Skip to content

Skip to table of contents

ਨੌਜਵਾਨ ਪੁੱਛਦੇ ਹਨ

ਮੈਂ ਬਾਈਬਲ ਦਾ ਅਧਿਐਨ ਮਜ਼ੇਦਾਰ ਕਿਵੇਂ ਬਣਾਵਾਂ?

ਮੈਂ ਬਾਈਬਲ ਦਾ ਅਧਿਐਨ ਮਜ਼ੇਦਾਰ ਕਿਵੇਂ ਬਣਾਵਾਂ?

ਬਾਈਬਲ ਦਾ ਅਧਿਐਨ ਕਿਉਂ ਕਰੀਏ? ਇਸ ਬਾਰੇ ਇਸ ਤਰ੍ਹਾਂ ਸੋਚੋ:

ਬਾਈਬਲ ਦੀ ਮਦਦ ਨਾਲ ਤੁਸੀਂ ਖ਼ਜ਼ਾਨਾ ਲੱਭ ਸਕਦੇ ਹੋ। ਇਹ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਿਤਾਬ ਹੈ ਜੋ

● ਜ਼ਿੰਦਗੀ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਦੱਸਦੀ ਹੈ

● ਭਵਿੱਖ ਅਤੇ ਅਤੀਤ ਬਾਰੇ ਗੱਲਾਂ ਦੱਸਦੀ ਹੈ ਜੋ ਤੁਹਾਨੂੰ ਹੋਰ ਕਿਤਿਓਂ ਪਤਾ ਨਹੀਂ ਲੱਗ ਸਕਦੀਆਂ

● ਤੁਹਾਨੂੰ ਆਪਣੇ ਆਪ ਬਾਰੇ ਜਾਣਨ ਅਤੇ ਬਿਹਤਰ ਇਨਸਾਨ ਬਣਨ ਵਿਚ ਤੁਹਾਡੀ ਮਦਦ ਕਰਦੀ ਹੈ *

ਬਾਈਬਲ ਦਾ ਅਧਿਐਨ ਕਰਨ ਲਈ ਮਿਹਨਤ ਕਰਨ ਦੀ ਲੋੜ ਹੈ, ਪਰ ਇਸ ਦੇ ਫ਼ਾਇਦੇ ਬਹੁਤ ਹਨ! ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਕੁਝ ਨੌਜਵਾਨ ਇਹ ਕਿਸ ਤਰ੍ਹਾਂ ਕਰਦੇ ਹਨ? ਅਗਲੇ ਸਫ਼ੇ ਨੂੰ ਕੱਟੋ ਅਤੇ ਮੋੜੋ। ਇਸ ਤਰ੍ਹਾਂ ਤੁਹਾਡੇ ਕੋਲ ਚਾਰ ਸਫ਼ੇ ਹੋਣਗੇ ਜਿਨ੍ਹਾਂ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੇ ਹਾਣੀ ਰੁਕਾਵਟਾਂ ਨੂੰ ਪਾਰ ਕਰ ਕੇ ਬਾਈਬਲ ਦੇ ਅਧਿਐਨ ਦਾ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਕਿਵੇਂ ਉਠਾਉਂਦੇ ਹਨ।

“ਬਾਈਬਲ ਵਿਚ ਸਾਰਿਆਂ ਲਈ ਕੁਝ-ਨਾ-ਕੁਝ ਹੈ। ਬਾਈਬਲ ਵਿੱਚੋਂ ਤੁਸੀਂ ਬੇਹਿਸਾਬ ਨਵੀਆਂ-ਨਵੀਆਂ ਗੱਲਾਂ ਦਾ ਅਧਿਐਨ ਕਰ ਸਕਦੇ ਹੋ!”—ਵੈਲਰੀ। * (g12-E 02)

“ਨੌਜਵਾਨ ਪੁੱਛਦੇ ਹਨ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ’ਤੇ ਦਿੱਤੇ ਗਏ ਹਨ: www.watchtower.org/ype

[ਫੁਟਨੋਟ]

^ ਪੈਰਾ 7 ਇਸ ਬਾਰੇ ਹੋਰ ਜਾਣਨ ਲਈ ਕਿ ਬਾਈਬਲ ਇਹ ਸਾਰਾ ਕੁਝ ਤੁਹਾਡੇ ਲਈ ਕਿਵੇਂ ਕਰ ਸਕਦੀ ਹੈ, ਆਪਣੇ ਇਲਾਕੇ ਦੇ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰੋ ਜਾਂ ਸਫ਼ਾ 5 ਉੱਤੇ ਦਿੱਤੇ ਢੁਕਵੇਂ ਪਤੇ ’ਤੇ ਲਿਖੋ।

^ ਪੈਰਾ 9 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।

[ਸਫ਼ਾ 13, 14 ਉੱਤੇ ਡੱਬੀ/ਤਸਵੀਰਾਂ]

ਬਾਈਬਲ ਦਾ ਅਧਿਐਨ ਕਿਵੇਂ ਕਰੀਏ

ਸਮੱਸਿਆ: ਕੋਈ ਰੁਚੀ ਨਾ ਹੋਣੀ

“ਘੰਟੇ ਲਈ ਬੈਠ ਕੇ ਅਧਿਐਨ ਕਰਨ ਦਾ ਕਈ ਵਾਰ ਮੇਰਾ ਮਨ ਨਹੀਂ ਕਰਦਾ।”—ਲੀਨਾ।

ਤੁਹਾਨੂੰ ਕੀ ਕਰਨ ਦੀ ਲੋੜ ਹੈ: ਫ਼ਾਇਦੇ ਦੇਖੋ

ਬਾਈਬਲ ਦੇ ਅਧਿਐਨ ਤੋਂ ਮਜ਼ਾ ਲੈਣ ਲਈ ਤੁਹਾਨੂੰ ਇਸ ਸਵਾਲ ਦਾ ਜਵਾਬ ਦੇਣ ਦੀ ਲੋੜ ਹੈ, ਮੈਨੂੰ ਇਸ ਤੋਂ ਕੀ ਫ਼ਾਇਦਾ ਹੋਵੇਗਾ? ਕੀ ਤੁਸੀਂ ਪਰਮੇਸ਼ੁਰ ਨਾਲ ਦੋਸਤੀ ਕਰਨੀ ਚਾਹੁੰਦੇ ਹੋ? ਕੀ ਤੁਸੀਂ ਦੁਨੀਆਂ ਵਿਚ ਵਾਪਰ ਰਹੀਆਂ ਘਟਨਾਵਾਂ ਨੂੰ ਗਹਿਰਾਈ ਨਾਲ ਸਮਝਣਾ ਚਾਹੁੰਦੇ ਹੋ? ਕੀ ਤੁਸੀਂ ਹੋਰ ਚੰਗੇ ਸੁਭਾਅ ਦੇ ਬਣਨਾ ਚਾਹੁੰਦੇ ਹੋ? ਬਾਈਬਲ ਇਨ੍ਹਾਂ ਸਾਰੀਆਂ ਗੱਲਾਂ ਦੇ ਨਾਲ-ਨਾਲ ਹੋਰ ਵੀ ਬਹੁਤ ਕੁਝ ਕਰਨ ਵਿਚ ਤੁਹਾਡੀ ਮਦਦ ਕਰ ਸਕਦੀ ਹੈ!

“ਬਾਈਬਲ ਦੇ ਅਧਿਐਨ ਨੂੰ ਕੰਮ ਦੀ ਤਰ੍ਹਾਂ ਜਾਂ ਸਕੂਲ ਦੀ ਪੜ੍ਹਾਈ ਵਾਂਗ ਨਾ ਸਮਝੋ। ਇਸ ਦੀ ਬਜਾਇ ਬਾਈਬਲ ਦੇ ਅਧਿਐਨ ਨੂੰ ਸਭ ਤੋਂ ਵਧੀਆ ਦੋਸਤ ਯਹੋਵਾਹ ਪਰਮੇਸ਼ੁਰ ਦੇ ਕਰੀਬ ਜਾਣ ਦਾ ਜ਼ਰੀਆ ਸਮਝੋ।”—ਬੇਥਨੀ।

“ਅਧਿਐਨ ਕਰਨ ਵੇਲੇ ਤੁਸੀਂ ਯਹੋਵਾਹ ਪਰਮੇਸ਼ੁਰ ਦੇ ਨਾਲ ਸਮਾਂ ਬਿਤਾ ਰਹੇ ਹੁੰਦੇ ਹੋ। ਜੇ ਤੁਸੀਂ ਕਿਸੇ ਨਾਲ ਸਿਰਫ਼ ਉਦੋਂ ਹੀ ਸਮਾਂ ਬਿਤਾਉਂਦੇ ਹੋ ਜਦੋਂ ਤੁਹਾਡੇ ਮਾਪੇ ਤੁਹਾਡੇ ਨਾਲ ਹੁੰਦੇ ਹਨ, ਤਾਂ ਕੀ ਉਹ ਤੁਹਾਡਾ ਦੋਸਤ ਹੈ ਜਾਂ ਸਿਰਫ਼ ਤੁਹਾਡੇ ਮਾਪਿਆਂ ਦਾ? ਜੇ ਤੁਸੀਂ ਆਪ ਅਧਿਐਨ ਕਰੋ, ਤਾਂ ਯਹੋਵਾਹ ਤੁਹਾਡਾ ਦੋਸਤ ਬਣ ਸਕਦਾ ਹੈ।”—ਬਿਆਂਕਾ।

ਯਾਦ ਰੱਖੋ: “ਪੂਰਾ ਧਰਮ-ਗ੍ਰੰਥ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਗਿਆ ਹੈ ਅਤੇ ਇਹ ਸਿਖਾਉਣ, ਤਾੜਨ, ਸੁਧਾਰਨ ਅਤੇ ਪਰਮੇਸ਼ੁਰ ਦੇ ਸਹੀ ਮਿਆਰਾਂ ਮੁਤਾਬਕ ਅਨੁਸ਼ਾਸਨ ਦੇਣ ਲਈ ਫ਼ਾਇਦੇਮੰਦ ਹੈ।” (2 ਤਿਮੋਥਿਉਸ 3:16) ਬਾਈਬਲ ਇਨ੍ਹਾਂ ਸਾਰੀਆਂ ਗੱਲਾਂ ਵਿਚ ਵੀ ਤੁਹਾਡੀ ਮਦਦ ਕਰ ਸਕਦੀ ਹੈ!

“ਮੈਂ ਅਧਿਐਨ ਕਰਨ ਦੇ ਫ਼ਾਇਦਿਆਂ ਨੂੰ ਧਿਆਨ ਵਿਚ ਰੱਖਣ ਦੀ ਕੋਸ਼ਿਸ਼ ਕਰਦਾ ਹਾਂ। ਜੇ ਮੈਨੂੰ ਕਿਸੇ ਗੱਲ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਅਧਿਐਨ ਕਰਨ ਨਾਲ ਮੈਨੂੰ ਇਸ ਤਰ੍ਹਾਂ ਕਰਨ ਦਾ ਮੌਕਾ ਮਿਲਦਾ ਹੈ।”—ਮੈਕਸ।

ਇਸ ਬਾਰੇ ਸੋਚੋ:

ਤੁਹਾਨੂੰ ਅਧਿਐਨ ਕਰਨ ਦੀ ਪ੍ਰੇਰਣਾ ਕਿਹੜੀ ਗੱਲ ਤੋਂ ਮਿਲ ਸਕਦੀ ਹੈ?

ਸਮੱਸਿਆ: ਬੋਰ ਹੋਣਾ

“ਅਧਿਐਨ ਕਰਨ ਤੋਂ 10 ਮਿੰਟਾਂ ਬਾਅਦ ਮੈਂ ਥੱਕ ਜਾਂਦੀ ਹਾਂ, 20 ਮਿੰਟਾਂ ਬਾਅਦ ਮੇਰਾ ਮਨ ਕੁਝ ਹੋਰ ਕਰਨ ਨੂੰ ਕਰਦਾ ਹੈ ਅਤੇ 30 ਮਿੰਟਾਂ ਬਾਅਦ ਮੈਂ ਬਿਲਕੁਲ ਬੋਰ ਹੋ ਜਾਂਦੀ ਹਾਂ!”—ਐਲੀਸਨ।

ਤੁਹਾਨੂੰ ਕੀ ਕਰਨ ਦੀ ਲੋੜ ਹੈ: ਕਲਪਨਾ ਕਰੋ

ਕਲਪਨਾ ਕਰਨ ਲਈ ਸੋਚੋ ਕਿ ਤੁਸੀਂ ਕਿਹੜੇ ਵਿਸ਼ੇ ਦਾ ਅਧਿਐਨ ਕਰੋਗੇ, ਕਿਵੇਂ ਕਰੋਗੇ ਜਾਂ ਕਿਹੜੀ ਜਗ੍ਹਾ ਕਰੋਗੇ।

“ਸਮਾਂ ਕੱਢ ਕੇ ਉਨ੍ਹਾਂ ਸਵਾਲਾਂ ਦੀ ਰਿਸਰਚ ਕਰੋ ਜੋ ਤੁਹਾਡੇ ਮਨ ਵਿਚ ਹਨ। ਜਦੋਂ ਤੁਸੀਂ ਆਪਣੇ ਸਵਾਲਾਂ ਲਈ ਅਧਿਐਨ ਕਰਦੇ ਹੋ, ਤਾਂ ਉਨ੍ਹਾਂ ਦੇ ਜਵਾਬ ਮਿਲਣ ਤੇ ਤੁਹਾਨੂੰ ਬਹੁਤ ਤਸੱਲੀ ਅਤੇ ਖ਼ੁਸ਼ੀ ਹੁੰਦੀ ਹੈ।”ਰਿਚਰਡ।

“ਜਦੋਂ ਤੁਸੀਂ ਕਿਸੇ ਘਟਨਾ ਬਾਰੇ ਪੜ੍ਹਦੇ ਹੋ, ਸੋਚੋ ਕਿ ਤੁਸੀਂ ਵੀ ਉੱਥੇ ਹੋ। ਕਲਪਨਾ ਕਰੋ ਕਿ ਤੁਸੀਂ ਮੁੱਖ ਕਿਰਦਾਰ ਹੋ ਜਾਂ ਲਾਗੇ ਖੜ੍ਹੇ ਹੋ ਕੇ ਇਹ ਘਟਨਾ ਵਾਪਰਦੀ ਦੇਖ ਰਹੇ ਹੋ।”ਸਟੀਵਨ।

“ਅਧਿਐਨ ਨੂੰ ਮਜ਼ੇਦਾਰ ਬਣਾਓ। ਬਾਹਰ ਬੈਠੋ ਅਤੇ ਕੋਲ ਸੋਡੇ ਦਾ ਗਲਾਸ ਰੱਖੋ। ਮੈਂ ਅਧਿਐਨ ਕਰਨ ਵੇਲੇ ਸਨੈਕਸ ਖਾਣਾ ਪਸੰਦ ਕਰਦੀ ਹਾਂ। ਕੌਣ ਨਹੀਂ ਕਰਦਾ?”ਐਲੇਗਜ਼ੈਂਡਰਾ।

ਯਾਦ ਰੱਖੋ: ਇਹ ਨਾ ਸੋਚੋ ਕਿ ਤੁਸੀਂ ਬੋਰ ਹੋ ਜਾਣਾ ਹੈ ਕਿਉਂਕਿ ਹਮੇਸ਼ਾ ਇਸ ਤਰ੍ਹਾਂ ਨਹੀਂ ਹੁੰਦਾ। ਇਹ ਕਹਿਣ ਦੀ ਬਜਾਇ ਕਿ “ਅਧਿਐਨ ਕਰਨਾ ਬੋਰਿੰਗ ਹੈ,” ਇਹ ਕਹੋ ਕਿ “ਮੈਂ ਬੋਰ ਹੋ ਗਿਆ।” ਆਪਣੀ ਸੋਚ ਬਦਲਣ ਦੀ ਜ਼ਿੰਮੇਵਾਰੀ ਤੁਹਾਡੀ ਹੈ। ਇਹ ਤੁਹਾਡੇ ਵੱਸ ਵਿਚ ਹੈ, ਜੇ ਚਾਹੋ ਤਾਂ ਤੁਸੀਂ ਆਪਣੇ ਅਧਿਐਨ ਨੂੰ ਮਜ਼ੇਦਾਰ ਬਣਾ ਸਕਦੇ ਹੋ।—ਕਹਾਉਤਾਂ 2:10, 11.

“ਅਧਿਐਨ ਦਾ ਬੋਰਿੰਗ ਹੋਣਾ ਜ਼ਰੂਰੀ ਨਹੀਂ ਹੈ। ਤੁਸੀਂ ਇਸ ਨੂੰ ਮਜ਼ੇਦਾਰ ਬਣਾ ਸਕਦੇ ਹੋ।”ਵਨੇਸਾ।

ਇਸ ਬਾਰੇ ਸੋਚੋ:

ਅਧਿਐਨ ਕਰਨ ਦੇ ਤੁਸੀਂ ਕਿਹੜੇ ਨਵੇਂ-ਨਵੇਂ ਤਰੀਕੇ ਵਰਤ ਸਕਦੇ ਹੋ?

ਸਮੱਸਿਆ: ਸਮਾਂ ਨਾ ਹੋਣਾ

“ਮੈਂ ਬਾਈਬਲ ਦਾ ਹੋਰ ਅਧਿਐਨ ਤਾਂ ਕਰਨਾ ਚਾਹੁੰਦੀ ਹਾਂ, ਪਰ ਮੈਂ ਇੰਨੀ ਬਿਜ਼ੀ ਰਹਿੰਦੀ ਹਾਂ ਕਿ ਬੈਠ ਕੇ ਅਧਿਐਨ ਕਰਨ ਲਈ ਸਮਾਂ ਕੱਢਣਾ ਮੇਰੇ ਲਈ ਔਖਾ ਹੈ!”—ਮਰੀਆ।

ਤੁਹਾਨੂੰ ਕੀ ਕਰਨ ਦੀ ਲੋੜ ਹੈ: ਜ਼ਰੂਰੀ ਗੱਲਾਂ ਨੂੰ ਪਹਿਲ

ਸਮਝਦਾਰ ਇਨਸਾਨ ਬਣਨ ਲਈ ਜ਼ਰੂਰੀ ਹੈ ਕਿ ਤੁਸੀਂ ‘ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖਣਾ’ ਸਿੱਖੋ।—ਫ਼ਿਲਿੱਪੀਆਂ 1:10.

“ਮੇਰੀ ਮੰਮੀ ਨੇ ਮੈਨੂੰ ਇਹ ਸਮਝਾਇਆ ਕਿ ਮੇਰੇ ਕੋਲ ਕਦੇ ਵੀ ਵਾਧੂ ਸਮਾਂ ਨਹੀਂ ਹੋਣਾ। ਮੈਨੂੰ ਸਮਾਂ ਕੱਢਣ ਦੀ ਲੋੜ ਸੀ। ਜਦੋਂ ਮੈਂ ਅਧਿਐਨ ਕਰਨ ਦਾ ਇਰਾਦਾ ਬਣਾ ਲਿਆ, ਤਾਂ ਮੈਂ ਇਸ ਲਈ ਸਮਾਂ ਵੀ ਕੱਢ ਲਿਆ।”ਨਤਾਨੀਆ।

“ਜਿੱਦਾਂ-ਜਿੱਦਾਂ ਮੈਂ ਵੱਡੀ ਹੁੰਦੀ ਗਈ, ਮੈਂ ਸਿੱਖਿਆ ਕਿ ਮੈਨੂੰ ਅਧਿਐਨ ਕਰਨ ਲਈ ਪੱਕਾ ਸਮਾਂ ਰੱਖਣ ਦੀ ਲੋੜ ਹੈ, ਫਿਰ ਮੈਂ ਉਸੇ ਸਮੇਂ ਅਧਿਐਨ ਕਰਦੀ ਹਾਂ ਚਾਹੇ ਹੋਰ ਜੋ ਮਰਜ਼ੀ ਹੋ ਰਿਹਾ ਹੋਵੇ।”ਯੋਲੈਂਡਾ।

“ਜੇ ਤੁਸੀਂ ਅਧਿਐਨ ਨੂੰ ਮਨੋਰੰਜਨ ਤੋਂ ਪਹਿਲਾਂ ਰੱਖੋ, ਤਾਂ ਮੈਂ ਤੁਹਾਨੂੰ ਯਕੀਨ ਦਿਲਾਉਂਦੀ ਹਾਂ ਕਿ ਤੁਸੀਂ ਅਧਿਐਨ ਦਾ ਜ਼ਿਆਦਾ ਮਜ਼ਾ ਲਵੋਗੇ ਅਤੇ ਮਨੋਰੰਜਨ ਕਰਨ ਵੇਲੇ ਤੁਹਾਡੀ ਜ਼ਮੀਰ ਤੁਹਾਨੂੰ ਕੋਸੇਗੀ ਨਹੀਂ।”ਡਾਏਨਾ।

ਯਾਦ ਰੱਖੋ: ਜੇ ਤੁਸੀਂ ਜ਼ਰੂਰੀ ਗੱਲਾਂ ਨੂੰ ਪਹਿਲ ਨਹੀਂ ਦਿੰਦੇ, ਤਾਂ ਸਮੇਂ ਨੂੰ ਆਪਣਾ ਗ਼ੁਲਾਮ ਬਣਾਉਣ ਦੀ ਬਜਾਇ ਤੁਸੀਂ ਸਮੇਂ ਦੇ ਗ਼ੁਲਾਮ ਬਣ ਜਾਵੋਗੇ। ਬਿਹਤਰ ਹੋਵੇਗਾ ਜੇ ਤੁਸੀਂ ਪਹਿਲ ਕਰ ਕੇ ਅਧਿਐਨ ਲਈ ਸਮਾਂ ਕੱਢੋ।—ਅਫ਼ਸੀਆਂ 5:15, 16.

“ਹਾਈ ਸਕੂਲ ਸਟੂਡੈਂਟ ਹੋਣ ਕਰਕੇ ਮੈਂ ਆਸਾਨੀ ਨਾਲ ਹੋਰਨਾਂ ਕੰਮਾਂ ਵਿਚ ਰੁੱਝ ਸਕਦਾ ਹਾਂ! ਪਰ ਮੈਂ ਬਾਈਬਲ ਦੇ ਅਧਿਐਨ ਲਈ ਸਮਾਂ ਕੱਢਣਾ ਬਹੁਤ ਜ਼ਰੂਰੀ ਸਮਝਦਾ ਹਾਂ।”ਜੋਡਨ।

ਇਸ ਬਾਰੇ ਸੋਚੋ:

ਤੁਸੀਂ ਅਧਿਐਨ ਕਦੋਂ ਕਰ ਸਕਦੇ ਹੋ?

[ਸਫ਼ਾ 13 ਉੱਤੇ ਡੱਬੀ/ਤਸਵੀਰਾਂ]

ਤੁਹਾਡੇ ਹਾਣੀਆਂ ਦੇ ਸੁਝਾਅ

ਜ਼ੈੱਕਰੀ—ਸਿਰਫ਼ ਉਨ੍ਹਾਂ ਵਿਸ਼ਿਆਂ ਦਾ ਅਧਿਐਨ ਨਾ ਕਰੋ ਜਿਨ੍ਹਾਂ ਦਾ ਤੁਹਾਡੇ ਮਾਪੇ ਜਾਂ ਦੂਸਰੇ ਕਰਦੇ ਹਨ। ਨਿੱਜੀ ਅਧਿਐਨ ਕਰਨ ਦਾ ਇਹ ਮਤਲਬ ਹੈ ਕਿ ਤੁਸੀਂ ਉਨ੍ਹਾਂ ਵਿਸ਼ਿਆਂ ਦਾ ਅਧਿਐਨ ਕਰੋ ਜਿਨ੍ਹਾਂ ਬਾਰੇ ਤੁਸੀਂ ਸਿੱਖਣਾ ਚਾਹੁੰਦੇ ਹੋ।

ਕੇਅਲੀ—ਪਹਿਲਾਂ-ਪਹਿਲਾਂ ਥੋੜ੍ਹਾ-ਥੋੜ੍ਹਾ ਕਰੋ। ਜੇ ਤੁਸੀਂ ਸਿਰਫ਼ ਪੰਜਾਂ ਮਿੰਟਾਂ ਲਈ ਅਧਿਐਨ ਕਰ ਸਕਦੇ ਹੋ, ਤਾਂ ਠੀਕ ਹੈ ਪਰ ਇਸ ਤਰ੍ਹਾਂ ਹਰ ਰੋਜ਼ ਕਰੋ। ਫਿਰ ਤੁਸੀਂ ਹੌਲੀ-ਹੌਲੀ 10 ਮਿੰਟ, ਫਿਰ 15 ਮਿੰਟ ਕਰੋ . . . ਇਸ ਤਰ੍ਹਾਂ ਸਮਾਂ ਵਧਾਉਂਦੇ-ਵਧਾਉਂਦੇ ਤੁਹਾਨੂੰ ਮਜ਼ਾ ਆਉਣ ਲੱਗ ਪਵੇਗਾ!

ਡਾਨੀਏਲਾ—ਛੋਟੀਆਂ-ਛੋਟੀਆਂ ਚੀਜ਼ਾਂ ਨਾਲ ਵੀ ਫ਼ਰਕ ਪੈ ਸਕਦਾ ਹੈ। ਆਪਣੇ ਲਈ ਰੰਗ-ਬਰੰਗੇ ਪੈੱਨ ਅਤੇ ਇਕ ਸੋਹਣੀ ਜਿਹੀ ਨੋਟ-ਬੁੱਕ ਖ਼ਰੀਦੋ ਜਾਂ ਆਪਣੇ ਕੰਪਿਊਟਰ ’ਤੇ “ਨਿੱਜੀ ਅਧਿਐਨ” ਨਾਂ ਦੀ ਫਾਈਲ ਬਣਾਓ।

ਜੋਡਨ—ਜੇ ਮੈਂ ਆਪਣੇ ਮਨ-ਪਸੰਦ ਦਾ ਵਿਸ਼ਾ ਚੁਣਾਂ, ਤਾਂ ਮੈਂ ਜ਼ਿਆਦਾ ਸਮੇਂ ਲਈ ਅਧਿਐਨ ਕਰ ਸਕਦਾ ਹਾਂ। ਨਾਲੇ ਮੈਨੂੰ ਸ਼ਾਂਤ ਜਗ੍ਹਾ ਬੈਠ ਕੇ ਅਧਿਐਨ ਕਰਨ ਦੀ ਲੋੜ ਹੈ। ਜੇ ਮੇਰੇ ਆਲੇ-ਦੁਆਲੇ ਜ਼ਿਆਦਾ ਰੌਲ਼ਾ ਪੈਂਦਾ ਹੋਵੇ, ਤਾਂ ਮੇਰੇ ਤੋਂ ਅਧਿਐਨ ਨਹੀਂ ਹੁੰਦਾ।

][ਸਫ਼ਾ 12 ਉੱਤੇ ਡਾਇਆਗ੍ਰਾਮ]

(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

ਇੱਥੋਂ ਕੱਟੋ

ਮੋੜੋ