹਿੱਸਾ ਨਾ ਦਿੱਤਾ।”—ਯੋਹਾਨ, ਦੱਖਣੀ ਅਫ਼ਰੀਕਾ।

ਸਭਿਆਚਾਰ: ਕੁਝ ਸਭਿਆਚਾਰਾਂ ਵਿਚ ਰੀਤ ਹੈ ਕਿ ਕਿਸੇ ਨਾਲ ਬਿਜ਼ਨਿਸ ਵਿਚ ਲੈਣ-ਦੇਣ ਕਰਦਿਆਂ ਇਕ-ਦੂਜੇ ਨੂੰ ਤੋਹਫ਼ੇ ਦਿੱਤੇ ਜਾਂਦੇ ਹਨ। ਪਰ ਤੋਹਫ਼ੇ ਦੇ ਸਾਈਜ਼ ਤੇ ਜਿਨ੍ਹਾਂ ਹਾਲਾਤਾਂ ਵਿਚ ਇਹ ਦਿੱਤਾ ਜਾਂਦਾ ਹੈ, ਉਨ੍ਹਾਂ ਨੂੰ ਦੇਖਦਿਆਂ ਇਹ ਫ਼ਰਕ ਕਰਨਾ ਮੁਸ਼ਕਲ ਹੋ ਸਕਦਾ ਹੈ ਕਿ ਇਹ ਤੋਹਫ਼ਾ ਹੈ ਜਾਂ ਰਿਸ਼ਵਤ। ਕਈਆਂ ਦੇਸ਼ਾਂ ਵਿਚ ਭ੍ਰਿਸ਼ਟ ਅਫ਼ਸਰ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਲੋਕਾਂ ਤੋਂ ਰਿਸ਼ਵਤ ਮੰਗਦੇ ਹਨ ਅਤੇ ਕੋਈ ਖ਼ਾਸ ਕੰਮ ਕਰਨ ਲਈ ਖ਼ੁਸ਼ੀ-ਖ਼ੁਸ਼ੀ ਪੈਸੇ ਲੈ ਲੈਂਦੇ ਹਨ।

● “ਟਿੱਪ ਅਤੇ ਰਿਸ਼ਵਤ ਵਿਚਕਾਰ ਫ਼ਰਕ ਦੇਖਣਾ ਹਮੇਸ਼ਾ ਹੀ ਔਖਾ ਹੁੰਦਾ ਹੈ।”—ਵਿਲੀਅਮ, ਕੋਲੰਬੀਆ।

ਮਾਹੌਲ: ਜਿਹੜੇ ਲੋਕ ਘੋਰ ਗ਼ਰੀਬੀ ਵਿਚ ਜਾਂ ਉਨ੍ਹਾਂ ਦੇਸ਼ਾਂ ਵਿਚ ਰਹਿੰਦੇ ਹਨ ਜਿੱਥੇ ਘਰੇਲੂ-ਯੁੱਧ ਹੁੰਦੇ ਹਨ, ਉਨ੍ਹਾਂ ’ਤੇ ਬੇਈਮਾਨੀ ਕਰਨ ਦਾ ਸਭ ਤੋਂ ਜ਼ਿਆਦਾ ਦਬਾਅ ਹੁੰਦਾ ਹੈ। ਅਜਿਹੇ ਮਾਹੌਲ ਵਿਚ ਜਿਹੜੇ ਧੋਖਾ ਜਾਂ ਚੋਰੀ ਨਹੀਂ ਕਰਦੇ, ਉਨ੍ਹਾਂ ਨੂੰ ਸ਼ਾਇਦ ਐਵੇਂ ਹੀ ਸਮਝਿਆ ਜਾਵੇ ਕਿਉਂਕਿ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਬੇਈਮਾਨੀ ਨਹੀਂ ਕਰਦੇ।

● “ਬੇਈਮਾਨੀ ਨੂੰ ਆਮ, ਜ਼ਰੂਰੀ ਅਤੇ ਠੀਕ ਸਮਝਿਆ ਜਾਂਦਾ ਹੈ ਜਦ ਤਕ ਤੁਸੀਂ ਫੜੇ ਨਹੀਂ ਜਾਂਦੇ।”—ਟੋਮਾਸੀ, ਕਾਂਗੋ ਕਿੰਸ਼ਾਸਾ।

ਈਮਾਨਦਾਰੀ ਕਿਵੇਂ ਘੱਟਦੀ ਜਾ ਰਹੀ ਹੈ

ਬੇਈਮਾਨ ਬਣਨ ਦੇ ਦਬਾਅ ਦਾ ਗਹਿਰਾ ਅਸਰ ਪੈਂਦਾ ਹੈ। ਆਸਟ੍ਰੇਲੀਆ ਵਿਚ ਕਾਰੋਬਾਰੀ ਮੈਨੇਜਰਾਂ ’ਤੇ ਕੀਤੇ ਗਏ ਸਰਵੇ ਤੋਂ ਜ਼ਾਹਰ ਹੋਇਆ ਹੈ ਕਿ 10 ਵਿੱਚੋਂ 9 ਜਣੇ ਸਮਝਦੇ ਹਨ ਕਿ ਰਿਸ਼ਵਤ ਲੈਣੀ ਅਤੇ ਭ੍ਰਿਸ਼ਟਾਚਾਰ “ਗ਼ਲਤ ਹਨ, ਪਰ ਇਸ ਤਰ੍ਹਾਂ ਕਰਨਾ ਮਜਬੂਰੀ ਹੈ।” ਜਿਨ੍ਹਾਂ ’ਤੇ ਸਰਵੇ ਕੀਤਾ ਗਿਆ ਸੀ, ਉਨ੍ਹਾਂ ਨੇ ਕਿਹਾ ਕਿ ਉਹ ਕਾਨਟ੍ਰੈਕਟ ਲੈਣ ਜਾਂ ਆਪਣੀ ਕੰਪਨੀ ਦੇ ਫ਼ਾਇਦੇ ਲਈ ਆਪਣੇ ਅਸੂਲਾਂ ਨੂੰ ਤੋੜਨ ਲਈ ਤਿਆਰ ਹਨ।

ਫਿਰ ਵੀ ਬੇਈਮਾਨੀ ਕਰਨ ਵਾਲੇ ਆਪਣੇ ਆਪ ਨੂੰ ਅਕਸਰ ਈਮਾਨਦਾਰ ਸਮਝਦੇ ਹਨ। ਪਰ ਉਹ ਕਿਵੇਂ ਕਹਿ ਸਕਦੇ ਹਨ ਕਿ ਉਹ ਈਮਾਨਦਾਰ ਹਨ ਜਦ ਉਹ ਬੇਈਮਾਨੀਆਂ ਕਰਦੇ ਹਨ? ਮਾਰਕੀਟ ਰਿਸਰਚ ਰਸਾਲਾ ਕਹਿੰਦਾ ਹੈ: “ਲੋਕ ਮੁਨਾਫ਼ਾ ਕਮਾਉਣ ਲਈ ਥੋੜ੍ਹੀ-ਬਹੁਤੀ ਬੇਈਮਾਨੀ ਤਾਂ ਕਰਦੇ ਹਨ, ਪਰ ਫਿਰ ਵੀ ਆਪਣੇ ਆਪ ਨੂੰ ਉਹ ਈਮਾਨਦਾਰ ਸਮਝਦੇ ਹਨ।” ਆਪਣੇ ਮਨ ਦੀ ਸ਼ਾਂਤੀ ਲਈ ਲੋਕ ਵੱਖੋ-ਵੱਖਰੇ ਬਹਾਨੇ ਬਣਾ ਕੇ ਸੋਚਦੇ ਹਨ ਕਿ ਬੇਈਮਾਨੀ ਕਰਨ ਵਿਚ ਕੋਈ ਹਰਜ਼ ਨਹੀਂ।

ਮਿਸਾਲ ਲਈ, ਲੋਕ ਬੇਈਮਾਨੀ ਲਈ ਅਜਿਹੇ ਸ਼ਬਦ ਇਸਤੇਮਾਲ ਕਰਦੇ ਹਨ ਜੋ ਸੁਣਨ ਨੂੰ ਇੰਨੇ ਬੁਰੇ ਨਹੀਂ ਲੱਗਦੇ। ਰਿਸ਼ਵਤ ਨੂੰ ਕਹਿ ਦਿੰਦੇ ਹਨ ਕਿ ਉਹ “ਚਾਹ-ਪਾਣੀ ਪਿਲਾਉਣਾ ਹੈ” ਜਾਂ ਫਟਾਫਟ ਕੰਮ ਕਰਵਾਉਣ ਲਈ “ਮੁੱਠੀ ਗਰਮ ਕਰਨੀ ਹੈ।” ਜਦੋਂ ਉਹ ਝੂਠ ਬੋਲਦੇ ਜਾਂ ਧੋਖਾ ਦਿੰਦੇ ਹਨ, ਤਾਂ ਉਹ ਕਹਿ ਦਿੰਦੇ ਹਨ ਕਿ ਫਟਾਫਟ ਕੰਮ ਕਰਾਉਣ ਜਾਂ ਮੁਕਾਬਲਾ ਕਰਨ ਲਈ ਇੱਦਾਂ ਕਰਨਾ ਪੈਂਦਾ ਹੈ।

ਦੂਸਰੇ ਲੋਕ ਬੇਈਮਾਨੀ ਕਰਨ ਦਾ ਬਹਾਨਾ ਬਣਾਉਣ ਲਈ ਆਪਣੇ ਮਨ ਵਿਚ ਈਮਾਨਦਾਰੀ ਦਾ ਮਤਲਬ ਬਦਲ ਲੈਂਦੇ ਹਨ। ਟੌਮ ਫਾਈਨੈਂਸ ਇੰਡਸਟਰੀ ਵਿਚ ਕੰਮ ਕਰਦਾ ਹੈ ਅਤੇ ਉਹ ਕਹਿੰਦਾ ਹੈ: “ਈਮਾਨਦਾਰੀ ਬਾਰੇ ਲੋਕਾਂ ਦਾ ਨਜ਼ਰੀਆ ਇਹ ਹੈ ਕਿ ਜਦ ਤਕ ਬੇਈਮਾਨੀ ਕਾਨੂੰਨ ਦੀਆਂ ਨਜ਼ਰਾਂ ਤੋਂ ਲੁਕੀ ਰਹਿੰਦੀ ਹੈ, ਤਦ ਤਕ ਸਭ ਕੁਝ ਚੱਲਦਾ ਹੈ।” ਡੇਵਿਡ, ਜੋ ਪਹਿਲਾਂ ਬਿਜ਼ਨਿਸ ਐਗਜ਼ੈਕਟਿਵ ਹੁੰਦਾ ਸੀ, ਕਹਿੰਦਾ ਹੈ: “ਜਦੋਂ ਬੇਈਮਾਨੀ ਦਾ ਪਰਦਾਫ਼ਾਸ਼ ਹੋ ਜਾਂਦਾ ਹੈ, ਤਾਂ ਇਸ ਨੂੰ ਚੰਗਾ ਨਹੀਂ ਸਮਝਿਆ ਜਾਂਦਾ। ਪਰ ਜੇ ਤੁਸੀਂ ਫੜੇ ਨਹੀਂ ਜਾਂਦੇ, ਤਾਂ ਬੇਈਮਾਨੀ ਕਰਨੀ ਠੀਕ ਹੈ। ਜਿਹੜੇ ਲੋਕ ਬੇਈਮਾਨੀ ਕਰ ਕੇ ਬਚ ਜਾਂਦੇ ਹਨ, ਉਨ੍ਹਾਂ ਨੂੰ ਬੜੇ ਹੁਸ਼ਿਆਰ ਸਮਝਿਆ ਜਾਂਦਾ ਹੈ।”

ਕਈ ਦਾਅਵਾ ਕਰਦੇ ਹਨ ਕਿ ਸਫ਼ਲ ਹੋਣ ਲਈ ਬੇਈਮਾਨੀ ਕਰਨੀ ਜ਼ਰੂਰੀ ਹੈ। ਚਿਰਾਂ ਤੋਂ ਬਿਜ਼ਨਿਸ ਕਰ ਰਹੇ ਇਕ ਬੰਦੇ ਨੇ ਕਿਹਾ: “ਮੁਕਾਬਲਾ ਕਰਨ ਵਾਲੇ ਲੋਕ ਅਕਸਰ ਕਹਿੰਦੇ ਹਨ ਕਿ ‘ਆਪਣਾ ਕੰਮ ਕੱਢਣ ਲਈ ਤੁਹਾਨੂੰ ਜੋ ਵੀ ਕਰਨਾ ਪਵੇ, ਠੀਕ ਹੈ।’” ਪਰ ਕੀ ਇਹ ਸੱਚ ਹੈ? ਜਾਂ ਕੀ ਬੇਈਮਾਨੀ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰਨ ਵਾਲੇ ਲੋਕ “ਝੂਠੀਆਂ ਦਲੀਲਾਂ ਨਾਲ ਆਪਣੇ ਆਪ ਨੂੰ ਧੋਖਾ” ਦੇ ਰਹੇ ਹਨ? (ਯਾਕੂਬ 1:22) ਅਗਲੇ ਲੇਖ ਵਿਚ ਦੇਖੋ ਕਿ ਈਮਾਨਦਾਰ ਬਣਨ ਦੇ ਕਿਹੜੇ ਫ਼ਾਇਦੇ ਹੁੰਦੇ ਹਨ। (g12-E 01)

[ਸਫ਼ਾ 5 ਉੱਤੇ ਸੁਰਖੀ]

“ਈਮਾਨਦਾਰੀ ਬਾਰੇ ਲੋਕਾਂ ਦਾ ਨਜ਼ਰੀਆ ਇਹ ਹੈ ਕਿ ਜਦ ਤਕ ਬੇਈਮਾਨੀ ਕਾਨੂੰਨ ਦੀਆਂ ਨਜ਼ਰਾਂ ਤੋਂ ਲੁਕੀ ਰਹਿੰਦੀ ਹੈ, ਤਦ ਤਕ ਸਭ ਕੁਝ ਚੱਲਦਾ ਹੈ”

[ਸਫ਼ਾ 5 ਉੱਤੇ ਤਸਵੀਰ]

ਕਈ ਦਾਅਵਾ ਕਰਦੇ ਹਨ ਕਿ ਸਫ਼ਲ ਹੋਣ ਲਈ ਬੇਈਮਾਨੀ ਕਰਨੀ ਜ਼ਰੂਰੀ ਹੈ