ਜਲਦੀ ਸਾਰਿਆਂ ਲਈ ਵਧੀਆ ਖਾਣਾ!
ਜਲਦੀ ਸਾਰਿਆਂ ਲਈ ਵਧੀਆ ਖਾਣਾ!
ਤੁਸੀਂ ਵਧੀਆ ਖਾਣੇ ਦਾ ਮਜ਼ਾ ਲੈਣ ਲਈ ਕਦਮ ਚੁੱਕ ਸਕਦੇ ਹੋ ਭਾਵੇਂ ਕਈ ਗੱਲਾਂ ਤੁਹਾਡੇ ਵਸ ਤੋਂ ਬਾਹਰ ਹਨ। ਮਿਸਾਲ ਲਈ, ਤੁਸੀਂ ਆਪ ਹਰ ਤਰ੍ਹਾਂ ਦੀਆਂ ਖਾਣ ਵਾਲੀਆਂ ਚੀਜ਼ਾਂ ਖ਼ਰੀਦਣ ਜਾਂ ਪਕਾਉਣ ਤੋਂ ਪਹਿਲਾਂ ਇਨ੍ਹਾਂ ਦੀ ਚੰਗੀ ਤਰ੍ਹਾਂ ਪਰਖ ਨਹੀਂ ਕਰ ਸਕਦੇ। ਸ਼ਾਇਦ ਤੁਹਾਨੂੰ ਉਹ ਖਾਣਾ ਖ਼ਰੀਦਣਾ ਪਵੇ ਜੋ ਪਹਿਲਾਂ ਤੋਂ ਪੈਕ ਕੀਤਾ ਹੋਇਆ ਹੋਵੇ ਅਤੇ ਹੋਰ ਕਿਸੇ ਦੇਸ਼ ਤੋਂ ਆਇਆ ਹੋਵੇ। ਹੋ ਸਕਦਾ ਹੈ ਕਿ ਜੋ ਵੀ ਖਾਣਾ ਤੁਸੀਂ ਖ਼ਰੀਦਦੇ ਹੋ, ਉਹ ਜ਼ਹਿਰੀਲੀ ਹਵਾ, ਪਾਣੀ ਜਾਂ ਮਿੱਟੀ ਨਾਲ ਦੂਸ਼ਿਤ ਹੋਇਆ ਹੋਵੇ।
ਵਿਸ਼ਵ ਸਿਹਤ ਸੰਗਠਨ ਦੇ ਅਫ਼ਸਰਾਂ ਨੇ ਇਕ ਰਿਪੋਰਟ ਦਿੱਤੀ ਜਿਸ ਦਾ ਵਿਸ਼ਾ ਸੀ: “ਭੋਜਨ ਨਾਲ ਹੋਣ ਵਾਲੀਆਂ ਬੀਮਾਰੀਆਂ ਨੂੰ ਕੰਟ੍ਰੋਲ ਕਰਨਾ: ਇਕ ਵਿਸ਼ਵ-ਵਿਆਪੀ ਸਮੱਸਿਆ।” ਇਸ ਰਿਪੋਰਟ ਵਿਚ ਉਨ੍ਹਾਂ ਨੇ ਕਿਹਾ ਕਿ ਭੋਜਨ ਸੰਬੰਧੀ ਕੁਝ ਸਮੱਸਿਆਵਾਂ ਨੂੰ “ਦੇਸ਼ ਦੀਆਂ ਸਰਕਾਰਾਂ ਇਕੱਲਿਆਂ ਹੱਲ ਨਹੀਂ ਕਰ ਸਕਦੀਆਂ। ਇਸ ਦਾ ਹੱਲ ਸਾਰੀ ਦੁਨੀਆਂ ਦੀਆਂ ਸਰਕਾਰਾਂ ਨੂੰ ਮਿਲ ਕੇ ਕੱਢਣ ਦੀ ਲੋੜ ਹੈ।” ਜੀ ਹਾਂ, ਪੂਰੀ ਦੁਨੀਆਂ ਵਿਚ ਖਾਣੇ ਨਾਲ ਲੱਗਣ ਵਾਲੀਆਂ ਬੀਮਾਰੀਆਂ ਦੀ ਸਮੱਸਿਆ ਹੈ!
ਇਸ ਕਰਕੇ ਕਈ ਲੋਕ ਸਵਾਲ ਪੁੱਛਣਗੇ ਕਿ ਅਸੀਂ ਕਿਉਂ ਭਰੋਸੇ ਨਾਲ ਕਹਿ ਸਕਦੇ ਹਾਂ ਕਿ ਜਲਦੀ ਹੀ ਸਾਰਿਆਂ ਨੂੰ ਵਧੀਆ ਖਾਣਾ ਮਿਲੇਗਾ। ਅਸੀਂ ਇਸ ਲਈ ਕਹਿ ਸਕਦੇ ਹਾਂ ਕਿਉਂਕਿ “ਸਾਰੀ ਧਰਤੀ ਦੇ ਪ੍ਰਭੁ” ਯਹੋਵਾਹ ਨੇ ਇਨਸਾਨ ਦੀਆਂ ਖਾਣੇ ਸੰਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਦਾ ਵਾਅਦਾ ਕੀਤਾ ਹੈ। (ਯਹੋਸ਼ੁਆ 3:13) ਕੁਝ ਲੋਕ ਸ਼ਾਇਦ ਕਹਿਣ ਕਿ ਖਾਣੇ ਨਾਲ ਲੱਗਣ ਵਾਲੀਆਂ ਬੀਮਾਰੀਆਂ ਕਰਕੇ ਅਸੀਂ ਰੱਬ ’ਤੇ ਭਰੋਸਾ ਨਹੀਂ ਰੱਖ ਸਕਦੇ। ਪਰ ਜ਼ਰਾ ਸੋਚੋ: ਜੇ ਇਕ ਬਹਿਰਾ ਲਾਪਰਵਾਹ ਹੋ ਕੇ ਵਧੀਆ ਖਾਣੇ ਨੂੰ ਖ਼ਰਾਬ ਹੋਣ ਦਿੰਦਾ ਹੈ, ਤਾਂ ਕੀ ਖਾਣਾ ਬਣਾਉਣ ਵਾਲੇ ’ਤੇ ਦੋਸ਼ ਲਾਉਣਾ ਸਹੀ ਹੋਵੇਗਾ? ਬਿਲਕੁਲ ਨਹੀਂ।
ਇਸੇ ਤਰ੍ਹਾਂ ਵਧੀਆ ਖਾਣਾ ਦੇਣ ਵਾਲੀ ਧਰਤੀ ਨੂੰ ਲੋਕਾਂ ਨੇ ਖ਼ਰਾਬ ਕੀਤਾ ਹੈ, ਨਾ ਕਿ ਸਾਡੇ ਕਰਤਾਰ ਨੇ। ਹਰ ਪਾਸੇ ਮਿਲ ਰਿਹਾ ਜ਼ਹਿਰੀਲਾ ਖਾਣਾ ਇਨਸਾਨਾਂ ਦੀ ਦੇਣ ਹੈ। ਪਰਮੇਸ਼ੁਰ ਨੇ ਵਾਅਦਾ ਕੀਤਾ ਹੈ ਕਿ ਉਹ ‘ਧਰਤੀ ਨੂੰ ਤਬਾਹ ਕਰਨ ਵਾਲੇ ਲੋਕਾਂ ਨੂੰ ਖ਼ਤਮ ਕਰੇਗਾ।’—ਦਰਅਸਲ ਰੱਬ ਨੇ ਪਹਿਲਾਂ ਹੀ ਸਬੂਤ ਦਿੱਤਾ ਹੈ ਕਿ ਅਸੀਂ ਵਧੀਆ ਖਾਣਾ ਖਾਈਏ। ਉਸ ਨੇ ਧਰਤੀ ਨੂੰ ਬਣਾਇਆ ਤੇ ਉਸ ਉੱਤੇ ਦਰਖ਼ਤ ਲਾਏ ਜੋ ਨਾ ਸਿਰਫ਼ “ਵੇਖਣ ਵਿੱਚ ਸੁੰਦਰ” ਸਨ, ਸਗੋਂ ‘ਖਾਣ ਵਿੱਚ ਵੀ ਚੰਗੇ ਸਨ।’ (ਉਤਪਤ 2:9) ਭਾਵੇਂ ਪਹਿਲੇ ਇਨਸਾਨੀ ਜੋੜੇ ਨੇ ਆਪਣੇ ਬੱਚਿਆਂ ਨੂੰ ਵਿਰਸੇ ਵਿਚ ਨਾਮੁਕੰਮਲਤਾ ਤੇ ਬੀਮਾਰੀਆਂ ਦਿੱਤੀਆਂ, ਫਿਰ ਵੀ ਯਹੋਵਾਹ ਨੇ ਆਪਣੇ ਲੋਕਾਂ ਨੂੰ ਖ਼ਾਸ ਹਿਦਾਇਤਾਂ ਦਿੱਤੀਆਂ ਜੋ ਉਨ੍ਹਾਂ ਦੇ ਖਾਣੇ ਨੂੰ ਤੇ ਸਰੀਰ ਨੂੰ ਦੂਸ਼ਿਤ ਹੋਣ ਤੋਂ ਬਚਾ ਸਕਦੀਆਂ ਸਨ।—‘ਸਿਹਤ ਲਈ ਫ਼ਾਇਦੇਮੰਦ ਕਾਇਦੇ-ਕਾਨੂੰਨ’ ਨਾਂ ਦੀ ਡੱਬੀ ਦੇਖੋ।
ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਖਾਣੇ ਦਾ ਮਜ਼ਾ ਲਈਏ। ਬਾਈਬਲ ਦੱਸਦੀ ਹੈ: “ਤੂੰ ਡੰਗਰਾਂ ਲਈ ਘਾਹ ਅਤੇ ਇਨਸਾਨ ਦੀ ਸੇਵਾ ਲਈ ਸਾਗ ਪੱਤ ਉਗਾਉਂਦਾ ਹੈਂ, ਭਈ ਧਰਤੀ ਵਿੱਚੋਂ ਅਹਾਰ ਕੱਢੇਂ, ਦਾਖ ਰਸ ਜਿਹੜੀ ਇਨਸਾਨ ਦੇ ਦਿਲ ਨੂੰ ਅਨੰਦ ਕਰਦੀ ਹੈ, ਅਤੇ ਤੇਲ ਜਿਹੜਾ ਉਹ ਦੇ ਮੁਖੜੇ ਨੂੰ ਚਮਕਾਉਂਦਾ ਹੈ, ਨਾਲੇ ਰੋਟੀ ਜਿਹੜੀ ਇਨਸਾਨ ਦੇ ਦਿਲ ਨੂੰ ਤਕੜਿਆਂ ਕਰਦੀ ਹੈ।” (ਜ਼ਬੂਰਾਂ ਦੀ ਪੋਥੀ 104:14, 15) ਬਾਈਬਲ ਇਹ ਵੀ ਕਹਿੰਦੀ ਹੈ ਕਿ “ਹਰ ਜਾਨਵਰ ਵੀ ਤੁਹਾਡਾ ਭੋਜਨ ਹੋਵੇਗਾ।”—ਉਤਪਤ 9:3, ERV.
ਭਵਿੱਖ ਬਾਰੇ ਉਸ ਦਾ ਬਚਨ ਵਾਅਦਾ ਕਰਦਾ ਹੈ: ਉਹ “ਤੁਹਾਡੇ ਲਈ ਵਰਖਾ ਭੇਜੇਗਾ। ਤੁਸੀਂ ਧਰਤੀ ਵਿਚ ਬੀਜ ਬੀਜੋਗੇ ਅਤੇ ਧਰਤੀ ਤੁਹਾਡੇ ਲਈ ਅਨਾਜ਼ ਉਗਾਵੇਗੀ। ਤੁਹਾਨੂੰ ਬਹੁਤ ਚੰਗੀ ਫ਼ਸਲ ਪ੍ਰਾਪਤ ਹੋਵੇਗੀ। ਤੁਹਾਡੇ ਪਾਸ ਖੇਤਾਂ ਅੰਦਰ ਤੁਹਾਡੇ ਪਸ਼ੂਆਂ ਵਾਸਤੇ ਕਾਫ਼ੀ ਚਾਰਾ ਹੋਵੇਗਾ। ਤੁਹਾਡੀਆਂ ਭੇਡਾਂ ਲਈ ਵੱਡੇ-ਵੱਡੇ ਮੈਦਾਨ ਹੋਣਗੇ।” (ਯਸਾਯਾਹ 30:23, ERV) ਜੀ ਹਾਂ, ਜਲਦੀ ਹੀ ਦਿਲ ਦਹਿਲਾਉਣ ਵਾਲੀਆਂ ਬੁਰੀਆਂ ਖ਼ਬਰਾਂ ਦੀ ਥਾਂ ਇਹ ਘੋਸ਼ਣਾ ਹੋਵੇਗੀ: “ਜਲਦ ਹੀ ਸਾਰਿਆਂ ਲਈ ਵਧੀਆ ਖਾਣਾ!” (g12-E 06)
[ਸਫ਼ਾ 9 ਉੱਤੇ ਸੁਰਖੀ]
ਦੁਨੀਆਂ ਦਾ ਕਰਤਾਰ ਸਾਡੇ ਨਾਲ ਸੁਨਹਿਰੇ ਭਵਿੱਖ ਦਾ ਵਾਅਦਾ ਕਰਦਾ ਹੈ ਜਦੋਂ ਖਾਣ ਲਈ ਢੇਰ ਸਾਰਾ ਵਧੀਆ ਭੋਜਨ ਹੋਵੇਗਾ
[ਸਫ਼ਾ 8 ਉੱਤੇ ਡੱਬੀ]
‘ਸਿਹਤ ਲਈ ਫ਼ਾਇਦੇਮੰਦ ਕਾਇਦੇ-ਕਾਨੂੰਨ’
ਲਗਭਗ 3,500 ਸਾਲ ਪਹਿਲਾਂ ਇਜ਼ਰਾਈਲੀਆਂ ਨੂੰ ਮੂਸਾ ਦਾ ਕਾਨੂੰਨ ਦਿੱਤਾ ਗਿਆ ਸੀ। ਇਸ ਕਾਨੂੰਨ ਨੇ ਇਜ਼ਰਾਈਲੀਆਂ ਨੂੰ ਖਾਣੇ ਨਾਲ ਲੱਗਣ ਵਾਲੀਆਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਾਇਆ। ਇਨ੍ਹਾਂ ਹਿਦਾਇਤਾਂ ’ਤੇ ਗੌਰ ਕਰੋ:
● ਜਿਨ੍ਹਾਂ ਭਾਂਡਿਆਂ ਨੂੰ ਮਰ ਚੁੱਕੇ ਜਾਨਵਰਾਂ ਨੇ ਛੂਹਿਆ ਸੀ, ਉਨ੍ਹਾਂ ਨੂੰ ਨਾ ਵਰਤੋ: “ਭਾਵੇਂ ਕਿਹਾਕੁ ਭਾਂਡਾ ਜੋ ਵਰਤਣ ਵਿੱਚ ਆਇਆ ਹੋਵੇ ਤਾਂ ਉਹ ਪਾਣੀ ਵਿੱਚ ਧਰਿਆ ਜਾਵੇ ਅਤੇ ਸੰਧਿਆ ਤੋੜੀ ਅਸ਼ੁੱਧ ਰਹੇ, ਏਸੇ ਤਰਾਂ ਨਾਲ ਸ਼ੁੱਧ ਹੋਵੇ।”—ਲੇਵੀਆਂ 11:31-34.
● ਉਸ ਜਾਨਵਰ ਦਾ ਮੀਟ ਨਾ ਖਾਓ ਜੋ ਆਪਣੇ ਆਪ ਮਰਿਆ ਹੋਵੇ: “ਕਿਸੇ ਵੀ ਆਪੇ ਮਰੇ ਹੋਏ ਜਾਨਵਰ ਨੂੰ ਨਹੀਂ ਖਾਣਾ।”—ਬਿਵਸਥਾ ਸਾਰ 14:21, ERV.
● ਬਚਿਆ ਹੋਇਆ ਖਾਣਾ ਬਹੁਤੀ ਦੇਰ ਤਕ ਨਾ ਰੱਖੋ: “ਜੋ ਰਹੇ ਸੋ ਦੂਜੇ ਦਿਨ ਭੀ ਖਾਧਾ ਜਾਏ। ਪਰ ਜਿਹੜਾ ਉਸ ਬਲੀ ਦੇ ਮਾਸ ਵਿੱਚੋਂ ਤੀਜੇ ਦਿਨ ਤੋੜੀ ਰਹੇ ਸੋ ਅੱਗ ਨਾਲ ਸਾੜਿਆ ਜਾਵੇ।”—ਲੇਵੀਆਂ 7:16-18.
ਡਾਕਟਰ ਏ. ਰੈਨਡਲ ਸ਼ੌਰਟ ਨੇ ਹੈਰਾਨ ਹੋ ਕੇ ਕਿਹਾ ਕਿ ਆਲੇ-ਦੁਆਲੇ ਦੀਆਂ ਕੌਮਾਂ ਦੇ ਕਾਨੂੰਨਾਂ ਦੀ ਤੁਲਨਾ ਵਿਚ ਮੂਸਾ ਦੇ ਕਾਨੂੰਨ ਵਿਚ ਦਿੱਤੇ ਗਏ ਨਿਯਮਾਂ ’ਤੇ ‘ਆਸਾਨੀ ਨਾਲ ਚੱਲਿਆ ਜਾ ਸਕਦਾ ਸੀ ਤੇ ਇਹ ਕਾਇਦੇ-ਕਾਨੂੰਨ ਸਿਹਤ ਲਈ ਫ਼ਾਇਦੇਮੰਦ ਸਨ।’