Skip to content

Skip to table of contents

ਗੁੱਸੇ ਨੂੰ ਕੰਟ੍ਰੋਲ ਵਿਚ ਰੱਖਣਾ

ਗੁੱਸੇ ਨੂੰ ਕੰਟ੍ਰੋਲ ਵਿਚ ਰੱਖਣਾ

ਗੁੱਸੇ ਨੂੰ ਕੰਟ੍ਰੋਲ ਵਿਚ ਰੱਖਣਾ

ਯੂਨਾਨੀ ਫ਼ਿਲਾਸਫ਼ਰ ਅਰਸਤੂ ਨੇ 2,000 ਤੋਂ ਜ਼ਿਆਦਾ ਸਾਲ ਪਹਿਲਾਂ ਕਿਹਾ ਸੀ ਕਿ ਕੋਈ ਦੁਖਦਾਈ ਨਾਟਕ ਦੇਖਣ ਨਾਲ ਦਿਲ ਵਿਚ ਪੈਦਾ ਹੁੰਦੀਆਂ ਭਾਵਨਾਵਾਂ ਨੂੰ ਜ਼ਾਹਰ ਕਰਨ ਤੋਂ ਬਾਅਦ ਜੋ ਸਕੂਨ ਮਿਲਦਾ ਹੈ, ਉਹ “ਕਥਾਰਸਿਸ” ਹੈ। ਉਸ ਦਾ ਵਿਚਾਰ ਸੀ ਕਿ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਤੋਂ ਬਾਅਦ ਮਨ ਹੌਲਾ ਹੋ ਜਾਂਦਾ ਹੈ।

ਪਿਛਲੀ ਸਦੀ ਦੀ ਸ਼ੁਰੂਆਤ ਵਿਚ ਆਸਟ੍ਰੀਆ ਦੇ ਨਿਉਰੌਲੋਜਿਸਟ ਜ਼ਿਗਮੁੰਟ ਫਰੋਇਟ ਨੇ ਵੀ ਇਸੇ ਵਿਚਾਰ ਨੂੰ ਫੈਲਾਇਆ ਸੀ। ਉਸ ਨੇ ਦਾਅਵਾ ਕੀਤਾ ਕਿ ਜੇ ਲੋਕ ਗੁੱਸੇ ਨੂੰ ਦਬਾ ਕੇ ਰੱਖਣਗੇ, ਤਾਂ ਅਗਾਂਹ ਜਾ ਕੇ ਉਨ੍ਹਾਂ ਨੂੰ ਮਾਨਸਿਕ ਰੋਗ ਹੋ ਸਕਦਾ ਹੈ ਜਿਵੇਂ ਹਿਸਟੀਰੀਆ। ਇਸ ਲਈ ਫਰੋਇਟ ਦਾ ਦਾਅਵਾ ਸੀ ਕਿ ਗੁੱਸੇ ਨੂੰ ਅੰਦਰੋ-ਅੰਦਰੀਂ ਰੱਖਣ ਦੀ ਬਜਾਇ ਇਸ ਨੂੰ ਜ਼ਾਹਰ ਕਰਨਾ ਚਾਹੀਦਾ ਹੈ।

ਜਿਨ੍ਹਾਂ ਖੋਜਕਾਰਾਂ ਨੇ 70ਵੇਂ ਅਤੇ 80ਵੇਂ ਦਹਾਕਿਆਂ ਦੌਰਾਨ ਕਥਾਰਸਿਸ ਥਿਊਰੀ ਨੂੰ ਪਰਖਿਆ ਸੀ, ਉਨ੍ਹਾਂ ਨੂੰ ਹਾਲ ਹੀ ਦੇ ਸਾਲਾਂ ਵਿਚ ਇਸ ਥਿਊਰੀ ਦੇ ਸਹੀ ਹੋਣ ਦਾ ਬਹੁਤ ਹੀ ਘੱਟ ਜਾਂ ਬਿਲਕੁਲ ਸਬੂਤ ਨਹੀਂ ਮਿਲਿਆ। ਇਨ੍ਹਾਂ ਖੋਜਾਂ ਕਰਕੇ ਮਨੋਵਿਗਿਆਨੀ ਕੈਰਲ ਟੈਵਰਸ ਨੇ ਲਿਖਿਆ: “ਹੁਣ ਸਾਨੂੰ ਕਥਾਰਸਿਸ ਦੀ ਥਿਊਰੀ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ। ਰਿਸਰਚ ਨੇ ਇਸ ਵਿਸ਼ਵਾਸ ਦਾ ਕਦੇ ਸਮਰਥਨ ਨਹੀਂ ਕੀਤਾ ਕਿ ਹਿੰਸਾ ਦੇਖਣ ਨਾਲ (ਜਾਂ ‘ਗੁੱਸਾ ਕੱਢਣ ਨਾਲ’) ਤੁਹਾਨੂੰ ਵੈਰ ਦੀਆਂ ਭਾਵਨਾਵਾਂ ਤੋਂ ਛੁਟਕਾਰਾ ਮਿਲਦਾ ਹੈ।”

ਇਕ ਹੋਰ ਮਨੋਵਿਗਿਆਨੀ ਗੈਰੀ ਹੈਨਕਿਨਜ਼ ਨੇ ਕਿਹਾ: “ਰਿਸਰਚ ਤੋਂ ਪਤਾ ਲੱਗਦਾ ਹੈ ਕਿ ਆਪਣੇ ਸਾਰੇ ਗੁੱਸੇ ਦਾ ਕਥਾਰਸਿਸ ਕਰਨ ਨਾਲ ਤੁਹਾਡਾ ਗੁੱਸਾ ਘਟਣ ਦੀ ਬਜਾਇ ਵਧੇਗਾ।” ਇਹ ਸੱਚ ਹੈ ਕਿ ਮਾਨਸਿਕ ਰੋਗਾਂ ਦੇ ਮਾਹਰ ਕਦੇ ਵੀ ਕਥਾਰਸਿਸ ਦੀ ਥਿਊਰੀ ਬਾਰੇ ਸਹਿਮਤ ਨਹੀਂ ਹੋਣਗੇ। ਪਰ ਬਹੁਤ ਸਾਰੇ ਲੋਕਾਂ ਨੂੰ ਬੁੱਧ ਦੇ ਇਕ ਹੋਰ ਸਰੋਤ ਤੋਂ ਫ਼ਾਇਦਾ ਹੋਇਆ ਹੈ ਤੇ ਉਹ ਹੈ ਬਾਈਬਲ।

“ਕ੍ਰੋਧ ਨੂੰ ਛੱਡ”

ਬਾਈਬਲ ਵਿਚ ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਬਹੁਤ ਸੋਹਣੇ ਤਰੀਕੇ ਨਾਲ ਗੁੱਸੇ ਨੂੰ ਕੰਟ੍ਰੋਲ ਕਰਨ ਬਾਰੇ ਦੱਸਿਆ। ਉਸ ਨੇ ਕਿਹਾ: “ਕ੍ਰੋਧ ਨੂੰ ਛੱਡ ਅਤੇ ਕੋਪ ਨੂੰ ਤਿਆਗ ਦੇਹ, ਨਾ ਕੁੜ੍ਹ—ਉਸ ਤੋਂ ਬੁਰਿਆਈ ਹੀ ਨਿੱਕਲਦੀ ਹੈ।” (ਜ਼ਬੂਰਾਂ ਦੀ ਪੋਥੀ 37:8) ਤੁਹਾਨੂੰ ਸ਼ਾਇਦ ਕੁਝ ਕਹਿਣ ਜਾਂ ਕਰਨ ਤੋਂ ਬਾਅਦ ਪਛਤਾਉਣਾ ਪਵੇ, ਇਸ ਲਈ ਪਛਤਾਉਣ ਤੋਂ ਬਚਣ ਲਈ ਚੰਗਾ ਹੋਵੇਗਾ ਕਿ ਅਸੀਂ ਪਹਿਲਾਂ ਹੀ ਨਾ ‘ਕੁੜ੍ਹੀਏ’ ਯਾਨੀ ਗਰਮ ਨਾ ਹੋਈਏ। ਪਰ ਇਸ ਤਰ੍ਹਾਂ ਕਹਿਣਾ ਸੌਖਾ ਹੈ ਪਰ ਕਰਨਾ ਔਖਾ। ਫਿਰ ਵੀ ਇੱਦਾਂ ਕੀਤਾ ਜਾ ਸਕਦਾ ਹੈ! ਆਓ ਆਪਾਂ ਤਿੰਨ ਤਰੀਕਿਆਂ ਉੱਤੇ ਗੌਰ ਕਰੀਏ ਜਿਨ੍ਹਾਂ ਨਾਲ ਤੁਸੀਂ ਆਪਣਾ ਗੁੱਸਾ ਕੰਟ੍ਰੋਲ ਕਰ ਸਕਦੇ ਹੋ।

ਗੁੱਸੇ ਨੂੰ ਠੰਢਾ ਕਰੋ

ਗੁੱਸੇ ਨੂੰ ਠੰਢਾ ਕਰਨ ਲਈ ਥੋੜ੍ਹਾ ਰੁਕੋ ਤੇ ਸ਼ਾਂਤ ਹੋ ਜਾਓ। ਉਹ ਗੱਲ ਨਾ ਕਹੋ ਜੋ ਤੁਹਾਡੇ ਮਨ ਵਿਚ ਪਹਿਲਾਂ ਆਉਂਦੀ ਹੈ। ਜੇ ਤੁਹਾਡਾ ਪਾਰਾ ਚੜ੍ਹ ਰਿਹਾ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਗੁੱਸਾ ਭੜਕਣ ਵਾਲਾ ਹੈ, ਤਾਂ ਬਾਈਬਲ ਦੀ ਸਲਾਹ ਨੂੰ ਲਾਗੂ ਕਰੋ: “ਝਗੜੇ ਦਾ ਮੁੱਢ ਪਾਣੀ ਦੇ ਵਹਾ ਵਰਗਾ ਹੈ, ਇਸ ਲਈ ਝਗੜਾ ਛਿੜਨ ਤੋਂ ਪਹਿਲਾਂ ਉਹ ਨੂੰ ਛੱਡ ਦੇਹ।”—ਕਹਾਉਤਾਂ 17:14.

ਇਸ ਸਲਾਹ ਦੀ ਮਦਦ ਨਾਲ ਜੈਕ ਨਾਂ ਦਾ ਬੰਦਾ ਆਪਣੇ ਕ੍ਰੋਧ ਨੂੰ ਕੰਟ੍ਰੋਲ ਕਰ ਸਕਿਆ। ਜੈਕ ਦਾ ਪਿਤਾ ਸ਼ਰਾਬੀ ਹੋ ਕੇ ਸਮੇਂ-ਸਮੇਂ ਤੇ ਗੁੱਸੇ ਨਾਲ ਭੜਕ ਉੱਠਦਾ ਸੀ। ਜੈਕ ਨੇ ਵੀ ਵੱਡੇ ਹੁੰਦਿਆਂ ਇਹੋ ਜਿਹਾ ਹਿੰਸਕ ਸੁਭਾਅ ਪੈਦਾ ਕਰ ਲਿਆ। ਉਹ ਕਹਿੰਦਾ ਹੈ: “ਜਦੋਂ ਮੈਨੂੰ ਗੁੱਸਾ ਚੜ੍ਹ ਜਾਂਦਾ ਸੀ, ਤਾਂ ਮੈਨੂੰ ਇੱਦਾਂ ਲੱਗਦਾ ਸੀ ਜਿੱਦਾਂ ਕਿ ਮੇਰੇ ਅੰਦਰ ਅੱਗ ਬਲ਼ ਰਹੀ ਹੋਵੇ। ਅਤੇ ਮੈਂ ਗਾਲ਼ਾਂ ਕੱਢਣ ਅਤੇ ਮਾਰ-ਕੁਟਾਈ ਕਰਨ ਲੱਗ ਪੈਂਦਾ ਸੀ।”

ਪਰ ਜੈਕ ਬਦਲਣ ਲੱਗ ਪਿਆ ਜਦੋਂ ਉਸ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕੀਤੀ। ਉਹ ਸਮਝ ਗਿਆ ਕਿ ਉਹ ਪਰਮੇਸ਼ੁਰ ਦੀ ਮਦਦ ਨਾਲ ਬਦਲ ਸਕਦਾ ਸੀ ਤੇ ਆਪਣੇ ਗੁੱਸੇ ਨੂੰ ਕੰਟ੍ਰੋਲ ਕਰਨਾ ਸਿੱਖ ਸਕਦਾ ਸੀ। ਉਸ ਨੇ ਇਸੇ ਤਰ੍ਹਾਂ ਕੀਤਾ! ਜੈਕ ਦੱਸਦਾ ਹੈ ਕਿ ਜਦ ਉਸ ਨਾਲ ਕੰਮ ਕਰਨ ਵਾਲੇ ਨੇ ਗੁੱਸੇ ਵਿਚ ਉਸ ਨੂੰ ਗਾਲ਼ਾਂ ਕੱਢੀਆਂ, ਤਾਂ ਉਸ ਨੇ ਕੀ ਕੀਤਾ: “ਮੇਰੇ ਅੰਦਰ ਗੁੱਸੇ ਦੀ ਅੱਗ ਭੜਕਣ ਨਾਲ ਮੇਰਾ ਸਰੀਰ ਕੰਬਣ ਲੱਗ ਪਿਆ। ਮੇਰਾ ਦਿਲ ਕਰਦਾ ਸੀ ਕਿ ਉਸ ਨੂੰ ਫੜਾਂ ਤੇ ਥੱਲੇ ਚੱਕ ਕੇ ਮਾਰਾਂ।”

ਅਖ਼ੀਰ ਸ਼ਾਂਤ ਰਹਿਣ ਵਿਚ ਜੈਕ ਦੀ ਕਿਹੜੀ ਗੱਲ ਨੇ ਮਦਦ ਕੀਤੀ? ਉਹ ਦੱਸਦਾ ਹੈ: “ਮੈਨੂੰ ਯਾਦ ਹੈ ਕਿ ਮੈਂ ਪ੍ਰਾਰਥਨਾ ਕੀਤੀ ਸੀ ਕਿ ‘ਹੇ ਯਹੋਵਾਹ ਸ਼ਾਂਤ ਹੋਣ ਵਿਚ ਮੇਰੀ ਮਦਦ ਕਰੋ!’ ਫਿਰ ਪਹਿਲੀ ਵਾਰ ਮੈਨੂੰ ਸ਼ਾਂਤੀ ਮਹਿਸੂਸ ਹੋਈ ਤੇ ਉੱਥੋਂ ਮੈਂ ਤੁਰ ਪਿਆ।” ਜੈਕ ਨੇ ਆਪਣੀ ਬਾਈਬਲ ਸਟੱਡੀ ਜਾਰੀ ਰੱਖੀ। ਉਸ ਨੇ ਕਾਫ਼ੀ ਸਮਾਂ ਪ੍ਰਾਰਥਨਾ ਕਰਨ ਅਤੇ ਕਹਾਉਤਾਂ 26:20 ਵਰਗੀਆਂ ਆਇਤਾਂ ਉੱਤੇ ਮਨਨ ਕਰਨ ਵਿਚ ਬਿਤਾਇਆ। ਇਸ ਆਇਤ ਵਿਚ ਲਿਖਿਆ ਹੈ: “ਜਿੱਥੇ ਬਾਲਣ ਨਹੀਂ ਉੱਥੇ ਅੱਗ ਬੁੱਝ ਜਾਂਦੀ ਹੈ।” ਸਮੇਂ ਦੇ ਬੀਤਣ ਨਾਲ ਜੈਕ ਆਪਣੇ ਗੁੱਸੇ ਨੂੰ ਕੰਟ੍ਰੋਲ ਕਰਨ ਵਿਚ ਕਾਮਯਾਬ ਹੋ ਗਿਆ।

ਸ਼ਾਂਤ ਹੋਣਾ ਸਿੱਖੋ

“ਸ਼ਾਂਤ ਮਨ ਸਰੀਰ ਦਾ ਜੀਉਣ ਹੈ।” (ਕਹਾਉਤਾਂ 14:30) ਬਾਈਬਲ ਦੀ ਇਸ ਬੁਨਿਆਦੀ ਸੱਚਾਈ ਉੱਤੇ ਚੱਲਣ ਨਾਲ ਅਸੀਂ ਜਜ਼ਬਾਤੀ ਤੇ ਸਰੀਰਕ ਤੌਰ ਤੇ ਸਿਹਤਮੰਦ ਰਹਿ ਸਕਦੇ ਹਾਂ ਤੇ ਪਰਮੇਸ਼ੁਰ ਨਾਲ ਸਾਡਾ ਚੰਗਾ ਰਿਸ਼ਤਾ ਬਣਿਆ ਰਹੇਗਾ। ਕੁਝ ਆਸਾਨ ਤਰੀਕਿਆਂ ਨਾਲ ਸ਼ਾਂਤ ਹੋਣਾ ਸਿੱਖੋ ਜਿਨ੍ਹਾਂ ਦੀ ਮਦਦ ਨਾਲ ਤੁਹਾਡਾ ਗੁੱਸਾ ਘੱਟ ਸਕਦਾ ਹੈ। ਥੱਲੇ ਦੱਸੇ ਨੁਸਖੇ ਤਣਾਅ ਕਾਰਨ ਆਉਣ ਵਾਲੇ ਗੁੱਸੇ ਨੂੰ ਕਾਬੂ ਕਰਨ ਵਿਚ ਅਸਰਦਾਰ ਸਾਬਤ ਹੋਏ ਹਨ:

● ਲੰਬੇ ਸਾਹ ਲੈਣਾ ਸਭ ਤੋਂ ਵਧੀਆ ਤੇ ਛੇਤੀ ਕੰਮ ਕਰਨ ਵਾਲਾ ਤਰੀਕਾ ਹੈ ਜਿਸ ਨਾਲ ਤੁਹਾਡਾ ਗੁੱਸਾ ਘੱਟ ਸਕਦਾ ਹੈ।

● ਲੰਬੇ ਸਾਹ ਲੈਂਦਿਆਂ ਕੋਈ ਅਜਿਹਾ ਸ਼ਬਦ ਜਾਂ ਵਾਕ ਦੁਹਰਾਓ ਜੋ ਤੁਹਾਨੂੰ ਸ਼ਾਂਤ ਕਰਦਾ ਹੈ ਜਿਵੇਂ “ਸ਼ਾਂਤ ਰਹਿ,” “ਛੱਡ ਪਰੇ” ਜਾਂ “ਫ਼ਿਕਰ ਨਾ ਕਰ।”

● ਉਨ੍ਹਾਂ ਕੰਮਾਂ ਵਿਚ ਰੁੱਝ ਜਾਓ ਜਿਨ੍ਹਾਂ ਤੋਂ ਤੁਹਾਨੂੰ ਖ਼ੁਸ਼ੀ ਮਿਲਦੀ ਹੈ ਜਿਵੇਂ ਪੜ੍ਹਨਾ, ਸੰਗੀਤ ਸੁਣਨਾ, ਬਾਗ਼ਬਾਨੀ ਜਾਂ ਕੋਈ ਹੋਰ ਕੰਮ ਜਿਸ ਤੋਂ ਤੁਹਾਨੂੰ ਸ਼ਾਂਤੀ ਮਿਲਦੀ ਹੈ।

● ਬਾਕਾਇਦਾ ਕਸਰਤ ਕਰੋ ਅਤੇ ਪੌਸ਼ਟਿਕ ਖਾਣਾ ਖਾਓ।

ਉੱਚੀਆਂ ਉਮੀਦਾਂ ਨਾ ਰੱਖੋ

ਤੁਸੀਂ ਉਨ੍ਹਾਂ ਲੋਕਾਂ ਜਾਂ ਗੱਲਾਂ ਤੋਂ ਪੂਰੀ ਤਰ੍ਹਾਂ ਦੂਰ ਨਹੀਂ ਰਹਿ ਸਕਦੇ ਜਿਨ੍ਹਾਂ ਕਾਰਨ ਤੁਹਾਡਾ ਗੁੱਸਾ ਭੜਕਦਾ ਹੈ, ਪਰ ਤੁਸੀਂ ਆਪਣੇ ਗੁੱਸੇ ਨੂੰ ਕਾਬੂ ਕਰਨਾ ਸਿੱਖ ਸਕਦੇ ਹੋ। ਇਸ ਤਰ੍ਹਾਂ ਕਰਨ ਲਈ ਤੁਹਾਨੂੰ ਆਪਣੀ ਸੋਚਣੀ ਨੂੰ ਬਦਲਣ ਦੀ ਲੋੜ ਹੈ।

ਜਿਹੜੇ ਲੋਕ ਉੱਚੀਆਂ ਉਮੀਦਾਂ ਰੱਖਦੇ ਹਨ, ਉਨ੍ਹਾਂ ਨੂੰ ਗੁੱਸਾ ਕੰਟ੍ਰੋਲ ਕਰਨਾ ਜ਼ਿਆਦਾ ਔਖਾ ਲੱਗਦਾ ਹੈ। ਕਿਉਂ? ਕਿਉਂਕਿ ਜਦੋਂ ਕੋਈ ਚੀਜ਼ ਜਾਂ ਕੋਈ ਜਣਾ ਉਨ੍ਹਾਂ ਦੀਆਂ ਉੱਚੀਆਂ ਉਮੀਦਾਂ ਅਨੁਸਾਰ ਖਰਾ ਨਹੀਂ ਉਤਰਦਾ, ਤਾਂ ਉਹ ਜਲਦੀ ਨਿਰਾਸ਼ ਅਤੇ ਗੁੱਸੇ ਹੋ ਜਾਂਦੇ ਹਨ। ਇਹ ਸੋਚਣ ਦੀ ਬਜਾਇ ਕਿ ਸਾਰਾ ਕੁਝ ਐਨ ਠੀਕ ਹੋਵੇ, ਚੰਗਾ ਹੋਵੇਗਾ ਕਿ ਅਸੀਂ ਇਹ ਗੱਲ ਯਾਦ ਰੱਖੀਏ ਕਿ “ਕੋਈ ਵੀ ਇਨਸਾਨ ਧਰਮੀ ਨਹੀਂ ਹੈ, ਇਕ ਵੀ ਨਹੀਂ . . . ਸਾਰੇ ਇਨਸਾਨ ਕੁਰਾਹੇ ਪੈ ਚੁੱਕੇ ਹਨ।” (ਰੋਮੀਆਂ 3:10, 12) ਇਸ ਲਈ ਸਾਡੇ ਹੱਥ ਨਿਰਾਸ਼ਾ ਹੀ ਲੱਗੇਗੀ ਜੇ ਅਸੀਂ ਸੋਚੀਏ ਕਿ ਅਸੀਂ ਜਾਂ ਕੋਈ ਹੋਰ ਮੁਕੰਮਲ ਹੋ ਸਕਦਾ ਹੈ।

ਇਹ ਅਕਲਮੰਦੀ ਦੀ ਗੱਲ ਹੋਵੇਗੀ ਕਿ ਅਸੀਂ ਆਪਣੇ ਤੋਂ ਜਾਂ ਦੂਜਿਆਂ ਤੋਂ ਉੱਚੀਆਂ ਉਮੀਦਾਂ ਨਾ ਰੱਖੀਏ। ਬਾਈਬਲ ਕਹਿੰਦੀ ਹੈ: “ਅਸੀਂ ਸਾਰੇ ਜਣੇ ਕਈ ਵਾਰ ਗ਼ਲਤੀਆਂ ਕਰਦੇ ਹਾਂ। ਜੇ ਕੋਈ ਬੋਲਣ ਵਿਚ ਗ਼ਲਤੀ ਨਹੀਂ ਕਰਦਾ, ਤਾਂ ਉਹ ਮੁਕੰਮਲ ਇਨਸਾਨ ਹੈ।” (ਯਾਕੂਬ 3:2) ਜੀ ਹਾਂ, “ਧਰਤੀ ਉੱਤੇ ਅਜਿਹਾ ਸਚਿਆਰ ਆਦਮੀ ਤਾਂ ਕੋਈ ਨਹੀਂ, ਜੋ ਭਲਿਆਈ ਹੀ ਕਰੇ ਅਤੇ ਪਾਪ ਨਾ ਕਰੇ।” (ਉਪਦੇਸ਼ਕ ਦੀ ਪੋਥੀ 7:20) ਇਸ ਲਈ ਜੇ ਅਸੀਂ ਮੁਕੰਮਲ ਹੋਣ ਦਾ ਢੌਂਗ ਕਰੀਏ, ਤਾਂ ਅਸੀਂ ਜ਼ਿੰਦਗੀ ਵਿਚ ਹਮੇਸ਼ਾ ਮਾਯੂਸ ਤੇ ਗੁੱਸੇ ਰਹਾਂਗੇ।

ਨਾਮੁਕੰਮਲ ਹੋਣ ਕਰਕੇ ਸਾਨੂੰ ਸਾਰਿਆਂ ਨੂੰ ਕਦੇ ਨਾ ਕਦੇ ਗੁੱਸਾ ਚੜ੍ਹ ਜਾਂਦਾ ਹੈ। ਪਰ ਇਹ ਸਾਡੇ ਉੱਤੇ ਹੈ ਕਿ ਅਸੀਂ ਗੁੱਸਾ ਕਿਵੇਂ ਜ਼ਾਹਰ ਕਰਦੇ ਹਾਂ। ਪੌਲੁਸ ਰਸੂਲ ਨੇ ਮਸੀਹੀ ਭੈਣਾਂ-ਭਰਾਵਾਂ ਨੂੰ ਚੇਤਾਵਨੀ ਦਿੱਤੀ: “ਜਦੋਂ ਤੁਹਾਨੂੰ ਗੁੱਸਾ ਆਵੇ, ਤਾਂ ਪਾਪ ਨਾ ਕਰੋ; ਸੂਰਜ ਡੁੱਬਣ ਤੋਂ ਪਹਿਲਾਂ ਆਪਣੇ ਗੁੱਸੇ ਨੂੰ ਥੁੱਕ ਦਿਓ।” (ਅਫ਼ਸੀਆਂ 4:26) ਹਾਂ, ਆਪਣੇ ਗੁੱਸੇ ’ਤੇ ਕਾਬੂ ਰੱਖ ਕੇ ਅਸੀਂ ਆਪਣੀਆਂ ਭਾਵਨਾਵਾਂ ਨੂੰ ਅਜਿਹੇ ਤਰੀਕੇ ਨਾਲ ਜ਼ਾਹਰ ਕਰ ਸਕਦੇ ਹਾਂ ਜਿਸ ਤੋਂ ਸਾਰਿਆਂ ਨੂੰ ਫ਼ਾਇਦਾ ਹੋਵੇ। (g12-E 03)

[ਸਫ਼ਾ 8, 9 ਉੱਤੇ ਡੱਬੀ/ਤਸਵੀਰਾਂ]

ਸ਼ਾਂਤ ਹੋਣਾ ਸਿੱਖੋ

ਲੰਬੇ ਸਾਹ ਲੈਣਾ ਸਿੱਖੋ

ਉਨ੍ਹਾਂ ਕੰਮਾਂ ਵਿਚ ਰੁੱਝ ਜਾਓ ਜਿਨ੍ਹਾਂ ਤੋਂ ਤੁਹਾਨੂੰ ਖ਼ੁਸ਼ੀ ਮਿਲਦੀ ਹੈ

ਬਾਕਾਇਦਾ ਕਸਰਤ ਕਰੋ