Skip to content

Skip to table of contents

ਨੌਜਵਾਨ ਪੁੱਛਦੇ ਹਨ

ਕੀ ਅਸੀਂ ਸਿਰਫ਼ ਦੋਸਤ ਹਾਂ ਜਾਂ ਕੁਝ ਹੋਰ?—ਦੂਜਾ ਭਾਗ

ਕੀ ਅਸੀਂ ਸਿਰਫ਼ ਦੋਸਤ ਹਾਂ ਜਾਂ ਕੁਝ ਹੋਰ?—ਦੂਜਾ ਭਾਗ

ਪਿਛਲੇ ਲੇਖ ਵਿਚ ਅਸੀਂ ਜ਼ਿੰਦਗੀ ਦੀਆਂ ਦੋ ਹਕੀਕਤਾਂ ਬਾਰੇ ਦੇਖਿਆ ਸੀ।

● ਜੇ ਤੁਸੀਂ ਵਿਆਹ ਲਈ ਤਿਆਰ ਨਹੀਂ ਹੋ, ਪਰ ਦਿਲ ਦੇ ਬੈਠਦੇ ਹੋ, ਤਾਂ ਤੁਹਾਨੂੰ ਠੇਸ ਪਹੁੰਚੇਗੀ।—ਕਹਾਉਤਾਂ 6:27.

● ਜੇ ਤੁਸੀਂ ਵਿਆਹ ਲਈ ਤਿਆਰ ਨਹੀਂ ਹੋ, ਪਰ ਦਿਲ ਦੇ ਬੈਠਦੇ ਹੋ, ਤਾਂ ਤੁਹਾਡੀ ਚੰਗੀ-ਭਲੀ ਦੋਸਤੀ ਟੁੱਟ ਸਕਦੀ ਹੈ।—ਕਹਾਉਤਾਂ 18:24.

ਇਸ ਲੇਖ ਵਿਚ ਅਸੀਂ ਇਨ੍ਹਾਂ ਗੱਲਾਂ ਉੱਤੇ ਵਿਚਾਰ ਕਰਾਂਗੇ:

● ਦਿਲ ਦੇਣ ਬਾਰੇ ਜ਼ਿੰਦਗੀ ਦੀ ਤੀਜੀ ਹਕੀਕਤ

● ਤੁਹਾਨੂੰ ਕਿੱਦਾਂ ਪਤਾ ਕਿ ਤੁਹਾਡੀ ਮੁੰਡੇ-ਕੁੜੀ ਦੀ ਦੋਸਤੀ ਪਿਆਰ ਵਿਚ ਬਦਲ ਗਈ ਹੈ?

ਜ਼ਿੰਦਗੀ ਦੀ ਹਕੀਕਤ: ਜੇ ਤੁਸੀਂ ਵਿਆਹ ਕਰਾਉਣ ਲਈ ਤਿਆਰ ਨਹੀਂ ਹੋ, ਪਰ ਦਿਲ ਦੇ ਬੈਠਦੇ ਹੋ, ਤਾਂ ਤੁਹਾਡਾ ਨਾਂ ਬਦਨਾਮ ਹੋ ਸਕਦਾ ਹੈ। ਮੀਆ * ਕਹਿੰਦੀ ਹੈ: “ਮੈਂ ਦੇਖਿਆ ਹੈ ਕਿ ਕਈ ਮੁੰਡੇ ਬਹੁਤ ਸਾਰੀਆਂ ਕੁੜੀਆਂ ਨਾਲ ਦੋਸਤੀ ਰੱਖਦੇ ਹਨ। ਉਨ੍ਹਾਂ ਲਈ ਇਹ ਇਕ ਖੇਡ ਹੈ। ਕੁੜੀਆਂ ਸੋਚਦੀਆਂ ਹਨ ਕਿ ਉਹ ਮੁੰਡਾ ਉਨ੍ਹਾਂ ਨੂੰ ਪਸੰਦ ਕਰਦਾ ਹੈ, ਪਰ ਅਸਲ ਵਿਚ ਮੁੰਡਾ ਕੁੜੀਆਂ ਨਾਲ ਮੌਜਾਂ ਲੁੱਟਦਾ ਹੈ।”

ਜ਼ਰਾ ਸੋਚੋ:

● ਭਾਵੇਂ ਤੁਸੀਂ ਮੁੰਡਾ ਹੋ ਜਾਂ ਕੁੜੀ, ਤੁਹਾਡੇ ਇਕ-ਦੂਜੇ ਦੇ ਜ਼ਿਆਦਾ ਨੇੜੇ ਆਉਣ ਨਾਲ ਤੁਹਾਡੀ ਨੇਕਨਾਮੀ ’ਤੇ ਕੀ ਅਸਰ ਪੈ ਸਕਦਾ ਹੈ?

“ਮੁੰਡੇ-ਕੁੜੀਆਂ ਵੱਲੋਂ ਇਕ-ਦੂਜੇ ਨੂੰ ਐੱਸ. ਐੱਮ. ਐੱਸ ਭੇਜਣੇ ਇਕ ਬਹੁਤ ਵੱਡਾ ਫੰਦਾ ਹੈ। ਸ਼ੁਰੂ-ਸ਼ੁਰੂ ਵਿਚ ਤੁਸੀਂ ਇਕ ਜਣੇ ਨੂੰ ਮੈਸਿਜ ਭੇਜਦੇ ਹੋ, ਪਰ ਹੌਲੀ-ਹੌਲੀ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਮੈਸਿਜ ਭੇਜਣ ਲੱਗ ਜਾਂਦੇ ਹੋ। ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਤੁਸੀਂ ਤਿੰਨ-ਤਿੰਨ ਮੁੰਡਿਆਂ ਨਾਲ ਡੇਟਿੰਗ ਕਰ ਰਹੇ ਹੋ ਅਤੇ ਹਰ ਮੁੰਡਾ ਸੋਚਦਾ ਹੈ ਕਿ ਤੁਹਾਡੀਆਂ ਨਜ਼ਰਾਂ ਵਿਚ ਉਹ ‘ਖ਼ਾਸ’ ਹੈ। ਜਦੋਂ ਉਹ ਸੱਚਾਈ ਜਾਣ ਜਾਂਦੇ ਹਨ, ਤਾਂ ਉਨ੍ਹਾਂ ਨੂੰ ਠੇਸ ਪਹੁੰਚਦੀ ਹੈ ਅਤੇ ਤੁਹਾਨੂੰ ਸਾਰੇ ਫਲਰਟ ਕਰਨ ਵਾਲੀ ਕੁੜੀ ਸਮਝਦੇ ਹਨ।”—ਲਾਰਾ।

ਬਾਈਬਲ ਕਹਿੰਦੀ ਹੈ: “[ਕੁੜੀ ਜਾਂ ਮੁੰਡਾ] ਵੀ ਆਪਣੇ ਕਰਤੱਬਾਂ ਤੋਂ ਸਿਆਣੀਦਾ ਹੈ, ਭਈ ਉਹ ਦੇ ਕੰਮ ਨੇਕ ਤੇ ਠੀਕ ਹਨ ਕਿ ਨਹੀਂ।”—ਕਹਾਉਤਾਂ 20:11.

ਮੁੱਖ ਗੱਲ: ਮੁੰਡੇ-ਕੁੜੀਆਂ ਦਾ ਇਕ-ਦੂਜੇ ਨਾਲ ਮਿਲਣਾ-ਜੁਲਣਾ ਗ਼ਲਤ ਨਹੀਂ ਹੈ। ਪਰ ਜੇ ਤੁਸੀਂ ਆਪਣੀਆਂ ਹੱਦਾਂ ਵਿਚ ਨਹੀਂ ਰਹਿੰਦੇ, ਤਾਂ ਤੁਸੀਂ ਆਪਣੇ ਆਪ ਨੂੰ ਦੁੱਖ ਪਹੁੰਚਾ ਸਕਦੇ ਹੋ, ਤੁਹਾਡੀ ਦੋਸਤੀ ਟੁੱਟ ਸਕਦੀ ਹੈ ਅਤੇ ਤੁਹਾਡਾ ਨਾਂ ਖ਼ਰਾਬ ਹੋ ਸਕਦਾ ਹੈ।

ਤੁਸੀਂ ਕਿੱਦਾਂ ਦੱਸ ਸਕਦੇ ਹੋ ਕਿ ਤੁਸੀਂ ਹੱਦ ਪਾਰ ਕਰ ਲਈ ਹੈ? ਇਹ ਦੇਖਣ ਲਈ ਆਪਣੇ ਆਪ ਤੋਂ ਇਹ ਸਵਾਲ ਪੁੱਛੋ: ‘ਕੀ ਇਹ ਮੇਰਾ ਦੋਸਤ ਮੇਰਾ ਖ਼ਾਸ ਹਮਰਾਜ਼ ਬਣ ਗਿਆ ਹੈ?’ ਏਰਿਨ ਨਾਂ ਦੀ ਕੁੜੀ ਦੱਸਦੀ ਹੈ: “ਜੇ ਮੁੰਡਾ ਸਿਰਫ਼ ਤੁਹਾਡਾ ਦੋਸਤ ਹੀ ਹੈ, ਤਾਂ ਤੁਹਾਡੀ ਜ਼ਿੰਦਗੀ ਵਿਚ ਉਹੀ ਪਹਿਲਾ ਇਨਸਾਨ ਨਹੀਂ ਹੋਣਾ ਚਾਹੀਦਾ ਜਿਸ ਨਾਲ ਤੁਸੀਂ ਹਰ ਰੋਜ਼ ਗੱਲਾਂ ਕਰਨੀਆਂ ਚਾਹੁੰਦੇ ਹੋ ਜਾਂ ਜਿਸ ਨੂੰ ਹਰ ਵੱਡੀ ਗੱਲ ਦੱਸਣੀ ਚਾਹੁੰਦੇ ਹੋ। ਕੁਝ ਹੋ ਜਾਣ ਤੇ ਤੁਹਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਿਰਫ਼ ਉਹੀ ਤੁਹਾਨੂੰ ਹੌਸਲਾ ਦੇ ਸਕਦਾ ਹੈ।”

ਜ਼ਰਾ ਸੋਚੋ:

● ਮੁੰਡੇ-ਕੁੜੀ ਨੂੰ ਸ਼ਾਇਦ ਇਹ ਚੰਗਾ ਕਿਉਂ ਲੱਗੇ ਕਿ ਉਹ ਇਕ-ਦੂਜੇ ਨੂੰ ਆਪਣਾ ਹਮਰਾਜ਼ ਬਣਾ ਸਕਦੇ ਹਨ? ਪਰ ਇਸ ਤਰ੍ਹਾਂ ਕਰਨ ਦੇ ਕਿਹੜੇ ਖ਼ਤਰੇ ਹਨ?

“ਜਿਨ੍ਹਾਂ ਮੁੰਡਿਆਂ ਨੂੰ ਮੈਂ ਜਾਣਦੀ ਹਾਂ, ਉਹ ਮੇਰੇ ਨਜ਼ਦੀਕੀ ਦੋਸਤ ਨਹੀਂ ਹਨ। ਉਨ੍ਹਾਂ ਨਾਲ ਮੈਂ ਫ਼ੋਨ ’ਤੇ ਘੰਟਿਆਂ-ਬੱਧੀ ਉੱਦਾਂ ਗੱਲਾਂ ਨਹੀਂ ਕਰਦੀ ਜਿਵੇਂ ਮੈਂ ਆਪਣੀ ਸਹੇਲੀ ਨਾਲ ਕਰਦੀ ਹਾਂ। ਕੁਝ ਗੱਲਾਂ ਅਜਿਹੀਆਂ ਹੁੰਦੀਆਂ ਹਨ ਜੋ ਮੈਂ ਬਿਲਕੁਲ ਵੀ ਉਨ੍ਹਾਂ ਨਾਲ ਨਹੀਂ ਕਰਾਂਗੀ।”—ਰੀਐਨ।

ਬਾਈਬਲ ਕਹਿੰਦੀ ਹੈ: “ਜੋ ਆਪਣੇ ਮੂੰਹ ਦੀ ਰਾਖੀ ਕਰਦਾ ਹੈ, . . . ਪਰ ਜੋ ਆਪਣੇ ਬੁੱਲ੍ਹਾਂ ਨੂੰ ਟੱਡਦਾ ਹੈ, ਉਹ ਦੇ ਲਈ ਬਰਬਾਦੀ ਹੋਵੇਗੀ।”—ਕਹਾਉਤਾਂ 13:3.

ਗੌਰ ਕਰੋ: ਕੀ ਕਿਸੇ ਕੁੜੀ ਜਾਂ ਮੁੰਡੇ ਨੂੰ ਆਪਣੀ ਹਰ ਗੱਲ ਦੱਸਣ ਵਿਚ ਕੋਈ ਖ਼ਤਰਾ ਹੈ? ਤਦ ਕੀ ਜੇ ਤੁਹਾਡੀ ਦੋਸਤੀ ਹੌਲੀ-ਹੌਲੀ ਘੱਟ ਜਾਵੇ? ਕੀ ਤੁਸੀਂ ਪਛਤਾਓਗੇ ਕਿ ਤੁਸੀਂ ਉਸ ਨੂੰ ਆਪਣੀ ਹਰ ਗੱਲ ਕਿਉਂ ਦੱਸੀ?

16 ਸਾਲਾਂ ਦੀ ਅਲੈਕਸਸ ਇਸ ਗੱਲ ਦਾ ਸਾਰ ਦਿੰਦੀ ਹੋਈ ਕਹਿੰਦੀ ਹੈ: “ਕਿਸੇ ਤੋਂ ਇਸ ਲਈ ਦੂਰ-ਦੂਰ ਨਾ ਰਹੋ ਕਿਉਂਕਿ ਤੁਸੀਂ ਮੁੰਡਾ ਹੋ ਅਤੇ ਉਹ ਕੁੜੀ ਹੈ। ਦੂਜੇ ਪਾਸੇ, ਤੁਸੀਂ ਆਪਣੇ ਆਪ ਨਾਲ ਇਹ ਝੂਠ ਨਾ ਬੋਲੋ ਕਿ ਤੁਸੀਂ ਸਿਰਫ਼ ਦੋਸਤ ਹੋ ਜਦ ਕਿ ਇਸ ਤਰ੍ਹਾਂ ਨਹੀਂ ਹੈ। ਆਪਣੇ ਜਜ਼ਬਾਤਾਂ ਨੂੰ ਕੰਟ੍ਰੋਲ ਵਿਚ ਰੱਖੋ ਅਤੇ ਤੁਸੀਂ ਇਕ-ਦੂਜੇ ਦਾ ਦਿਲ ਦੁਖੀ ਕਰਨ ਤੋਂ ਬਚੋਗੇ।”

(g12-E 07)

“ਨੌਜਵਾਨ ਪੁੱਛਦੇ ਹਨ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬਸਾਈਟ ’ਤੇ ਦਿੱਤੇ ਗਏ ਹਨ: www.pr418.com/pa

[ਫੁਟਨੋਟ]

^ ਪੈਰਾ 9 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।

[ਸਫ਼ਾ 25 ਉੱਤੇ ਡੱਬੀ]

ਸੱਚੀ ਕਹਾਣੀ: “ਮੇਰੀ ਇਕ ਮੁੰਡੇ ਨਾਲ ਦੋਸਤੀ ਸੀ ਅਤੇ ਸਾਡੀ ਚੰਗੀ ਨਿਭਦੀ ਸੀ। ਪਰ ਫਿਰ ਮੈਂ ਦੇਖਿਆ ਕਿ ਅਸੀਂ ਕਿੰਨੀ-ਕਿੰਨੀ ਦੇਰ ਤਕ ਗੱਲਾਂ ਕਰਦੇ ਰਹਿੰਦੇ ਸੀ, ਉਹ ਵੀ ਗੱਲਾਂ ਜਿਹੜੀਆਂ ਅਸੀਂ ਕਿਸੇ ਆਪਣੇ ਨਾਲ ਹੀ ਕਰਦੇ ਹਾਂ। ਮੈਨੂੰ ਪਤਾ ਲੱਗ ਗਿਆ ਸੀ ਕਿ ਅਸੀਂ ਕੁਝ ਜ਼ਿਆਦਾ ਹੀ ਇਕ-ਦੂਜੇ ਦੇ ਕਰੀਬ ਹੋ ਗਏ ਸਾਂ ਕਿਉਂਕਿ ਉਹ ਮੈਨੂੰ ਆਪਣੀ ਹਰ ਗੱਲ ਦੱਸਦਾ ਸੀ। ਫਿਰ ਇਕ ਦਿਨ ਉਸ ਨੇ ਮੈਨੂੰ ਈ-ਮੇਲ ਭੇਜ ਕੇ ਦੱਸਿਆ ਕਿ ਉਹ ਮੈਨੂੰ ਪਸੰਦ ਕਰਦਾ ਹੈ। ਮੈਨੂੰ ਪਤਾ ਨਾ ਲੱਗੇ ਕਿ ਮੈਂ ਕੀ ਕਹਾਂ। ਇਕ ਪਾਸੇ ਮੈਂ ਖ਼ੁਸ਼ ਸੀ ਕਿ ਕੋਈ ਮੈਨੂੰ ਖ਼ਾਸ ਸਮਝਦਾ ਹੈ। ਪਰ ਦੂਜੇ ਪਾਸੇ ਮੈਂ ਪਰੇਸ਼ਾਨ ਸੀ। ਮੈਨੂੰ ਪਤਾ ਸੀ ਕਿ ਅਸੀਂ ਸਿਰਫ਼ ਦੋਸਤ ਬਣੇ ਨਹੀਂ ਰਹਿ ਸਕਦੇ ਕਿਉਂਕਿ ਉਸ ਦੇ ਭਾਣੇ ਅਸੀਂ ਦੋਸਤ ਨਾਲੋਂ ਕੁਝ ਵਧ ਕੇ ਸਾਂ। ਮੈਂ ਜਾਣਦੀ ਸੀ ਕਿ ਜੇ ਮੈਂ ਉਸ ਨੂੰ ਦੱਸਿਆ ਕਿ ਸਾਡੀ ਉਮਰ ਰੋਮਾਂਸ ਕਰਨ ਦੀ ਨਹੀਂ, ਤਾਂ ਉਸ ਦਾ ਦਿਲ ਟੁੱਟ ਜਾਵੇਗਾ। ਮੈਂ ਸਾਰੀ ਗੱਲ ਆਪਣੇ ਮੰਮੀ-ਡੈਡੀ ਨੂੰ ਦੱਸੀ ਅਤੇ ਉਨ੍ਹਾਂ ਨੇ ਕਿਹਾ ਕਿ ਸਾਨੂੰ ਇਕ-ਦੂਜੇ ਨਾਲ ਘੱਟ ਗੱਲ ਕਰਨੀ ਚਾਹੀਦੀ ਹੈ। ਇਸ ਤਜਰਬੇ ਤੋਂ ਮੈਂ ਸਿੱਖਿਆ ਕਿ ਇਕ ਛੋਟੀ ਜਿਹੀ ਗੱਲ ਕਿੰਨੀ ਵੱਡੀ ਬਣ ਸਕਦੀ ਹੈ। ਉਦੋਂ ਤੋਂ ਹੀ ਮੈਂ ਕਿਸੇ ਮੁੰਡੇ ਨਾਲ ਘੱਟ ਹੀ ਗੱਲਬਾਤ ਕਰਦੀ ਹਾਂ, ਖ਼ਾਸ ਕਰਕੇ ਜਦੋਂ ਮੈਂ ਮੈਸਿਜ ਭੇਜਦੀ ਹਾਂ। ਇਸ ਤਰ੍ਹਾਂ ਇੱਕੋ ਮੁੰਡੇ ਨਾਲ ਰਹਿਣ ਦੀ ਬਜਾਇ ਗਰੁੱਪਾਂ ਵਿਚ ਮਿਲਣਾ-ਜੁਲਣਾ ਮੈਨੂੰ ਵਧੀਆ ਲੱਗਦਾ ਹੈ। ਇਸ ਤਰ੍ਹਾਂ ਕਰਨ ਨਾਲ ਤੁਸੀਂ ਆਪਣੇ ਦਿਲ ਦੀ ਗੱਲ ਹਰ ਕਿਸੇ ਨੂੰ ਨਹੀਂ ਦੱਸਦੇ ਅਤੇ ਕਿਸੇ ਦੇ ਜ਼ਿਆਦਾ ਕਰੀਬ ਨਹੀਂ ਹੁੰਦੇ।”—ਈਲਾਨੋ।

[ਸਫ਼ਾ 26 ਉੱਤੇ ਡੱਬੀ]

ਆਪਣੇ ਮਾਪਿਆਂ ਨੂੰ ਪੁੱਛੋ

ਇਸ ਲੇਖ ਵਿਚ ਦਿੱਤੇ ਗਏ ‘ਜ਼ਰਾ ਸੋਚੋ’ ਸਵਾਲਾਂ ਬਾਰੇ ਆਪਣੇ ਮਾਪਿਆਂ ਦੀ ਰਾਇ ਪੁੱਛੋ। ਕੀ ਉਨ੍ਹਾਂ ਦੀ ਰਾਇ ਤੁਹਾਡੀ ਰਾਇ ਤੋਂ ਅਲੱਗ ਹੈ? ਜੇ ਹਾਂ, ਤਾਂ ਕਿਵੇਂ? ਉਨ੍ਹਾਂ ਦੀ ਸਲਾਹ ਤੋਂ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ ਹੈ?—ਕਹਾਉਤਾਂ 1:8.

[ਸਫ਼ਾ 26 ਉੱਤੇ ਡੱਬੀ/ਤਸਵੀਰਾਂ]

ਤੁਹਾਡੇ ਹਾਣੀ ਕੀ ਕਹਿੰਦੇ ਹਨ

ਆਂਡਰੇ—ਤੁਸੀਂ ਜਿੰਨਾ ਜ਼ਿਆਦਾ ਸਮਾਂ ਕਿਸੇ ਕੁੜੀ ਨਾਲ ਗੁਜ਼ਾਰਦੇ ਹੋ, ਉੱਨਾ ਹੀ ਆਸਾਨੀ ਨਾਲ ਪਿਆਰ ਦੀਆਂ ਭਾਵਨਾਵਾਂ ਜਾਗ ਉੱਠਦੀਆਂ ਹਨ ਅਤੇ ਉਹ ਸੋਚੇਗੀ ਕਿ ਤੁਸੀਂ ਉਸ ਵਿਚ ਰੋਮਾਂਟਿਕ ਦਿਲਚਸਪੀ ਰੱਖਦੇ ਹੋ। ਜੇ ਤੁਸੀਂ ਰੋਮਾਂਟਿਕ ਰਿਸ਼ਤਾ ਜੋੜਨ ਤੋਂ ਪਹਿਲਾਂ ਆਪਣੇ ਟੀਚੇ ਹਾਸਲ ਕਰਨਾ ਚਾਹੁੰਦੇ ਹੋ, ਤਾਂ ਉਸ ਨੂੰ ਇਹ ਅਹਿਸਾਸ ਨਾ ਦਿਲਾਓ ਕਿ ਤੁਸੀਂ ਉਸ ਨੂੰ ਪਸੰਦ ਕਰਦੇ ਹੋ।

ਕੈਸਡੀ—ਮੈਂ ਬੜੀ ਮਿਲਣਸਾਰ ਹਾਂ ਅਤੇ ਮੈਂ ਮੁੰਡਿਆਂ ਵਿਚ ਪਲ਼ ਕੇ ਵੱਡੀ ਹੋਈ ਹਾਂ, ਇਸ ਲਈ ਮੁੰਡਿਆਂ ਨਾਲ ਮਿਲਣ-ਜੁਲਣ ਤੋਂ ਮੈਂ ਝਿਜਕਦੀ ਨਹੀਂ ਜੋ ਹਮੇਸ਼ਾ ਚੰਗੀ ਗੱਲ ਨਹੀਂ ਹੁੰਦੀ। ਇਕ ਮੁੰਡੇ ਨਾਲ ਆਪਣੀ ਸਹੇਲੀ ਵਾਂਗ ਪੇਸ਼ ਆਉਣਾ ਠੀਕ ਨਹੀਂ ਹੈ ਕਿਉਂਕਿ ਉਹ ਗ਼ਲਤ ਮਤਲਬ ਕੱਢ ਸਕਦਾ ਹੈ। ਮੁੰਡਿਆਂ ਨਾਲ ਆਪਣੇ ਭਰਾਵਾਂ ਵਾਂਗ ਪੇਸ਼ ਆਉਣਾ ਵਧੀਆ ਹੈ!

[ਸਫ਼ਾ 27 ਉੱਤੇ ਡੱਬੀ]

ਮਾਪਿਆਂ ਨੂੰ ਸਲਾਹ

ਢੁਕਵੇਂ ਹਲਾਤਾਂ ਵਿਚ ਮੁੰਡੇ-ਕੁੜੀਆਂ ਲਈ ਇਕ-ਦੂਜੇ ਨਾਲ ਮਿਲਣਾ-ਜੁਲਣਾ ਗ਼ਲਤ ਨਹੀਂ ਹੈ। ਪਰ ਜਿਹੜੇ ਵਿਆਹ ਕਰਾਉਣ ਲਈ ਤਿਆਰ ਨਹੀਂ ਹਨ, ਉਨ੍ਹਾਂ ਨੂੰ ਆਪਣੀਆਂ ਹੱਦਾਂ ਵਿਚ ਰਹਿਣ ਦੀ ਲੋੜ ਹੈ। * ਉਨ੍ਹਾਂ ਨੂੰ ਇਕ-ਦੂਜੇ ਨਾਲ ਸਿਰਫ਼ ਦੋਸਤੀ ਹੀ ਰੱਖਣੀ ਚਾਹੀਦੀ ਹੈ ਹੋਰ ਕੁਝ ਨਹੀਂ।

ਕੀ ਅੰਜਾਮ ਹੁੰਦਾ ਹੈ ਜਦੋਂ ਮੁੰਡਾ-ਕੁੜੀ ਵਿਆਹ ਨਾ ਕਰਾਉਣ ਦੇ ਇਰਾਦੇ ਤੋਂ ਬਿਨਾਂ ਇਕ-ਦੂਜੇ ਨੂੰ ਦਿਲ ਦੇ ਬੈਠਦੇ ਹਨ? ਪਹਿਲਾਂ-ਪਹਿਲਾਂ ਉਹ ਸ਼ਾਇਦ ਖ਼ੁਸ਼ ਹੋਣ, ਪਰ ਜਲਦੀ ਹੀ ਉਨ੍ਹਾਂ ਦੀ ਖ਼ੁਸ਼ੀ ਨਿਰਾਸ਼ਾ ਵਿਚ ਬਦਲ ਜਾਂਦੀ ਹੈ। ਇਹ ਬਿਨਾਂ ਪਹੀਆਂ ਵਾਲੀ ਕਾਰ ਵਿਚ ਬੈਠਣ ਦੇ ਬਰਾਬਰ ਹੈ। ਇਕ-ਨਾ-ਇਕ ਦਿਨ ਤਾਂ ਮੁੰਡੇ-ਕੁੜੀ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਉਨ੍ਹਾਂ ਦੀ ਗੱਲ ਅੱਗੇ ਨਹੀਂ ਵਧਣੀ। ਕਈ ਲੁਕ-ਛਿਪ ਕੇ ਇਕ-ਦੂਜੇ ਨੂੰ ਮਿਲਦੇ ਹਨ, ਪਰ ਇਸ ਤਰ੍ਹਾਂ ਕਰਨ ਨਾਲ ਗ਼ਲਤ ਕੰਮ ਹੋ ਸਕਦੇ ਹਨ। ਦੂਸਰੇ, ਇਕ-ਦੂਜੇ ਤੋਂ ਨਾਤਾ ਤੋੜ ਲੈਂਦੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ, ਉਨ੍ਹਾਂ ਦਾ ਦਿਲ ਤੋੜਿਆ ਗਿਆ ਅਤੇ ਉਹ ਨਿਰਾਸ਼ ਵੀ ਹੋ ਜਾਂਦੇ ਹਨ। ਤੁਸੀਂ ਆਪਣੇ ਅੱਲ੍ਹੜ ਉਮਰ ਦੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹੋ ਤਾਂਕਿ ਉਹ ਛੋਟੀ ਉਮਰ ਵਿਚ ਰੋਮਾਂਸ ਦੇ ਚੱਕਰਾਂ ਵਿਚ ਨਾ ਪੈਣ?—ਉਪਦੇਸ਼ਕ ਦੀ ਪੋਥੀ 11:10.

ਸਭ ਤੋਂ ਜ਼ਰੂਰੀ ਇਹ ਹੈ ਕਿ ਤੁਸੀਂ ਆਪਣੇ ਬੱਚਿਆਂ ਨਾਲ ਖੁੱਲ੍ਹ ਕੇ ਗੱਲ ਕਰੋ ਜਦੋਂ ਉਨ੍ਹਾਂ ਦੀ ਕਿਸੇ ਮੁੰਡੇ-ਕੁੜੀ ਨਾਲ ਦੋਸਤੀ ਕਰਨ ਦੀ ਗੱਲ ਆਉਂਦੀ ਹੈ। ਇਸ ਤਰ੍ਹਾਂ ਤੁਹਾਨੂੰ ਇਸ ਬਾਰੇ ਪਤਾ ਰਹੇਗਾ ਅਤੇ ਤੁਸੀਂ ਉਨ੍ਹਾਂ ਦੀ ਮਦਦ ਕਰ ਸਕੋਗੇ ਜੇ ਉਨ੍ਹਾਂ ਦੀ ਦੋਸਤੀ ਪਿਆਰ ਵਿਚ ਬਦਲ ਜਾਂਦੀ ਹੈ।

ਕੁਝ ਮਾਪੇ ਆਪਣੇ ਬੱਚਿਆਂ ਨੂੰ ਇਹ ਦੱਸਣ ਦੀ ਹੱਲਾਸ਼ੇਰੀ ਨਹੀਂ ਦਿੰਦੇ ਕਿ ਉਨ੍ਹਾਂ ਦੀ ਦੋਸਤੀ ਕਿਹੜੇ ਮੁੰਡੇ-ਕੁੜੀਆਂ ਨਾਲ ਹੈ। ਧਿਆਨ ਦਿਓ ਕਿ ਕੁਝ ਨੌਜਵਾਨਾਂ ਨੇ ਜਾਗਰੂਕ ਬਣੋ! ਨੂੰ ਕੀ ਦੱਸਿਆ।

“ਮੈਂ ਹਮੇਸ਼ਾ ਆਪਣੀ ਮੰਮੀ ਨੂੰ ਦੱਸਣਾ ਚਾਹੁੰਦੀ ਸੀ ਕਿ ਮੈਂ ਕਿਹੜੇ ਮੁੰਡੇ ਨੂੰ ਪਸੰਦ ਕਰਦੀ ਸੀ, ਪਰ ਮੈਂ ਇਸ ਤਰ੍ਹਾਂ ਨਹੀਂ ਕੀਤਾ ਕਿਉਂਕਿ ਮੈਂ ਸੋਚਿਆ ਕਿ ਉਹ ਰਾਈ ਦਾ ਪਹਾੜ ਨਾ ਬਣਾ ਲਵੇ।”—ਕਾਰਾ।

“ਜਦੋਂ ਮੈਂ ਆਪਣੀ ਮੰਮੀ ਨੂੰ ਦੱਸਿਆ ਕਿ ਮੈਂ ਕਿਹੜੇ ਮੁੰਡੇ ਨੂੰ ਪਸੰਦ ਕਰਦੀ ਹਾਂ, ਤਾਂ ਮੰਮੀ ਨੇ ਕਿਹਾ: ‘ਇਹ ਨਾ ਸੋਚੀਂ ਕਿ ਮੈਂ ਤੇਰੇ ਵਿਆਹ ਤੇ ਆਉਂਗੀ!’ ਉਸ ਨੇ ਇਹ ਨਹੀਂ ਪੁੱਛਿਆ: ‘ਦੱਸ ਮੁੰਡਾ ਕਿੱਦਾਂ ਦਾ ਹੈ? ਤੈਨੂੰ ਉਸ ਦੀ ਕਿਹੜੀ ਖੂਬੀ ਚੰਗੀ ਲੱਗਦੀ ਹੈ?’ ਜੇ ਮੰਮੀ ਇਹ ਸਵਾਲ ਪੁੱਛਦੀ, ਤਾਂ ਮੈਂ ਸ਼ਾਇਦ ਉਸ ਦੀ ਸਲਾਹ ਮੰਨਦੀ।”—ਨਡੀਨ।

ਧਿਆਨ ਦਿਓ ਕਿ ਕੀ ਨਤੀਜਾ ਨਿਕਲਿਆ ਹੈ ਜਦੋਂ ਮਾਪਿਆਂ ਨੇ ਧੀਰਜ ਨਾਲ ਗੱਲ ਸੁਣੀ ਤੇ ਫਿਰ ਵਧੀਆ ਸੇਧ ਦਿੱਤੀ।

“ਮੇਰੇ ਮੰਮੀ-ਡੈਡੀ ਨੇ ਰਾਈ ਦਾ ਪਹਾੜ ਨਹੀਂ ਬਣਾਇਆ ਜਦੋਂ ਮੈਂ ਦੱਸਿਆ ਕਿ ਮੈਂ ਕਿਹੜੇ ਮੁੰਡੇ ਨੂੰ ਪਸੰਦ ਕਰਦੀ ਸੀ। ਉਨ੍ਹਾਂ ਨੇ ਮੈਨੂੰ ਉਹੀ ਸਲਾਹ ਦਿੱਤੀ ਜਿਸ ਦੀ ਮੈਨੂੰ ਲੋੜ ਸੀ, ਪਰ ਉਹ ਮੇਰੇ ਜਜ਼ਬਾਤਾਂ ਨੂੰ ਵੀ ਸਮਝਦੇ ਸੀ। ਇਸ ਕਾਰਨ ਉਨ੍ਹਾਂ ਦੀ ਸਲਾਹ ਮੰਨਣੀ ਮੇਰੇ ਲਈ ਸੌਖੀ ਹੈ ਅਤੇ ਮੈਂ ਉਨ੍ਹਾਂ ਨੂੰ ਆਪਣੇ ਦਿਲ ਦੀ ਗੱਲ ਦੱਸ ਸਕਦੀ ਹਾਂ।”—ਕੋਰੀਨਾ।

“ਮੇਰੇ ਮੰਮੀ-ਡੈਡੀ ਨੇ ਮੈਨੂੰ ਦੱਸਿਆ ਕਿ ਜਵਾਨ ਹੁੰਦਿਆਂ ਉਹ ਕਿਹਨੂੰ ਪਸੰਦ ਕਰਦੇ ਹੁੰਦੇ ਸਨ ਅਤੇ ਉਨ੍ਹਾਂ ਦੀ ਗੱਲ ਅੱਗੇ ਕਿਉਂ ਨਹੀਂ ਵਧੀ। ਇਸ ਕਾਰਨ ਮੈਂ ਸੋਚਦੀ ਹਾਂ ਕਿ ਆਪਣੇ ਮਾਪਿਆਂ ਨਾਲ ਕਿਸੇ ਬਾਰੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨੀਆਂ ਚੰਗੀ ਗੱਲ ਹੈ।”—ਲੀਨੈੱਟ

ਇਹ ਵੀ ਗੱਲ ਧਿਆਨ ਵਿਚ ਰੱਖੋ ਕਿ ਕੱਚੀ ਉਮਰ ਵਿਚ ਰੋਮਾਂਸ ਕਰਨ ਦੇ ਕੁਝ ਕਾਰਨ ਹੋ ਸਕਦੇ ਹਨ।

“ਮੈਂ ਇਸ ਕਰਕੇ ਚੋਰੀ-ਛੁਪੇ ਇਕ ਮੁੰਡੇ ਨੂੰ ਮਿਲਦੀ ਹੁੰਦੀ ਸੀ ਕਿਉਂਕਿ ਉਹ ਮੈਨੂੰ ਖ਼ੁਸ਼ ਰੱਖਦਾ ਸੀ ਅਤੇ ਮੇਰੀ ਗੱਲ ਸੁਣਦਾ ਸੀ।”—ਅਨੈੱਟ।

“ਇਕ ਮੁੰਡਾ ਹਮੇਸ਼ਾ ਮੇਰੇ ਨਾਲ ਹੁੰਦਾ ਸੀ। ਉਹ ਮੇਰੇ ਵੱਲ ਧਿਆਨ ਦਿੰਦਾ ਸੀ ਜੋ ਕਿ ਮੇਰੀ ਕਮਜ਼ੋਰੀ ਹੈ। ਮੈਨੂੰ ਬਹੁਤ ਚੰਗਾ ਲੱਗਦਾ ਹੈ ਜਦੋਂ ਕੋਈ ਮੇਰੇ ਵੱਲ ਧਿਆਨ ਦਿੰਦਾ ਹੈ ਭਾਵੇਂ ਉਹ ਮਾੜਾ ਹੋਵੇ ਜਾਂ ਚੰਗਾ।”—ਏਮੀ।

“ਜਦੋਂ ਮੇਰੇ ਮੰਮੀ-ਡੈਡੀ ਕਹਿੰਦੇ ਹਨ ਕਿ ਮੈਂ ਸੋਹਣੀ ਲੱਗਦੀ ਹਾਂ ਜਾਂ ਇਹ ਕੱਪੜੇ ਮੇਰੇ ਤੇ ਫੱਬਦੇ ਹਨ, ਤਾਂ ਮੈਨੂੰ ਇਹ ਲੋੜ ਮਹਿਸੂਸ ਨਹੀਂ ਹੁੰਦੀ ਕਿ ਕੋਈ ਮੁੰਡਾ ਮੈਨੂੰ ਇਸ ਤਰ੍ਹਾਂ ਕਹੇ।”—ਕੈਰਨ।

ਆਪਣੇ ਆਪ ਤੋਂ ਪੁੱਛੋ:

ਮੈਂ ਕੀ ਕਰ ਸਕਦਾ ਹਾਂ ਤਾਂਕਿ ਮੇਰਾ ਬੱਚਾ ਮੇਰੇ ਨਾਲ ਖੁੱਲ੍ਹ ਕੇ ਗੱਲ ਕਰ ਸਕੇ?— ਫ਼ਿਲਿੱਪੀਆਂ 4:5.

ਕੀ ਮੈਂ ‘ਸੁਣਨ ਲਈ ਤਿਆਰ ਹਾਂ ਅਤੇ ਬੋਲਣ ਵਿਚ ਕਾਹਲੀ ਨਹੀਂ ਕਰਦਾ’?—ਯਾਕੂਬ 1:19.

ਮੈਂ ਕੀ ਕਰ ਸਕਦਾ ਹਾਂ ਤਾਂਕਿ ਮੇਰਾ ਬੱਚਾ ਬਾਹਰਲਿਆਂ ਤੋਂ ਪਿਆਰ ਭਾਲਣ ਅਤੇ ਧਿਆਨ ਖਿੱਚਣ ਦੀ ਕੋਸ਼ਿਸ਼ ਨਾ ਕਰੇ?—ਕੁਲੁੱਸੀਆਂ 3:21.

ਮੁੱਖ ਗੱਲ: ਆਪਣੇ ਬੱਚੇ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਉਹ ਕਿਸੇ ਮੁੰਡੇ ਜਾਂ ਕੁੜੀ ਨਾਲ ਦੋਸਤੀ ਕਰਨ ਦਾ ਆਪਣਾ ਇਰਾਦਾ ਨੇਕ ਰੱਖੇ ਤਾਂਕਿ ਕੋਈ ਮੁਸ਼ਕਲ ਖੜ੍ਹੀ ਨਾ ਹੋਵੇ। ਇਹ ਹੁਨਰ ਉਨ੍ਹਾਂ ਦੇ ਉਦੋਂ ਕੰਮ ਆਵੇਗਾ ਜਦੋਂ ਮੁੰਡਾ-ਕੁੜੀ ਵੱਡੇ ਹੋਣਗੇ।—ਕੁਲੁੱਸੀਆਂ 3:5; 1 ਥੱਸਲੁਨੀਕੀਆਂ 4:3-6.

[ਫੁਟਨੋਟ]

^ ਪੈਰਾ 37 ਪਿਛਲਾ “ਨੌਜਵਾਨ ਪੁੱਛਦੇ ਹਨ” ਲੇਖ ਦੇਖੋ।

[ਸਫ਼ਾ 25 ਉੱਤੇ ਚਾਰਟ]

(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

ਹੱਦਾਂ

ਇੱਦਾਂ ਕਰੋ

ਗਰੁੱਪਾਂ ਵਿਚ ਮਿਲੋ-ਗਿਲੋ

ਇਕ-ਦੂਜੇ ਨੂੰ ਜਾਣੋ

ਗੱਲਬਾਤ ਕਰੋ

ਇੱਦਾਂ ਨਾ ਕਰੋ

X ਇੱਕੋ ਮੁੰਡੇ-ਕੁੜੀ ਨਾਲ ਰਹਿਣਾ

X ਹਰ ਗੱਲ ਦੱਸਣੀ

X ਫਲਰਟ ਕਰਨਾ

[ਸਫ਼ਾ 26 ਉੱਤੇ ਡਾਇਆਗ੍ਰਾਮ]

(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

ਮਿਲਣਾ-ਜੁਲਣਾ

ਫਲਰਟ ਕਰਨਾ

ਛੂਹਣਾ

ਹੱਥ ਫੜਨਾ

ਕਿੱਸ ਕਰਨੀ