ਰੱਬ ਨਾਲ ਦੋਸਤੀ ਕਰਨ ਵਿਚ ਇੰਨੀ ਦੇਰ ਨਹੀਂ ਹੋਈ
ਰੱਬ ਨਾਲ ਦੋਸਤੀ ਕਰਨ ਵਿਚ ਇੰਨੀ ਦੇਰ ਨਹੀਂ ਹੋਈ
ਓਲਾਵੀ ਜੇ. ਮਾਟਿਲਾ ਦੀ ਜ਼ਬਾਨੀ
“ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਸੀਂ ਸ੍ਰਿਸ਼ਟੀਕਰਤਾ ਬਾਰੇ ਸਹੀ ਗਿਆਨ ਹਾਸਲ ਕਰ ਸਕਦੇ ਹੋ?” ਯਹੋਵਾਹ ਦੇ ਇਕ ਗਵਾਹ ਨੇ ਮੇਰੇ ਤੋਂ ਇਹ ਸਵਾਲ ਪੁੱਛਿਆ ਅਤੇ ਮੈਂ ਸੋਚਾਂ ਵਿਚ ਪੈ ਗਿਆ। ਉਸ ਵੇਲੇ ਮੈਂ 80 ਸਾਲਾਂ ਦਾ ਸੀ ਅਤੇ ਮੈਂ ਕਈ ਵੱਡੇ-ਵੱਡੇ ਲੋਕਾਂ ਨੂੰ ਜਾਣਦਾ ਸੀ, ਇੱਥੋਂ ਤਕ ਕਿ ਰਾਜਨੀਤਿਕ ਆਗੂਆਂ ਨੂੰ ਵੀ। ਪਰ ਜ਼ਿੰਦਗੀ ਦੇ ਇਸ ਮੁਕਾਮ ’ਤੇ ਕੀ ਮੈਂ ਵਾਕਈ ਰੱਬ ਨੂੰ ਜਾਣ ਕੇ ਉਸ ਦਾ ਦੋਸਤ ਬਣ ਸਕਦਾ ਸੀ?
ਮੈਂ ਅਕਤੂਬਰ 1918 ਨੂੰ ਹਾਈਵਿੰਕਾ, ਫਿਨਲੈਂਡ ਵਿਚ ਪੈਦਾ ਹੋਇਆ ਸੀ। ਛੋਟੀ ਉਮਰ ਤੋਂ ਹੀ ਮੈਂ ਫਾਰਮ ’ਤੇ ਵੱਖੋ-ਵੱਖਰੇ ਕੰਮ ਕਰਨ ਲੱਗ ਪਿਆ ਸੀ। ਮੇਰਾ ਪਰਿਵਾਰ ਪਸ਼ੂ, ਘੋੜੇ, ਕੁੱਕੜੀਆਂ ਅਤੇ ਹੰਸ ਪਾਲ਼ਦਾ ਸੀ। ਮੈਂ ਸਖ਼ਤ ਮਿਹਨਤ ਕਰਨੀ ਅਤੇ ਆਪਣਾ ਕੰਮ ਫ਼ਖ਼ਰ ਨਾਲ ਕਰਨਾ ਸਿੱਖਿਆ।
ਜਿਉਂ-ਜਿਉਂ ਮੈਂ ਵੱਡਾ ਹੋਇਆ, ਮੇਰੇ ਮਾਤਾ-ਪਿਤਾ ਨੇ ਮੈਨੂੰ ਪੜ੍ਹਾਈ ਵਿਚ ਅੱਗੇ ਵਧਣ ਦੀ ਹੱਲਾਸ਼ੇਰੀ ਦਿੱਤੀ। ਇਸ ਲਈ ਮੈਂ ਸਕੂਲ ਦੀ ਪੜ੍ਹਾਈ ਪੂਰੀ ਕਰ ਕੇ ਕਾਲਜ ਦੀ ਪੜ੍ਹਾਈ ਕਰਨ ਲਈ ਘਰੋਂ ਚਲਾ ਗਿਆ। ਇਸ ਦੇ ਨਾਲ-ਨਾਲ ਮੈਂ ਖੇਡਾਂ ਵਿਚ ਵੀ ਹਿੱਸਾ ਲੈਣ ਲੱਗ ਪਿਆ ਅਤੇ ਫਿਨਲੈਂਡ ਦੀ ਖੇਡ ਸੰਸਥਾ ਦੇ ਚੇਅਰਮੈਨ, ਊਰੋ ਕੇਕੋਨੈੱਨ ਨਾਲ ਵਾਕਫ਼ ਹੋ ਗਿਆ। ਉਦੋਂ ਮੈਨੂੰ ਪਤਾ ਨਹੀਂ ਸੀ ਕਿ ਸ਼੍ਰੀਮਾਨ ਕੇਕੋਨੈੱਨ ਅਗਲੇ 30 ਸਾਲਾਂ ਤਕ ਫਿਨਲੈਂਡ ਦਾ ਪ੍ਰਧਾਨ ਮੰਤਰੀ ਅਤੇ ਫਿਰ ਰਾਸ਼ਟਰਪਤੀ ਬਣੇਗਾ। ਨਾਲੇ ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਉਸ ਨੇ ਮੇਰੀ ਜ਼ਿੰਦਗੀ ’ਤੇ ਕਿੰਨਾ ਕੁ ਪ੍ਰਭਾਵ ਪਾਉਣਾ ਸੀ।
ਉੱਚੀ ਪਦਵੀ ਤੇ ਅਧਿਕਾਰ
1939 ਵਿਚ ਫਿਨਲੈਂਡ ਅਤੇ ਸੋਵੀਅਤ ਸੰਘ ਵਿਚਕਾਰ ਦੁਸ਼ਮਣੀ ਪੈਦਾ ਹੋ ਗਈ ਸੀ। ਉਸ ਸਾਲ ਦੇ ਨਵੰਬਰ ਵਿਚ ਮੈਂ ਫ਼ੌਜ ਵਿਚ ਭਰਤੀ ਹੋ ਗਿਆ। ਪਹਿਲਾਂ ਮੈਂ ਰਿਜ਼ਰਵ ਫ਼ੌਜ ਵਿਚ ਦੂਜੇ ਫ਼ੌਜੀਆਂ ਨੂੰ ਟ੍ਰੇਨਿੰਗ ਦਿੰਦਾ ਸੀ ਤੇ ਬਾਅਦ ਵਿਚ ਮੈਂ ਮਸ਼ੀਨਗਨ ਚਲਾਉਣ ਵਾਲੀ ਟੁਕੜੀ ਦਾ ਕਮਾਂਡਰ ਬਣ ਗਿਆ। ਲੜਾਈ ਦਾ ਮੈਦਾਨ ਕਾਰੇਲੀਆ ਸੀ ਜੋ ਫਿਨਲੈਂਡ ਅਤੇ ਸੋਵੀਅਤ ਸੰਘ ਦੇ ਬਾਰਡਰ ’ਤੇ ਸੀ। 1941 ਦੀਆਂ ਗਰਮੀਆਂ ਵਿਚ ਵਾਇਬੋਗ ਕਸਬੇ ਦੇ ਨੇੜੇ ਲੜਾਈ ਕਰਦਿਆਂ ਮੈਂ ਬੰਬ ਦੇ ਛੱਰਿਆਂ ਨਾਲ ਗੰਭੀਰ ਤੌਰ ਤੇ ਜ਼ਖ਼ਮੀ ਹੋ ਗਿਆ ਅਤੇ ਮੈਨੂੰ ਮਿਲਟਰੀ ਹਸਪਤਾਲ ਲਿਜਾਇਆ ਗਿਆ। ਮੇਰੇ ਜ਼ਖ਼ਮਾਂ ਕਰਕੇ ਮੈਂ ਦੁਬਾਰਾ ਲੜ ਨਹੀਂ ਸੀ ਸਕਦਾ।
ਸਤੰਬਰ 1944 ਵਿਚ ਮੈਨੂੰ ਫ਼ੌਜੀ ਸੇਵਾ ਤੋਂ ਮੁਕਤ ਕਰ ਦਿੱਤਾ ਗਿਆ ਅਤੇ ਮੈਂ ਕਾਲਜ ਵਾਪਸ ਚਲਾ ਗਿਆ। ਮੈਂ ਖੇਡਾਂ ਵਿਚ ਵੀ ਹਿੱਸਾ ਲੈਣਾ ਜਾਰੀ ਰੱਖਿਆ। ਤਿੰਨ ਵਾਰ ਮੈਂ ਕੌਮੀ ਚੈਂਪੀਅਨ ਬਣਿਆ, ਦੋ ਵਾਰ ਰਿਲੇ ਦੌੜਾਂ ਵਿਚ ਅਤੇ ਇਕ ਵਾਰ ਹਰਡਲ ਦੌੜਾਂ ਵਿਚ। ਇਸ ਦੇ ਨਾਲ-ਨਾਲ ਮੈਂ ਤਕਨਾਲੋਜੀ ਅਤੇ ਇਕਨਾਮਿਕਸ ਵਿਚ ਯੂਨੀਵਰਸਿਟੀ ਦੀਆਂ ਡਿਗਰੀਆਂ ਹਾਸਲ ਕੀਤੀਆਂ।
ਇਸ ਸਮੇਂ ਦੌਰਾਨ, ਊਰੋ ਕੇਕੋਨੈੱਨ ਰਾਜਨੀਤੀ ਵਿਚ ਇਕ ਬਹੁਤ ਹੀ ਪ੍ਰਭਾਵਸ਼ਾਲੀ ਸ਼ਖ਼ਸ ਬਣ ਚੁੱਕਾ ਸੀ। 1952 ਵਿਚ ਜਦੋਂ ਉਹ ਪ੍ਰਧਾਨ ਮੰਤਰੀ ਸੀ, ਤਾਂ ਉਸ ਨੇ ਮੈਨੂੰ ਚੀਨ ਵਿਚ ਰਾਜਦੂਤ ਵਜੋਂ ਕੰਮ ਕਰਨ ਲਈ ਕਿਹਾ। ਉੱਥੇ ਮੈਨੂੰ ਕਈ ਸਰਕਾਰੀ ਅਫ਼ਸਰ ਮਿਲੇ ਜਿਨ੍ਹਾਂ ਵਿਚ ਚੀਨ ਦਾ ਨੇਤਾ ਮਾਓ ਤਸੇ ਤੁੰਗ ਵੀ ਸ਼ਾਮਲ ਸੀ। ਪਰ ਚੀਨ ਵਿਚ ਸਭ ਤੋਂ ਅਹਿਮ ਵਿਅਕਤੀ ਜਿਸ ਨੂੰ ਮੈਂ ਮਿਲਿਆ ਉਹ ਸੀ ਖੂਬਸੂਰਤ ਔਰਤ ਐਨੀਕੀ। ਉਹ ਫਿਨਲੈਂਡ ਦੇ ਵਿਦੇਸ਼ੀ ਮਾਮਲਿਆਂ ਦੇ ਮੰਤਰਾਲੇ ਵਿਚ ਕੰਮ ਕਰਦੀ ਸੀ। ਨਵੰਬਰ 1956 ਵਿਚ ਸਾਡਾ ਵਿਆਹ ਹੋ ਗਿਆ।
ਅਗਲੇ ਸਾਲ ਮੈਨੂੰ ਅਰਜਨਟੀਨਾ ਵਿਚ ਫਿਨਲੈਂਡ ਦੀ ਐਂਬੈਸੀ ਵਿਚ ਕੰਮ ਕਰਨ ਲਈ ਘੱਲਿਆ ਗਿਆ। ਉਸ ਦੇਸ਼ ਵਿਚ ਰਹਿੰਦਿਆਂ ਸਾਡੇ ਦੋ ਲੜਕੇ ਹੋਏ। ਫਿਰ ਅਸੀਂ ਜਨਵਰੀ 1960 ਵਿਚ ਫਿਨਲੈਂਡ ਨੂੰ ਵਾਪਸ ਚਲੇ ਗਏ। ਥੋੜ੍ਹੇ ਸਮੇਂ ਬਾਅਦ ਸਾਡੇ ਲੜਕੀ ਪੈਦਾ ਹੋਈ।
ਵੱਡੀਆਂ-ਵੱਡੀਆਂ ਸਰਕਾਰੀ ਪਦਵੀਆਂ
ਭਾਵੇਂ ਮੈਂ ਪਹਿਲਾਂ ਕਦੇ ਵੀ ਕਿਸੇ ਰਾਜਨੀਤਿਕ ਪਾਰਟੀ ਦਾ ਮੈਂਬਰ ਨਹੀਂ ਸੀ, ਪਰ ਨਵੰਬਰ 1963 ਵਿਚ ਮੈਨੂੰ ਰਾਸ਼ਟਰਪਤੀ ਕੇਕੋਨੈੱਨ ਨੇ ਵਿਦੇਸ਼ੀ ਵਪਾਰ ਮੰਤਰੀ ਬਣਨ ਦਾ ਸੱਦਾ ਦਿੱਤਾ। ਅਗਲੇ 12 ਸਾਲਾਂ ਦੌਰਾਨ ਮੈਂ ਛੇ ਕੈਬੀਨਟ ਪੋਸਟਾਂ ’ਤੇ ਰਿਹਾ ਜਿਨ੍ਹਾਂ ਵਿੱਚੋਂ ਦੋ ਵਾਰੀ ਮੈਂ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਵਜੋਂ ਕੰਮ ਕੀਤਾ। ਉਨ੍ਹੀਂ ਦਿਨੀਂ ਮੈਨੂੰ ਪੱਕਾ ਯਕੀਨ ਸੀ ਕਿ ਇਨਸਾਨ ਆਪਣੀ ਚਤੁਰਾਈ ਨਾਲ ਦੁਨੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰ ਸਕਣਗੇ। ਪਰ ਬਹੁਤ ਜਲਦੀ ਮੈਨੂੰ ਅਹਿਸਾਸ ਹੋਇਆ ਕਿ ਇਨਸਾਨ ਸਿਰਫ਼ ਤਾਕਤ ਦੇ ਭੁੱਖੇ ਹਨ। ਮੈਂ ਆਪ ਦੇਖਿਆ ਹੈ ਕਿ ਭਰੋਸਾ ਨਾ ਕਰਨ ਅਤੇ ਈਰਖਾ ਕਰਕੇ ਕਿੰਨਾ ਨੁਕਸਾਨ ਹੁੰਦਾ ਹੈ।—ਉਪਦੇਸ਼ਕ ਦੀ ਪੋਥੀ 8:9.
ਪਰ ਮੈਂ ਇਹ ਵੀ ਦੇਖਿਆ ਹੈ ਕਿ ਕਈ ਇੱਦਾਂ ਦੇ ਲੋਕ ਵੀ ਹਨ ਜੋ ਦਿਲੋਂ ਹਾਲਾਤਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਅਖ਼ੀਰ ਵਿਚ ਨੇਕ ਇਰਾਦਿਆਂ ਵਾਲੇ ਆਗੂ ਵੀ ਆਪਣੇ ਰੱਖੇ ਟੀਚਿਆਂ ਨੂੰ ਪੂਰਾ ਨਹੀਂ ਕਰ ਪਾਉਂਦੇ।
1975 ਦੀਆਂ ਗਰਮੀਆਂ ਵਿਚ 35 ਦੇਸ਼ਾਂ ਦੇ ਆਗੂ ਹੇਲਸਿੰਕੀ ਵਿਚ ਯੂਰਪੀ ਸੁਰੱਖਿਆ ਅਤੇ ਸਹਿਯੋਗ ਬਾਰੇ ਕਾਨਫ਼ਰੰਸ ਲਈ ਆਏ। ਉਸ ਸਮੇਂ ਮੈਂ ਵਿਦੇਸ਼ੀ ਮਾਮਲਿਆਂ ਦਾ ਮੰਤਰੀ ਸੀ ਅਤੇ ਰਾਸ਼ਟਰਪਤੀ ਕੇਕੋਨੈੱਨ ਦਾ ਖ਼ਾਸ ਸਲਾਹਕਾਰ। ਮੈਨੂੰ ਇਸ ਕਾਨਫ਼ਰੰਸ ਦੇ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਅਤੇ ਮੈਂ ਕਾਨਫ਼ਰੰਸ ਵਿਚ ਆਏ ਸਾਰੇ ਕੌਮੀ ਆਗੂਆਂ ਨੂੰ ਮਿਲਿਆ।
ਉਨ੍ਹਾਂ ਕੁਝ ਦਿਨਾਂ ਦੌਰਾਨ ਰਾਜਦੂਤ ਵਜੋਂ ਮੇਰੀ ਕਾਬਲੀਅਤ ਪੂਰੀ ਤਰ੍ਹਾਂ ਪਰਖੀ ਗਈ। ਮੇਰੇ ਲਈ ਇਹੀ ਬਹੁਤ ਵੱਡੀ ਚੁਣੌਤੀ ਸੀ ਕਿ ਮੈਂ ਇਨ੍ਹਾਂ ਆਗੂਆਂ ਨੂੰ ਉਨ੍ਹਾਂ ਸੀਟਾਂ ਉੱਤੇ ਬੈਠਣ ਲਈ ਮਨਾ ਲਵਾਂ ਜੋ ਇਨ੍ਹਾਂ ਲਈ ਰੱਖੀਆਂ ਗਈਆਂ ਸਨ! ਫਿਰ ਵੀ, ਮੈਨੂੰ ਲੱਗਾ ਕਿ ਕਾਨਫ਼ਰੰਸ ਅਤੇ ਇਸ ਤੋਂ ਬਾਅਦ ਹੋਈਆਂ ਹੋਰ ਮੀਟਿੰਗਾਂ ਸਦਕਾ ਮਨੁੱਖੀ ਹੱਕਾਂ ਵਿਚ ਸੁਧਾਰ ਹੋਇਆ ਅਤੇ ਸ਼ਕਤੀਸ਼ਾਲੀ ਦੇਸ਼ਾਂ ਦਾ ਆਪਸੀ ਰਿਸ਼ਤਾ ਕੁਝ ਹੱਦ ਤਕ ਸੁਧਰ ਗਿਆ।
ਰੱਬ ਦੀ ਅਗਵਾਈ ਦੀ ਲੋੜ ਮਹਿਸੂਸ ਹੋਈ
1983 ਵਿਚ ਮੈਂ ਰੀਟਾਇਰ ਹੋ ਗਿਆ ਅਤੇ ਫਰਾਂਸ ਚਲੇ ਗਿਆ ਜਿੱਥੇ ਮੇਰੀ ਧੀ ਰਹਿੰਦੀ ਸੀ। ਫਿਰ ਸਾਡੇ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਨਵੰਬਰ 1994 ਵਿਚ ਪਤਾ ਲੱਗਾ ਕਿ ਐਨੀਕੀ ਨੂੰ ਛਾਤੀ ਦਾ ਕੈਂਸਰ ਸੀ। ਉਸੇ ਸਾਲ ਮੈਂ ਇਕ ਸਕੀਮ ਵਿਚ ਪੈਸੇ ਲਾ ਕੇ ਫਸ ਗਿਆ ਤੇ ਧੋਖਾ ਖਾ ਬੈਠਾ। ਮੈਂ ਆਪਣੀ ਪੂਰੀ ਜ਼ਿੰਦਗੀ ਦੌਰਾਨ ਨੇਕਨਾਮੀ ਬਣਾਈ ਰੱਖਣ ਲਈ ਸਖ਼ਤ ਮਿਹਨਤ ਕੀਤੀ ਸੀ। ਪਰ ਇਸ ਇਕ ਗ਼ਲਤੀ ਕਰਕੇ ਮੇਰੀ ਨੇਕਨਾਮੀ ’ਤੇ ਧੱਬਾ ਲੱਗ ਗਿਆ।
ਜ਼ਿੰਦਗੀ ਦੌਰਾਨ ਮੈਂ ਕਈ ਵਾਰ ਯਹੋਵਾਹ ਦੇ ਗਵਾਹਾਂ ਨੂੰ ਮਿਲਿਆ ਸੀ। ਮੈਨੂੰ ਉਨ੍ਹਾਂ ਦੀਆਂ ਮੁਲਾਕਾਤਾਂ ਚੰਗੀਆਂ ਲੱਗਦੀਆਂ ਸਨ ਅਤੇ ਮੈਂ ਉਨ੍ਹਾਂ ਦੇ ਰਸਾਲੇ ਵੀ ਲੈਂਦਾ ਸੀ, ਪਰ ਬਿਜ਼ੀ ਹੋਣ ਕਰਕੇ ਮੇਰੇ ਕੋਲ ਪਰਮੇਸ਼ੁਰ ਬਾਰੇ ਸਿੱਖਣ ਲਈ ਸਮਾਂ ਨਹੀਂ ਸੀ। ਸਾਲ 2000 ਤਕ ਵੀ ਮੈਂ ਐਨੀਕੀ ਦੀ ਦੇਖ-ਭਾਲ ਕਰ ਰਿਹਾ ਸੀ ਜੋ ਕੈਂਸਰ ਨਾਲ ਹਾਲੇ ਵੀ ਲੜ ਰਹੀ ਸੀ। ਫਿਰ ਸਤੰਬਰ 2002 ਵਿਚ ਇਕ ਦਿਨ ਯਹੋਵਾਹ ਦਾ ਇਕ ਗਵਾਹ ਮੈਨੂੰ ਮਿਲਣ ਆਇਆ। ਉਸ ਨੇ ਮੈਨੂੰ ਉਹ ਸਵਾਲ ਪੁੱਛਿਆ ਜੋ ਇਸ ਲੇਖ ਦੇ ਸ਼ੁਰੂ ਵਿਚ ਦਿੱਤਾ ਗਿਆ ਹੈ। ਮੈਂ ਸੋਚਿਆ: ‘ਕੀ ਰੱਬ ਬਾਰੇ ਸੱਚਾਈ ਜਾਣਨੀ ਅਤੇ ਉਸ ਨਾਲ ਦੋਸਤੀ ਕਰਨੀ ਵਾਕਈ ਮੁਮਕਿਨ ਹੈ?’ ਮੈਂ ਆਪਣੀ ਬਾਈਬਲ ਲੱਭੀ ਜੋ ਧੂੜ ਨਾਲ ਭਰੀ ਪਈ ਸੀ ਅਤੇ ਮੈਂ ਗਵਾਹਾਂ ਨਾਲ ਬਾਕਾਇਦਾ ਬਾਈਬਲ ਬਾਰੇ ਗੱਲਬਾਤ ਕਰਨ ਲੱਗ ਪਿਆ।
ਜੂਨ 2004 ਵਿਚ ਮੇਰੀ ਪਿਆਰੀ ਪਤਨੀ ਗੁਜ਼ਰ ਗਈ ਅਤੇ ਮੈਂ ਇਕੱਲਾ ਰਹਿ ਗਿਆ। ਬੇਸ਼ੱਕ ਮੇਰੇ ਬੱਚਿਆਂ ਨੇ ਮੈਨੂੰ ਜਜ਼ਬਾਤੀ ਤੌਰ ਤੇ ਸੰਭਾਲਿਆ, ਪਰ ਫਿਰ ਵੀ ਮੇਰੇ ਮਨ ਵਿਚ ਇਸ ਬਾਰੇ ਸਵਾਲ ਉੱਠਦੇ ਸਨ ਕਿ ਮਰਨ ਤੋਂ ਬਾਅਦ ਇਨਸਾਨਾਂ ਨਾਲ ਕੀ-ਕੀ ਹੁੰਦਾ ਹੈ। ਇਸ ਬਾਰੇ ਮੈਂ ਦੋ ਲੂਥਰਨ ਪਾਦਰੀਆਂ ਤੋਂ ਪੁੱਛਿਆ। ਉਨ੍ਹਾਂ ਨੇ ਬਸ ਇਹੀ ਜਵਾਬ ਦਿੱਤਾ: “ਇਹ ਸਵਾਲ ਬਹੁਤ ਮੁਸ਼ਕਲ ਹਨ।” ਮੈਨੂੰ ਉਨ੍ਹਾਂ ਦੇ ਜਵਾਬ ਤੋਂ ਤਸੱਲੀ ਨਹੀਂ ਹੋਈ। ਮੈਨੂੰ ਹੋਰ ਵੀ ਅਹਿਸਾਸ ਹੋਇਆ ਕਿ ਮੈਨੂੰ ਰੱਬ ਦੀ ਅਗਵਾਈ ਦੀ ਲੋੜ ਹੈ।
ਜਿਉਂ-ਜਿਉਂ ਮੈਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਦਾ ਗਿਆ, ਤਿਉਂ-ਤਿਉਂ ਮੈਨੂੰ ਸਹੀ ਗਿਆਨ ਮਿਲਦਾ ਗਿਆ ਜਿਸ ਦੀ ਮੈਨੂੰ ਪਿਆਸ ਸੀ। ਮਿਸਾਲ ਲਈ, ਬਾਈਬਲ ਵਿਚ ਸਮਝਾਇਆ ਗਿਆ ਹੈ ਕਿ ਮੌਤ ਸੌਣ ਦੇ ਬਰਾਬਰ ਹੈ, ਮਤਲਬ ਕਿ ਮਰੇ ਹੋਏ ਲੋਕ ਕੁਝ ਵੀ ਨਹੀਂ ਮਹਿਸੂਸ ਕਰਦੇ। ਨਾਲੇ ਮਰੇ ਹੋਏ ਲੋਕਾਂ ਕੋਲ ਦੁਬਾਰਾ ਧਰਤੀ ’ਤੇ ਇਨਸਾਨਾਂ ਵਜੋਂ ਜੀਉਣ ਦੀ ਉਮੀਦ ਹੈ। (ਯੂਹੰਨਾ 11:25) ਇਸ ਤੋਂ ਮੈਨੂੰ ਉਮੀਦ ਅਤੇ ਬਹੁਤ ਦਿਲਾਸਾ ਮਿਲਿਆ।
ਬਹੁਤ ਜਲਦੀ ਮੈਂ ਪੂਰੀ ਬਾਈਬਲ ਪੜ੍ਹ ਲਈ। ਇਕ ਹਵਾਲਾ ਜਿਸ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਉਹ ਸੀ ਮੀਕਾਹ 6:8 ਜਿੱਥੇ ਲਿਖਿਆ ਹੈ: “ਯਹੋਵਾਹ ਤੈਥੋਂ ਹੋਰ ਕੀ ਮੰਗਦਾ ਪਰ ਏਹ ਕਿ ਤੂੰ ਇਨਸਾਫ਼ ਕਰ, ਦਯਾ ਨਾਲ ਪ੍ਰੇਮ ਰੱਖ, ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲ?” ਇਹ ਸਿਆਣਪ ਭਰੇ ਸੌਖੇ ਸ਼ਬਦ ਮੇਰੇ ਦਿਲ ਨੂੰ ਛੂਹ ਗਏ। ਇਸ ਹਵਾਲੇ ਤੋਂ ਇਹ ਵੀ ਜ਼ਾਹਰ ਹੋਇਆ ਕਿ ਯਹੋਵਾਹ ਕਿੰਨਾ ਪਿਆਰ ਕਰਨ ਵਾਲਾ ਤੇ ਇਨਸਾਫ਼-ਪਸੰਦ ਪਰਮੇਸ਼ੁਰ ਹੈ।
ਭਵਿੱਖ ਲਈ ਉਮੀਦ
ਜਿਉਂ-ਜਿਉਂ ਮੈਂ ਪਰਮੇਸ਼ੁਰ ਬਾਰੇ ਸੱਚਾਈ ਸਿੱਖਦਾ ਗਿਆ, ਉਸ ਉੱਤੇ ਮੇਰੀ ਨਿਹਚਾ ਤੇ ਭਰੋਸਾ ਵਧਦਾ ਗਿਆ। ਸ੍ਰਿਸ਼ਟੀਕਰਤਾ ਨਾਲ ਮੇਰੀ ਸੱਚੀ ਦੋਸਤੀ ਵਧ ਰਹੀ ਸੀ। ਮੈਂ ਯਸਾਯਾਹ 55:11 ਵਿਚ ਕਹੇ ਉਸ ਦੇ ਇਨ੍ਹਾਂ ਸ਼ਬਦਾਂ ਤੋਂ ਬਹੁਤ ਪ੍ਰਭਾਵਿਤ ਹੋਇਆ: ‘ਜੋ ਬਚਨ ਮੇਰੇ ਮੂੰਹੋਂ ਨਿੱਕਲਦਾ ਹੈ, ਉਹ ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ, ਅਤੇ ਜਿਸ ਲਈ ਮੈਂ ਘੱਲਿਆ, ਉਸ ਵਿੱਚ ਸਫ਼ਲ ਹੋਏਗਾ।’ ਹੁਣ ਤਕ ਪਰਮੇਸ਼ੁਰ ਨੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ ਅਤੇ ਭਵਿੱਖ ਵਿਚ ਵੀ ਪੂਰੇ ਕਰੇਗਾ। ਉਹ ਉਹ ਕੁਝ ਕਰ ਦਿਖਾਏਗਾ ਜੋ ਕੁਝ ਮਨੁੱਖੀ ਸਰਕਾਰਾਂ ਅਤੇ ਉਨ੍ਹਾਂ ਦੀਆਂ ਰਾਜਨੀਤਿਕ ਕਾਨਫ਼ਰੰਸਾਂ ਨਾ ਕਰ ਸਕੀਆਂ। ਮਿਸਾਲ ਲਈ ਜ਼ਬੂਰ 46:9 ਵਿਚ ਦੱਸਿਆ ਹੈ: ‘ਉਹ ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦੇਵੇਗਾ।’
ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਜਾ ਕੇ ਮੈਨੂੰ ਬਹੁਤ ਫ਼ਾਇਦਾ ਹੋਇਆ ਹੈ। ਉੱਥੇ ਮੈਂ ਆਪਣੀ ਅੱਖੀਂ ਮਸੀਹੀਆਂ ਵਿਚ ਸੱਚਾ ਪਿਆਰ ਦੇਖਿਆ ਹੈ ਜਿਸ ਤੋਂ ਯਿਸੂ ਦੇ ਸੱਚੇ ਚੇਲੇ ਪਛਾਣੇ ਜਾਂਦੇ ਹਨ। (ਯੂਹੰਨਾ 13:35) ਇਹ ਪਿਆਰ ਪੱਖਪਾਤ ਅਤੇ ਨਫ਼ਰਤ ਦੀਆਂ ਸਾਰੀਆਂ ਹੱਦਾਂ ਮਿਟਾ ਦਿੰਦਾ ਹੈ ਅਤੇ ਇਹ ਰਾਜਨੀਤਿਕ ਅਤੇ ਵਪਾਰ ਦੀ ਦੁਨੀਆਂ ਵਿਚ ਜ਼ਰਾ ਵੀ ਨਹੀਂ ਪਾਇਆ ਜਾਂਦਾ।
ਸਭ ਤੋਂ ਅਨਮੋਲ ਸਨਮਾਨ
ਹੁਣ ਮੈਂ 90 ਸਾਲਾਂ ਦਾ ਹਾਂ ਅਤੇ ਮੇਰੇ ਵਾਸਤੇ ਯਹੋਵਾਹ ਦਾ ਇਕ ਗਵਾਹ ਹੋਣਾ ਸਭ ਤੋਂ ਵੱਡਾ ਸਨਮਾਨ ਹੈ। ਪਰਮੇਸ਼ੁਰ ਦੀ ਜਿਸ ਅਗਵਾਈ ਲਈ ਮੈਂ ਤਰਸਦਾ ਸੀ, ਉਹ ਮੈਨੂੰ ਮਿਲ ਗਈ ਹੈ। ਮੇਰੇ ਲਈ ਜ਼ਿੰਦਗੀ ਦੇ ਮਕਸਦ ਬਾਰੇ ਅਤੇ ਪਰਮੇਸ਼ੁਰ ਬਾਰੇ ਸੱਚਾਈ ਸਿੱਖਣੀ ਇਕ ਸਨਮਾਨ ਰਿਹਾ ਹੈ।
ਮੈਨੂੰ ਇਸ ਤੋਂ ਵੀ ਖ਼ੁਸ਼ੀ ਹੁੰਦੀ ਹੈ ਕਿ ਇਸ ਉਮਰ ਵਿਚ ਮੈਂ ਹਾਲੇ ਵੀ ਮਸੀਹੀ ਕੰਮਾਂ-ਕਾਰਾਂ ਵਿਚ ਪੂਰਾ ਹਿੱਸਾ ਲੈਂਦਾ ਹਾਂ। ਭਾਵੇਂ ਕਿ ਮੈਂ ਆਪਣੀ ਜ਼ਿੰਦਗੀ ਦੌਰਾਨ ਕਈ ਪ੍ਰਭਾਵਸ਼ਾਲੀ ਆਦਮੀਆਂ ਨੂੰ ਮਿਲਿਆ ਹਾਂ ਅਤੇ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਨਿਭਾਈਆਂ ਹਨ, ਪਰ ਆਪਣੇ ਸ੍ਰਿਸ਼ਟੀਕਰਤਾ ਯਹੋਵਾਹ ਪਰਮੇਸ਼ੁਰ ਨੂੰ ਜਾਣਨ ਤੇ ਉਸ ਦਾ ਦੋਸਤ ਬਣਨ ਦੇ ਬਰਾਬਰ ਇਹ ਕੁਝ ਵੀ ਨਹੀਂ। ਮੈਂ ਤਹਿ ਦਿਲੋਂ ਉਸ ਦਾ ਸ਼ੁਕਰਗੁਜ਼ਾਰ ਹਾਂ ਅਤੇ ਮੈਂ ਉਸ ਦੀ ਵਡਿਆਈ ਕਰਨੀ ਚਾਹੁੰਦਾ ਹਾਂ ਕਿ ਉਸ ਨੇ ਮੈਨੂੰ ਆਪਣੇ ਨਾਲ ‘ਮਿਲ ਕੇ ਕੰਮ ਕਰਨ’ ਦਾ ਮੌਕਾ ਦਿੱਤਾ ਹੈ। (1 ਕੁਰਿੰਥੀਆਂ 3:9) ਤਾਂ ਫਿਰ, ਮੈਂ ਇਹ ਕਹਾਂਗਾ ਕਿ ਰੱਬ ਨਾਲ ਦੋਸਤੀ ਕਰਨ ਵਿਚ ਮੇਰੇ ਲਈ ਇੰਨੀ ਦੇਰ ਨਹੀਂ ਹੋਈ! (g12-E 01)
[ਸਫ਼ਾ 21 ਉੱਤੇ ਤਸਵੀਰ]
1975 ਵਿਚ ਹੇਲਸਿੰਕੀ ਕਾਨਫ਼ਰੰਸ ਦੌਰਾਨ ਰਾਸ਼ਟਰਪਤੀ ਕੇਕੋਨੈੱਨ ਅਤੇ ਯੂ. ਐੱਸ. ਦੇ ਰਾਸ਼ਟਰਪਤੀ ਫੋਰਡ ਨਾਲ
[ਸਫ਼ਾ 21 ਉੱਤੇ ਤਸਵੀਰ]
ਰਾਸ਼ਟਰਪਤੀ ਕੇਕੋਨੈੱਨ ਅਤੇ ਸੋਵੀਅਤ ਨੇਤਾ ਬ੍ਰੈਜ਼ਨੇਵ ਨਾਲ
[ਸਫ਼ਾ 22 ਉੱਤੇ ਤਸਵੀਰ]
ਮੈਂ ਮਸੀਹੀ ਕੰਮਾਂ-ਕਾਰਾਂ ਵਿਚ ਪੂਰਾ ਹਿੱਸਾ ਲੈਂਦਾ ਹਾਂ
[ਸਫ਼ਾ 21 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
ਹੇਠਾਂ ਖੱਬੇ ਪਾਸੇ: Ensio Ilmonen/Lehtikuva; ਹੇਠਾਂ ਸੱਜੇ ਪਾਸੇ: Esa Pyysalo/Lehtikuva