Skip to content

Skip to table of contents

ਬਾਈਬਲ ਕੀ ਕਹਿੰਦੀ ਹੈ

ਕੀ ਮਰ ਚੁੱਕੇ ਲੋਕ ਜੀਉਂਦਿਆਂ ਦੀ ਮਦਦ ਕਰ ਸਕਦੇ ਹਨ?

ਕੀ ਮਰ ਚੁੱਕੇ ਲੋਕ ਜੀਉਂਦਿਆਂ ਦੀ ਮਦਦ ਕਰ ਸਕਦੇ ਹਨ?

ਕਾਫ਼ੀ ਸਮੇਂ ਤੋਂ ਲੋਕ ਇਹ ਵਿਸ਼ਵਾਸ ਕਰਦੇ ਆਏ ਹਨ ਕਿ ਮਰੇ ਹੋਏ ਜੀਉਂਦਿਆਂ ਦੀ ਅਗਵਾਈ ਕਰ ਸਕਦੇ ਹਨ। ਇਹੋ ਜਿਹਾ ਵਿਸ਼ਵਾਸ ਇਕ ਪੁਰਾਣੀ ਲੋਕ-ਕਥਾ ਵਿਚ ਪਾਇਆ ਜਾਂਦਾ ਹੈ ਜਿਸ ਨੂੰ ਯੂਨਾਨ ਦੇ ਕਵੀ ਹੋਮਰ ਨੇ ਲਿਖਿਆ ਸੀ। ਇਸ ਕਹਾਣੀ ਦੇ ਹੀਰੋ ਦਾ ਨਾਂ ਓਡੀਸਿਅਸ ਉਰਫ਼ ਯੂਲਸੀਜ਼ ਸੀ ਜੋ ਇਹ ਜਾਣਨ ਲਈ ਤਤਪਰ ਸੀ ਕਿ ਉਹ ਆਪਣੇ ਘਰ ਏਥਾਕਾ ਟਾਪੂ ਕਿਵੇਂ ਵਾਪਸ ਜਾ ਸਕਦਾ ਸੀ। ਆਪਣੇ ਘਰ ਪਹੁੰਚਣ ਲਈ ਉਹ ਮਰੇ ਹੋਏ ਲੋਕਾਂ ਦੀ ਦੁਨੀਆਂ ਵਿਚ ਗਿਆ ਤਾਂਕਿ ਉਹ ਇਕ ਮਰ ਚੁੱਕੇ ਨਬੀ ਤੋਂ ਪੁੱਛ ਸਕੇ।

ਬਹੁਤ ਸਾਰੇ ਲੋਕ ਮੁਰਦਿਆਂ ਤੋਂ ਆਪਣੇ ਗੁੰਝਲਦਾਰ ਸਵਾਲਾਂ ਦੇ ਜਵਾਬ ਜਾਣਨ ਲਈ ਚੇਲੇ-ਚਾਂਟਿਆਂ ਕੋਲ ਗਏ ਹਨ, ਪੂਰਵਜਾਂ ਦੀਆਂ ਕਬਰਾਂ ਵਿਚ ਸੁੱਤੇ ਹਨ ਜਾਂ ਜਾਦੂ-ਟੂਣੇ ਕੀਤੇ ਹਨ। ਕੀ ਸੱਚ-ਮੁੱਚ ਮਰੇ ਹੋਏ ਲੋਕਾਂ ਕੋਲੋਂ ਕਰਾਮਾਤੀ ਅਗਵਾਈ ਮਿਲ ਸਕਦੀ ਹੈ?

ਹਰ ਥਾਂ ਦੇ ਲੋਕਾਂ ਦੁਆਰਾ ਮੁਰਦਿਆਂ ਨਾਲ ਗੱਲਬਾਤ

ਦੁਨੀਆਂ ਦੇ ਬਹੁਤ ਸਾਰੇ ਮੁੱਖ ਧਰਮ ਸਿਖਾਉਂਦੇ ਹਨ ਕਿ ਮੁਰਦਿਆਂ ਨਾਲ ਗੱਲ ਕਰਨੀ ਸੰਭਵ ਹੈ। ਐਨਸਾਈਕਲੋਪੀਡੀਆ ਆਫ਼ ਰਿਲੀਜਨ ਦੱਸਦਾ ਹੈ ਕਿ ‘ਮੁਰਦਿਆਂ ਨੂੰ ਜਾਦੂ-ਟੂਣੇ ਨਾਲ ਬੁਲਾਉਣਾ ਫਾਲ ਪਾਉਣ ਦਾ ਮੁੱਖ ਜ਼ਰੀਆ ਹੈ।’ ਇਹ ਐਨਸਾਈਕਲੋਪੀਡੀਆ ਅੱਗੇ ਦੱਸਦਾ ਹੈ ਕਿ “ਹਰ ਥਾਂ” ਦੇ ਲੋਕ ਮੁਰਦਿਆਂ ਨਾਲ ਗੱਲਬਾਤ ਕਰਦੇ ਹਨ। ਨਿਊ ਕੈਥੋਲਿਕ ਐਨਸਾਈਕਲੋਪੀਡੀਆ ਇਸ ਗੱਲ ਨੂੰ ਪੱਕਾ ਕਰਦਾ ਹੋਇਆ ਦੱਸਦਾ ਹੈ ਕਿ ਲੋਕ ‘ਮੁਰਦਿਆਂ ਨਾਲ ਪੂਰੀ ਦੁਨੀਆਂ ਵਿਚ ਅਲੱਗ-ਅਲੱਗ ਤਰੀਕਿਆਂ ਨਾਲ ਗੱਲਬਾਤ ਕਰਦੇ ਹਨ।’ ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਬਹੁਤ ਸਾਰੇ ਧਰਮਾਂ ਦੇ ਕੁਝ ਵਫ਼ਾਦਾਰ ਲੋਕਾਂ ਨੇ ਮੁਰਦਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ!

ਇਹ ਐਨਸਾਈਕਲੋਪੀਡੀਆ ਦੱਸਦਾ ਹੈ ਕਿ ਭਾਵੇਂ ਮੁਰਦਿਆਂ ਨਾਲ ਗੱਲਬਾਤ ਕਰਨੀ “ਚਰਚ ਨੇ ਪੂਰੀ ਤਰ੍ਹਾਂ ਮਨ੍ਹਾ ਕੀਤੀ ਸੀ, ਪਰ ਲਗਭਗ 500 ਤੋਂ 1500 ਈਸਵੀ ਤਕ ਅਤੇ 14ਵੀਂ ਤੋਂ 17ਵੀਂ ਸਦੀ ਤਕ ਲੋਕਾਂ ਵੱਲੋਂ ਵਾਰ-ਵਾਰ ਇਸ ਤਰ੍ਹਾਂ ਕਰਨ ਦਾ ਜ਼ਿਕਰ ਹੋਇਆ ਹੈ।” ਬਾਈਬਲ ਇਨ੍ਹਾਂ ਮਾਮਲਿਆਂ ਬਾਰੇ ਕੀ ਕਹਿੰਦੀ ਹੈ?

ਕੀ ਤੁਹਾਨੂੰ ਮੁਰਦਿਆਂ ਤੋਂ ਪੁੱਛ-ਗਿੱਛ ਕਰਨੀ ਚਾਹੀਦੀ ਹੈ?

ਪੁਰਾਣੇ ਜ਼ਮਾਨੇ ਵਿਚ ਯਹੋਵਾਹ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਕਿਸੇ ਨੂੰ ਵੀ ‘ਮੁਰਦੇ ਵਿਅਕਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਨਾ ਕਰਨ ਦੇਣ।’ (ਬਿਵਸਥਾ ਸਾਰ 18:9-13, ERV) ਯਹੋਵਾਹ ਨੇ ਇਹ ਮਨਾਹੀ ਕਿਉਂ ਕੀਤੀ ਸੀ? ਜੇ ਮੁਰਦਿਆਂ ਨਾਲ ਗੱਲ ਕਰਨੀ ਸੰਭਵ ਹੁੰਦੀ, ਤਾਂ ਕੀ ਇਹ ਪਰਮੇਸ਼ੁਰ ਵੱਲੋਂ ਵਧੀਆ ਪ੍ਰਬੰਧ ਨਾ ਹੁੰਦਾ ਕਿ ਉਹ ਸਾਨੂੰ ਉਨ੍ਹਾਂ ਨਾਲ ਗੱਲ ਕਰਨ ਦੀ ਇਜਾਜ਼ਤ ਦਿੰਦਾ? ਪਰ ਸੱਚ ਤਾਂ ਇਹ ਹੈ ਕਿ ਮੁਰਦਿਆਂ ਨਾਲ ਗੱਲ ਨਹੀਂ ਕੀਤੀ ਜਾ ਸਕਦੀ। ਅਸੀਂ ਇਹ ਕਿਵੇਂ ਜਾਣਦੇ ਹਾਂ?

ਬਾਈਬਲ ਵਿਚ ਸਾਨੂੰ ਵਾਰ-ਵਾਰ ਦੱਸਿਆ ਗਿਆ ਹੈ ਕਿ ਮੁਰਦੇ ਕੁਝ ਵੀ ਨਹੀਂ ਜਾਣਦੇ। ਉਪਦੇਸ਼ਕ ਦੀ ਪੋਥੀ 9:5 ’ਤੇ ਗੌਰ ਕਰੋ: “ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ ਪਰ ਮੋਏ ਕੁਝ ਵੀ ਨਹੀਂ ਜਾਣਦੇ।” ਜ਼ਬੂਰਾਂ ਦੀ ਪੋਥੀ 146:3, 4 ਦੱਸਦਾ ਹੈ: “ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ, ਨਾ ਆਦਮ ਵੰਸ ਉੱਤੇ, ਜਿਹ ਦੇ ਕੋਲ ਬਚਾਓ ਹੈ ਨਹੀਂ। ਉਹ ਦਾ ਸਾਹ ਨਿੱਕਲ ਜਾਵੇਗਾ, ਉਹ ਆਪਣੀ ਮਿੱਟੀ ਵਿੱਚ ਮੁੜ ਜਾਵੇਗਾ, ਉਸੇ ਦਿਨ ਉਹ ਦੇ ਪਰੋਜਨ ਨਾਸ ਹੋ ਜਾਂਦੇ ਹਨ!” ਅਤੇ ਨਬੀ ਯਸਾਯਾਹ ਨੇ ਕਿਹਾ ਸੀ ਕਿ ਮੁਰਦਿਆਂ ਕੋਲ “ਕੁਝ ਕਰਨ ਦੀ ਤਾਕਤ ਨਹੀਂ ਹੈ।”—ਯਸਾਯਾਹ 26:14, NW.

ਬਹੁਤ ਸਾਰੇ ਲੋਕ ਮੰਨਦੇ ਹਨ ਕਿ ਉਨ੍ਹਾਂ ਨੇ ਜਾਦੂਗਰੀ ਦੇ ਜ਼ਰੀਏ ਆਪਣੇ ਮਰ ਚੁੱਕੇ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ ਹੈ। ਅਜਿਹਾ ਸੁਣਨਾ ਆਮ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕਿਸੇ ਮਰੇ ਸ਼ਖ਼ਸ ਨਾਲ ਗੱਲ ਕੀਤੀ ਹੈ। ਪਰ ਉਪਰਲੇ ਹਵਾਲਿਆਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਮਰੇ ਹੋਏ ਲੋਕਾਂ ਨਾਲ ਗੱਲ ਨਹੀਂ ਕੀਤੀ। ਤਾਂ ਫਿਰ ਉਨ੍ਹਾਂ ਨੇ ਕਿਨ੍ਹਾਂ ਨਾਲ ਗੱਲ ਕੀਤੀ ਹੈ?

ਕਿਨ੍ਹਾਂ ਨਾਲ ਗੱਲ?

ਬਾਈਬਲ ਦੱਸਦੀ ਹੈ ਕਿ ਕੁਝ ਦੂਤਾਂ ਨੇ ਪਰਮੇਸ਼ੁਰ ਖ਼ਿਲਾਫ਼ ਬਗਾਵਤ ਕੀਤੀ ਅਤੇ ਦੁਸ਼ਟ ਦੂਤ ਬਣ ਗਏ। (ਉਤਪਤ 6:1-5; ਯਹੂਦਾਹ 6, 7) ਇਨ੍ਹਾਂ ਦੁਸ਼ਟ ਦੂਤਾਂ ਨੇ ਝੂਠ ਫੈਲਾਇਆ ਹੈ ਕਿ ਇਨਸਾਨ ਮਰਨ ਤੋਂ ਬਾਅਦ ਜੀਉਂਦਾ ਰਹਿੰਦਾ ਹੈ। ਇਸ ਝੂਠ ਨੂੰ ਹੋਰ ਪੱਕਾ ਕਰਨ ਲਈ ਉਹ ਮਰੇ ਹੋਏ ਲੋਕ ਹੋਣ ਦਾ ਢੌਂਗ ਕਰ ਕੇ ਜੀਉਂਦੇ ਇਨਸਾਨਾਂ ਨਾਲ ਗੱਲ ਕਰਦੇ ਹਨ।

ਬਾਈਬਲ ਸਾਨੂੰ ਦੱਸਦੀ ਹੈ ਕਿ ਯਹੋਵਾਹ ਨੇ ਇਜ਼ਰਾਈਲ ਦੇ ਰਾਜੇ ਸ਼ਾਊਲ ਨੂੰ ਉਸ ਦੀ ਅਣਆਗਿਆਕਾਰੀ ਕਰਕੇ ਰੱਦ ਕਰ ਦਿੱਤਾ। ਇਸ ਤੋਂ ਬਾਅਦ ਸ਼ਾਊਲ ਨੇ ਜਾਦੂਗਰੀ ਦੇ ਜ਼ਰੀਏ ਮਰ ਚੁੱਕੇ ਸਮੂਏਲ ਨਬੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਸ਼ਾਊਲ ਨੇ ਜਿਸ ਨਾਲ ਗੱਲ ਕੀਤੀ ਉਹ ਸਮੂਏਲ ਨਹੀਂ ਸੀ। ਸੱਚ ਤਾਂ ਇਹ ਸੀ ਕਿ ਸਮੂਏਲ ਨੇ ਜੀਉਂਦੇ ਹੁੰਦਿਆਂ ਸ਼ਾਊਲ ਨੂੰ ਮਿਲਣ ਤੋਂ ਇਨਕਾਰ ਕੀਤਾ ਸੀ ਅਤੇ ਸਮੂਏਲ ਜਾਦੂਗਰੀ ਦਾ ਵਿਰੋਧ ਕਰਦਾ ਸੀ। ਦਰਅਸਲ, ਸ਼ਾਊਲ ਨੇ ਇਕ ਦੁਸ਼ਟ ਦੂਤ ਨਾਲ ਗੱਲ ਕੀਤੀ ਜੋ ਸਮੂਏਲ ਹੋਣ ਦਾ ਢੌਂਗ ਕਰ ਰਿਹਾ ਸੀ।—1 ਸਮੂਏਲ 28:3-20.

ਦੁਸ਼ਟ ਦੂਤ ਪਰਮੇਸ਼ੁਰ ਦੇ ਦੁਸ਼ਮਣ ਹਨ ਅਤੇ ਇਨ੍ਹਾਂ ਨਾਲ ਗੱਲਬਾਤ ਕਰਨੀ ਖ਼ਤਰਨਾਕ ਹੈ। ਇਸ ਲਈ ਬਾਈਬਲ ਸਾਨੂੰ ਹੁਕਮ ਦਿੰਦੀ ਹੈ: “ਤੁਸੀਂ ਉਨ੍ਹਾਂ ਦੀ ਵੱਲ ਧਿਆਨ ਨਾ ਕਰੋ ਜਿਨ੍ਹਾਂ ਦੇ ਦੇਉ ਯਾਰ ਹਨ, ਨਾ ਜਾਦੂਗਰਾਂ ਦੇ ਮਗਰ ਲੱਗੋ ਜੋ ਉਨ੍ਹਾਂ ਨਾਲ ਭ੍ਰਿਸ਼ਟ ਨਾ ਹੋ ਜਾਓ।” (ਲੇਵੀਆਂ 19:31) ਬਿਵਸਥਾ ਸਾਰ 18:11, 12 ਚੇਤਾਵਨੀ ਦਿੰਦਾ ਹੈ: ‘ਜਿੰਨਾਂ ਤੋਂ ਪੁੱਛਾਂ ਲੈਣ ਵਾਲਾ ਯਹੋਵਾਹ ਅੱਗੇ ਘਿਣਾਉਣਾ ਹੈ।’ ਦਰਅਸਲ, ਹੋਰ ਬੁਰੇ ਕੰਮਾਂ ਦੇ ਨਾਲ-ਨਾਲ ਸ਼ਾਊਲ ਨੇ “ਭੂਤ ਮਿੱਤ੍ਰ ਤੋਂ ਸਲਾਹ ਮਸ਼ਵਰਾ ਪੁੱਛਿਆ” ਜਿਸ ਕਾਰਨ ਯਹੋਵਾਹ ਨੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ।—1 ਇਤਹਾਸ 10:13, 14.

ਗੁੰਝਲਦਾਰ ਸਵਾਲਾਂ ਦੇ ਜਵਾਬ ਜਾਣਨ ਜਾਂ ਫ਼ੈਸਲੇ ਕਰਨ ਲਈ ਤੁਸੀਂ ਸਭ ਤੋਂ ਵਧੀਆ ਅਗਵਾਈ ਕਿਸ ਕੋਲੋਂ ਲਵੋਗੇ? ਬਾਈਬਲ ਵਿਚ ਯਹੋਵਾਹ ਪਰਮੇਸ਼ੁਰ ਨੂੰ ਮਹਾਨ “ਗੁਰੂ” ਕਿਹਾ ਗਿਆ ਹੈ। ਜੇ ਤੁਸੀਂ ਅਤੇ ਤੁਹਾਡੇ ਮਿੱਤਰ-ਪਿਆਰੇ ਉਸ ਦੇ ਬਚਨ ਬਾਈਬਲ ਤੋਂ ਸਲਾਹ ਲਓ ਤੇ ਇਸ ਦੇ ਮੁਤਾਬਕ ਚੱਲੋ, ਤਾਂ ਇਵੇਂ ਹੋਵੇਗਾ ਜਿਵੇਂ “ਤੁਹਾਡੇ ਕੰਨ ਤੁਹਾਡੇ ਪਿੱਛੋਂ ਏਹ ਗੱਲ ਸੁਣਨਗੇ ਕਿ ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ।” (ਯਸਾਯਾਹ 30:20, 21) ਭਾਵੇਂ ਅੱਜ ਮਸੀਹੀ ਪਰਮੇਸ਼ੁਰ ਦੀ ਸੱਚੀ-ਮੁੱਚੀ ਆਵਾਜ਼ ਨਹੀਂ ਸੁਣਦੇ, ਫਿਰ ਵੀ ਉਹ ਬਾਈਬਲ ਦੇ ਜ਼ਰੀਏ ਉਨ੍ਹਾਂ ਦੀ ਅਗਵਾਈ ਕਰਦਾ ਹੈ। ਜੀ ਹਾਂ, ਯਹੋਵਾਹ ਖ਼ੁਦ ਕਹਿ ਰਿਹਾ ਹੈ: ‘ਅਗਵਾਈ ਲਈ ਮੇਰੇ ਕੋਲ ਆਓ।’ (g12-E 06)

ਕੀ ਤੁਸੀਂ ਕਦੇ ਸੋਚਿਆ ਹੈ?

● ਮੁਰਦਿਆਂ ਨਾਲ ਗੱਲਬਾਤ ਕਰਨ ਬਾਰੇ ਪਰਮੇਸ਼ੁਰ ਦਾ ਕੀ ਨਜ਼ਰੀਆ ਹੈ?—ਬਿਵਸਥਾ ਸਾਰ 18:9-13.

● ਕੀ ਮਰ ਚੁੱਕੇ ਲੋਕ ਜੀਉਂਦਿਆਂ ਨੂੰ ਗਿਆਨ ਦੇ ਸਕਦੇ ਹਨ? ਤੁਸੀਂ ਇਸ ਤਰ੍ਹਾਂ ਦਾ ਜਵਾਬ ਕਿਉਂ ਦਿੰਦੇ ਹੋ?—ਉਪਦੇਸ਼ਕ ਦੀ ਪੋਥੀ 9:5.

● ਅਸੀਂ ਅਗਵਾਈ ਕਿਸ ਕੋਲੋਂ ਲਵਾਂਗੇ?—ਯਸਾਯਾਹ 30:20, 21.