Skip to content

Skip to table of contents

ਲੋਕਾਂ ਨੂੰ ਇੰਨਾ ਗੁੱਸਾ ਕਿਉਂ ਚੜ੍ਹਦਾ ਹੈ?

ਲੋਕਾਂ ਨੂੰ ਇੰਨਾ ਗੁੱਸਾ ਕਿਉਂ ਚੜ੍ਹਦਾ ਹੈ?

ਲੋਕਾਂ ਨੂੰ ਇੰਨਾ ਗੁੱਸਾ ਕਿਉਂ ਚੜ੍ਹਦਾ ਹੈ?

ਗੁੱਸੇ ਦੇ ਕਾਰਨ ਗੁੰਝਲਦਾਰ ਹਨ। ਵਿਗਿਆਨੀ ਵੀ ਮੰਨਦੇ ਹਨ ਕਿ ਗੁੱਸੇ ਦੇ ਕਾਰਨਾਂ ਬਾਰੇ ਉਨ੍ਹਾਂ ਨੂੰ ਇੰਨਾ ਪਤਾ ਨਹੀਂ। ਪਰ ਮਾਨਸਿਕ ਰੋਗਾਂ ਦੇ ਮਾਹਰ ਸਹਿਮਤ ਹਨ ਕਿ ਸਾਡਾ ਸਾਰਿਆਂ ਦਾ “ਕਿਸੇ-ਨਾ-ਕਿਸੇ ਗੱਲ ਕਰਕੇ ਗੁੱਸਾ ਭੜਕ ਉੱਠਦਾ ਹੈ।”

ਇਹ ਗੱਲਾਂ ਅਜਿਹੀਆਂ ਚੰਗਿਆੜੀਆਂ ਹੁੰਦੀਆਂ ਹਨ ਜੋ ਇਕ ਇਨਸਾਨ ਨੂੰ ਖਿਝਾ ਦਿੰਦੀਆਂ ਹਨ। ਇਹ ਚੰਗਿਆੜੀਆਂ ਅਕਸਰ ਬੇਇਨਸਾਫ਼ੀ ਕਾਰਨ ਪੈਦਾ ਹੁੰਦੀਆਂ ਹਨ। ਇਹ ਚੰਗਿਆੜੀਆਂ ਉਦੋਂ ਭੜਕ ਸਕਦੀਆਂ ਹਨ ਜਦੋਂ ਸਾਨੂੰ ਲੱਗਦਾ ਹੈ ਕਿ ਕਿਸੇ ਨੇ ਸਾਡੀ ਬੇਇੱਜ਼ਤੀ ਜਾਂ ਨਿਰਾਦਰ ਕੀਤਾ ਹੈ। ਸਾਡੇ ਗੁੱਸੇ ਦੀ ਅੱਗ ਉਦੋਂ ਵੀ ਭੜਕ ਸਕਦੀ ਹੈ ਜਦੋਂ ਸਾਨੂੰ ਲੱਗਦਾ ਹੈ ਕਿ ਕੋਈ ਸਾਡੇ ਅਧਿਕਾਰ ਨੂੰ ਖੋਹ ਰਿਹਾ ਹੈ ਜਾਂ ਨੇਕਨਾਮੀ ਨੂੰ ਖ਼ਤਰੇ ਵਿਚ ਪਾ ਰਿਹਾ ਹੈ।

ਹਰ ਇਨਸਾਨ ਅੰਦਰ ਇਹ ਚੰਗਿਆੜੀਆਂ ਵੱਖੋ-ਵੱਖਰੇ ਕਾਰਨਾਂ ਕਰਕੇ ਭੜਕਦੀਆਂ ਹਨ। ਵੱਖੋ-ਵੱਖਰੀ ਉਮਰ ਅਤੇ ਸਭਿਆਚਾਰ ਦੇ ਆਦਮੀਆਂ ਤੇ ਤੀਵੀਆਂ ਨੂੰ ਵੱਖੋ-ਵੱਖਰੇ ਕਾਰਨਾਂ ਕਰਕੇ ਗੁੱਸਾ ਆਉਂਦਾ ਹੈ। ਇਸ ਦੇ ਨਾਲ-ਨਾਲ ਕੁਝ ਲੋਕ ਘੱਟ ਗੁੱਸੇ ਹੁੰਦੇ ਹਨ ਤੇ ਕੁਝ ਜ਼ਿਆਦਾ। ਕੁਝ ਲੋਕਾਂ ਨੂੰ ਕਦੇ-ਕਦੇ ਗੁੱਸਾ ਆਉਂਦਾ ਹੈ ਅਤੇ ਉਹ ਗੱਲ ਦਾ ਇੰਨਾ ਬੁਰਾ ਨਹੀਂ ਮਨਾਉਂਦੇ, ਜਦ ਕਿ ਦੂਸਰਿਆਂ ਨੂੰ ਝੱਟ ਗੁੱਸਾ ਆ ਜਾਂਦਾ ਹੈ ਤੇ ਉਹ ਸ਼ਾਇਦ ਕਈ ਦਿਨਾਂ, ਹਫ਼ਤਿਆਂ, ਮਹੀਨਿਆਂ ਜਾਂ ਜ਼ਿਆਦਾ ਸਮੇਂ ਲਈ ਗੁੱਸੇ ਦੀ ਅੱਗ ਵਿਚ ਸੜਦੇ ਰਹਿੰਦੇ ਹਨ।

ਅਸੀਂ ਅਜਿਹੇ ਮਾਹੌਲ ਵਿਚ ਰਹਿੰਦੇ ਹਾਂ ਜਿੱਥੇ ਗੁੱਸਾ ਚੜ੍ਹਾਉਣ ਵਾਲੀਆਂ ਕਈ ਗੱਲਾਂ ਹੋ ਸਕਦੀਆਂ ਹਨ। ਇਸ ਦੇ ਨਾਲ-ਨਾਲ ਇਨ੍ਹਾਂ ਗੱਲਾਂ ਕਰਕੇ ਲੱਗਦਾ ਹੈ ਕਿ ਲੋਕਾਂ ਦਾ ਪਾਰਾ ਹੋਰ ਚੜ੍ਹ ਰਿਹਾ ਹੈ। ਕਿਉਂ? ਇਕ ਕਾਰਨ ਹੈ ਕਿ ਅੱਜ ਹਰ ਜਗ੍ਹਾ ਲੋਕ ਇੰਨੇ ਸੁਆਰਥੀ ਹੋ ਗਏ ਹਨ ਕਿ ਉਨ੍ਹਾਂ ਨੂੰ ਦੂਜਿਆਂ ਦੀ ਕੋਈ ਪਰਵਾਹ ਨਹੀਂ ਹੈ। ਬਾਈਬਲ ਸਮਝਾਉਂਦੀ ਹੈ: ‘ਆਖ਼ਰੀ ਦਿਨਾਂ ਵਿਚ ਲੋਕ ਸੁਆਰਥੀ, ਪੈਸੇ ਦੇ ਪ੍ਰੇਮੀ, ਸ਼ੇਖ਼ੀਬਾਜ਼, ਹੰਕਾਰੀ, ਜ਼ਿੱਦੀ ਅਤੇ ਘਮੰਡ ਨਾਲ ਫੁੱਲੇ ਹੋਏ ਹੋਣਗੇ।’ (2 ਤਿਮੋਥਿਉਸ 3:1-5) ਕੀ ਅੱਜ ਬਹੁਤ ਸਾਰੇ ਲੋਕਾਂ ਦਾ ਰਵੱਈਆ ਇਹੋ ਜਿਹਾ ਨਹੀਂ ਹੈ?

ਜਦੋਂ ਇਨ੍ਹਾਂ ਸੁਆਰਥੀ ਲੋਕਾਂ ਦੀ ਜ਼ਿੱਦ ਪੂਰੀ ਨਹੀਂ ਹੁੰਦੀ, ਤਾਂ ਉਨ੍ਹਾਂ ਨੂੰ ਅਕਸਰ ਗੁੱਸਾ ਚੜ੍ਹ ਜਾਂਦਾ ਹੈ। ਕਈ ਹੋਰ ਕਾਰਨ ਵੀ ਹਨ ਜਿਨ੍ਹਾਂ ਕਰਕੇ ਸ਼ਾਇਦ ਗੁੱਸੇ ਦੀ ਸਮੱਸਿਆ ਵਧਦੀ ਜਾ ਰਹੀ ਹੈ। ਆਓ ਕੁਝ ਕਾਰਨਾਂ ’ਤੇ ਗੌਰ ਕਰੀਏ।

ਮਾਪਿਆਂ ਦੀ ਮਿਸਾਲ

ਬਚਪਨ ਅਤੇ ਜਵਾਨੀ ਵਿਚ ਇਕ ਵਿਅਕਤੀ ਦੇ ਸੁਭਾਅ ਉੱਤੇ ਮਾਪਿਆਂ ਦਾ ਗਹਿਰਾ ਅਸਰ ਪੈਂਦਾ ਹੈ। ਮਨੋਵਿਗਿਆਨੀ ਹੈਰੀ ਐੱਲ. ਮਿਲਜ਼ ਕਹਿੰਦਾ ਹੈ: “ਬਹੁਤ ਛੋਟੀ ਉਮਰ ਤੋਂ ਲੋਕ ਆਪਣੇ ਆਲੇ-ਦੁਆਲੇ ਦੇ ਗੁੱਸੇਖ਼ੋਰ ਲੋਕਾਂ ਦੀ ਰੀਸ ਕਰਨ ਦੁਆਰਾ ਗੁੱਸਾ ਪ੍ਰਗਟਾਉਣਾ ਸਿੱਖਦੇ ਹਨ।”

ਜੇ ਬੱਚੇ ਦੀ ਪਰਵਰਿਸ਼ ਅਜਿਹੇ ਬੁਰੇ ਮਾਹੌਲ ਵਿਚ ਹੁੰਦੀ ਹੈ ਜਿੱਥੇ ਛੋਟੀਆਂ-ਮੋਟੀਆਂ ਗੱਲਾਂ ਕਾਰਨ ਗੁੱਸਾ ਭੜਕ ਉੱਠਦਾ ਹੈ, ਤਾਂ ਕਿਹਾ ਜਾ ਸਕਦਾ ਹੈ ਕਿ ਬੱਚੇ ਨੂੰ ਜ਼ਿੰਦਗੀ ਦੀਆਂ ਸਮੱਸਿਆਵਾਂ ਨਾਲ ਗੁੱਸੇ ਨਾਲ ਨਿਪਟਣ ਦੀ ਸਿਖਲਾਈ ਮਿਲ ਰਹੀ ਹੈ। ਤੁਸੀਂ ਬੱਚੇ ਦੀ ਸਥਿਤੀ ਦੀ ਤੁਲਨਾ ਉਸ ਪੌਦੇ ਨਾਲ ਕਰ ਸਕਦੇ ਹੋ ਜਿਸ ਨੂੰ ਜ਼ਹਿਰੀਲਾ ਪਾਣੀ ਦਿੱਤਾ ਗਿਆ ਹੈ। ਪੌਦਾ ਸ਼ਾਇਦ ਉੱਗ ਜਾਵੇ, ਪਰ ਇਸ ਦਾ ਵਾਧਾ ਰੁਕ ਸਕਦਾ ਹੈ ਅਤੇ ਇਸ ਨੂੰ ਹਮੇਸ਼ਾ ਲਈ ਨੁਕਸਾਨ ਪਹੁੰਚ ਸਕਦਾ ਹੈ। ਗੁੱਸਾ ਜ਼ਹਿਰੀਲੇ ਪਾਣੀ ਵਾਂਗ ਹੈ ਅਤੇ ਜਿਹੜੇ ਬੱਚੇ ਗੁੱਸੇ ਭਰੇ ਮਾਹੌਲ ਵਿਚ ਪਲ਼ਦੇ ਹਨ, ਉਨ੍ਹਾਂ ਨੂੰ ਵੱਡੇ ਹੋ ਕੇ ਆਪਣੇ ਗੁੱਸੇ ਨੂੰ ਕਾਬੂ ਕਰਨ ਵਿਚ ਮੁਸ਼ਕਲ ਹੋਣ ਦੀ ਜ਼ਿਆਦਾ ਸੰਭਾਵਨਾ ਹੈ।

ਭੀੜ-ਭੜੱਕੇ ਵਾਲੇ ਸ਼ਹਿਰ

ਸਾਲ 1800 ਵਿਚ ਦੁਨੀਆਂ ਦੀ ਤਿੰਨ ਪ੍ਰਤਿਸ਼ਤ ਆਬਾਦੀ ਸ਼ਹਿਰੀ ਇਲਾਕਿਆਂ ਵਿਚ ਰਹਿੰਦੀ ਸੀ। 2008 ਵਿਚ ਗਿਣਤੀ ਵਧ ਕੇ 50% ਹੋ ਗਈ ਅਤੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ 2050 ਵਿਚ ਇਹ ਗਿਣਤੀ ਵਧ ਕੇ 70% ਹੋ ਜਾਵੇਗੀ। ਜਿੱਦਾਂ-ਜਿੱਦਾਂ ਹੋਰ ਜ਼ਿਆਦਾ ਲੋਕ ਇਨ੍ਹਾਂ ਭੀੜ-ਭੜੱਕੇ ਵਾਲੇ ਸ਼ਹਿਰਾਂ ਵਿਚ ਜਾ ਰਹੇ ਹਨ, ਉੱਦਾਂ-ਉੱਦਾਂ ਲੋਕਾਂ ਦਾ ਗੁੱਸਾ ਤੇ ਖਿੱਝ ਵਧਦੀ ਜਾਵੇਗੀ। ਇਕ ਮਿਸਾਲ ਹੈ ਮੈਕਸੀਕੋ ਸਿਟੀ ਦੀ ਜੋ ਦੁਨੀਆਂ ਦਾ ਸਭ ਤੋਂ ਵੱਡਾ ਤੇ ਸਭ ਤੋਂ ਜ਼ਿਆਦਾ ਭੀੜ-ਭੜੱਕੇ ਵਾਲਾ ਸ਼ਹਿਰ ਹੈ। ਸਭ ਤੋਂ ਜ਼ਿਆਦਾ ਟੈਨਸ਼ਨ ਲੋਕਾਂ ਨੂੰ ਟ੍ਰੈਫਿਕ ਜਾਮ ਕਰਕੇ ਹੁੰਦੀ ਹੈ। ਮੈਕਸੀਕੋ ਸਿਟੀ ਵਿਚ ਇਕ ਕਰੋੜ 80 ਲੱਖ ਲੋਕ ਰਹਿੰਦੇ ਹਨ ਅਤੇ 60 ਲੱਖ ਕਾਰਾਂ ਹਨ। ਇਕ ਪੱਤਰਕਾਰ ਮੁਤਾਬਕ ਇਹ ਸ਼ਹਿਰ “ਦੁਨੀਆਂ ਦੀ ਸਭ ਤੋਂ ਜ਼ਿਆਦਾ ਤਣਾਅ ਭਰੀ ਰਾਜਧਾਨੀ ਹੋ ਸਕਦੀ ਹੈ। ਬਹੁਤ ਜ਼ਿਆਦਾ ਟ੍ਰੈਫਿਕ ਹੋਣ ਕਰਕੇ ਲੋਕਾਂ ਦਾ ਪਾਰਾ ਸੱਤਵੇਂ ਆਸਮਾਨ ’ਤੇ ਚੜ੍ਹ ਜਾਂਦਾ ਹੈ।”

ਭੀੜ-ਭੜੱਕੇ ਵਾਲੇ ਸ਼ਹਿਰਾਂ ਵਿਚ ਤਣਾਅ ਦੇ ਹੋਰ ਵੀ ਕਾਰਨ ਹਨ ਜਿਨ੍ਹਾਂ ਵਿਚ ਹਵਾ ਅਤੇ ਸ਼ੋਰ ਪ੍ਰਦੂਸ਼ਣ, ਘਰਾਂ ਦੀ ਘਾਟ, ਵੱਖਰੇ ਸਭਿਆਚਾਰ ਕਾਰਨ ਮਤਭੇਦ ਅਤੇ ਬਹੁਤ ਜ਼ਿਆਦਾ ਅਪਰਾਧ ਸ਼ਾਮਲ ਹਨ। ਜਿੱਦਾਂ-ਜਿੱਦਾਂ ਤਣਾਅ ਵਧਦਾ ਜਾਂਦਾ ਹੈ, ਉੱਦਾਂ-ਉੱਦਾਂ ਲੋਕਾਂ ਦਾ ਚਿੜਚਿੜਾਪਣ ਤੇ ਗੁੱਸਾ ਵਧਦਾ ਜਾਂਦਾ ਹੈ ਅਤੇ ਉਹ ਬੇਸਬਰੇ ਹੁੰਦੇ ਜਾ ਰਹੇ ਹਨ।

ਆਰਥਿਕ ਮੰਦੀ

ਦੁਨੀਆਂ ਭਰ ਵਿਚ ਆਰਥਿਕ ਮੰਦੀ ਕਰਕੇ ਲੋਕਾਂ ਵਿਚ ਤਣਾਅ ਤੇ ਚਿੰਤਾ ਪੈਦਾ ਹੋ ਗਈ ਹੈ। 2010 ਵਿਚ ਅੰਤਰਰਾਸ਼ਟਰੀ ਮੁਦਰਾ ਫੰਡ ਅਤੇ ਸੰਯੁਕਤ ਰਾਸ਼ਟਰ-ਸੰਘ ਅੰਤਰਰਾਸ਼ਟਰੀ ਮਜ਼ਦੂਰੀ ਸੰਗਠਨ (ਆਈ. ਐੱਲ. ਓ.) ਨੇ ਸਾਂਝੀ ਰਿਪੋਰਟ ਵਿਚ ਕਿਹਾ: “ਅੰਦਾਜ਼ਾ ਲਾਇਆ ਗਿਆ ਹੈ ਕਿ ਦੁਨੀਆਂ ਭਰ ਵਿਚ 21 ਕਰੋੜ ਤੋਂ ਜ਼ਿਆਦਾ ਲੋਕ ਬੇਰੋਜ਼ਗਾਰ ਹਨ।” ਅਫ਼ਸੋਸ ਦੀ ਗੱਲ ਹੈ ਕਿ ਜਿਨ੍ਹਾਂ ਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ ਗਿਆ, ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਕੋਲ ਜਮ੍ਹਾ ਕੀਤਾ ਹੋਇਆ ਕੋਈ ਪੈਸਾ ਨਹੀਂ ਹੈ ਜਾਂ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲਦੀ।

ਨੌਕਰੀ ਕਰਨ ਵਾਲਿਆਂ ਦੀ ਹਾਲਤ ਵੀ ਇੰਨੀ ਚੰਗੀ ਨਹੀਂ ਹੈ। ਆਈ. ਐੱਲ. ਓ. ਮੁਤਾਬਕ ਕੰਮ ਨਾਲ ਹੁੰਦਾ ਤਣਾਅ “ਦੁਨੀਆਂ ਭਰ ਵਿਚ ਫੈਲੀ ਮਹਾਂਮਾਰੀ” ਹੈ। ਆਂਟੇਰੀਓ, ਕੈਨੇਡਾ ਦਾ ਮੈਨੇਜਮੈਂਟ ਸਲਾਹਕਾਰ ਲੋਰਨ ਕਰਟਿਸ ਕਹਿੰਦਾ ਹੈ ਕਿ “ਲੋਕ ਆਪਣੀਆਂ ਨੌਕਰੀਆਂ ਗੁਆਉਣ ਤੋਂ ਡਰਦੇ ਹਨ ਅਤੇ ਜਲਦੀ ਹੀ ਬੁਰਾ ਸਿੱਟਾ ਕੱਢ ਲੈਂਦੇ ਹਨ।” ਨਤੀਜੇ ਵਜੋਂ “ਉਹ ਚਿੜਚਿੜੇ ਹੋ ਜਾਂਦੇ ਹਨ ਅਤੇ ਆਪਣੇ ਸੁਪਰਵਾਈਜ਼ਰ ਜਾਂ ਆਪਣੇ ਨਾਲ ਕੰਮ ਕਰਨ ਵਾਲਿਆਂ ਨਾਲ ਲੜਨ ਲਈ ਤਿਆਰ ਹੋ ਜਾਂਦੇ ਹਨ।”

ਪੱਖਪਾਤ ਤੇ ਬੇਇਨਸਾਫ਼ੀ

ਫ਼ਰਜ਼ ਕਰੋ ਕਿ ਤੁਸੀਂ ਦੌੜ ਵਿਚ ਸ਼ਾਮਲ ਹੋ, ਪਰ ਤੁਹਾਨੂੰ ਪਤਾ ਲੱਗਦਾ ਹੈ ਕਿ ਸਿਰਫ਼ ਤੁਹਾਨੂੰ ਹੀ ਆਪਣੇ ਪੈਰ ਜ਼ੰਜੀਰਾਂ ਨਾਲ ਬੰਨ੍ਹ ਕੇ ਦੌੜਨਾ ਪਵੇਗਾ। ਤੁਸੀਂ ਕਿਵੇਂ ਮਹਿਸੂਸ ਕਰੋਗੇ? ਇਸੇ ਤਰ੍ਹਾਂ ਲੱਖਾਂ ਹੀ ਲੋਕ ਮਹਿਸੂਸ ਕਰਦੇ ਹਨ ਜਦੋਂ ਉਹ ਨਸਲੀ ਜਾਂ ਹੋਰ ਤਰ੍ਹਾਂ ਦੇ ਪੱਖਪਾਤ ਦਾ ਸਾਮ੍ਹਣਾ ਕਰਦੇ ਹਨ। ਲੋਕਾਂ ਨੂੰ ਗੁੱਸਾ ਚੜ੍ਹ ਜਾਂਦਾ ਹੈ ਜਦੋਂ ਪੱਖਪਾਤ ਕਰਕੇ ਉਨ੍ਹਾਂ ਨੂੰ ਨੌਕਰੀਆਂ, ਸਿੱਖਿਆ, ਘਰ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਨਹੀਂ ਮਿਲਦੀਆਂ।

ਇਸੇ ਤਰ੍ਹਾਂ ਬੇਇਨਸਾਫ਼ੀ ਕਰਕੇ ਸਾਡੀਆਂ ਭਾਵਨਾਵਾਂ ਨੂੰ ਕੁਚਲ਼ਿਆ ਜਾ ਸਕਦਾ ਹੈ ਅਤੇ ਸਾਨੂੰ ਬਹੁਤ ਦੁੱਖ ਪਹੁੰਚ ਸਕਦਾ ਹੈ। ਅਫ਼ਸੋਸ ਦੀ ਗੱਲ ਹੈ ਕਿ ਸਾਡੇ ਸਾਰਿਆਂ ਨਾਲ ਕਿਸੇ-ਨਾ-ਕਿਸੇ ਸਮੇਂ ਤੇ ਬੇਇਨਸਾਫ਼ੀ ਹੋਈ ਹੈ। ਤਿੰਨ ਹਜ਼ਾਰ ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਬੁੱਧੀਮਾਨ ਰਾਜਾ ਸੁਲੇਮਾਨ ਨੇ ਕਿਹਾ: “ਵੇਖੋ ਸਤਾਇਆਂ ਹੋਇਆਂ ਦੇ ਅੰਝੂ ਸਨ ਅਤੇ ਓਹਨਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਸੀ।” (ਉਪਦੇਸ਼ਕ ਦੀ ਪੋਥੀ 4:1) ਜਦੋਂ ਚਾਰੇ ਪਾਸੇ ਬੇਇਨਸਾਫ਼ੀ ਹੁੰਦੀ ਹੈ ਅਤੇ ਦਿਲਾਸਾ ਦੇਣ ਵਾਲਾ ਕੋਈ ਹੁੰਦਾ ਨਹੀਂ, ਤਾਂ ਕਿਸੇ ਦੇ ਵੀ ਦਿਲ ਵਿਚ ਗੁੱਸੇ ਦੀ ਅੱਗ ਭੜਕ ਸਕਦੀ ਹੈ।

ਮਨੋਰੰਜਨ ਇੰਡਸਟਰੀ

ਹਜ਼ਾਰ ਤੋਂ ਜ਼ਿਆਦਾ ਅਧਿਐਨ ਇਹ ਦੇਖਣ ਲਈ ਕੀਤੇ ਗਏ ਹਨ ਕਿ ਟੈਲੀਵਿਯਨ ਉੱਤੇ ਅਤੇ ਹੋਰ ਤਰੀਕਿਆਂ ਨਾਲ ਦਿਖਾਈ ਜਾਂਦੀ ਮਾਰ-ਧਾੜ ਦਾ ਬੱਚਿਆਂ ਉੱਤੇ ਕਿਹੋ ਜਿਹਾ ਅਸਰ ਪੈਂਦਾ ਹੈ। ਕਾਮਨ ਸੈਂਸ ਮੀਡਿਆ ਦਾ ਮੋਢੀ ਜੇਮਜ਼ ਪੀ. ਸਟਾਇਅਰ ਕਹਿੰਦਾ ਹੈ: “ਜਿਹੜੀ ਪੀੜ੍ਹੀ ਲਗਾਤਾਰ ਅਜਿਹੀ ਘੋਰ ਹਿੰਸਾ ਦੇਖਦੀ ਹੈ ਜੋ ਦੇਖਣ ਨੂੰ ਅਸਲੀ ਲੱਗਦੀ ਹੈ, ਉਸ ਨੂੰ ਵੱਡੇ ਹੋ ਕੇ ਗੁੱਸਾ ਕਰਨ ਵਿਚ ਕੋਈ ਹਰਜ਼ ਨਹੀਂ ਹੁੰਦਾ, ਉਹ ਕਰੂਰਤਾ ਬਰਦਾਸ਼ਤ ਕਰ ਲੈਂਦੀ ਹੈ ਤੇ ਇੰਨੀ ਹਮਦਰਦੀ ਨਹੀਂ ਰੱਖਦੀ।”

ਇਹ ਸੱਚ ਹੈ ਕਿ ਜਿਹੜੇ ਨੌਜਵਾਨ ਲਗਾਤਾਰ ਟੀ. ਵੀ. ’ਤੇ ਮਾਰ-ਧਾੜ ਦੇਖਦੇ ਹਨ, ਇਸ ਦਾ ਇਹ ਮਤਲਬ ਨਹੀਂ ਕਿ ਉਹ ਵੱਡੇ ਹੋ ਕੇ ਖ਼ਤਰਨਾਕ ਅਪਰਾਧੀ ਬਣਨਗੇ। ਪਰ ਮਨੋਰੰਜਨ ਇੰਡਸਟਰੀ ਅਕਸਰ ਦਿਖਾਉਂਦੀ ਹੈ ਕਿ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਗੁੱਸੇ ਨਾਲ ਭੜਕ ਉੱਠਣਾ ਜਾਇਜ਼ ਹੈ ਅਤੇ ਇਕ ਨਵੀਂ ਪੀੜ੍ਹੀ ਉੱਠ ਖੜ੍ਹੀ ਹੈ ਜੋ ਮਾਰ-ਧਾੜ ਦੇਖਣ ਦੀ ਇੰਨੀ ਆਦੀ ਹੋ ਗਈ ਹੈ ਕਿ ਉਨ੍ਹਾਂ ਦੀ ਜ਼ਮੀਰ ਸੁੰਨ ਹੋ ਚੁੱਕੀ ਹੈ।

ਦੁਸ਼ਟ ਦੂਤਾਂ ਦਾ ਅਸਰ

ਬਾਈਬਲ ਦੱਸਦੀ ਹੈ ਕਿ ਅੱਜ ਦੁਨੀਆਂ ਦੇ ਨੁਕਸਾਨਦੇਹ ਗੁੱਸੇ ਦੇ ਪਿੱਛੇ ਇਕ ਦੂਤ ਦਾ ਹੱਥ ਹੈ ਜਿਸ ਨੂੰ ਅਸੀਂ ਦੇਖ ਨਹੀਂ ਸਕਦੇ। ਉਹ ਕਿਵੇਂ? ਮਨੁੱਖੀ ਇਤਿਹਾਸ ਦੇ ਸ਼ੁਰੂ ਵਿਚ ਇਕ ਬਾਗ਼ੀ ਦੂਤ ਨੇ ਸਰਬਸ਼ਕਤੀਮਾਨ ਪਰਮੇਸ਼ੁਰ ਤੋਂ ਮੂੰਹ ਮੋੜ ਲਿਆ। ਇਸ ਦੁਸ਼ਟ ਦੂਤ ਦਾ ਨਾਂ ਹੈ ਸ਼ੈਤਾਨ। ਇਬਰਾਨੀ ਵਿਚ ਇਸ ਨਾਂ ਦਾ ਮਤਲਬ ਹੈ “ਵਿਰੋਧੀ” ਜਾਂ “ਦੁਸ਼ਮਣ।” (ਉਤਪਤ 3:1-13) ਬਾਅਦ ਵਿਚ ਸ਼ੈਤਾਨ ਨੇ ਪਰਮੇਸ਼ੁਰ ਖ਼ਿਲਾਫ਼ ਇਸ ਬਗਾਵਤ ਵਿਚ ਹੋਰਨਾਂ ਦੂਤਾਂ ਨੂੰ ਆਪਣੇ ਨਾਲ ਰਲ਼ਾ ਲਿਆ।

ਇਨ੍ਹਾਂ ਅਣਆਗਿਆਕਾਰ ਦੁਸ਼ਟ ਦੂਤਾਂ ਨੂੰ ਧਰਤੀ ਉੱਤੇ ਸੁੱਟਿਆ ਗਿਆ ਹੈ। (ਪ੍ਰਕਾਸ਼ ਦੀ ਕਿਤਾਬ 12:9, 10, 12) ਇਸ ਦੇ ਨਾਲ-ਨਾਲ ਉਹ “ਬਹੁਤ ਗੁੱਸੇ ਵਿਚ” ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਕੋਲ ਥੋੜ੍ਹਾ ਹੀ ਸਮਾਂ ਹੈ। ਭਾਵੇਂ ਅਸੀਂ ਇਨ੍ਹਾਂ ਦੁਸ਼ਟ ਦੂਤਾਂ ਨੂੰ ਨਹੀਂ ਦੇਖ ਸਕਦੇ, ਫਿਰ ਵੀ ਇਨ੍ਹਾਂ ਦੇ ਕੰਮਾਂ ਦਾ ਅਸਰ ਸਾਡੇ ’ਤੇ ਪੈਂਦਾ ਹੈ। ਕਿਵੇਂ?

ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤ ਸਾਡੇ ਪਾਪੀ ਝੁਕਾਵਾਂ ਦਾ ਲਾਹਾ ਲੈ ਕੇ ਸਾਨੂੰ ਅਜਿਹੇ ਕੰਮ ਕਰਨ ਲਈ ਭਰਮਾਉਣ ਦੀ ਕੋਸ਼ਿਸ਼ ਕਰਦੇ ਹਨ ਜਿਵੇਂ ‘ਵੈਰ, ਝਗੜੇ, ਈਰਖਾ, ਗੁੱਸੇ ਵਿਚ ਭੜਕਣਾ, ਮਤਭੇਦ, ਫੁੱਟ, ਪਾਰਟੀਆਂ ਵਿਚ ਰੰਗਰਲੀਆਂ ਮਨਾਉਣੀਆਂ ਅਤੇ ਹੋਰ ਇਹੋ ਜਿਹੇ ਕੰਮ।’—ਗਲਾਤੀਆਂ 5:19-21.

ਗੁੱਸੇ ਨੂੰ ਆਪਣੇ ’ਤੇ ਹਾਵੀ ਨਾ ਹੋਣ ਦਿਓ

ਜਦੋਂ ਅਸੀਂ ਇਨ੍ਹਾਂ ਸਾਰੀਆਂ ਸਮੱਸਿਆਵਾਂ, ਦਬਾਵਾਂ ਅਤੇ ਫ਼ਿਕਰਾਂ ਉੱਤੇ ਗੌਰ ਕਰਦੇ ਹਨ, ਤਾਂ ਅਸੀਂ ਸਮਝ ਸਕਦੇ ਹਾਂ ਕਿ ਲੋਕ ਆਪਣੇ ਰੋਜ਼ ਦੇ ਕੰਮ ਕਰਦਿਆਂ ਇੰਨੇ ਚਿੜਚਿੜੇ ਕਿਉਂ ਹੋ ਜਾਂਦੇ ਹਨ।

ਸ਼ਾਇਦ ਸਾਨੂੰ ਲੱਗੇ ਕਿ ਗੁੱਸਾ ਕਰਨ ਅਤੇ ਆਪਣੇ ਮਨ ਦੀ ਭੜਾਸ ਕੱਢਣ ਤੋਂ ਅਸੀਂ ਆਪਣੇ ਆਪ ਨੂੰ ਰੋਕ ਨਹੀਂ ਸਕਦੇ! ਅਗਲੇ ਲੇਖ ਵਿਚ ਸਾਨੂੰ ਇਹ ਦੇਖਣ ਵਿਚ ਮਦਦ ਮਿਲੇਗੀ ਕਿ ਅਸੀਂ ਆਪਣੇ ਗੁੱਸੇ ਨੂੰ ਕੰਟ੍ਰੋਲ ਕਿਵੇਂ ਕਰ ਸਕਦੇ ਹਾਂ। (g12-E 03)

[ਸਫ਼ਾ 5 ਉੱਤੇ ਡੱਬੀ]

ਸ਼ਾਇਦ ਤੁਹਾਨੂੰ ਗੁੱਸਾ ਕੰਟ੍ਰੋਲ ਕਰਨਾ ਔਖਾ ਲੱਗੇ ਜੇ . . .

▶ ਤੁਸੀਂ ਦੁਕਾਨ ਵਿਚ ਲੱਗੀ ਲਾਈਨ ਵਿਚ ਖੜ੍ਹੇ-ਖੜ੍ਹੇ ਖਿੱਝ ਜਾਂਦੇ ਹੋ।

▶ ਤੁਸੀਂ ਆਪਣੇ ਨਾਲ ਕੰਮ ਕਰਨ ਵਾਲਿਆਂ ਨਾਲ ਅਕਸਰ ਝਗੜਾ ਕਰਦੇ ਹੋ।

▶ ਤੁਸੀਂ ਕਦੇ-ਕਦੇ ਦਿਨ ਵਿਚ ਪਰੇਸ਼ਾਨ ਕਰਨ ਵਾਲੀ ਕਿਸੇ ਗੱਲ ਬਾਰੇ ਸੋਚ-ਸੋਚ ਕੇ ਰਾਤ ਨੂੰ ਸੌਂ ਨਹੀਂ ਪਾਉਂਦੇ।

▶ ਤੁਹਾਨੂੰ ਗਿਲੇ-ਸ਼ਿਕਵਿਆਂ ਨੂੰ ਮਾਫ਼ ਕਰਨਾ ਔਖਾ ਲੱਗਦਾ ਹੈ।

▶ ਤੁਸੀਂ ਅਕਸਰ ਆਪਣੇ ਜਜ਼ਬਾਤਾਂ ਨੂੰ ਕੰਟ੍ਰੋਲ ਨਹੀਂ ਕਰ ਪਾਉਂਦੇ।

▶ ਗੁੱਸਾ ਭੜਕਣ ਤੋਂ ਬਾਅਦ ਤੁਹਾਨੂੰ ਸ਼ਰਮਿੰਦਗੀ ਜਾਂ ਪਛਤਾਵਾ ਹੁੰਦਾ ਹੈ। *

[ਫੁਟਨੋਟ]

^ ਪੈਰਾ 36 ਇਹ ਜਾਣਕਾਰੀ MentalHelp.net ’ਤੇ ਆਧਾਰਿਤ ਹੈ।

[ਸਫ਼ਾ 6 ਉੱਤੇ ਡੱਬੀ]

ਗੁੱਸੇ ਦੇ ਅੰਕੜੇ

ਲੰਡਨ, ਇੰਗਲੈਂਡ ਦੀ ਮੈਂਟਲ ਹੈਲਥ ਫਾਊਂਡੇਸ਼ਨ ਨੇ ਇਕ ਰਿਪੋਰਟ ਛਾਪੀ ਜਿਸ ਦਾ ਵਿਸ਼ਾ ਸੀ ਗੁੱਸੇ ਦਾ ਉਬਾਲ—ਇਕ ਸਮੱਸਿਆ ਤੇ ਇਸ ਬਾਰੇ ਅਸੀਂ ਕੀ ਕਰ ਸਕਦੇ ਹਾਂ (ਅੰਗ੍ਰੇਜ਼ੀ)। ਇਸ ਰਿਪੋਰਟ ਵਿਚ ਦੱਸੀਆਂ ਖ਼ਾਸ ਗੱਲਾਂ ਵਿਚ ਥੱਲੇ ਦੱਸੇ ਅੰਕੜੇ ਵੀ ਸ਼ਾਮਲ ਸਨ:

84% ਲੋਕ ਕੰਮ ਤੇ ਪਿਛਲੇ ਪੰਜ ਸਾਲਾਂ ਨਾਲੋਂ ਜ਼ਿਆਦਾ ਤਣਾਅ ਮਹਿਸੂਸ ਕਰਦੇ ਹਨ।

65% ਲੋਕਾਂ ਨੂੰ ਦਫ਼ਤਰ ਵਿਚ ਗੁੱਸਾ ਚੜ੍ਹਿਆ ਹੈ ਜਾਂ ਉਨ੍ਹਾਂ ਨੇ ਦੂਜਿਆਂ ਨੂੰ ਗੁੱਸੇ ਹੁੰਦੇ ਦੇਖਿਆ ਹੈ।

45% ਲੋਕਾਂ ਦਾ ਕੰਮ ਤੇ ਬਾਕਾਇਦਾ ਗੁੱਸਾ ਭੜਕ ਉੱਠਦਾ ਹੈ।

60% ਤਕ ਲੋਕ ਤਣਾਅ ਕਾਰਨ ਕੰਮ ਤੋਂ ਗ਼ੈਰ-ਹਾਜ਼ਰ ਹੁੰਦੇ ਹਨ।

33% ਬ੍ਰਿਟੇਨ ਦੇ ਲੋਕ ਆਪਣੇ ਗੁਆਂਢੀਆਂ ਨਾਲ ਗੁੱਸੇ ਹੋਣ ਕਾਰਨ ਉਨ੍ਹਾਂ ਨਾਲ ਗੱਲ ਨਹੀਂ ਕਰਦੇ।

64% ਲੋਕ “ਸਹਿਮਤ” ਜਾਂ “ਪੂਰੀ ਤਰ੍ਹਾਂ ਸਹਿਮਤ” ਹਨ ਕਿ ਲੋਕ ਪਹਿਲਾਂ ਨਾਲੋਂ ਜ਼ਿਆਦਾ ਗੁੱਸੇ ਹੁੰਦੇ ਹਨ।

32% ਲੋਕ ਕਹਿੰਦੇ ਹਨ ਕਿ ਉਨ੍ਹਾਂ ਦਾ ਅਜਿਹਾ ਕਰੀਬੀ ਦੋਸਤ ਜਾਂ ਪਰਿਵਾਰ ਦਾ ਜੀਅ ਹੈ ਜਿਸ ਨੂੰ ਆਪਣੇ ਗੁੱਸੇ ਨੂੰ ਕੰਟ੍ਰੋਲ ਕਰਨਾ ਔਖਾ ਲੱਗਦਾ ਹੈ।

[ਸਫ਼ਾ 5 ਉੱਤੇ ਤਸਵੀਰ]

ਤੁਹਾਡਾ ਗੁੱਸੇ ਵਿਚ ਭੜਕ ਉੱਠਣਾ ਤੁਹਾਡੇ ਬੱਚਿਆਂ ’ਤੇ ਕਿਹੋ ਜਿਹਾ ਅਸਰ ਪਾਵੇਗਾ?

[ਸਫ਼ਾ 6 ਉੱਤੇ ਤਸਵੀਰ]

ਕੀ ਮਨੋਰੰਜਨ ਇੰਡਸਟਰੀ ਗੁੱਸੇ ਬਾਰੇ ਤੁਹਾਡੀ ਸੋਚਣੀ ਨੂੰ ਢਾਲ਼ ਰਹੀ ਹੈ?