ਕੀ ਤੁਹਾਡਾ ਭੋਜਨ ਸਿਹਤਮੰਦ ਹੈ ਜਾਂ ਜ਼ਹਿਰੀਲਾ?
ਕੀ ਤੁਹਾਡਾ ਭੋਜਨ ਸਿਹਤਮੰਦ ਹੈ ਜਾਂ ਜ਼ਹਿਰੀਲਾ?
“ਜਰਮਨ ਸਿਹਤ ਅਧਿਕਾਰੀਆਂ ਨੇ ਇਕ ਸਕੂਲ ਉਦੋਂ ਬੰਦ ਕਰ ਦਿੱਤਾ ਜਦੋਂ ਕੁਝ ਵਿਦਿਆਰਥੀ ਈ. ਕੋਲਾਈ ਨਾਂ ਦੀ ਬੀਮਾਰੀ ਦਾ ਸ਼ਿਕਾਰ ਹੋ ਗਏ।”—ਰੌਏਟਰਜ਼ ਨਿਊਜ਼ ਸਰਵਿਸ, ਜਰਮਨੀ।
“ਪੰਜ ਪ੍ਰਾਂਤਾਂ ਵਿਚ ਗੰਢ ਗੋਭੀ ਵਿਚ ਸਾਲਮੋਨੇਲਾ ਫੈਲ ਗਿਆ।”—ਯੂ. ਐੱਸ. ਏ. ਟੂਡੇ।
“ਇਡਲੀ ਦੇ ਸੈਂਪਲਾਂ ਵਿੱਚੋਂ ਈ. ਕੋਲਾਈ ਬੈਕਟੀਰੀਆ ਮਿਲਿਆ।”—ਦ ਟਾਈਮਜ਼ ਆਫ਼ ਇੰਡੀਆ, ਪੂਨੇ।
ਦੁਨੀਆਂ ਭਰ ਵਿਚ ਵੱਖੋ-ਵੱਖਰੇ ਦੇਸ਼ਾਂ ਦੀਆਂ ਖ਼ਬਰਾਂ ਦਿਖਾਉਂਦੀਆਂ ਹਨ ਕਿ ਕਈ ਲੋਕ ਖਾਣੇ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਪੀੜਿਤ ਹਨ। ਖੋਜਕਾਰਾਂ ਨੇ ਅੰਦਾਜ਼ਾ ਲਾਇਆ ਹੈ ਕਿ ਹਰ ਸਾਲ ਅਮੀਰ ਦੇਸ਼ਾਂ ਦੇ 30% ਲੋਕ ਅਜਿਹੀਆਂ ਬੀਮਾਰੀਆਂ ਦੇ ਸ਼ਿਕਾਰ ਹੁੰਦੇ ਹਨ।
ਇਸ ਤਰ੍ਹਾਂ ਦੀਆਂ ਖ਼ਬਰਾਂ ਪੜ੍ਹ ਕੇ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ? ਹਾਂਗ ਕਾਂਗ ਤੋਂ ਹੋਈ ਨਾਂ ਦਾ ਪਿਤਾ ਕਹਿੰਦਾ ਹੈ: “ਮੈਂ ਪਰੇਸ਼ਾਨ ਹੋ ਜਾਂਦਾ ਹਾਂ ਤੇ ਮੈਨੂੰ ਗੁੱਸਾ ਵੀ ਆਉਂਦਾ ਹੈ। ਮੇਰੇ ਦੋ ਬੱਚੇ ਹਨ ਤੇ ਮੈਨੂੰ ਚਿੰਤਾ ਰਹਿੰਦੀ ਹੈ ਕਿ ਉਹ ਜੋ ਖਾਣਾ ਖਾਂਦੇ ਹਨ, ਉਹ ਕਿੱਥੇ ਤੇ ਕਿਵੇਂ ਬਣਾਇਆ ਜਾਂਦਾ ਹੈ।”
ਗ਼ਰੀਬ ਦੇਸ਼ਾਂ ਵਿਚ ਹਰ ਸਾਲ ਖ਼ਰਾਬ ਖਾਣਾ ਖਾਣ ਤੇ ਗੰਦਾ ਪਾਣੀ ਪੀਣ ਨਾਲ ਅਣਗਿਣਤ ਲੋਕ ਮਰਦੇ ਹਨ ਜਿਨ੍ਹਾਂ ਵਿਚ ਜ਼ਿਆਦਾਤਰ ਬੱਚੇ ਹੁੰਦੇ ਹਨ। ਨਾਈਜੀਰੀਆ ਤੋਂ ਬੋਲਾ ਦੱਸਦੀ ਹੈ: “ਇੱਥੇ ਬਾਜ਼ਾਰਾਂ ਜਾਂ ਦੁਕਾਨਾਂ ਵਿਚ ਖਾਣ ਵਾਲੀਆਂ ਚੀਜ਼ਾਂ ’ਤੇ ਮੱਖੀਆਂ ਬੈਠਦੀਆਂ ਹਨ ਤੇ ਮਿੱਟੀ-ਘੱਟਾ ਪੈਂਦਾ ਹੈ। ਜਦੋਂ ਵੀ ਮੈਂ ਖਾਣੇ ਨਾਲ ਹੋਣ ਵਾਲੀਆਂ ਬੀਮਾਰੀਆਂ ਬਾਰੇ ਸੁਣਦੀ ਹਾਂ, ਤਾਂ ਮੈਂ ਡਰ ਜਾਂਦੀ ਹਾਂ ਕਿਉਂਕਿ ਮੈਂ ਆਪਣੇ ਪਰਿਵਾਰ ਨੂੰ ਬੀਮਾਰੀਆਂ ਤੋਂ ਬਚਾਉਣਾ ਚਾਹੁੰਦੀ ਹਾਂ।”
ਕੀ ਤੁਸੀਂ ਆਪਣੇ ਪਰਿਵਾਰ ਨੂੰ ਜ਼ਹਿਰੀਲੇ ਖਾਣੇ ਤੋਂ ਬਚਾ ਸਕਦੇ ਹੋ? ਕੈਨੇਡਾ ਦੀ ਭੋਜਨ ਜਾਂਚ ਏਜੰਸੀ ਨੇ ਕਿਹਾ: “ਜੇ ਨੁਕਸਾਨਦੇਹ ਖਾਣਾ ਦੁਕਾਨਾਂ ਵਿਚ ਵਿੱਕਦਾ ਹੈ, ਤਾਂ ਇਹ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਜਾਂਦਾ ਹੈ। ਲੋਕਾਂ ਨੂੰ ਇਸ ਬਾਰੇ ਪਤਾ ਲੱਗਣਾ ਵੀ ਚਾਹੀਦਾ ਹੈ। ਪਰ ਬੀਮਾਰ ਕਰਨ ਵਾਲਾ ਜ਼ਹਿਰੀਲਾ ਖਾਣਾ ਤੁਹਾਡੀ ਘਰ ਦੀ ਰਸੋਈ ਵਿਚ ਵੀ ਬਣ ਸਕਦਾ ਹੈ। ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਰਸੋਈ ਵਿਚ ਕੀ ਕੁਝ ਕਰਦੇ ਹੋ ਤੇ ਕੀ ਨਹੀਂ।”
ਖਾਣੇ ਨਾਲ ਬੀਮਾਰ ਹੋਣ ਤੋਂ ਤੁਸੀਂ ਆਪਣੇ ਪਰਿਵਾਰ ਨੂੰ ਕਿਵੇਂ ਬਚਾ ਸਕਦੇ ਹੋ? ਅਸੀਂ ਚਾਰ ਗੱਲਾਂ ਦੇਖਾਂਗੇ ਜੋ ਸਿਹਤਮੰਦ ਖਾਣਾ ਤਿਆਰ ਕਰਨ ਵਿਚ ਮਦਦ ਕਰਨਗੀਆਂ।
(g12-E 06)
[ਸਫ਼ਾ 3 ਉੱਤੇ ਡੱਬੀ]
ਕਿਨ੍ਹਾਂ ਨੂੰ ਬੀਮਾਰੀ ਲੱਗਣ ਦਾ ਖ਼ਤਰਾ ਹੈ?
ਇਨ੍ਹਾਂ ਲੋਕਾਂ ਨੂੰ ਖਾਣੇ ਨਾਲ ਬੀਮਾਰੀ ਲੱਗਣ ਦਾ ਖ਼ਾਸ ਕਰਕੇ ਖ਼ਤਰਾ ਹੈ:
● ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ
● ਗਰਭਵਤੀ ਔਰਤਾਂ
● 70 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ
● ਜਿਹੜੇ ਲੋਕਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੈ
ਜੇ ਤੁਸੀਂ ਜਾਂ ਹੋਰ ਕੋਈ ਇਨ੍ਹਾਂ ਵਿੱਚੋਂ ਹੋ, ਤਾਂ ਤੁਹਾਨੂੰ ਆਪਣੇ ਭੋਜਨ ਨੂੰ ਤਿਆਰ ਕਰਨ, ਪਰੋਸਣ ਤੇ ਖਾਣ ਵੇਲੇ ਸਾਵਧਾਨੀ ਵਰਤਣੀ ਚਾਹੀਦੀ ਹੈ।
[ਕ੍ਰੈਡਿਟ ਲਾਈਨ]
Source: New South Wales Food Authority, Australia.