Skip to content

Skip to table of contents

ਬਾਈਬਲ ਕੀ ਕਹਿੰਦੀ ਹੈ

ਤੁਸੀਂ ਦੂਜਿਆਂ ਨਾਲ ਸੁਲ੍ਹਾ ਕਿਵੇਂ ਕਰ ਸਕਦੇ ਹੋ?

ਤੁਸੀਂ ਦੂਜਿਆਂ ਨਾਲ ਸੁਲ੍ਹਾ ਕਿਵੇਂ ਕਰ ਸਕਦੇ ਹੋ?

ਇਨਸਾਨਾਂ ਬਾਰੇ ਬਾਈਬਲ ਕਹਿੰਦੀ ਹੈ: “ਸਾਰਿਆਂ ਨੇ ਪਾਪ ਕੀਤਾ ਹੈ ਅਤੇ ਸਾਰੇ ਪਰਮੇਸ਼ੁਰ ਦੇ ਸ਼ਾਨਦਾਰ ਗੁਣ ਜ਼ਾਹਰ ਕਰਨ ਵਿਚ ਨਾਕਾਮਯਾਬ ਹੋਏ ਹਨ।” (ਰੋਮੀਆਂ 3:23) ਧਰਤੀ ’ਤੇ ਰਹਿੰਦੇ ਸੱਤ ਅਰਬ ਤੋਂ ਜ਼ਿਆਦਾ ਲੋਕ ਨਾਮੁਕੰਮਲ ਹਨ, ਇਸ ਲਈ ਆਪਸੀ ਮਤਭੇਦ ਤਾਂ ਹੋਣੇ ਹੀ ਹਨ। ਤਾਂ ਫਿਰ ਅਸੀਂ ਇਨ੍ਹਾਂ ਹਾਲਾਤਾਂ ਵਿਚ ਸ਼ਾਂਤੀ ਕਿੱਦਾਂ ਬਣਾਈ ਰੱਖ ਸਕਦੇ ਹਾਂ?

ਬਾਈਬਲ ਵਿਚ ਸਾਨੂੰ ਵਧੀਆ ਸਲਾਹ ਦਿੱਤੀ ਗਈ ਹੈ। ਇਸ ਵਿਚ ਸਿਰਜਣਹਾਰ ਨੂੰ “ਸ਼ਾਂਤੀ ਦਾ ਪਰਮੇਸ਼ੁਰ” ਕਿਹਾ ਗਿਆ ਹੈ ਜਿਸ ਦਾ ਨਾਂ ਯਹੋਵਾਹ ਹੈ। (ਇਬਰਾਨੀਆਂ 13:20; ਜ਼ਬੂਰਾਂ ਦੀ ਪੋਥੀ 83:18) ਪਰਮੇਸ਼ੁਰ ਚਾਹੁੰਦਾ ਹੈ ਕਿ ਧਰਤੀ ’ਤੇ ਉਸ ਦੇ ਬੱਚੇ ਇਕ-ਦੂਜੇ ਨਾਲ ਸ਼ਾਂਤੀ ਬਣਾਈ ਰੱਖਣ। ਅਤੇ ਇਸ ਮਾਮਲੇ ਵਿਚ ਉਹ ਆਪ ਪਹਿਲ ਕਰਦਾ ਹੈ। ਜਦੋਂ ਪਹਿਲੇ ਮਨੁੱਖੀ ਜੋੜੇ ਨੇ ਪਰਮੇਸ਼ੁਰ ਖ਼ਿਲਾਫ਼ ਪਾਪ ਕਰ ਕੇ ਉਸ ਨਾਲੋਂ ਆਪਣਾ ਨਾਤਾ ਤੋੜ ਲਿਆ ਸੀ, ਤਾਂ ਪਰਮੇਸ਼ੁਰ ਨੇ ਇਨਸਾਨਾਂ ਨਾਲ ਸੁਲ੍ਹਾ ਕਰਨ ਲਈ ਤੁਰੰਤ ਕਦਮ ਚੁੱਕੇ। (2 ਕੁਰਿੰਥੀਆਂ 5:19) ਤਿੰਨ ਗੱਲਾਂ ਵੱਲ ਧਿਆਨ ਦਿਓ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਦੂਜਿਆਂ ਨਾਲ ਸੁਲ੍ਹਾ ਕਰ ਸਕਦੇ ਹੋ।

ਦਿਲੋਂ ਮਾਫ਼ ਕਰੋ

ਬਾਈਬਲ ਕੀ ਕਹਿੰਦੀ ਹੈ? “ਜੇ ਕਿਸੇ ਨੇ ਤੁਹਾਨੂੰ ਕਿਸੇ ਗੱਲੋਂ ਨਾਰਾਜ਼ ਕੀਤਾ ਵੀ ਹੈ, ਤਾਂ ਵੀ ਤੁਸੀਂ ਇਕ-ਦੂਜੇ ਦੀ ਸਹਿੰਦੇ ਰਹੋ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ। ਜਿਵੇਂ ਯਹੋਵਾਹ ਨੇ ਤੁਹਾਨੂੰ ਦਿਲੋਂ ਮਾਫ਼ ਕੀਤਾ ਹੈ, ਤੁਸੀਂ ਵੀ ਇਸੇ ਤਰ੍ਹਾਂ ਕਰੋ।”—ਕੁਲੁੱਸੀਆਂ 3:13.

ਚੁਣੌਤੀ ਕੀ ਹੈ? ਜੇ “ਕਿਸੇ ਨੇ ਤੁਹਾਨੂੰ ਕਿਸੇ ਗੱਲੋਂ ਨਾਰਾਜ਼ ਕੀਤਾ” ਹੈ, ਤਾਂ ਸ਼ਾਇਦ ਤੁਹਾਨੂੰ ਉਨ੍ਹਾਂ ਨਾਲੋਂ ਨਾਤਾ ਤੋੜਨਾ ਜਾਇਜ਼ ਲੱਗੇ। ਤੁਸੀਂ ਸ਼ਾਇਦ ਇਹ ਵੀ ਸੋਚੋ ਕਿ ਉਸ ਨੂੰ ਪਹਿਲਾਂ ਮਾਫ਼ੀ ਮੰਗਣੀ ਚਾਹੀਦੀ ਹੈ। ਪਰ ਜੇ ਉਸ ਨੂੰ ਪਤਾ ਵੀ ਨਹੀਂ ਕਿ ਉਸ ਨੇ ਤੁਹਾਨੂੰ ਨਾਰਾਜ਼ ਕੀਤਾ ਹੈ ਜਾਂ ਉਸ ਨੂੰ ਲੱਗਦਾ ਹੈ ਕਿ ਗ਼ਲਤੀ ਤੁਹਾਡੀ ਹੈ, ਤਾਂ ਮਸਲਾ ਉੱਥੇ ਦਾ ਉੱਥੇ ਰਹਿ ਜਾਵੇਗਾ।

ਤੁਸੀਂ ਕੀ ਕਰ ਸਕਦੇ ਹੋ? ਬਾਈਬਲ ਦੀ ਸਲਾਹ ਮੰਨ ਕੇ ਉਸ ਨੂੰ ਦਿਲੋਂ ਮਾਫ਼ ਕਰ ਦਿਓ, ਖ਼ਾਸ ਕਰਕੇ ਜੇ ਕੋਈ ਛੋਟੀ-ਮੋਟੀ ਗੱਲ ਹੈ। ਯਾਦ ਰੱਖੋ, ਜੇ ਪਰਮੇਸ਼ੁਰ ਸਾਡੀਆਂ ਗ਼ਲਤੀਆਂ ਦਾ ਹਿਸਾਬ-ਕਿਤਾਬ ਰੱਖਦਾ, ਤਾਂ ਅਸੀਂ ਕਦੇ ਵੀ ਉਸ ਦੀਆਂ ਨਜ਼ਰਾਂ ਵਿਚ ਨਿਰਦੋਸ਼ ਨਾ ਗਿਣੇ ਜਾਂਦੇ। (ਜ਼ਬੂਰਾਂ ਦੀ ਪੋਥੀ 130:3) ਬਾਈਬਲ ਕਹਿੰਦੀ ਹੈ ਕਿ “ਯਹੋਵਾਹ ਦਯਾਲੂ ਤੇ ਕਿਰਪਾਲੂ ਹੈ, ਗੁੱਸੇ ਵਿੱਚ ਧੀਰਜੀ ਅਤੇ ਦਯਾ ਨਾਲ ਭਰਪੂਰ। ਉਹ ਤਾਂ ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!”—ਜ਼ਬੂਰਾਂ ਦੀ ਪੋਥੀ 103:8, 14.

ਬਾਈਬਲ ਦੀ ਇਸ ਕਹਾਵਤ ’ਤੇ ਵੀ ਗੌਰ ਕਰੋ: “ਸਮਝਦਾਰ ਛੇਤੀ ਭੜਕਦਾ ਨਹੀਂ, ਅਤੇ ਉਸ ਦਾ ਸਭ ਤੋਂ ਵੱਡਾ ਗੁਣ ਹੈ ਕਿ ਉਹ ਦੂਜਿਆਂ ਨੂੰ ਮਾਫ਼ ਕਰ ਦਿੰਦਾ ਹੈ।” (ਕਹਾਉਤਾਂ 19:11, CL) ਸਮਝਦਾਰ ਇਨਸਾਨ ਗੱਲ ਦੀ ਤਹਿ ਤਕ ਜਾ ਕੇ ਜਾਣ ਲੈਂਦਾ ਹੈ ਕਿ ਲੋਕ ਜੋ ਕਹਿੰਦੇ ਹਨ ਜਾਂ ਕਰਦੇ ਹਨ, ਉਹ ਇਸ ਤਰ੍ਹਾਂ ਕਿਉਂ ਕਹਿੰਦੇ ਜਾਂ ਕਰਦੇ ਹਨ। ਇਸ ਲਈ ਆਪਣੇ ਆਪ ਤੋਂ ਪੁੱਛੋ, ‘ਜਿਸ ਨੇ ਮੈਨੂੰ ਠੇਸ ਪਹੁੰਚਾਈ, ਕੀ ਉਹ ਥੱਕਿਆ, ਬੀਮਾਰ ਜਾਂ ਕਿਸੇ ਦਬਾਅ ਦੇ ਥੱਲੇ ਸੀ?’ ਦੂਸਰਿਆਂ ਦੇ ਅਸਲੀ ਇਰਾਦੇ, ਜਜ਼ਬਾਤ ਅਤੇ ਹਾਲਾਤਾਂ ਨੂੰ ਸਮਝਣ ਨਾਲ ਸ਼ਾਇਦ ਤੁਹਾਡਾ ਗੁੱਸਾ ਠੰਢਾ ਹੋ ਜਾਵੇ ਅਤੇ ਉਨ੍ਹਾਂ ਦੀਆਂ ਗ਼ਲਤੀਆਂ ਨੂੰ ਮਾਫ਼ ਕਰਨ ਵਿਚ ਤੁਹਾਨੂੰ ਮਦਦ ਮਿਲੇ।

ਉਸ ਨਾਲ ਗੱਲ ਕਰੋ

ਬਾਈਬਲ ਕੀ ਕਹਿੰਦੀ ਹੈ? “ਜੇ ਤੇਰਾ ਭਰਾ ਪਾਪ ਕਰੇ, ਤਾਂ ਤੂੰ ਇਕੱਲਾ ਜਾ ਕੇ ਉਸ ਨੂੰ ਉਸ ਦੀ ਗ਼ਲਤੀ ਦੱਸ। ਜੇ ਉਹ ਤੇਰੀ ਗੱਲ ਸੁਣਦਾ ਹੈ, ਤਾਂ ਤੂੰ ਆਪਣੇ ਭਰਾ ਨੂੰ ਸਹੀ ਰਾਹ ’ਤੇ ਮੋੜ ਲਿਆਂਦਾ ਹੈ।”—ਮੱਤੀ 18:15.

ਚੁਣੌਤੀ ਕੀ ਹੈ? ਡਰ, ਗੁੱਸਾ ਅਤੇ ਸ਼ਰਮਿੰਦਗੀ ਵਰਗੀਆਂ ਮਾੜੀਆਂ ਭਾਵਨਾਵਾਂ ਕਾਰਨ ਸ਼ਾਇਦ ਤੁਸੀਂ ਮਸਲੇ ਦਾ ਹੱਲ ਕਰਨ ਲਈ ਠੇਸ ਪਹੁੰਚਾਉਣ ਵਾਲੇ ਕੋਲ ਜਾਣ ਤੋਂ ਹਿਚਕਿਚਾਓ। ਸ਼ਾਇਦ ਤੁਸੀਂ ਇਸ ਮਸਲੇ ਬਾਰੇ ਦੂਜਿਆਂ ਨਾਲ ਵੀ ਗੱਲ ਕਰੋ ਤਾਂਕਿ ਉਹ ਤੁਹਾਡਾ ਪੱਖ ਲੈਣ, ਪਰ ਇਸ ਤਰ੍ਹਾਂ ਤੁਸੀਂ ਗੱਲ ਨੂੰ ਵਧਾ ਰਹੇ ਹੋਵੋਗੇ।

ਤੁਸੀਂ ਕੀ ਕਰ ਸਕਦੇ ਹੋ? ਜਦੋਂ ਮਸਲਾ ਗੰਭੀਰ ਹੁੰਦਾ ਹੈ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ, ਤਾਂ ਉਸ ਵਿਅਕਤੀ ਨਾਲ ਜਾ ਕੇ ਗੱਲ ਕਰੋ। ਮਸਲੇ ਨੂੰ ਇਸ ਤਰ੍ਹਾਂ ਹੱਲ ਕਰਨ ਦੀ ਕੋਸ਼ਿਸ਼ ਕਰੋ:

(1) ਫਟਾਫਟ: ਢਿੱਲ-ਮੱਠ ਨਾ ਕਰੋ। ਇਸ ਤਰ੍ਹਾਂ ਕਰਨ ਨਾਲ ਗੱਲ ਹੋਰ ਵੀ ਵਧ ਜਾਵੇਗੀ। ਯਿਸੂ ਦੀ ਇਹ ਸਲਾਹ ਲਾਗੂ ਕਰਨ ਦੀ ਕੋਸ਼ਿਸ਼ ਕਰੋ: “ਜੇ ਤੂੰ ਵੇਦੀ ਉੱਤੇ ਚੜ੍ਹਾਵਾ ਚੜ੍ਹਾਉਣ ਆਇਆ ਹੈਂ ਤੇ ਉੱਥੇ ਤੈਨੂੰ ਚੇਤੇ ਆਉਂਦਾ ਹੈ ਕਿ ਤੇਰਾ ਭਰਾ ਕਿਸੇ ਗੱਲੋਂ ਤੇਰੇ ਨਾਲ ਨਾਰਾਜ਼ ਹੈ, ਤਾਂ ਤੂੰ ਆਪਣਾ ਚੜ੍ਹਾਵਾ ਵੇਦੀ ਦੇ ਸਾਮ੍ਹਣੇ ਰੱਖ ਅਤੇ ਪਹਿਲਾਂ ਜਾ ਕੇ ਆਪਣੇ ਭਰਾ ਨਾਲ ਸੁਲ੍ਹਾ ਕਰ, ਅਤੇ ਫਿਰ ਆ ਕੇ ਆਪਣਾ ਚੜ੍ਹਾਵਾ ਚੜ੍ਹਾ।”—ਮੱਤੀ 5:23, 24.

(2) ਇਕੱਲਿਆਂ: ਮਸਲੇ ਬਾਰੇ ਦੂਜਿਆਂ ਨਾਲ ਚੁਗ਼ਲੀ ਕਰਨ ਤੋਂ ਬਚੋ। “ਆਪਣੇ ਗੁਆਂਢੀ ਨਾਲ ਹੀ ਆਪਣੇ ਝਗੜੇ ਤੇ ਗੱਲ ਬਾਤ ਕਰ, ਅਤੇ ਏਸ ਭੇਤ ਨੂੰ ਕਿਸੇ ਦੂਜੇ ਤੇ ਨਾ ਖੋਲ੍ਹ।”—ਕਹਾਉਤਾਂ 25:9.

(3) ਸ਼ਾਂਤੀ ਨਾਲ: ਇਹ ਨਾ ਦੇਖੋ ਕਿ ਕੌਣ ਸਹੀ ਤੇ ਕੌਣ ਗ਼ਲਤ ਹੈ। ਤੁਹਾਡਾ ਮਕਸਦ ਸੁਲ੍ਹਾ ਕਰਨੀ ਹੈ, ਨਾ ਕਿ ਬਹਿਸ ਜਿੱਤਣੀ। “ਤੁਸੀਂ” ਕਹਿਣ ਦੀ ਬਜਾਇ “ਮੈਨੂੰ” ਕਹਿਣ ਦੀ ਕੋਸ਼ਿਸ਼ ਕਰੋ। ਮਿਸਾਲ ਲਈ, “ਤੁਸੀਂ ਮੈਨੂੰ ਠੇਸ ਪਹੁੰਚਾਈ!” ਕਹਿਣ ਦੀ ਬਜਾਇ ਇਹ ਕਹਿਣਾ ਬਿਹਤਰ ਹੋਵੇਗਾ ਕਿ “ਮੈਨੂੰ ਇਸ ਗੱਲੋਂ ਠੇਸ ਪਹੁੰਚੀ ਕਿਉਂਕਿ . . .” ਬਾਈਬਲ ਇਹ ਸਲਾਹ ਦਿੰਦੀ ਹੈ: “ਆਓ ਆਪਾਂ ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਅਤੇ ਇਕ-ਦੂਜੇ ਨੂੰ ਹੌਸਲਾ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਰਹੀਏ।”—ਰੋਮੀਆਂ 14:19.

ਧੀਰਜ ਰੱਖੋ

ਬਾਈਬਲ ਕੀ ਕਹਿੰਦੀ ਹੈ? “ਬੁਰਾਈ ਦੇ ਵੱਟੇ ਬੁਰਾਈ ਨਾ ਕਰੋ। . . . ਪਰ ਜੇ ਤੇਰਾ ਦੁਸ਼ਮਣ ਭੁੱਖਾ ਹੈ, ਤਾਂ ਉਸ ਨੂੰ ਖਾਣ ਲਈ ਕੁਝ ਦੇ; ਜੇ ਉਹ ਪਿਆਸਾ ਹੈ, ਤਾਂ ਉਸ ਨੂੰ ਪੀਣ ਲਈ ਕੁਝ ਦੇ।”—ਰੋਮੀਆਂ 12:17, 20.

ਚੁਣੌਤੀ ਕੀ ਹੈ? ਜੇ ਪਹਿਲਾਂ-ਪਹਿਲ ਸੁਲ੍ਹਾ ਕਰਨ ਦੀਆਂ ਤੁਹਾਡੀਆਂ ਕੋਸ਼ਿਸ਼ਾਂ ਬੇਕਾਰ ਜਾਣ, ਤਾਂ ਤੁਸੀਂ ਸ਼ਾਇਦ ਸੋਚੋ ਕਿ ਉਸ ਨਾਲ ਗੱਲ ਕਰਨ ਦਾ ਕੋਈ ਫ਼ਾਇਦਾ ਨਹੀਂ।

ਤੁਸੀਂ ਕੀ ਕਰ ਸਕਦੇ ਹੋ? ਧੀਰਜ ਰੱਖੋ। ਸਾਰਿਆਂ ਦੇ ਵੱਖੋ-ਵੱਖਰੇ ਸੁਭਾਅ ਹਨ ਅਤੇ ਕਈ ਜ਼ਿਆਦਾ ਜਾਂ ਘੱਟ ਸਮਝਦਾਰ ਹੁੰਦੇ ਹਨ। ਕਈਆਂ ਦੇ ਗੁੱਸੇ ਨੂੰ ਠੰਢਾ ਹੋਣ ਵਿਚ ਕਾਫ਼ੀ ਸਮਾਂ ਲੱਗਦਾ ਹੈ। ਦੂਸਰੇ ਲੋਕ ਚੰਗੇ ਗੁਣ ਜ਼ਾਹਰ ਕਰਨੇ ਹਾਲੇ ਸਿੱਖ ਹੀ ਰਹੇ ਹਨ। ਉਨ੍ਹਾਂ ਨਾਲ ਪਿਆਰ ਨਾਲ ਪੇਸ਼ ਆਉਂਦੇ ਰਹੋ। ਬਾਈਬਲ ਕਹਿੰਦੀ ਹੈ: “ਬੁਰਾਈ ਤੋਂ ਹਾਰ ਨਾ ਮੰਨੋ, ਸਗੋਂ ਬੁਰਾਈ ਨੂੰ ਭਲਾਈ ਨਾਲ ਜਿੱਤੋ।”—ਰੋਮੀਆਂ 12:21.

ਦੂਜਿਆਂ ਨਾਲ ਸੁਲ੍ਹਾ ਕਰਨ ਲਈ ਸਾਨੂੰ ਨਿਮਰਤਾ, ਸਮਝਦਾਰੀ, ਧੀਰਜ ਅਤੇ ਪਿਆਰ ਵਰਗੇ ਗੁਣ ਪੈਦਾ ਕਰਨ ਵਾਸਤੇ ਮਿਹਨਤ ਕਰਨੀ ਪੈਂਦੀ ਹੈ। ਪਰ ਮਿਹਨਤ ਦੇ ਕਿੰਨੇ ਮਿੱਠੇ ਫਲ ਮਿਲਦੇ ਹਨ ਜਦ ਦੂਜਿਆਂ ਨਾਲ ਸਾਡੀ ਸੁਲ੍ਹਾ ਹੋ ਜਾਂਦੀ ਹੈ! (g12-E 03)

ਕੀ ਤੁਸੀਂ ਕਦੇ ਸੋਚਿਆ ਹੈ?

● ਦੂਜਿਆਂ ਨੂੰ ਦਿਲੋਂ ਮਾਫ਼ ਕਰਨ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰੇਗੀ?—ਕੁਲੁੱਸੀਆਂ 3:13.

● ਠੇਸ ਪਹੁੰਚਾਉਣ ਵਾਲੇ ਨਾਲ ਮਸਲੇ ਬਾਰੇ ਗੱਲ ਕਰਨ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ?—ਮੱਤੀ 5:23, 24.

● ਜੇ ਸੁਲ੍ਹਾ ਕਰਨ ਦੀਆਂ ਤੁਹਾਡੀਆਂ ਕੋਸ਼ਿਸ਼ਾਂ ਬੇਕਾਰ ਜਾਣ, ਤਾਂ ਤੁਸੀਂ ਕੀ ਕਰ ਸਕਦੇ ਹੋ?—ਰੋਮੀਆਂ 12:17-21.

[ਸਫ਼ਾ 11 ਉੱਤੇ ਸੁਰਖੀ]

“ਸਮਝਦਾਰ ਛੇਤੀ ਭੜਕਦਾ ਨਹੀਂ, ਅਤੇ ਉਸ ਦਾ ਸਭ ਤੋਂ ਵੱਡਾ ਗੁਣ ਹੈ ਕਿ ਉਹ ਦੂਜਿਆਂ ਨੂੰ ਮਾਫ਼ ਕਰ ਦਿੰਦਾ ਹੈ।”—ਕਹਾਉਤਾਂ 19:11, CL