ਨੌਜਵਾਨ ਪੁੱਛਦੇ ਹਨ
ਮੈਂ ਇਸ ਤਰ੍ਹਾਂ ਕਿਉਂ ਕਿਹਾ?
ਇਹ ਲੇਖ ਇਹ ਜਾਣਨ ਵਿਚ ਮਦਦ ਕਰੇਗਾ ਕਿ
ਕਿਉਂ ਤੁਸੀਂ ਕਦੇ-ਕਦੇ ਗ਼ਲਤ ਗੱਲ ਕਹਿ ਦਿੰਦੇ ਹੋ
ਕੀ ਕਰੀਏ ਜਦੋਂ ਮੂੰਹੋਂ ਗੱਲ ਨਿਕਲ ਜਾਂਦੀ ਹੈ
ਕਿੱਦਾਂ ਜ਼ਬਾਨ ਨੂੰ ਲਗਾਮ ਦੇਈਏ
“ਆਮ ਤੌਰ ਤੇ ਤਾਂ ਮੈਂ ਆਪਣੀ ਜੀਭ ’ਤੇ ਕਾਬੂ ਰੱਖ ਸਕਦਾ ਹਾਂ। ਪਰ ਕਦੇ-ਕਦੇ ਮੂੰਹੋਂ ਗੱਲ ਨਿਕਲ ਜਾਂਦੀ ਹੈ ਤੇ ਬਾਅਦ ਵਿਚ ਮਨ ਕਰਦਾ ਕਿ ਮੈਂ ਕਿਤੇ ਗਾਇਬ ਹੋ ਜਾਵਾਂ!”
‘ਕਦੇ-ਕਦੇ ਮੈਂ ਅਜਿਹੀਆਂ ਗੱਲਾਂ ਕਹਿ ਦਿੰਦੀ ਹਾਂ ਜਿਨ੍ਹਾਂ ਬਾਰੇ ਸ਼ਾਇਦ ਦੂਸਰੇ ਸੋਚਦੇ ਤਾਂ ਹੋਣ, ਪਰ ਜੋ ਕਹਿਣੀਆਂ ਨਹੀਂ ਚਾਹੀਦੀਆਂ। ਫਿਰ ਮੈਂ ਸੋਚਦੀ ਹਾਂ, ਹਾਏ ਮੈਨੂੰ ਇੱਦਾਂ ਨਹੀਂ ਸੀ ਕਹਿਣਾ ਚਾਹੀਦਾ!’
ਕਿਉਂ ਇਸ ਤਰ੍ਹਾਂ ਹੁੰਦਾ ਹੈ
ਖ਼ਾਸ ਹਵਾਲਾ: “ਜੇ ਕੋਈ ਬੋਲਣ ਵਿਚ ਗ਼ਲਤੀ ਨਹੀਂ ਕਰਦਾ, ਤਾਂ ਉਹ ਮੁਕੰਮਲ ਇਨਸਾਨ ਹੈ।” (ਯਾਕੂਬ 3:2) ਇਸ ਦਾ ਕੀ ਮਤਲਬ ਹੈ? ਕੋਈ ਵੀ ਇਨਸਾਨ ਆਪਣੀ ਜ਼ਬਾਨ ਨੂੰ ਪੂਰੀ ਤਰ੍ਹਾਂ ਲਗਾਮ ਨਹੀਂ ਦੇ ਸਕਦਾ। ਅਨੈੱਟ * ਦੀ ਗੱਲ ਨਾਲ ਸ਼ਾਇਦ ਸਾਰੇ ਸਹਿਮਤ ਹੋਣ ਜਿਸ ਨੇ ਦੱਸਿਆ ਕਿ ਕਈ ਵਾਰ ਉਸ ਨੂੰ ਪਤਾ ਹੁੰਦਾ ਹੈ ਕਿ ਉਸ ਨੂੰ ਕਿਸੇ ਮਾਮਲੇ ਬਾਰੇ ਗੱਲ ਨਹੀਂ ਕਰਨੀ ਚਾਹੀਦੀ, ਪਰ ਫਿਰ ਵੀ ਉਸ ਕੋਲੋਂ ਰਹਿ ਨਹੀਂ ਹੁੰਦਾ ਅਤੇ ਗੱਲ ਕਰਦੀ-ਕਰਦੀ ਕੁਝ ਜ਼ਿਆਦਾ ਹੀ ਕਹਿ ਜਾਂਦੀ ਹੈ।
ਸੱਚੀ ਕਹਾਣੀ: “ਮੇਰੀ ਇਕ ਸਹੇਲੀ ਨੂੰ ਮੇਰੇ ਕੁਝ ਪੁਰਾਣੇ ਕੱਪੜੇ ਪਸੰਦ ਆਏ। ਮੈਂ ਬਿਨਾਂ ਸੋਚੇ ਕਹਿ ਦਿੱਤਾ ਕਿ ‘ਮੈਨੂੰ ਨਹੀਂ ਲੱਗਦਾ ਕਿ ਇਹ ਤੇਰੇ ਆਉਣਗੇ।’ ਉਸ ਨੇ ਜਵਾਬ ਦਿੱਤਾ, ‘ਤੇਰਾ ਕੀ ਕਹਿਣ ਦਾ ਮਤਲਬ ਹੈ, ਮੈਂ ਮੋਟੀ ਹਾਂ?’”—ਕੋਰੀਨ।
ਇਹ ਸਮਝਣ ਲਈ ਕਿ ਤੁਹਾਡੇ ਮੂੰਹੋਂ ਕਦੇ-ਕਦੇ ਫਟਾਫਟ ਗੱਲ ਕਿਉਂ ਨਿਕਲ ਜਾਂਦੀ ਹੈ, ਹੇਠਾਂ ਦੱਸੀਆਂ ਗੱਲਾਂ ’ਤੇ ਚੱਲ ਕੇ ਦੇਖੋ।
● ਆਪਣੀ ਕਮਜ਼ੋਰੀ ਪਛਾਣੋ।
․․․․․ ਮੈਂ ਗੁੱਸੇ ਵਿਚ ਆ ਕੇ ਬੋਲਦਾ ਹਾਂ
․․․․․ ਮੈਂ ਬਿਨਾਂ ਸੋਚੇ-ਸਮਝੇ ਗੱਲ ਕਰਦਾ ਹਾਂ
․․․․․ ਮੈਂ ਬਿਨਾਂ ਸੁਣੇ ਗੱਲ ਕਰਦਾ ਹਾਂ
․․․․․ ਹੋਰ
ਮਿਸਾਲ: “ਮੈਨੂੰ ਮਜ਼ਾਕ ਕਰਨ ਦੀ ਬਹੁਤ ਆਦਤ ਹੈ ਅਤੇ ਕਦੇ-ਕਦੇ ਲੋਕ ਮੇਰੀ ਗੱਲ ਦਾ ਗ਼ਲਤ ਮਤਲਬ ਕੱਢ ਬੈਠਦੇ ਹਨ।”—ਅਲੈਕਸਿਸ।
● ਦੇਖੋ ਕਿ ਕਿਸ ਨਾਲ ਗੱਲ ਕਰਦਿਆਂ ਤੁਹਾਡੇ ਮੂੰਹੋਂ ਗੱਲ ਨਿਕਲ ਜਾਂਦੀ ਹੈ।
․․․․․ ਮੰਮੀ-ਡੈਡੀ
․․․․․ ਭੈਣ-ਭਰਾ
․․․․․ ਦੋਸਤ
․․․․․ ਹੋਰ
ਮਿਸਾਲ: “ਅਫ਼ਸੋਸ ਦੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਨਾਲ ਮੈਂ ਜ਼ਿਆਦਾ ਪਿਆਰ ਕਰਦੀ ਹਾਂ, ਉਨ੍ਹਾਂ ਨੂੰ ਹੀ ਮੈਂ ਆਸਾਨੀ ਨਾਲ ਚੋਟ ਪਹੁੰਚਾ ਦਿੰਦੀ ਹਾਂ। ਮੇਰੇ ਖ਼ਿਆਲ ਵਿਚ ਮੈਂ ਉਨ੍ਹਾਂ ਨਾਲ ਬੇਝਿਜਕ ਹੋ ਕੇ ਗੱਲ ਕਰਦੀ ਹਾਂ, ਇਸ ਲਈ ਕੁਝ ਵੀ ਕਹਿ
ਦਿੰਦੀ ਹਾਂ।”—20 ਸਾਲਾਂ ਦੀ ਕ੍ਰਿਸਟੀਨ।ਕੀ ਕਰੀਏ ਜਦੋਂ ਮੂੰਹੋਂ ਗੱਲ ਨਿਕਲ ਜਾਂਦੀ ਹੈ
ਖ਼ਾਸ ਹਵਾਲਾ: ‘ਆਓ ਆਪਾਂ ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਰਹੀਏ।’ (ਰੋਮੀਆਂ 14:19) ਇਸ ਸਲਾਹ ਉੱਤੇ ਚੱਲਣ ਲਈ ਇਕ ਤਰੀਕਾ ਹੈ ਮਾਫ਼ੀ ਮੰਗਣੀ।
ਸੱਚੀ ਕਹਾਣੀ: “ਜਦੋਂ ਮੈਂ ਦਸਾਂ ਮਹੀਨਿਆਂ ਦੀ ਸੀ, ਤਾਂ ਮੇਰੀ ਮੰਮੀ ਗੁਜ਼ਰ ਗਈ ਅਤੇ ਮੈਂ ਆਪਣੇ ਡੈਡੀ ਨੂੰ ਤਾਂ ਕਦੇ ਦੇਖਿਆ ਹੀ ਨਹੀਂ ਹੈ। ਇਸ ਲਈ ਮੇਰੇ ਮਾਸੀ-ਮਾਸੜ ਨੇ ਹੀ ਮੈਨੂੰ ਪਾਲ਼ਿਆ ਹੈ। ਇਕ ਦਿਨ ਜਦੋਂ ਮੈਂ 10-11 ਕੁ ਸਾਲਾਂ ਦੀ ਸੀ, ਤਾਂ ਮੈਂ ਬਹੁਤ ਹੀ ਇਕੱਲੀ-ਇਕੱਲੀ ਮਹਿਸੂਸ ਕਰ ਰਹੀ ਸੀ। ਮੈਂ ਗੁੱਸੇ ਵਿਚ ਸੀ ਕਿ ਮੇਰੀ ਮੰਮੀ ਕਿਉਂ ਮਰ ਗਈ। ਮੇਰਾ ਜੀਅ ਕਰਦਾ ਸੀ ਕਿ ਮੈਂ ਇਸ ਦਾ ਕਿਸੇ ਨੂੰ ਦੋਸ਼ ਦੇਵਾਂ, ਇਸ ਲਈ ਜਦੋਂ ਮੇਰੀ ਮਾਸੀ ਨੇ ਕਿਸੇ ਕੰਮ ਵਿਚ ਮੇਰੀ ਮਦਦ ਮੰਗੀ, ਤਾਂ ਮੈਂ ਉਸ ਨੂੰ ਟੁੱਟ ਕੇ ਪਈ। ਫਿਰ ਮੈਂ ਉਸ ਨੂੰ ਕਿਹਾ, ‘ਮੈਂ ਤੇਰੇ ਨਾਲ ਨਫ਼ਰਤ ਕਰਦੀ ਹਾਂ’ ਅਤੇ ‘ਤੂੰ ਕਿਹੜੀ ਮੇਰੀ ਅਸਲੀ ਮੰਮੀ ਹੈਂ।’ ਮੇਰੀ ਮਾਸੀ ਹੈਰਾਨੀ ਨਾਲ ਮੇਰੇ ਮੂੰਹ ਵੱਲ ਦੇਖਦੀ ਰਹਿ ਗਈ। ਫਿਰ ਉਸ ਨੇ ਆਪਣੇ ਕਮਰੇ ਵਿਚ ਜਾ ਕੇ ਦਰਵਾਜ਼ਾ ਬੰਦ ਕਰ ਲਿਆ ਅਤੇ ਮੈਂ ਉਸ ਨੂੰ ਰੋਂਦੀ ਨੂੰ ਸੁਣਿਆ। ਮੈਨੂੰ ਬਹੁਤ ਹੀ ਬੁਰਾ ਲੱਗਾ। ਉਸ ਨੇ ਮੇਰੀ ਦੇਖ-ਭਾਲ ਕੀਤੀ ਸੀ ਅਤੇ ਮੇਰੇ ਲਈ ਸਭ ਕੁਝ ਕੀਤਾ ਸੀ, ਪਰ ਮੈਂ ਉਸ ਨਾਲ ਬਹੁਤ ਬੁਰਾ ਸਲੂਕ ਕੀਤਾ। ਮੇਰੇ ਮਾਸੜ ਨੇ ਇਸ ਬਾਰੇ ਮੇਰੇ ਨਾਲ ਗੱਲ ਕੀਤੀ ਅਤੇ ਮੈਨੂੰ ਬਾਈਬਲ ਵਿੱਚੋਂ ਹਵਾਲੇ ਦਿਖਾਏ ਕਿ ਮੈਂ ਆਪਣੀ ਜ਼ਬਾਨ ਨੂੰ ਕਿਵੇਂ ਕੰਟ੍ਰੋਲ ਕਰ ਸਕਦੀ ਹਾਂ। ਬਾਅਦ ਵਿਚ ਮੈਂ ਆਪਣੀ ਮਾਸੀ ਤੋਂ ਮਾਫ਼ੀ ਮੰਗੀ ਕਿਉਂਕਿ ਮੈਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਸੀ।”—ਕੈਰਨ।
ਹੇਠਾਂ ਇਕ ਕਾਰਨ ਲਿਖੋ ਜਿਸ ਕਰਕੇ ਸ਼ਾਇਦ ਤੁਹਾਨੂੰ ਮਾਫ਼ੀ ਮੰਗਣੀ ਮੁਸ਼ਕਲ ਲੱਗੇ।
․․․․․
ਮਾਫ਼ੀ ਮੰਗਣ ਨਾਲ ਤੁਹਾਨੂੰ ਖ਼ੁਸ਼ੀ ਕਿਉਂ ਹੋਵੇਗੀ?
․․․․․
ਮਦਦ: ਕਹਾਉਤਾਂ 11:2 ਅਤੇ ਮੱਤੀ 5:23, 24 ਵਿਚ ਦਿੱਤੇ ਗਏ ਸਿਧਾਂਤਾਂ ’ਤੇ ਗੌਰ ਕਰੋ।
ਚੰਗਾ ਹੋਵੇਗਾ ਜੇ ਤੁਸੀਂ ਪਹਿਲਾਂ ਹੀ ਸੋਚ-ਸਮਝ ਕੇ ਗੱਲ ਕਰੋ ਤਾਂਕਿ ਮਾਫ਼ੀ ਮੰਗਣ ਦੀ
ਨੌਬਤ ਹੀ ਨਾ ਆਵੇ। ਤੁਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹੋ?ਕਿੱਦਾਂ ਜ਼ਬਾਨ ਨੂੰ ਲਗਾਮ ਦੇਈਏ
ਖ਼ਾਸ ਹਵਾਲਾ: “ਹਰ ਕੋਈ ਸੁਣਨ ਲਈ ਤਿਆਰ ਰਹੇ, ਬੋਲਣ ਵਿਚ ਕਾਹਲੀ ਨਾ ਕਰੇ ਅਤੇ ਜਲਦੀ ਗੁੱਸਾ ਨਾ ਕਰੇ।” (ਯਾਕੂਬ 1:19) ਇੱਥੇ ਕੁਝ ਸੁਝਾਅ ਦਿੱਤੇ ਗਏ ਹਨ ਜੋ ਇਹ ਸਲਾਹ ਮੰਨਣ ਵਿਚ ਤੁਹਾਡੀ ਮਦਦ ਕਰਨਗੇ। (g12-E 01)
ਥੱਲੇ ਦਿੱਤੇ ਹਵਾਲਿਆਂ ਨੂੰ ਪੜ੍ਹੋ ਅਤੇ ਇਨ੍ਹਾਂ ਨੂੰ ਦਿੱਤੇ ਗਏ ਸੁਝਾਵਾਂ ਨਾਲ ਜੋੜੋ।
1 “ਆਪਣੇ ਬਾਰੇ ਬਹੁਤ ਜ਼ਿਆਦਾ ਨਾ ਸੋਚੋ। ਇਸ ਤਰ੍ਹਾਂ ਤੁਸੀਂ ਜਲਦੀ ਕਿਸੇ ਗੱਲ ਦਾ ਬੁਰਾ ਨਹੀਂ ਮਨਾਓਗੇ।”—ਡਾਨੈੱਟ।
2 “ਮੈਂ ਘੁੰਮਣ ਚਲੇ ਜਾਂਦੀ ਹਾਂ। ਇੱਦਾਂ ਥੋੜ੍ਹੀ ਦੇਰ ਵਾਸਤੇ ਇਕੱਲੀ ਹੋਣ ਨਾਲ ਮੇਰਾ ਗੁੱਸਾ ਠੰਢਾ ਹੋ ਜਾਂਦਾ ਹੈ।”—ਬ੍ਰੀਏਲ।
3 “ਛੋਟੀ ਹੁੰਦਿਆਂ ਮੈਂ ਸੋਚਦੀ ਹੁੰਦੀ ਸੀ ਕਿ ਮੇਰੀ ਹਰ ਗੱਲ ਵਿਚ ਜਿੱਤ ਹੋਣੀ ਚਾਹੀਦੀ ਹੈ ਤੇ ਮੈਂ ਰਾਈ ਦਾ ਪਹਾੜ ਬਣਾ ਲੈਂਦੀ ਸੀ। ਪਰ ਹੁਣ ਮੈਂ ਕਿਸੇ ਦੀ ਗੱਲ ਨੂੰ ਦਿਲ ’ਤੇ ਨਹੀਂ ਲਾਉਂਦੀ।”—ਸਿਲੀਆ।
4 “ਜੇ ਕੋਈ ਤੁਹਾਡੇ ’ਤੇ ਚਿਲਾ ਰਿਹਾ ਹੈ ਅਤੇ ਤੁਸੀਂ ਅੱਗੋਂ ਕੋਈ ਜਵਾਬ ਨਹੀਂ ਦਿੰਦੇ, ਤਾਂ ਉਹ ਬੰਦਾ ਆਪੇ ਬੋਲ-ਬੋਲ ਕੇ ਥੱਕ ਜਾਵੇਗਾ। ਤੁਸੀਂ ਬਸ ਧੀਰਜ ਰੱਖੋ। ਬਲ਼ਦੀ ’ਤੇ ਤੇਲ ਨਾ ਪਾਓ।”—ਕੈਰੀਨ।
5 “ਕਦੇ-ਕਦੇ ਮੈਂ ਕਿਸੇ ਨਾਲ ਨਾਰਾਜ਼ ਹੋ ਜਾਂਦਾ ਹਾਂ। ਮੇਰੇ ਮਨ ਵਿਚ ਤਾਂ ਗੱਲ ਹੁੰਦੀ ਹੈ ਕਿ ਮੈਂ ਉਸ ਨੂੰ ਕੀ ਕਹਿਣਾ ਹੈ, ਪਰ ਥੋੜ੍ਹਾ ਰੁਕਣ ਨਾਲ ਮੈਨੂੰ ਅਹਿਸਾਸ ਹੁੰਦਾ ਹੈ ਕਿ ਜੇ ਮੈਂ ਉਹ ਗੱਲ ਕਹਿ ਦਿੰਦਾ, ਤਾਂ ਇਸ ਦਾ ਕੋਈ ਫ਼ਾਇਦਾ ਨਹੀਂ ਸੀ ਹੋਣਾ। ਮੈਂ ਇਹੀ ਸਿੱਖਿਆ ਹੈ ਕਿ ਫਟਾਫਟ ਜਵਾਬ ਨਾ ਦਿਓ।”—ਚਾਰਲਜ਼।
“ਨੌਜਵਾਨ ਪੁੱਛਦੇ ਹਨ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ’ਤੇ ਦਿੱਤੇ ਗਏ ਹਨ: www.watchtower.org/ype
[ਫੁਟਨੋਟ]
^ ਪੈਰਾ 10 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।
[ਸਫ਼ਾ 18 ਉੱਤੇ ਡੱਬੀ/ਤਸਵੀਰਾਂ]
ਐਲੀ—ਕੁਝ ਕਹਿਣ ਤੋਂ ਪਹਿਲਾਂ ਮੈਂ ਆਪਣੇ ਆਪ ਤੋਂ ਇਹੋ ਜਿਹੇ ਸਵਾਲ ਪੁੱਛਦੀ ਹਾਂ: ‘ਇਹ ਗੱਲ ਕਹਿਣ ਦਾ ਕੋਈ ਫ਼ਾਇਦਾ ਹੋਵੇਗਾ? ਮੈਂ ਜੋ ਗੱਲ ਕਹਿਣ ਵਾਲੀ ਹਾਂ ਉਸ ਦਾ ਸੁਣਨ ਵਾਲੇ ’ਤੇ ਕੀ ਅਸਰ ਪਵੇਗਾ?’ ਜੇ ਤੁਹਾਨੂੰ ਪਤਾ ਨਹੀਂ ਕਿ ਇਹ ਗੱਲ ਕਹਿਣੀ ਚਾਹੀਦੀ ਹੈ ਜਾਂ ਨਹੀਂ, ਤਾਂ ਬਿਹਤਰ ਹੈ ਕਿ ਤੁਸੀਂ ਨਾ ਹੀ ਕਹੋ।
ਚੇਸ—ਜਦੋਂ ਮੈਂ ਕੁਝ ਕਹਿਣਾ ਚਾਹੁੰਦਾ ਹਾਂ, ਤਾਂ ਮੈਂ ਪਹਿਲਾਂ ਸੋਚਣ ਦੀ ਕੋਸ਼ਿਸ਼ ਕਰਦਾ ਹਾਂ ਕਿ ਇਸ ਦਾ ਦੂਜਿਆਂ ’ਤੇ ਕੀ ਅਸਰ ਪਵੇਗਾ। ਮੇਰੇ ਖ਼ਿਆਲ ਵਿਚ ਜਿੱਦਾਂ-ਜਿੱਦਾਂ ਮੈਂ ਵੱਡਾ ਹੁੰਦਾ ਜਾਂਦਾ ਹਾਂ, ਮੈਂ ਅੱਗੇ ਨਾਲੋਂ ਬਿਹਤਰ ਆਪਣੀ ਜ਼ਬਾਨ ਨੂੰ ਕੰਟ੍ਰੋਲ ਕਰ ਸਕਦਾ ਹਾਂ। ਤੁਸੀਂ ਆਪਣੇ ਤਜਰਬੇ ਤੋਂ ਇਸ ਤਰ੍ਹਾਂ ਕਰਨਾ ਸਿੱਖਦੇ ਹੋ।
[ਸਫ਼ਾ 19 ਉੱਤੇ ਡੱਬੀ]
ਕਿਉਂ ਨਾ ਆਪਣੇ ਮਾਪਿਆਂ ਤੋਂ ਪੁੱਛੋ?
ਯਾਕੂਬ ਨੇ ਲਿਖਿਆ ਸੀ ਕਿ ਨਾਮੁਕੰਮਲ ਹੋਣ ਕਰਕੇ “ਅਸੀਂ ਸਾਰੇ ਜਣੇ ਕਈ ਵਾਰ ਗ਼ਲਤੀਆਂ ਕਰਦੇ ਹਾਂ।” (ਯਾਕੂਬ 3:2) ਇਸ ਲਈ ਆਪਣੇ ਮਾਪਿਆਂ ਨਾਲ ਗੱਲ ਕਰੋ ਕਿ ਉਨ੍ਹਾਂ ਨੂੰ ਆਪਣੀ ਜ਼ਬਾਨ ਨੂੰ ਲਗਾਮ ਦੇਣ ਵਿਚ ਕਿਹੜੀਆਂ ਮੁਸ਼ਕਲਾਂ ਆਈਆਂ ਹਨ।
[ਸਫ਼ਾ 18 ਉੱਤੇ ਤਸਵੀਰ]
“ਇਕ ਵਾਰ ਤੁਸੀਂ ਟੁਥ-ਪੇਸਟ ਟਿਊਬ ਵਿੱਚੋਂ ਕੱਢ ਲੈਂਦੇ ਹੋ, ਤਾਂ ਤੁਸੀਂ ਉਸ ਨੂੰ ਦੁਬਾਰਾ ਟਿਊਬ ਵਿਚ ਵਾਪਸ ਨਹੀਂ ਪਾ ਸਕਦੇ। ਸਾਡੀਆਂ ਗੱਲਾਂ ਬਾਰੇ ਵੀ ਇਹ ਸੱਚ ਹੈ। ਇਕ ਵਾਰ ਜਦ ਅਸੀਂ ਠੇਸ ਪਹੁੰਚਾਉਣ ਵਾਲੀ ਗੱਲ ਕਹਿ ਦਿੰਦੇ ਹਾਂ, ਤਾਂ ਉਸ ਨੂੰ ਵਾਪਸ ਨਹੀਂ ਲੈ ਸਕਦੇ।”—ਜੇਮਜ਼।