Skip to content

Skip to table of contents

ਗਮ ਦੇ ਮਾਰੇ ਬੱਚਿਆਂ ਦੀ ਮਦਦ ਕਰੋ

ਗਮ ਦੇ ਮਾਰੇ ਬੱਚਿਆਂ ਦੀ ਮਦਦ ਕਰੋ

ਗਮ ਦੇ ਮਾਰੇ ਬੱਚਿਆਂ ਦੀ ਮਦਦ ਕਰੋ

ਵੱਡਿਆਂ ਨੂੰ ਕਿਸੇ ਅਜ਼ੀਜ਼ ਦੀ ਮੌਤ ਦੀ ਖ਼ਬਰ ਦੇਣੀ ਆਸਾਨ ਨਹੀਂ ਹੈ। ਪਰ ਬੱਚਿਆਂ ਨੂੰ ਇਹ ਖ਼ਬਰ ਦੇਣ ਬਾਰੇ ਜ਼ਰਾ ਸੋਚੋ।

ਕਈ ਬੱਚੇ ਉਲਝਣ ਵਿਚ ਪੈ ਸਕਦੇ ਹਨ ਤੇ ਡਰ ਵੀ ਸਕਦੇ ਹਨ ਜਦੋਂ ਪਰਿਵਾਰ ਦੇ ਕਿਸੇ ਮੈਂਬਰ ਜਾਂ ਦੋਸਤ ਦੀ ਮੌਤ ਹੋ ਜਾਂਦੀ ਹੈ। ਇਸ ਸਮੇਂ ਬੱਚੇ ਦੀ ਮਦਦ ਕਰਨੀ ਔਖੀ ਹੋ ਸਕਦੀ ਹੈ, ਖ਼ਾਸਕਰ ਗਮ ਵਿਚ ਡੁੱਬੇ ਮਾਪਿਆਂ ਲਈ ਕਿਉਂਕਿ ਉਨ੍ਹਾਂ ਨੂੰ ਵੀ ਹੌਸਲੇ ਦੀ ਲੋੜ ਹੁੰਦੀ ਹੈ।

ਬੱਚੇ ਲਈ ਇਹ ਗੱਲ ਸਹਾਰਨੀ ਸੌਖੀ ਬਣਾਉਣ ਲਈ ਕੁਝ ਮਾਪੇ ਉਸ ਨੂੰ ਕਹਿ ਦਿੰਦੇ ਹਨ ਕਿ ਮਰ ਚੁੱਕਾ ਵਿਅਕਤੀ ਉਨ੍ਹਾਂ ਨੂੰ ਛੱਡ ਗਿਆ ਜਾਂ ਕਿਤੇ ਦੂਰ ਚਲਾ ਗਿਆ ਹੈ। ਪਰ ਉਹ ਗ਼ਲਤ ਦੱਸ ਕੇ ਬੱਚੇ ਨੂੰ ਧੋਖਾ ਦੇ ਰਹੇ ਹਨ। ਤਾਂ ਫਿਰ ਤੁਸੀਂ ਮੌਤ ਬਾਰੇ ਆਪਣੇ ਬੱਚੇ ਨਾਲ ਗੱਲ ਕਿਵੇਂ ਕਰ ਸਕਦੇ ਹੋ?

ਰੇਨਾਟੂ ਅਤੇ ਇਜ਼ਾਬੈੱਲੇ ਨੂੰ ਇਹੀ ਮੁਸ਼ਕਲ ਆਈ ਸੀ। ਜਦੋਂ ਉਨ੍ਹਾਂ ਦੀ ਸਾਢੇ ਤਿੰਨ ਸਾਲਾਂ ਦੀ ਧੀ ਨੀਕੋਲੇ ਗੁਜ਼ਰ ਗਈ, ਤਾਂ ਉਨ੍ਹਾਂ ਨੂੰ ਆਪਣੇ ਪੰਜ ਸਾਲ ਦੇ ਪੁੱਤਰ ਫੀਲੇਪੀ ਦੀ ਸਦਮਾ ਸਹਿਣ ਵਿਚ ਮਦਦ ਕਰਨੀ ਪਈ।

ਜਾਗਰੂਕ ਬਣੋ!: ਤੁਸੀਂ ਫੀਲੇਪੀ ਨੂੰ ਨੀਕੋਲੇ ਦੀ ਮੌਤ ਬਾਰੇ ਕਿਵੇਂ ਸਮਝਾਇਆ?

ਇਜ਼ਾਬੈੱਲੇ: ਅਸੀਂ ਫੀਲੇਪੀ ਨੂੰ ਈਮਾਨਦਾਰੀ ਨਾਲ ਸਾਰਾ ਕੁਝ ਦੱਸ ਦਿੱਤਾ ਤੇ ਕੁਝ ਨਹੀਂ ਛੁਪਾਇਆ। ਅਸੀਂ ਉਸ ਨੂੰ ਸਵਾਲ ਪੁੱਛਣ ਦੀ ਹੱਲਾਸ਼ੇਰੀ ਦਿੱਤੀ ਅਤੇ ਜਵਾਬ ਅਜਿਹੇ ਸ਼ਬਦਾਂ ਵਿਚ ਦਿੱਤੇ ਜਿਨ੍ਹਾਂ ਨੂੰ ਉਸ ਉਮਰ ਦਾ ਬੱਚਾ ਸਮਝ ਸਕਦਾ ਸੀ। ਨੀਕੋਲੇ ਦੀ ਮੌਤ ਬੈਕਟੀਰਿਆਈ ਇਨਫ਼ੈਕਸ਼ਨ ਨਾਲ ਹੋਈ ਸੀ, ਸੋ ਅਸੀਂ ਉਸ ਨੂੰ ਦੱਸਿਆ ਕਿ ਉਸ ਦੇ ਅੰਦਰ ਇਕ ਨਿੱਕਾ ਜਿਹਾ ਕੀੜਾ ਚਲਾ ਗਿਆ ਅਤੇ ਡਾਕਟਰ ਉਸ ਨੂੰ ਮਾਰ ਨਹੀਂ ਸਕੇ।

ਜਾਗਰੂਕ ਬਣੋ!: ਕੀ ਤੁਸੀਂ ਫੀਲੇਪੀ ਨੂੰ ਮੌਤ ਬਾਰੇ ਆਪਣੇ ਧਾਰਮਿਕ ਵਿਸ਼ਵਾਸ ਦੱਸੇ?

ਰੇਨਾਟੂ: ਅਸੀਂ ਯਹੋਵਾਹ ਦੇ ਗਵਾਹ ਹਾਂ ਅਤੇ ਅਸੀਂ ਜਾਣਦੇ ਹਾਂ ਕਿ ਮੌਤ ਸੰਬੰਧੀ ਆਪਣੇ ਬਾਈਬਲ-ਆਧਾਰਿਤ ਵਿਸ਼ਵਾਸਾਂ ਬਾਰੇ ਗੱਲ ਕਰਨ ਨਾਲ ਫੀਲੇਪੀ ਨੂੰ ਹੌਸਲਾ ਮਿਲੇਗਾ। ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਮਰੇ ਹੋਏ ਲੋਕ ਕੁਝ ਵੀ ਨਹੀਂ ਜਾਣਦੇ। (ਉਪਦੇਸ਼ਕ ਦੀ ਪੋਥੀ 9:5) ਅਸੀਂ ਸੋਚਿਆ ਕਿ ਇਸ ਬਾਰੇ ਫੀਲੇਪੀ ਨਾਲ ਗੱਲ ਕਰ ਕੇ ਉਸ ਦਾ ਡਰ ਦੂਰ ਹੋ ਜਾਵੇਗਾ, ਮਿਸਾਲ ਲਈ ਰਾਤ ਨੂੰ ਇਕੱਲੇ ਹੁੰਦਿਆਂ।

ਇਜ਼ਾਬੈੱਲੇ: ਬਾਈਬਲ ਇਹ ਵੀ ਸਿਖਾਉਂਦੀ ਹੈ ਕਿ ਮਰ ਚੁੱਕੇ ਲੋਕਾਂ ਨੂੰ ਸੋਹਣੀ ਧਰਤੀ ’ਤੇ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਇਹ ਸਾਡਾ ਵਿਸ਼ਵਾਸ ਹੈ ਅਤੇ ਸਾਨੂੰ ਲੱਗਾ ਕਿ ਇਹ ਵਿਸ਼ਵਾਸ ਫੀਲੇਪੀ ਦੀ ਵੀ ਮਦਦ ਕਰੇਗਾ। ਅਸੀਂ ਉਸ ਨੂੰ ਉਹੀ ਦੱਸਿਆ ਜੋ ਬਾਈਬਲ ਸਿਖਾਉਂਦੀ ਹੈ। ਅਸੀਂ ਬਾਈਬਲ ਦੇ ਉਸ ਬਿਰਤਾਂਤ ਬਾਰੇ ਗੱਲ ਕੀਤੀ ਜਿਸ ਵਿਚ ਯਿਸੂ ਨੇ ਜੈਰੁਸ ਦੀ 12 ਸਾਲਾਂ ਦੀ ਧੀ ਨੂੰ ਦੁਬਾਰਾ ਜੀਉਂਦਾ ਕੀਤਾ ਸੀ। ਫਿਰ ਅਸੀਂ ਫੀਲੇਪੀ ਨੂੰ ਸਮਝਾਇਆ ਕਿ ਨੀਕੋਲੇ ਨੂੰ ਵੀ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਬਾਈਬਲ ਇਹੀ ਤਾਂ ਸਿਖਾਉਂਦੀ ਹੈ।—ਮਰਕੁਸ 5:22-24, 35-42; ਯੂਹੰਨਾ 5:28, 29.

ਜਾਗਰੂਕ ਬਣੋ!: ਤੁਹਾਡੇ ਖ਼ਿਆਲ ਵਿਚ ਕੀ ਫੀਲੇਪੀ ਸਾਰਾ ਕੁਝ ਸਮਝ ਗਿਆ ਸੀ?

ਰੇਨਾਟੂ: ਹਾਂ ਜੀ, ਸਮਝ ਗਿਆ ਸੀ। ਬੱਚਿਆਂ ਲਈ ਗਮ ਸਹਿਣਾ ਸੌਖਾ ਹੋ ਜਾਂਦਾ ਹੈ ਜਦੋਂ ਉਨ੍ਹਾਂ ਨੂੰ ਸਹੀ-ਸਹੀ, ਸੌਖੇ ਤੇ ਸਾਫ਼-ਸਾਫ਼ ਸ਼ਬਦਾਂ ਵਿਚ ਸਮਝਾਇਆ ਜਾਂਦਾ ਹੈ। ਇਸ ਬਾਰੇ ਕੋਈ ਗੱਲ ਛੁਪਾਉਣ ਦੀ ਲੋੜ ਨਹੀਂ। ਮੌਤ ਅਟੱਲ ਸੱਚਾਈ ਹੈ। ਦੁੱਖ ਦੀ ਗੱਲ ਹੈ ਕਿ ਮੌਤ ਹਾਲੇ ਵੀ ਜ਼ਿੰਦਗੀ ਦਾ ਹਿੱਸਾ ਬਣੀ ਹੋਈ ਹੈ। ਇਸ ਲਈ ਮਾਪਿਆਂ ਲਈ ਆਪਣੇ ਬੱਚਿਆਂ ਨੂੰ ਮੌਤ ਦੇ ਗਮ ਨੂੰ ਸਹਿਣ ਬਾਰੇ ਸਿਖਾਉਣਾ ਜ਼ਰੂਰੀ ਹੈ ਜਿਵੇਂ ਅਸੀਂ ਆਪਣੇ ਸਭ ਤੋਂ ਛੋਟੇ ਪੁੱਤਰ ਵੀਨੀਸੀਉਸ ਨੂੰ ਸਿਖਾਇਆ ਹੈ। *

ਜਾਗਰੂਕ ਬਣੋ!: ਕੀ ਤੁਸੀਂ ਫੀਲੇਪੀ ਨੂੰ ਸੰਸਕਾਰ ਤੇ ਲੈ ਕੇ ਗਏ?

ਰੇਨਾਟੂ: ਫ਼ਾਇਦੇ ਅਤੇ ਨੁਕਸਾਨ ਦੇਖਣ ਤੋਂ ਬਾਅਦ ਅਸੀਂ ਉਸ ਨੂੰ ਨਾਲ ਨਾ ਲੈ ਜਾਣ ਦਾ ਫ਼ੈਸਲਾ ਕੀਤਾ। ਉਸ ਦੀ ਉਮਰ ਦੇ ਬੱਚੇ ਜੋ ਕੁਝ ਦੇਖਦੇ ਹਨ, ਉਸ ਦਾ ਉਨ੍ਹਾਂ ਦੇ ਮਨ ਤੇ ਗਹਿਰਾ ਅਸਰ ਪੈਂਦਾ ਹੈ। ਕੁਝ ਮਾਪੇ ਸ਼ਾਇਦ ਆਪਣੇ ਬੱਚੇ ਨੂੰ ਨਾਲ ਲੈ ਜਾਣ ਦਾ ਫ਼ੈਸਲਾ ਕਰਨ ਅਤੇ ਹਰ ਬੱਚੇ ਦੀ ਸਹਿਣ ਦੀ ਕਾਬਲੀਅਤ ਵੱਖੋ-ਵੱਖਰੀ ਹੁੰਦੀ ਹੈ। ਜੇ ਬੱਚੇ ਨੂੰ ਸੰਸਕਾਰ ਤੇ ਲੈ ਕੇ ਜਾਣਾ ਹੈ, ਤਾਂ ਉਸ ਨੂੰ ਦੱਸਣਾ ਚੰਗਾ ਹੋਵੇਗਾ ਕਿ ਉੱਥੇ ਕੀ-ਕੀ ਹੋਵੇਗਾ।

ਜਾਗਰੂਕ ਬਣੋ!: ਨੀਕੋਲੇ ਦੀ ਮੌਤ ਤੁਹਾਡੇ ਵਾਸਤੇ ਬਹੁਤ ਦੁਖਦਾਇਕ ਸਮਾਂ ਰਿਹਾ ਹੋਵੇਗਾ। ਕੀ ਤੁਹਾਨੂੰ ਫ਼ਿਕਰ ਸੀ ਕਿ ਤੁਹਾਡਾ ਮੁੰਡਾ ਤੁਹਾਨੂੰ ਰੋਂਦੇ ਹੋਏ ਦੇਖ ਨਾ ਲਵੇ?

ਇਜ਼ਾਬੈੱਲੇ: ਅਸੀਂ ਆਪਣੀਆਂ ਭਾਵਨਾਵਾਂ ਫੀਲੇਪੀ ਤੋਂ ਲੁਕਾਈਆਂ ਨਹੀਂ। ਜੇ ਯਿਸੂ ਆਪਣੇ ਦੋਸਤ ਦੀ ਮੌਤ ਹੋਣ ਤੇ “ਰੋਣ ਲੱਗ ਪਿਆ” ਸੀ, ਤਾਂ ਸਾਨੂੰ ਕਿਉਂ ਨਹੀਂ ਰੋਣਾ ਚਾਹੀਦਾ? (ਯੂਹੰਨਾ 11:35, 36) ਤਾਂ ਫਿਰ ਇਸ ਵਿਚ ਕੀ ਹਰਜ਼ ਹੈ ਜੇ ਫੀਲੇਪੀ ਨੇ ਸਾਨੂੰ ਰੋਂਦਿਆਂ ਦੇਖ ਲਿਆ? ਸਾਡੇ ਵੱਲੋਂ ਆਪਣਾ ਦੁੱਖ ਜ਼ਾਹਰ ਕਰਨ ਨਾਲ ਫੀਲੇਪੀ ਦੇਖ ਸਕਦਾ ਸੀ ਕਿ ਰੋਣਾ ਗ਼ਲਤ ਨਹੀਂ ਸੀ। ਇਹ ਤਾਂ ਆਪਣੇ ਜਜ਼ਬਾਤਾਂ ਨੂੰ ਜ਼ਾਹਰ ਕਰਨ ਦਾ ਇਕ ਤਰੀਕਾ ਹੈ। ਅਸੀਂ ਚਾਹੁੰਦੇ ਸੀ ਕਿ ਫੀਲੇਪੀ ਵੀ ਆਪਣੇ ਜਜ਼ਬਾਤ ਅੰਦਰ ਰੱਖਣ ਦੀ ਬਜਾਇ ਉਨ੍ਹਾਂ ਨੂੰ ਜ਼ਾਹਰ ਕਰੇ।

ਰੇਨਾਟੂ: ਜਦੋਂ ਪਰਿਵਾਰ ਤੇ ਕੋਈ ਵੀ ਬਿਪਤਾ ਆਉਂਦੀ ਹੈ, ਤਾਂ ਬੱਚੇ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਜੇ ਮਾਪੇ ਹੋਣ ਦੇ ਨਾਤੇ ਅਸੀਂ ਖੁੱਲ੍ਹ ਕੇ ਆਪਣੇ ਜਜ਼ਬਾਤ ਜ਼ਾਹਰ ਕਰਾਂਗੇ, ਤਾਂ ਬੱਚੇ ਵੀ ਕਰਨਗੇ। ਧਿਆਨ ਨਾਲ ਸੁਣਨ ਤੋਂ ਬਾਅਦ ਕਿ ਉਨ੍ਹਾਂ ਨੂੰ ਕਿਹੜੀ ਗੱਲ ਪਰੇਸ਼ਾਨ ਕਰ ਰਹੀ ਹੈ, ਅਸੀਂ ਉਨ੍ਹਾਂ ਨੂੰ ਹੌਸਲਾ ਦੇ ਸਕਦੇ ਹਾਂ ਤੇ ਉਨ੍ਹਾਂ ਦਾ ਡਰ ਦੂਰ ਕਰ ਸਕਦੇ ਹਾਂ।

ਜਾਗਰੂਕ ਬਣੋ!: ਕੀ ਤੁਹਾਨੂੰ ਦੂਸਰਿਆਂ ਤੋਂ ਮਦਦ ਮਿਲੀ?

ਰੇਨਾਟੂ: ਹਾਂ ਜੀ, ਸਾਨੂੰ ਮੰਡਲੀ ਦੇ ਮੈਂਬਰਾਂ ਨੇ ਬਹੁਤ ਸਹਾਰਾ ਦਿੱਤਾ। ਉਹ ਸਾਨੂੰ ਮਿਲਣ ਆਏ, ਫ਼ੋਨ ਕੀਤੇ ਅਤੇ ਕਾਰਡ ਭੇਜੇ। ਇਸ ਤੋਂ ਫੀਲੇਪੀ ਦੇਖ ਸਕਦਾ ਸੀ ਕਿ ਉਹ ਸਾਨੂੰ ਕਿੰਨਾ ਪਿਆਰ ਅਤੇ ਸਾਡੀ ਪਰਵਾਹ ਕਰਦੇ ਸਨ।

ਇਜ਼ਾਬੈੱਲੇ: ਸਾਡੇ ਪਰਿਵਾਰ ਦੇ ਮੈਂਬਰਾਂ ਨੇ ਵੀ ਬਹੁਤ ਮਦਦ ਕੀਤੀ। ਨੀਕੋਲੇ ਦੀ ਮੌਤ ਤੋਂ ਬਾਅਦ ਮੇਰੇ ਪਿਤਾ ਜੀ ਹਰ ਸਵੇਰ ਨੂੰ ਸਾਡੇ ਘਰ ਆ ਕੇ ਸਾਡੇ ਨਾਲ ਖਾਣਾ ਖਾਂਦੇ ਸੀ। ਉਨ੍ਹਾਂ ਨੇ ਇਸ ਤਰੀਕੇ ਨਾਲ ਸਾਨੂੰ ਸਹਾਰਾ ਦਿੱਤਾ। ਫੀਲੇਪੀ ਨੂੰ ਵੀ ਆਪਣੇ ਨਾਨੇ ਦਾ ਸਾਥ ਚੰਗਾ ਲੱਗਦਾ ਸੀ।

ਰੇਨਾਟੂ: ਮਸੀਹੀ ਮੀਟਿੰਗਾਂ ਵਿਚ ਵੀ ਸਾਨੂੰ ਹੌਸਲਾ ਮਿਲਦਾ ਸੀ। ਅਸੀਂ ਕੋਈ ਮੀਟਿੰਗ ਨਹੀਂ ਛੱਡੀ ਭਾਵੇਂ ਕਿ ਕਦੇ-ਕਦੇ ਸਾਡੀਆਂ ਅੱਖਾਂ ਵਿਚ ਹੰਝੂ ਵਹਿ ਤੁਰਦੇ ਸਨ। ਮੀਟਿੰਗਾਂ ਵਿਚ ਹੁੰਦਿਆਂ ਨੀਕੋਲੇ ਬਾਰੇ ਕਈ ਯਾਦਾਂ ਤਾਜ਼ਾ ਹੋ ਜਾਂਦੀਆਂ ਸਨ। ਪਰ ਅਸੀਂ ਜਾਣਦੇ ਸਾਂ ਕਿ ਫੀਲੇਪੀ ਦੀ ਖ਼ਾਤਰ ਸਾਨੂੰ ਤਕੜੇ ਹੋਣ ਦੀ ਲੋੜ ਸੀ। (g12-E 07)

[ਫੁਟਨੋਟ]

^ ਪੈਰਾ 12 ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਬਰੋਸ਼ਰ ਮੌਤ ਦਾ ਗਮ ਕਿੱਦਾਂ ਸਹੀਏ? ਦੇਖੋ।

[ਸਫ਼ਾ 31 ਉੱਤੇ ਡੱਬੀ/ਤਸਵੀਰਾਂ]

ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀਆਂ ਥੱਲੇ ਦੱਸੀਆਂ ਕਿਤਾਬਾਂ ਤੋਂ ਉਨ੍ਹਾਂ ਨੂੰ ਦਿਲਾਸਾ ਮਿਲ ਸਕਦਾ ਹੈ ਜਿਨ੍ਹਾਂ ਦੇ ਅਜ਼ੀਜ਼ ਮੌਤ ਦੀ ਨੀਂਦ ਸੌਂ ਗਏ ਹਨ।

ਵੱਡਿਆਂ ਲਈ:

ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?

ਅਧਿਆਇ 6: ਮਰਨ ਤੋਂ ਬਾਅਦ ਕੀ ਹੁੰਦਾ ਹੈ?

ਅਧਿਆਇ 7: ਸਾਡੇ ਮਰੇ ਹੋਏ ਅਜ਼ੀਜ਼ਾਂ ਲਈ ਪੱਕੀ ਉਮੀਦ

ਬੱਚਿਆਂ ਲਈ:

ਬਾਈਬਲ ਕਹਾਣੀਆਂ ਦੀ ਕਿਤਾਬ

ਕਹਾਣੀ 92: ਯਿਸੂ ਨੇ ਕੁੜੀ ਨੂੰ ਜ਼ਿੰਦਾ ਕੀਤਾ

11-12 ਸਾਲਾਂ ਦੇ ਬੱਚਿਆਂ ਲਈ:

Learn From the Great Teacher

ਅਧਿਆਇ 34: ਮਰਨ ਤੇ ਸਾਡਾ ਕੀ ਹੁੰਦਾ ਹੈ?

ਅਧਿਆਇ 35: ਅਸੀਂ ਮੌਤ ਦੀ ਨੀਂਦ ਤੋਂ ਜਾਗ ਸਕਦੇ ਹਾਂ!

ਅਧਿਆਇ 36: ਕਿਨ੍ਹਾਂ ਨੂੰ ਜੀਉਂਦਾ ਕੀਤਾ ਜਾਵੇਗਾ ਅਤੇ ਉਹ ਕਿੱਥੇ ਰਹਿਣਗੇ?

ਅੱਲ੍ਹੜਾਂ ਲਈ:

Questions Young People Ask​—Answers That Work, Volume 1

ਅਧਿਆਇ 16: ਕੀ ਮੇਰਾ ਇਸ ਤਰ੍ਹਾਂ ਸੋਗ ਮਨਾਉਣਾ ਆਮ ਗੱਲ ਹੈ?

[ਸਫ਼ਾ 32 ਉੱਤੇ ਡੱਬੀ/ਤਸਵੀਰ]

ਕਿਵੇਂ ਮਦਦ ਕਰੀਏ

● ਸਵਾਲ ਪੁੱਛਣ ਲਈ ਕਹੋ। ਇੱਦਾਂ ਦਾ ਮਾਹੌਲ ਪੈਦਾ ਕਰੋ ਜਿਸ ਵਿਚ ਤੁਹਾਡਾ ਬੱਚਾ ਮੌਤ ਅਤੇ ਇਸ ਦੇ ਮਤਲਬ ਬਾਰੇ ਗੱਲ ਕਰੇ।

● ਗੋਲ-ਮੋਲ ਅਤੇ ਅਸਪੱਸ਼ਟ ਗੱਲਾਂ ਨਾ ਕਹੋ ਜਿਵੇਂ ਕਿ ਮਰ ਚੁੱਕਾ ਅਜ਼ੀਜ਼ “ਸਾਨੂੰ ਛੱਡ ਕੇ ਚਲਾ ਗਿਆ” ਜਾਂ “ਕਿਤੇ ਦੂਰ ਚਲਾ ਗਿਆ।”

● ਸੌਖੇ ਅਤੇ ਸਾਫ਼-ਸਾਫ਼ ਸ਼ਬਦਾਂ ਵਿਚ ਮੌਤ ਬਾਰੇ ਸਮਝਾਓ। ਕੁਝ ਲੋਕ ਕਹਿ ਦਿੰਦੇ ਹਨ ਕਿ ਮਰ ਚੁੱਕੇ ਅਜ਼ੀਜ਼ ਦੇ ਸਰੀਰ ਨੇ “ਕੰਮ ਕਰਨਾ ਬੰਦ ਕਰ ਦਿੱਤਾ” ਅਤੇ “ਉਸ ਨੂੰ ਠੀਕ ਨਹੀਂ ਕੀਤਾ ਜਾ ਸਕਦਾ ਸੀ।”

● ਬੱਚੇ ਨੂੰ ਦੱਸੋ ਕਿ ਸੰਸਕਾਰ ਤੇ ਕੀ-ਕੀ ਹੋਵੇਗਾ ਅਤੇ ਸਮਝਾਓ ਕਿ ਮਰ ਚੁੱਕਾ ਅਜ਼ੀਜ਼ ਕੁਝ ਦੇਖ ਜਾਂ ਸੁਣ ਨਹੀਂ ਸਕੇਗਾ ਕਿ ਕੀ ਹੋ ਰਿਹਾ ਹੈ।

● ਆਪਣੇ ਜਜ਼ਬਾਤਾਂ ਨੂੰ ਲੁਕਾਓ ਨਾ। ਇਸ ਤਰ੍ਹਾਂ ਤੁਹਾਡਾ ਬੱਚਾ ਦੇਖੇਗਾ ਕਿ ਸੋਗ ਮਨਾਉਣਾ ਠੀਕ ਹੈ।

● ਯਾਦ ਰੱਖੋ ਕਿ ਸੋਗ ਕਰਨ ਦਾ ਕੋਈ “ਸਹੀ ਜਾਂ ਗ਼ਲਤ” ਤਰੀਕਾ ਨਹੀਂ ਹੈ। ਹਰ ਬੱਚਾ ਵੱਖੋ-ਵੱਖਰੇ ਹਾਲਾਤ ਅਨੁਸਾਰ ਵੱਖੋ-ਵੱਖਰੇ ਤਰੀਕੇ ਨਾਲ ਗਮ ਸਹਿੰਦਾ ਹੈ।

[ਕ੍ਰੈਡਿਟ ਲਾਈਨ]

Source: www.kidshealth.org

[ਸਫ਼ਾ 32 ਉੱਤੇ ਕੈਪਸ਼ਨ]

ਉੱਪਰੋਂ ਖੱਬੇ ਪਾਸਿਓਂ: ਫੀਲੇਪੀ, ਰੇਨਾਟੂ, ਇਜ਼ਾਬੈੱਲੇ ਅਤੇ ਵੀਨੀਸੀਉਸ