Skip to content

Skip to table of contents

ਨੌਜਵਾਨ ਪੁੱਛਦੇ ਹਨ

ਕੀ ਅਸੀਂ ਸਿਰਫ਼ ਦੋਸਤ ਹਾਂ ਜਾਂ ਕੁਝ ਹੋਰ?—ਪਹਿਲਾ ਭਾਗ

ਕੀ ਅਸੀਂ ਸਿਰਫ਼ ਦੋਸਤ ਹਾਂ ਜਾਂ ਕੁਝ ਹੋਰ?—ਪਹਿਲਾ ਭਾਗ

ਇਹ ਸਿਰਲੇਖ ਪੜ੍ਹ ਕੇ ਕੀ ਤੁਹਾਡੇ ਮਨ ਵਿਚ ਕੋਈ ਖ਼ਾਸ ਦੋਸਤ ਆਇਆ?

ਹਾਂ → ਹੁਣੇ ਇਸ ਲੇਖ ਨੂੰ ਪੜ੍ਹੋ। ਹੋ ਸਕਦਾ ਹੈ ਕਿ ਇਹ ਲੇਖ ਤੁਹਾਡੇ ਲਈ ਲਿਖਿਆ ਗਿਆ ਹੋਵੇ।

ਨਹੀਂ → ਫਿਰ ਵੀ ਇਸ ਲੇਖ ਨੂੰ ਪੜ੍ਹੋ। ਇਸ ਦੀ ਮਦਦ ਨਾਲ ਤੁਸੀਂ ਦੇਖ ਸਕੋਗੇ ਕਿ ਤੁਹਾਡਾ ਮੁੰਡੇ-ਕੁੜੀ ਦਾ ਇਕ-ਦੂਜੇ ਨਾਲ ਦੋਸਤੀ ਕਰਨ ਦਾ ਇਰਾਦਾ ਨੇਕ ਹੈ ਅਤੇ ਬਾਅਦ ਵਿਚ ਕੋਈ ਮੁਸ਼ਕਲ ਖੜ੍ਹੀ ਨਹੀਂ ਹੋਵੇਗੀ।

ਹੇਠਾਂ ਦੱਸੀ ਗੱਲ ’ਤੇ ਨਿਸ਼ਾਨ ਲਾਓ ਕਿ ਉਹ ਸੱਚ ਹੈ ਜਾਂ ਝੂਠ:

ਜਦ ਤਕ ਮੈਂ ਵਿਆਹ ਕਰਨ ਲਈ ਤਿਆਰ ਨਹੀਂ ਹਾਂ ਤਦ ਤਕ ਮੈਨੂੰ ਕਿਸੇ ਕੁੜੀ ਜਾਂ ਮੁੰਡੇ ਨਾਲ ਦੋਸਤੀ ਨਹੀਂ ਕਰਨੀ ਚਾਹੀਦੀ।

___ਸੱਚ ___ਝੂਠ

ਗੌਰ ਕਰੋ: ਭਾਵੇਂ ਯਿਸੂ ਵਿਆਹ ਨਹੀਂ ਸੀ ਕਰਾਉਣਾ ਚਾਹੁੰਦਾ, ਫਿਰ ਵੀ ਉਹ ਤੀਵੀਆਂ ਨਾਲ ਦੋਸਤੀ ਰੱਖਦਾ ਸੀ। (ਮੱਤੀ 12:46-50; ਲੂਕਾ 8:1-3) ਤਿਮੋਥਿਉਸ ਨਾਂ ਦਾ ਕੁਆਰਾ ਆਦਮੀ ਵੀ ਤੀਵੀਆਂ ਨਾਲ ਦੋਸਤੀ ਰੱਖਦਾ ਸੀ ਕਿਉਂਕਿ ਪੌਲੁਸ ਰਸੂਲ ਨੇ ਉਸ ਨੂੰ ਕਿਹਾ ਸੀ ਕਿ ਉਹ ‘ਆਪਣੇ ਤੋਂ ਛੋਟੀਆਂ ਕੁੜੀਆਂ ਨੂੰ ਸਾਫ਼ ਦਿਲ ਨਾਲ ਭੈਣਾਂ ਸਮਝੇ।’—1 ਤਿਮੋਥਿਉਸ 5:1, 2.

ਪੌਲੁਸ ਨੂੰ ਪਤਾ ਹੋਣਾ ਕਿ ਵੱਖੋ-ਵੱਖਰੀਆਂ ਮੰਡਲੀਆਂ ਵਿਚ ਸੇਵਾ ਕਰਦਿਆਂ ਤਿਮੋਥਿਉਸ ਕਈ ਨੌਜਵਾਨ ਤੀਵੀਆਂ ਨੂੰ ਮਿਲੇਗਾ। (ਮਰਕੁਸ 10:29, 30) ਕੀ ਤਿਮੋਥਿਉਸ ਲਈ ਉਨ੍ਹਾਂ ਨਾਲ ਮਿਲਣਾ-ਜੁਲਣਾ ਜਾਂ ਗੱਲਬਾਤ ਕਰਨੀ ਗ਼ਲਤ ਹੁੰਦੀ? ਨਹੀਂ। ਉਸ ਵੇਲੇ ਉਹ ਵਿਆਹ ਕਰਨ ਦਾ ਇਰਾਦਾ ਨਹੀਂ ਸੀ ਰੱਖਦਾ, ਫਿਰ ਵੀ ਉਸ ਨੂੰ ਆਪਣੀਆਂ ਹੱਦਾਂ ਵਿਚ ਰਹਿਣ ਦੀ ਲੋੜ ਸੀ ਤਾਂਕਿ ਉਹ ਕਿਸੇ ਤੀਵੀਂ ਨਾਲ ਰੋਮਾਂਟਿਕ ਰਿਸ਼ਤਾ ਨਾ ਜੋੜੇ ਅਤੇ ਫਲਰਟ ਨਾ ਕਰੇ ਜਾਂ ਉਨ੍ਹਾਂ ਦੇ ਜਜ਼ਬਾਤਾਂ ਨਾਲ ਨਾ ਖੇਡੇ।—ਲੂਕਾ 6:31.

ਤੁਹਾਡੇ ਬਾਰੇ ਕੀ? ਕੀ ਤੁਸੀਂ ਵਿਆਹ ਕਰਾਉਣ ਲਈ ਤਿਆਰ ਹੋ?

ਜੇ ਹਾਂ, ⇨ ਤਾਂ ਤੁਹਾਡੀ ਮੁੰਡੇ-ਕੁੜੀ ਦੀ ਦੋਸਤੀ ਵਿਆਹ ਵਿਚ ਬਦਲ ਸਕਦੀ ਹੈ।—ਕਹਾਉਤਾਂ 18:22; 31:10.

ਜੇ ਨਹੀਂ, ⇨ ਤਾਂ ਤੁਹਾਨੂੰ ਆਪਣੀਆਂ ਹੱਦਾਂ ਵਿਚ ਰਹਿਣ ਦੀ ਲੋੜ ਹੈ। (ਯਿਰਮਿਯਾਹ 17:9) ਪਰ ਕੀ ਕਹਿਣਾ ਸੌਖਾ ਹੈ ਤੇ ਕਰਨਾ ਔਖਾ? ਬਿਲਕੁਲ! 18 ਸਾਲ ਦੀ ਨੀਆ * ਕਹਿੰਦੀ ਹੈ: “ਕਿਸੇ ਮੁੰਡੇ ਨਾਲ ਸਿਰਫ਼ ਦੋਸਤੀ ਰੱਖਣੀ ਕੋਈ ਸੌਖੀ ਗੱਲ ਨਹੀਂ ਹੈ ਕਿਉਂਕਿ ਕਈ ਵਾਰ ਹੱਦਾਂ ਵਿਚ ਰਹਿਣਾ ਆਸਾਨ ਨਹੀਂ ਹੁੰਦਾ।”

ਤਾਂ ਫਿਰ ਤੁਹਾਨੂੰ ਹੱਦਾਂ ਵਿਚ ਰਹਿਣ ਦੀ ਕਿਉਂ ਲੋੜ ਹੈ? ਜੇ ਤੁਸੀਂ ਆਪਣੀਆਂ ਹੱਦਾਂ ਵਿਚ ਨਹੀਂ ਰਹਿੰਦੇ, ਤਾਂ ਇਸ ਨਾਲ ਜਾਂ ਤਾਂ ਤੁਹਾਡਾ ਦਿਲ ਦੁਖੀ ਹੋਵੇਗਾ ਜਾਂ ਤੁਹਾਡੇ ਦੋਸਤ ਦਾ। ਇਨ੍ਹਾਂ ਗੱਲਾਂ ਉੱਤੇ ਧਿਆਨ ਦਿਓ ਕਿ ਕਿਉਂ।

ਜ਼ਿੰਦਗੀ ਦੀ ਹਕੀਕਤ: ਜੇ ਤੁਸੀਂ ਵਿਆਹ ਕਰਨ ਲਈ ਤਿਆਰ ਨਹੀਂ ਹੋ, ਪਰ ਦਿਲ ਦੇ ਬੈਠਦੇ ਹੋ, ਤਾਂ ਕਿਸੇ ਦਾ ਦਿਲ ਜ਼ਰੂਰ ਟੁੱਟੇਗਾ। 19 ਸਾਲਾਂ ਦੀ ਕੈਲੀ ਕਹਿੰਦੀ ਹੈ: “ਮੇਰੇ ਨਾਲ ਇਸ ਤਰ੍ਹਾਂ ਦੋ ਵਾਰੀ ਹੋਇਆ। ਪਹਿਲਾਂ ਮੈਂ ਇਕ ਮੁੰਡੇ ਨਾਲ ਪਿਆਰ ਵਿਚ ਪੈ ਗਈ ਅਤੇ ਦੂਜੀ ਵਾਰ ਕਿਸੇ ਮੁੰਡੇ ਦਾ ਦਿਲ ਮੇਰੇ ਤੇ ਆ ਗਿਆ। ਦੋਨੋਂ ਵਾਰ ਕਿਸੇ ਇਕ ਦਾ ਦਿਲ ਟੁੱਟਾ ਅਤੇ ਮੇਰੇ ਦਿਲ ਦੇ ਉਹ ਜ਼ਖ਼ਮ ਹਾਲੇ ਵੀ ਨਹੀਂ ਭਰੇ।”

ਜ਼ਰਾ ਸੋਚੋ:

ਕਿਨ੍ਹਾਂ ਹਾਲਾਤਾਂ ਵਿਚ ਮੁੰਡੇ-ਕੁੜੀਆਂ ਲਈ ਇਕ-ਦੂਜੇ ਨਾਲ ਮਿਲਣਾ-ਜੁਲਣਾ ਸਹੀ ਹੋਵੇਗਾ? ਤੁਹਾਨੂੰ ਕਿਹੜੇ ਹਾਲਾਤਾਂ ਤੋਂ ਦੂਰ ਰਹਿਣਾ ਚਾਹੀਦਾ ਹੈ?

ਹਰ ਵਾਰੀ ਇੱਕੋ ਮੁੰਡੇ ਜਾਂ ਕੁੜੀ ਨਾਲ ਸਮਾਂ ਬਿਤਾਉਣਾ ਸਹੀ ਕਿਉਂ ਨਹੀਂ ਹੈ? ਤੁਹਾਡਾ ਦੋਸਤ ਕੀ ਸੋਚੇਗਾ? ਤੁਸੀਂ ਕੀ ਸੋਚੋਗੇ?

“ਕਦੀ-ਕਦੀ ਮੈਂ ਆਪਣੇ ਆਪ ਨੂੰ ਇਹ ਝੂਠ ਬੋਲਦਿਆਂ ਕਿਹਾ ਹੈ: ‘ਅਸੀਂ ਤਾਂ ਸਿਰਫ਼ ਦੋਸਤ ਹੀ ਹਾਂ। ਉਹ ਤਾਂ ਮੇਰੇ ਭਰਾਵਾਂ ਵਰਗਾ ਹੈ।’ ਪਰ ਜਦੋਂ ਉਹ ਕਿਸੇ ਹੋਰ ਕੁੜੀ ਵੱਲ ਧਿਆਨ ਦਿੰਦਾ ਹੈ ਤਾਂ ਮੈਨੂੰ ਬੁਰਾ ਲੱਗਦਾ ਹੈ ਕਿਉਂਕਿ ਉਸ ਨੂੰ ਸਿਰਫ਼ ਮੇਰੇ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ।”—ਡਨੀਜ਼।

ਬਾਈਬਲ ਕਹਿੰਦੀ ਹੈ: “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵਧ ਕੇ ਕਸ਼ਟ ਭੋਗਦੇ ਹਨ।”—ਕਹਾਉਤਾਂ 22:3.

ਜ਼ਿੰਦਗੀ ਦੀ ਹਕੀਕਤ: ਜੇ ਤੁਸੀਂ ਵਿਆਹ ਕਰਨ ਲਈ ਤਿਆਰ ਨਹੀਂ ਹੋ, ਪਰ ਦਿਲ ਦੇ ਬੈਠਦੇ ਹੋ, ਤਾਂ ਤੁਸੀਂ ਆਪਣੇ ਦੋਸਤ ਨੂੰ ਗੁਆ ਸਕਦੇ ਹੋ। 16 ਸਾਲ ਦੀ ਕੇਟੀ ਕਹਿੰਦੀ ਹੈ: “ਮੈਂ ਤੇ ਇਕ ਮੁੰਡਾ ਇਕ-ਦੂਜੇ ਨੂੰ ਐੱਸ. ਐੱਮ. ਐੱਸ. ਭੇਜਦੇ ਹੁੰਦੇ ਸੀ, ਪਰ ਥੋੜ੍ਹੇ ਸਮੇਂ ਵਿਚ ਉਹ ਮੇਰੇ ਨਾਲ ਫਲਰਟ ਕਰਨ ਲੱਗ ਪਿਆ ਤੇ ਤਕਰੀਬਨ ਹਰ ਰੋਜ਼ ਅਸੀਂ ਇਕ-ਦੂਜੇ ਨੂੰ ਮੈਸਿਜ ਘੱਲਣ ਲੱਗ ਪਏ। ਫਿਰ ਇਕ ਦਿਨ ਉਸ ਨੇ ਮੈਨੂੰ ਦੱਸਿਆ ਕਿ ਉਹ ਮੈਨੂੰ ਬਹੁਤ ਪਸੰਦ ਕਰਦਾ ਹੈ ਅਤੇ ਉਹ ਦੋਸਤ ਨਾਲੋਂ ਵੱਧ ਕੇ ਕੁਝ ਬਣਨਾ ਚਾਹੁੰਦਾ ਸੀ। ਪਰ ਮੈਂ ਉਸ ਨੂੰ ਸਿਰਫ਼ ਇਕ ਦੋਸਤ ਹੀ ਸਮਝਦੀ ਸੀ ਤੇ ਕੋਈ ਰੋਮਾਂਟਿਕ ਰਿਸ਼ਤਾ ਨਹੀਂ ਸੀ ਜੋੜਨਾ ਚਾਹੁੰਦੀ। ਬਾਅਦ ਵਿਚ ਜਦੋਂ ਮੈਂ ਉਸ ਨੂੰ ਇਹ ਗੱਲ ਦੱਸੀ, ਤਾਂ ਅਸੀਂ ਇਕ-ਦੂਜੇ ਨਾਲ ਬੋਲਣਾ ਛੱਡ ਦਿੱਤਾ ਅਤੇ ਸਾਡੀ ਦੋਸਤੀ ਖ਼ਤਮ ਹੋ ਗਈ।”

ਜ਼ਰਾ ਸੋਚੋ:

ਕੇਟੀ ਦੇ ਮਾਮਲੇ ਵਿਚ ਕਿਸ ਨੂੰ ਚੋਟ ਪਹੁੰਚੀ ਅਤੇ ਕਿਉਂ? ਕੀ ਕੇਟੀ ਜਾਂ ਉਹ ਮੁੰਡਾ ਅਲੱਗ ਤਰੀਕੇ ਨਾਲ ਪੇਸ਼ ਆ ਕੇ ਇਕ-ਦੂਜੇ ਨੂੰ ਚੋਟ ਪਹੁੰਚਾਉਣ ਤੋਂ ਬਚ ਸਕਦੇ ਸੀ? ਜੇ ਹਾਂ, ਤਾਂ ਕਿਵੇਂ?

ਐੱਸ. ਐੱਮ. ਐੱਸ. ਭੇਜਣ ਵੇਲੇ ਕਿਨ੍ਹਾਂ ਤਰੀਕਿਆਂ ਨਾਲ ਕੋਈ ਜਣਾ ਅਣਜਾਣੇ ਵਿਚ ਇਸ਼ਾਰਾ ਕਰ ਸਕਦਾ ਕਿ ਉਹ ਕੁੜੀ ਜਾਂ ਮੁੰਡਾ ਸਿਰਫ਼ ਦੋਸਤ ਨਹੀਂ ਰਹਿਣਾ ਚਾਹੁੰਦੇ, ਸਗੋਂ ਇਕ-ਦੂਜੇ ਨਾਲ ਰੋਮਾਂਟਿਕ ਰਿਸ਼ਤਾ ਜੋੜਨਾ ਚਾਹੁੰਦੇ ਹਨ?

“ਕਈ ਵਾਰ ਮੈਨੂੰ ਇਕ ਮੁੰਡੇ ਨਾਲ ਜ਼ਿਆਦਾ ਸਮਾਂ ਗੁਜ਼ਾਰਨ ਤੋਂ ਆਪਣੇ ਆਪ ਨੂੰ ਰੋਕਣਾ ਪਿਆ। ਮੁੰਡੇ ਚੰਗੇ ਦੋਸਤ ਬਣ ਸਕਦੇ ਹਨ, ਪਰ ਮੈਂ ਕਿਸੇ ਮੁੰਡੇ ਨਾਲ ਰੋਮਾਂਟਿਕ ਰਿਸ਼ਤਾ ਜੋੜ ਕੇ ਆਪਣੀ ਦੋਸਤੀ ਖ਼ਰਾਬ ਨਹੀਂ ਸੀ ਕਰਨਾ ਚਾਹੁੰਦੀ।”—ਲੌਰਾ।

ਬਾਈਬਲ ਕਹਿੰਦੀ ਹੈ: “ਸਿਆਣਾ ਵੇਖ ਭਾਲ ਕੇ ਚੱਲਦਾ ਹੈ।”—ਕਹਾਉਤਾਂ 14:15.

ਮੁੱਖ ਗੱਲ: ਮੁੰਡੇ-ਕੁੜੀਆਂ ਦਾ ਇਕ-ਦੂਜੇ ਨਾਲ ਮਿਲਣਾ-ਜੁਲਣਾ ਗ਼ਲਤ ਨਹੀਂ ਹੈ। ਪਰ ਜੇ ਤੁਸੀਂ ਵਿਆਹ ਕਰਾਉਣ ਲਈ ਤਿਆਰ ਨਹੀਂ ਹੋ, ਤਾਂ ਤੁਹਾਨੂੰ ਆਪਣੀਆਂ ਹੱਦਾਂ ਵਿਚ ਰਹਿਣਾ ਚਾਹੀਦਾ ਹੈ।

ਅਗਲੇ “ਨੌਜਵਾਨ ਪੁੱਛਦੇ ਹਨ”. . . ਲੇਖ ਵਿਚ

ਜੇ ਤੁਸੀਂ ਵਿਆਹ ਲਈ ਤਿਆਰ ਨਹੀਂ, ਪਰ ਦਿਲ ਦੇ ਬੈਠਦੇ ਹੋ, ਤਾਂ ਤੁਹਾਡਾ ਨਾਮ ਬਦਨਾਮ ਹੋ ਸਕਦਾ ਹੈ—ਦੇਖੋ ਕਿ ਕਿਵੇਂ। (g12-E 06)

“ਨੌਜਵਾਨ ਪੁੱਛਦੇ ਹਨ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬਸਾਈਟ ’ਤੇ ਦਿੱਤੇ ਗਏ ਹਨ: www.pr418.com/pa

[ਫੁਟਨੋਟ]

^ ਪੈਰਾ 13 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।

[ਸਫ਼ਾ 22 ਉੱਤੇ ਡੱਬੀ/ਤਸਵੀਰ]

ਤੁਸੀਂ ਕੀ ਕਰੋਗੇ?

ਸੱਚੀ ਕਹਾਣੀ: “ਮੈਂ ਆਪਣੇ ਇਕ ਦੋਸਤ ਨੂੰ ਐੱਸ. ਐੱਮ. ਐੱਸ ਭੇਜਦੀ ਸੀ ਜੋ ਤਕਰੀਬਨ 1,500 ਕਿਲੋਮੀਟਰ ਦੂਰ ਰਹਿੰਦਾ ਹੈ। ਅਸੀਂ ਸ਼ਾਇਦ ਇਕ-ਦੂਜੇ ਨੂੰ ਹਫ਼ਤੇ ਵਿਚ ਇਕ ਵਾਰ ਐੱਸ. ਐੱਮ. ਐੱਸ ਭੇਜਦੇ ਸੀ। ਮੈਂ ਉਸ ਵਿਚ ਕੋਈ ਰੋਮਾਂਟਿਕ ਦਿਲਚਸਪੀ ਨਹੀਂ ਸੀ ਰੱਖਦੀ ਅਤੇ ਮੇਰੇ ਖ਼ਿਆਲ ਮੁਤਾਬਕ ਉਸ ਨੂੰ ਵੀ ਮੇਰੇ ਵਿਚ ਕੋਈ ਦਿਲਚਸਪੀ ਨਹੀਂ ਸੀ। ਫਿਰ ਇਕ ਦਿਨ ਉਸ ਨੇ ਮੈਨੂੰ ਇਹ ਮੈਸਿਜ ਭੇਜਿਆ: ‘ਕਿੱਦਾਂ ਸੋਹਣਿਓ! ਤੂੰ ਮੈਨੂੰ ਬਹੁਤ ਯਾਦ ਆਉਂਦੀ ਆਂ। ਕੀ ਕਰਦੀ ਆਂ?’ ਮੈਂ ਹੱਕੀ-ਬੱਕੀ ਰਹਿ ਗਈ! ਮੈਂ ਉਸ ਨੂੰ ਦੱਸਿਆ ਕਿ ਮੈਂ ਉਸ ਨੂੰ ਸਿਰਫ਼ ਇਕ ਦੋਸਤ ਸਮਝਦੀ ਹਾਂ ਤੇ ਮੈਂ ਪਿਆਰ ਦੇ ਚੱਕਰਾਂ ਵਿਚ ਨਹੀਂ ਪੈਣਾ ਚਾਹੁੰਦੀ। ਉਸ ਨੇ ਵਾਪਸ ਮੈਸਿਜ ਭੇਜਿਆ: ‘ਨਹੀਂ ਤਾਂ ਨਾ ਸਹੀ।’ ਉਸ ਤੋਂ ਬਾਅਦ ਉਸ ਨੇ ਮੈਨੂੰ ਫਿਰ ਕਦੇ ਐੱਸ. ਐੱਮ. ਐੱਸ ਨਹੀਂ ਕੀਤਾ।”—ਜਨੈੱਟ।

● ਜੇ ਤੁਸੀਂ ਵਿਆਹ ਨਹੀਂ ਕਰਵਾਉਣਾ ਚਾਹੁੰਦੇ ਜਾਂ ਅਜੇ ਵਿਆਹ ਕਰਨ ਦਾ ਇਰਾਦਾ ਨਹੀਂ, ਤਾਂ ਤੁਸੀਂ ਕੀ ਜਵਾਬ ਦਿੰਦੇ ਜੇ ਤੁਹਾਨੂੰ ਜਨੈੱਟ ਵਰਗਾ ਮੈਸਿਜ ਆਉਂਦਾ?

● ਜੇ ਤੁਸੀਂ ਮੁੰਡਾ ਹੋ, ਤਾਂ ਤੁਹਾਡੇ ਖ਼ਿਆਲ ਵਿਚ ਕੀ ਜਨੈੱਟ ਨੂੰ ਭੇਜਿਆ ਮੈਸਿਜ ਠੀਕ ਸੀ? ਤੁਸੀਂ ਹਾਂ ਜਾਂ ਨਾਂਹ ਵਿਚ ਕਿਉਂ ਜਵਾਬ ਦਿੰਦੇ ਹੋ?

● ਤੁਹਾਡੇ ਖ਼ਿਆਲ ਵਿਚ ਆਮ੍ਹੋ-ਸਾਮ੍ਹਣੇ ਗੱਲ ਕਰਨ ਨਾਲੋਂ ਮੈਸਿਜ ਭੇਜ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਜ਼ਿਆਦਾ ਸੌਖਾ ਹੈ? ਤੁਸੀਂ ਹਾਂ ਜਾਂ ਨਾਂਹ ਵਿਚ ਕਿਉਂ ਜਵਾਬ ਦਿੰਦੇ ਹੋ?

[ਸਫ਼ਾ 23 ਉੱਤੇ ਡੱਬੀ]

ਆਪਣੇ ਮਾਪਿਆਂ ਨੂੰ ਪੁੱਛੋ

ਆਪਣੇ ਮਾਪਿਆਂ ਤੋਂ ਇਸ ਲੇਖ ਵਿਚ ਦਿੱਤੇ ਗਏ ਸਵਾਲਾਂ ਬਾਰੇ ਰਾਇ ਪੁੱਛੋ। ਕੀ ਉਨ੍ਹਾਂ ਦੀ ਰਾਇ ਤੁਹਾਡੀ ਰਾਇ ਤੋਂ ਅਲੱਗ ਹੈ? ਜੇ ਹਾਂ, ਤਾਂ ਕਿਵੇਂ? ਉਨ੍ਹਾਂ ਦੀ ਸਲਾਹ ਤੋਂ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ ਹੈ?—ਕਹਾਉਤਾਂ 11:14.

[ਸਫ਼ਾ 23 ਉੱਤੇ ਡੱਬੀ/ਤਸਵੀਰਾਂ]

ਤੁਹਾਡੇ ਹਾਣੀ ਕੀ ਕਹਿੰਦੇ ਹਨ

ਜੋਸ਼ੁਆ—ਜਿੰਨਾ ਜ਼ਿਆਦਾ ਸਮਾਂ ਤੁਸੀਂ ਇਕ ਕੁੜੀ ਨਾਲ ਗੁਜ਼ਾਰਦੇ ਹੋ, ਉੱਨਾ ਹੀ ਜ਼ਿਆਦਾ ਉਸ ਨਾਲ ਨਜ਼ਦੀਕੀਆਂ ਵਧਣਗੀਆਂ।

ਨਤਾਸ਼ਾ—ਜੇ ਤੁਸੀਂ ਸਿਰਫ਼ ਦੋਸਤ ਹੀ ਰਹਿਣਾ ਚਾਹੁੰਦੇ ਹੋ, ਪਰ ਕਿਸੇ ਇਕ ਖ਼ਾਸ ਕੁੜੀ ਜਾਂ ਮੁੰਡੇ ਨਾਲ ਘੁੰਮਦੇ ਰਹਿੰਦੇ ਹੋ, ਤਾਂ ਤੁਹਾਡੇ ਵਿੱਚੋਂ ਇਕ ਜਣੇ ਜਾਂ ਦੋਵਾਂ ਦੇ ਦਿਲਾਂ ਵਿਚ ਜ਼ਰੂਰ ਪਿਆਰ ਜਾਗੇਗਾ।

ਕੈਲਸੀ—ਭਾਵੇਂ ਤੁਸੀਂ ਪਹਿਲਾਂ-ਪਹਿਲਾਂ ਦੋਸਤ ਹੁੰਦੇ ਹੋ, ਪਰ ਜੇ ਤੁਸੀਂ ਹਮੇਸ਼ਾ ਇਕੱਠੇ ਰਹਿੰਦੇ ਹੋ, ਤਾਂ ਇਕ-ਦੂਜੇ ਦੇ ਦਿਲ ਵਿਚ ਆਸਾਨੀ ਨਾਲ ਪਿਆਰ ਜਾਗ ਸਕਦਾ ਹੈ। ਸਿਰਫ਼ ਦੋਸਤ ਬਣੇ ਰਹਿਣਾ ਨਾਮੁਮਕਿਨ ਨਹੀਂ ਹੈ, ਫਿਰ ਵੀ ਸਿਆਣਪ ਦੀ ਲੋੜ ਹੈ।

[ਸਫ਼ਾ 22 ਉੱਤੇ ਤਸਵੀਰ]

ਜੇ ਤੁਸੀਂ ਵਿਆਹ ਲਈ ਤਿਆਰ ਨਹੀਂ ਹੋ ਤੇ ਕਿਸੇ ਨੂੰ ਆਪਣਾ ਦਿਲ ਦੇ ਬੈਠਦੇ ਹੋ, ਤਾਂ ਇਸ ਦਾ ਅੰਜਾਮ ਬੁਰਾ ਹੋਵੇਗਾ