Skip to content

Skip to table of contents

ਮੈਨੂੰ ਸੱਚਾ ਪਿਆਰ ਤੇ ਸ਼ਾਂਤੀ ਮਿਲ ਗਈ

ਮੈਨੂੰ ਸੱਚਾ ਪਿਆਰ ਤੇ ਸ਼ਾਂਤੀ ਮਿਲ ਗਈ

ਮੈਨੂੰ ਸੱਚਾ ਪਿਆਰ ਤੇ ਸ਼ਾਂਤੀ ਮਿਲ ਗਈ

ਅਜ਼ੀਡਿਓ ਨਹਾਕਬ੍ਰੀਆ ਦੀ ਜ਼ਬਾਨੀ

ਜਿੱਦਾਂ-ਜਿੱਦਾਂ ਮੈਂ ਵੱਡਾ ਹੁੰਦਾ ਗਿਆ, ਉੱਦਾਂ-ਉੱਦਾਂ ਮੈਨੂੰ ਲੱਗਾ ਕਿ ਕੋਈ ਮੈਨੂੰ ਪਿਆਰ ਨਹੀਂ ਕਰਦਾ ਤੇ ਮੈਂ ਕੱਲਾ-ਕੱਲਾ ਮਹਿਸੂਸ ਕਰਦਾ ਸੀ। ਪਰ ਹੁਣ ਮੈਨੂੰ ਪਿਆਰ ਦੇ ਨਾਲ-ਨਾਲ ਮਨ ਦੀ ਸ਼ਾਂਤੀ ਵੀ ਮਿਲਦੀ ਹੈ। ਇਹ ਕਿਵੇਂ ਹੋਇਆ? ਚਲੋ ਮੈਂ ਤੁਹਾਨੂੰ ਦੱਸਦਾ ਹਾਂ।

ਮੇਰਾ ਜਨਮ 1976 ਵਿਚ ਪੂਰਬੀ ਟਿਮੋਰ ਦੇ ਪਹਾੜਾਂ ਵਿਚ ਇਕ ਕੱਚੇ ਫ਼ਰਸ਼ ਵਾਲੀ ਝੌਂਪੜੀ ਵਿਚ ਹੋਇਆ। ਉਸ ਸਮੇਂ ਪੂਰਬੀ ਟਿਮੋਰ ਇੰਡੋਨੇਸ਼ੀਆ ਦਾ ਹਿੱਸਾ ਸੀ। ਮੇਰੇ ਗ਼ਰੀਬ ਮਾਪਿਆਂ ਦੇ ਦਸ ਬੱਚੇ ਸਨ ਜਿਨ੍ਹਾਂ ਵਿੱਚੋਂ ਮੈਂ ਅੱਠਵਾਂ ਸੀ। ਗ਼ਰੀਬ ਹੋਣ ਕਰਕੇ ਉਹ ਸਾਡੇ ਸਾਰਿਆਂ ਦਾ ਪਾਲਣ-ਪੋਸ਼ਣ ਨਹੀਂ ਕਰ ਸਕਦੇ ਸਨ। ਇਸ ਕਰਕੇ ਉਨ੍ਹਾਂ ਨੇ ਮੇਰੇ ਜੁੜਵੇਂ ਭਰਾ ਨੂੰ ਆਪਣੇ ਕੋਲ ਰੱਖ ਲਿਆ ਤੇ ਮੇਰੀ ਪਰਵਰਿਸ਼ ਲਈ ਮੇਰੇ ਤਾਏ ਦੇ ਮੁੰਡੇ ਨੂੰ ਕਿਹਾ।

ਮੇਰੇ ਜਨਮ ਤੋਂ ਕੁਝ ਹੀ ਦੇਰ ਪਹਿਲਾਂ ਦਸੰਬਰ 1975 ਵਿਚ ਇੰਡੋਨੇਸ਼ੀਆ ਨੇ ਪੂਰਬੀ ਟਿਮੋਰ ’ਤੇ ਹਮਲਾ ਕਰ ਦਿੱਤਾ ਤੇ ਗੁਰੀਲਾ ਯੁੱਧ ਸ਼ੁਰੂ ਹੋ ਗਿਆ ਜੋ ਤਕਰੀਬਨ 20 ਸਾਲਾਂ ਤਕ ਚੱਲਦਾ ਰਿਹਾ। ਇਸ ਕਰਕੇ ਮੇਰੀਆਂ ਬਚਪਨ ਦੀਆਂ ਯਾਦਾਂ ਹਿੰਸਾ ਤੇ ਦੁੱਖਾਂ ਨਾਲ ਭਰੀਆਂ ਹੋਈਆਂ ਹਨ। ਮੈਨੂੰ ਯਾਦ ਹੈ ਕਿ ਸਾਡੇ ਪਿੰਡ ’ਤੇ ਫ਼ੌਜੀਆਂ ਨੇ ਹਮਲਾ ਕੀਤਾ ਸੀ ਜਿਸ ਕਰਕੇ ਸਾਨੂੰ ਆਪਣੀਆਂ ਜਾਨਾਂ ਬਚਾਉਣ ਵਾਸਤੇ ਭੱਜਣ ਲਈ ਮਜਬੂਰ ਹੋਣਾ ਪਿਆ। ਮੈਂ ਤੇ ਮੇਰੇ ਤਾਏ ਦਾ ਮੁੰਡਾ ਇਕ ਪਹਾੜ ਵੱਲ ਨੂੰ ਤੁਰ ਪਏ ਜਿੱਥੇ ਹਜ਼ਾਰਾਂ ਟਿਮੋਰੀਆਂ ਨੇ ਸ਼ਰਨ ਲਈ ਹੋਈ ਸੀ।

ਪਰ ਫ਼ੌਜੀਆਂ ਨੇ ਉਹ ਜਗ੍ਹਾ ਲੱਭ ਲਈ ਜਿੱਥੇ ਅਸੀਂ ਲੁਕੇ ਹੋਏ ਸੀ ਤੇ ਜਲਦੀ ਹੀ ਦੁਸ਼ਮਣਾਂ ਨੇ ਸਾਡੇ ’ਤੇ ਬੰਬਾਰੀ ਸ਼ੁਰੂ ਕਰ ਦਿੱਤੀ। ਹਾਲੇ ਵੀ ਮੇਰੇ ਮਨ ਵਿਚ ਡਰ, ਮੌਤ ਤੇ ਵਿਨਾਸ਼ ਦੀਆਂ ਭਿਆਨਕ ਯਾਦਾਂ ਤਾਜ਼ਾ ਹਨ। ਅਖ਼ੀਰ ਜਦੋਂ ਅਸੀਂ ਆਪਣੇ ਪਿੰਡ ਵਾਪਸ ਆਏ, ਤਾਂ ਮੈਂ ਡਰਿਆ-ਡਰਿਆ ਰਹਿੰਦਾ ਸੀ। ਸਾਡੇ ਬਹੁਤ ਸਾਰੇ ਗੁਆਂਢੀ ਪਤਾ ਨਹੀਂ ਕਿੱਥੇ ਚਲੇ ਗਏ ਜਾਂ ਸ਼ਾਇਦ ਮਾਰੇ ਗਏ। ਮੈਨੂੰ ਹਮੇਸ਼ਾ ਇਹੀ ਡਰ ਲੱਗਿਆ ਰਹਿੰਦਾ ਸੀ ਕਿ ਸ਼ਾਇਦ ਮਰਨ ਦੀ ਅਗਲੀ ਵਾਰੀ ਮੇਰੀ ਹੈ।

ਜਦੋਂ ਮੈਂ ਦਸਾਂ ਸਾਲਾਂ ਦਾ ਸੀ, ਤਾਂ ਮੇਰੇ ਤਾਏ ਦਾ ਮੁੰਡਾ ਬੀਮਾਰ ਹੋ ਗਿਆ ਤੇ ਮਰ ਗਿਆ, ਇਸ ਲਈ ਮੇਰੇ ਮਾਪਿਆਂ ਨੇ ਮੈਨੂੰ ਮੇਰੀ ਨਾਨੀ ਕੋਲ ਰਹਿਣ ਲਈ ਭੇਜ ਦਿੱਤਾ। ਉਹ ਵਿਧਵਾ ਸੀ ਜੋ ਆਪਣੀ ਜ਼ਿੰਦਗੀ ਤੋਂ ਤੰਗ ਆ ਚੁੱਕੀ ਸੀ ਤੇ ਉਹ ਮੈਨੂੰ ਬੋਝ ਸਮਝਦੀ ਸੀ। ਉਹ ਮੇਰੇ ਤੋਂ ਨੌਕਰਾਂ ਵਾਂਗ ਕੰਮ ਕਰਵਾਉਂਦੀ ਸੀ। ਇਕ ਦਿਨ ਜਦੋਂ ਮੈਂ ਬੀਮਾਰ ਹੋਣ ਕਾਰਨ ਕੰਮ ਨਹੀਂ ਕਰ ਸਕਿਆ, ਤਾਂ ਨਾਨੀ ਨੇ ਮੈਨੂੰ ਕੁੱਟਿਆ ਤੇ ਮਰਨ ਲਈ ਛੱਡ ਦਿੱਤਾ। ਪਰ ਖ਼ੁਸ਼ੀ ਦੀ ਗੱਲ ਸੀ ਕਿ ਮੇਰੇ ਮਾਮੇ ਦਾ ਮੁੰਡਾ ਮੈਨੂੰ ਆਪਣੇ ਨਾਲ ਲੈ ਗਿਆ।

ਅਖ਼ੀਰ ਬਾਰਾਂ ਸਾਲ ਦੀ ਉਮਰ ਵਿਚ ਮੈਂ ਸਕੂਲ ਜਾਣ ਲੱਗ ਪਿਆ। ਇਸ ਤੋਂ ਜਲਦੀ ਬਾਅਦ ਮੇਰੇ ਮਾਮੇ ਦੇ ਮੁੰਡੇ ਦੀ ਪਤਨੀ ਬੀਮਾਰ ਹੋ ਗਈ ਤੇ ਉਹ ਬਹੁਤ ਨਿਰਾਸ਼ ਰਹਿਣ ਲੱਗਾ। ਮੈਂ ਉਨ੍ਹਾਂ ਉੱਤੇ ਹੋਰ ਬੋਝ ਨਹੀਂ ਬਣਨਾ ਚਾਹੁੰਦਾ ਸੀ, ਇਸ ਕਰਕੇ ਮੈਂ ਉੱਥੋਂ ਭੱਜ ਗਿਆ ਤੇ ਇੰਡੋਨੇਸ਼ੀਆ ਦੇ ਫ਼ੌਜੀਆਂ ਦੇ ਗਰੁੱਪ ਵਿਚ ਸ਼ਾਮਲ ਹੋ ਗਿਆ ਜੋ ਜੰਗਲ ਵਿਚ ਰਹਿੰਦੇ ਸਨ। ਮੈਂ ਉਨ੍ਹਾਂ ਦੇ ਕੱਪੜੇ ਧੋਂਦਾ ਸੀ, ਉਨ੍ਹਾਂ ਲਈ ਖਾਣਾ ਬਣਾਉਂਦਾ ਸੀ ਤੇ ਕੈਂਪ ਦੀ ਸਾਫ਼-ਸਫ਼ਾਈ ਕਰਦਾ ਸੀ। ਉਹ ਸਾਰੇ ਮੇਰੇ ਨਾਲ ਚੰਗਾ ਸਲੂਕ ਕਰਦੇ ਸਨ ਤੇ ਮੈਨੂੰ ਲੱਗਾ ਕਿ ਉਨ੍ਹਾਂ ਨੂੰ ਮੇਰੀ ਜ਼ਰੂਰਤ ਹੈ। ਪਰ ਕਈ ਮਹੀਨਿਆਂ ਬਾਅਦ ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਲੱਭ ਲਿਆ ਤੇ ਫ਼ੌਜੀਆਂ ਨੂੰ ਮਜਬੂਰ ਕੀਤਾ ਕਿ ਉਹ ਮੈਨੂੰ ਵਾਪਸ ਪਿੰਡ ਭੇਜ ਦੇਣ।

ਰਾਜਨੀਤਿਕ ਅੰਦੋਲਨਕਾਰੀ

ਹਾਈ ਸਕੂਲ ਖ਼ਤਮ ਕਰਨ ਤੋਂ ਬਾਅਦ ਮੈਂ ਪੂਰਬੀ ਟਿਮੋਰ ਦੀ ਰਾਜਧਾਨੀ ਡਿਲੀ ਚਲਾ ਗਿਆ ਜਿੱਥੇ ਮੈਂ ਯੂਨੀਵਰਸਿਟੀ ਵਿਚ ਦਾਖ਼ਲਾ ਲੈ ਲਿਆ। ਉੱਥੇ ਮੈਂ ਉਨ੍ਹਾਂ ਨੌਜਵਾਨਾਂ ਨੂੰ ਮਿਲਿਆ ਜਿਨ੍ਹਾਂ ਦੀ ਜ਼ਿੰਦਗੀ ਦੀ ਕਹਾਣੀ ਮੇਰੇ ਵਰਗੀ ਸੀ। ਅਸੀਂ ਸੋਚਿਆ ਕਿ ਦੇਸ਼ ਨੂੰ ਆਜ਼ਾਦ ਕਰਾਉਣ ਤੇ ਸਮਾਜ ਨੂੰ ਬਦਲਣ ਲਈ ਰਾਜਨੀਤਿਕ ਅੰਦੋਲਨ ਹੀ ਇੱਕੋ-ਇਕ ਰਸਤਾ ਹੈ। ਸਾਡੇ ਵਿਦਿਆਰਥੀਆਂ ਦੇ ਗਰੁੱਪ ਨੇ ਕਈ ਸਿਆਸੀ ਪ੍ਰਦਰਸ਼ਨ ਕੀਤੇ ਜਿਨ੍ਹਾਂ ਕਰਕੇ ਦੰਗੇ-ਫ਼ਸਾਦ ਹੋਏ। ਮੇਰੇ ਬਹੁਤ ਸਾਰੇ ਦੋਸਤ ਜ਼ਖ਼ਮੀ ਹੋਏ ਤੇ ਕੁਝ ਤਾਂ ਮਰ ਵੀ ਗਏ।

ਜਦੋਂ ਪੂਰਬੀ ਟਿਮੋਰ 2002 ਵਿਚ ਆਜ਼ਾਦ ਹੋਇਆ, ਤਾਂ ਦੇਸ਼ ਉਜੜ ਚੁੱਕਾ ਸੀ। ਲੱਖਾਂ ਹੀ ਲੋਕ ਮਾਰੇ ਗਏ ਤੇ ਕਰੋੜਾਂ ਹੀ ਲੋਕ ਬੇਘਰ ਹੋ ਚੁੱਕੇ ਸਨ। ਮੈਨੂੰ ਉਮੀਦ ਸੀ ਕਿ ਹਾਲਾਤ ਸੁਧਰ ਜਾਣਗੇ। ਪਰ ਹਰ ਪਾਸੇ ਬੇਰੋਜ਼ਗਾਰੀ ਤੇ ਗ਼ਰੀਬੀ ਫੈਲੀ ਹੋਈ ਸੀ ਅਤੇ ਰਾਜਨੀਤਿਕ ਉਥਲ-ਪੁਥਲ ਜਾਰੀ ਰਹੀ।

ਨਵੀਂ ਦਿਸ਼ਾ

ਉਸ ਸਮੇਂ ਮੈਂ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਰਹਿ ਰਿਹਾ ਸੀ ਜਿਨ੍ਹਾਂ ਵਿਚ ਇਕ ਦੂਰ ਦਾ ਨੌਜਵਾਨ ਰਿਸ਼ਤੇਦਾਰ ਵੀ ਸ਼ਾਮਲ ਸੀ। ਉਸ ਦਾ ਨਾਂ ਔਂਡਰੇ ਸੀ ਜੋ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰ ਰਿਹਾ ਸੀ। ਰੋਮਨ ਕੈਥੋਲਿਕ ਹੋਣ ਕਰਕੇ ਮੈਂ ਖ਼ੁਸ਼ ਨਹੀਂ ਸੀ ਕਿ ਮੇਰਾ ਕੋਈ ਰਿਸ਼ਤੇਦਾਰ ਕਿਸੇ ਹੋਰ ਧਰਮ ਨੂੰ ਮੰਨੇ। ਫਿਰ ਵੀ ਮੈਂ ਔਂਡਰੇ ਵੱਲੋਂ ਆਪਣੇ ਬੈੱਡਰੂਮ ਵਿਚ ਰੱਖੀ ਬਾਈਬਲ ਬਾਰੇ ਜਾਣਨ ਲਈ ਉਤਸੁਕ ਸੀ ਜੋ ਮੈਂ ਕਦੇ-ਕਦਾਈਂ ਪੜ੍ਹ ਲੈਂਦਾ ਸੀ। ਮੈਂ ਜੋ ਕੁਝ ਪੜ੍ਹਿਆ, ਉਸ ਕਰਕੇ ਮੇਰੀ ਹੋਰ ਜਾਣਨ ਵਿਚ ਦਿਲਚਸਪੀ ਵਧ ਗਈ।

ਜਦੋਂ ਔਂਡਰੇ ਨੇ ਮੈਨੂੰ 2004 ਵਿਚ ਯਿਸੂ ਦੀ ਮੌਤ ਦੀ ਯਾਦਗਾਰ ’ਤੇ ਆਉਣ ਦਾ ਸੱਦਾ-ਪੱਤਰ ਦਿੱਤਾ, ਤਾਂ ਮੈਂ ਉਸ ਵਿਚ ਹਾਜ਼ਰ ਹੋਣ ਦਾ ਫ਼ੈਸਲਾ ਕੀਤਾ। ਮੈਂ ਸੱਦਾ-ਪੱਤਰ ਤੋਂ ਟਾਈਮ ਗ਼ਲਤ ਪੜ੍ਹ ਲਿਆ ਤੇ ਮੈਂ ਮੀਟਿੰਗ ਵਾਲੀ ਥਾਂ ਤੇ ਦੋ ਘੰਟੇ ਪਹਿਲਾਂ ਹੀ ਪਹੁੰਚ ਗਿਆ। ਜਦੋਂ ਗਵਾਹ ਯਾਨੀ ਉੱਥੋਂ ਦੇ ਲੋਕ ਅਤੇ ਹੋਰ ਦੇਸ਼ਾਂ ਦੇ ਲੋਕ ਆਏ, ਤਾਂ ਉਨ੍ਹਾਂ ਸਾਰਿਆਂ ਨੇ ਮੇਰੇ ਨਾਲ ਹੱਥ ਮਿਲਾਏ ਤੇ ਮੇਰਾ ਨਿੱਘਾ ਸੁਆਗਤ ਕੀਤਾ। ਮੈਂ ਬਹੁਤ ਪ੍ਰਭਾਵਿਤ ਹੋਇਆ। ਭਾਸ਼ਣ ਦੌਰਾਨ ਮੈਂ ਭਾਸ਼ਣਕਾਰ ਵੱਲੋਂ ਦੱਸੇ ਹਵਾਲਿਆਂ ਨੂੰ ਲਿਖ ਲਿਆ। ਬਾਅਦ ਵਿਚ ਘਰ ਆ ਕੇ ਮੈਂ ਆਪਣੀ ਕੈਥੋਲਿਕ ਬਾਈਬਲ ਵਿਚ ਇਨ੍ਹਾਂ ਹਵਾਲਿਆਂ ਨੂੰ ਇਹ ਦੇਖਣ ਲਈ ਦੁਬਾਰਾ ਪੜ੍ਹਿਆ ਕਿ ਭਾਸ਼ਣਕਾਰ ਨੇ ਜੋ ਵੀ ਦੱਸਿਆ ਸੀ, ਉਹ ਸਹੀ ਸੀ ਜਾਂ ਨਹੀਂ। ਉਸ ਦੀਆਂ ਗੱਲਾਂ ਬਿਲਕੁਲ ਸਹੀ ਸਨ!

ਅਗਲੇ ਹਫ਼ਤੇ ਮੈਂ ਚਰਚ ਵਿਚ ਮਾਸ (Mass) ਮਨਾਉਣ ਗਿਆ। ਜਦੋਂ ਮੈਂ ਤੇ ਕੁਝ ਹੋਰ ਜਣੇ ਉੱਥੇ ਲੇਟ ਪਹੁੰਚੇ, ਤਾਂ ਪਾਦਰੀ ਨੇ ਗੁੱਸੇ ਨਾਲ ਸਾਨੂੰ ਲੱਕੜੀ ਦੇ ਡੰਡੇ ਨਾਲ ਚਰਚ ਤੋਂ ਬਾਹਰ ਕੱਢ ਦਿੱਤਾ। ਜਦੋਂ ਅਸੀਂ ਬਾਹਰ ਖੜ੍ਹੇ ਸੀ, ਤਾਂ ਪਾਦਰੀ ਨੇ ਅਖ਼ੀਰ ਵਿਚ ਸਾਰਿਆਂ ਨੂੰ ਕਿਹਾ, “ਯਿਸੂ ਤੁਹਾਨੂੰ ਸ਼ਾਂਤੀ ਬਖ਼ਸ਼ੇ।” ਇਕ ਔਰਤ ਨੇ ਦਲੇਰੀ ਨਾਲ ਕਿਹਾ, “ਤੁਸੀਂ ਸ਼ਾਂਤੀ ਬਾਰੇ ਕਿਸ ਤਰ੍ਹਾਂ ਗੱਲ ਕਰ ਸਕਦੇ ਹੋ, ਜਦ ਕਿ ਤੁਸੀਂ ਹੁਣੇ ਲੋਕਾਂ ਨੂੰ ਚਰਚ ਵਿੱਚੋਂ ਬਾਹਰ ਕੱਢ ਦਿੱਤਾ ਸੀ?” ਪਾਦਰੀ ਨੇ ਉਸ ਦੀ ਗੱਲ ਅਣਸੁਣੀ ਕਰ ਦਿੱਤੀ। ਮੈਂ ਉਸ ਦਿਨ ਤੋਂ ਬਾਅਦ ਕਦੇ ਚਰਚ ਨਹੀਂ ਗਿਆ।

ਇਸ ਤੋਂ ਜਲਦੀ ਬਾਅਦ ਮੈਂ ਬਾਈਬਲ ਸਟੱਡੀ ਕਰਨ ਲੱਗ ਪਿਆ ਤੇ ਔਂਡਰੇ ਨਾਲ ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਜਾਣ ਲੱਗ ਪਿਆ। ਜਦ ਸਾਡੇ ਰਿਸ਼ਤੇਦਾਰਾਂ ਨੂੰ ਪਤਾ ਲੱਗਾ, ਤਾਂ ਉਹ ਸਾਡਾ ਵਿਰੋਧ ਕਰਨ ਲੱਗ ਪਏ। ਔਂਡਰੇ ਦੀ ਨਾਨੀ ਨੇ ਸਾਨੂੰ ਖ਼ਬਰਦਾਰ ਕੀਤਾ: “ਜੇ ਤੁਸੀਂ ਇਸ ਨਵੇਂ ਧਰਮ ਬਾਰੇ ਸਿੱਖਣਾ ਨਾ ਛੱਡਿਆ, ਤਾਂ ਮੈਂ ਟੋਆ ਪੁੱਟ ਕੇ ਤੁਹਾਨੂੰ ਉਸ ਵਿਚ ਦੱਬ ਦੇਵਾਂਗੀ।” ਉਸ ਦੀਆਂ ਧਮਕੀਆਂ ਤੋਂ ਅਸੀਂ ਡਰੇ ਨਹੀਂ। ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਅੱਗੇ ਵਧਣ ਦਾ ਪੱਕਾ ਇਰਾਦਾ ਕਰ ਲਿਆ ਸੀ।

ਤਬਦੀਲੀਆਂ

ਜਦੋਂ ਮੈਂ ਬਾਈਬਲ ਸਟੱਡੀ ਕੀਤੀ, ਤਾਂ ਮੈਨੂੰ ਲੱਗਾ ਕਿ ਮੈਂ ਕਦੇ ਪਿਆਰ ਨੂੰ ਜਾਣਿਆ ਹੀ ਨਹੀਂ। ਮੈਂ ਬਹੁਤ ਸਖ਼ਤ ਸੁਭਾਅ ਦਾ ਸੀ ਤੇ ਲੜਾਕਾ ਸੀ। ਮੈਂ ਕਿਸੇ ’ਤੇ ਭਰੋਸਾ ਨਹੀਂ ਕਰਦਾ ਸੀ। ਗਵਾਹਾਂ ਨੇ ਮੇਰੇ ਵਿਚ ਸੱਚੀ ਦਿਲਚਸਪੀ ਲਈ। ਜਦ ਮੈਂ ਬਹੁਤ ਬੀਮਾਰ ਸੀ, ਤਾਂ ਮੇਰੇ ਰਿਸ਼ਤੇਦਾਰਾਂ ਨੇ ਮੇਰੀ ਕੋਈ ਪਰਵਾਹ ਨਹੀਂ ਕੀਤੀ। ਪਰ ਗਵਾਹ ਮੈਨੂੰ ਮਿਲਣ ਆਏ ਤੇ ਮੇਰੀ ਮਦਦ ਵੀ ਕੀਤੀ। ਉਨ੍ਹਾਂ ਨੇ ਆਪਣਾ ਪਿਆਰ “ਗੱਲੀਂ-ਬਾਤੀਂ ਜਾਂ ਜ਼ਬਾਨੀ” ਨਹੀਂ ਦਿਖਾਇਆ, ਸਗੋਂ ਉਨ੍ਹਾਂ ਨੇ ਆਪਣੇ ਕੰਮਾਂ ਦੇ ਜ਼ਰੀਏ ਸੱਚੇ ਪਿਆਰ ਦਾ ਸਬੂਤ ਦਿੱਤਾ।—1 ਯੂਹੰਨਾ 3:18.

ਭਾਵੇਂ ਮੈਂ ਦੇਖਣ ਨੂੰ ਡਰਾਉਣਾ ਲੱਗਦਾ ਸੀ ਤੇ ਰੁੱਖੇ ਸੁਭਾਅ ਦਾ ਸੀ, ਫਿਰ ਵੀ ਗਵਾਹਾਂ ਨੇ ਮੇਰਾ ‘ਸਾਥ ਦਿੱਤਾ’ ਤੇ ਮੈਨੂੰ ‘ਹਮਦਰਦੀ ਦਿਖਾਈ।’ (1 ਪਤਰਸ 3:8) ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਮੈਨੂੰ ਲੱਗਾ ਕਿ ਮੈਨੂੰ ਵੀ ਕੋਈ ਪਿਆਰ ਕਰਦਾ ਹੈ। ਮੇਰਾ ਸੁਭਾਅ ਨਰਮ ਹੋ ਗਿਆ ਤੇ ਮੈਂ ਯਹੋਵਾਹ ਅਤੇ ਲੋਕਾਂ ਨੂੰ ਪਿਆਰ ਕਰਨ ਲੱਗ ਪਿਆ। ਨਤੀਜੇ ਵਜੋਂ, ਮੈਂ ਦਸੰਬਰ 2004 ਵਿਚ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈ ਲਿਆ। ਥੋੜ੍ਹੀ ਦੇਰ ਬਾਅਦ ਔਂਡਰੇ ਨੇ ਵੀ ਬਪਤਿਸਮਾ ਲੈ ਲਿਆ।

ਮੁਸ਼ਕਲਾਂ ਦੇ ਬਾਵਜੂਦ ਬਰਕਤਾਂ

ਬਪਤਿਸਮੇ ਤੋਂ ਬਾਅਦ ਮੈਂ ਜੋਸ਼ ਨਾਲ ਉਨ੍ਹਾਂ ਲੋਕਾਂ ਦੀ ਮਦਦ ਕਰਨੀ ਚਾਹੁੰਦਾ ਸੀ ਜਿਨ੍ਹਾਂ ਨੂੰ ਕਦੀ ਪਿਆਰ ਜਾਂ ਇਨਸਾਫ਼ ਨਹੀਂ ਮਿਲਿਆ। ਇਸ ਲਈ ਮੈਂ ਆਪਣਾ ਪੂਰਾ ਸਮਾਂ ਪ੍ਰਚਾਰ ਕਰਨ ਵਿਚ ਲਾਉਣ ਲੱਗ ਪਿਆ। ਰਾਜਨੀਤਿਕ ਅੰਦੋਲਨਾਂ ਅਤੇ ਦੰਗੇ-ਫ਼ਸਾਦਾਂ ਵਿਚ ਹਿੱਸਾ ਲੈਣ ਨਾਲੋਂ ਪਰਮੇਸ਼ੁਰ ਬਾਰੇ ਦੂਜਿਆਂ ਨੂੰ ਸਿਖਾਉਣਾ ਕਿੰਨਾ ਹੀ ਤਾਜ਼ਗੀ ਭਰਿਆ ਕੰਮ ਹੈ! ਮੈਂ ਸੱਚ-ਮੁੱਚ ਲੋਕਾਂ ਦੀ ਮਦਦ ਕਰ ਸਕਿਆ।

2006 ਵਿਚ ਪੂਰਬੀ ਟਿਮੋਰ ਵਿਚ ਰਾਜਨੀਤਿਕ ਤਣਾਅ ਅਤੇ ਅਲੱਗ-ਅਲੱਗ ਇਲਾਕਿਆਂ ਵਿਚ ਆਪਸੀ ਤਣਾਅ ਦੁਬਾਰਾ ਪੈਦਾ ਹੋ ਗਿਆ। ਲੰਮੇ ਸਮੇਂ ਤੋਂ ਆਪਸੀ ਦੁਸ਼ਮਣੀ ਕਰਕੇ ਦੋ ਧੜਿਆਂ ਵਿਚ ਲੜਾਈ ਹੋ ਗਈ। ਡਿਲੀ ਸ਼ਹਿਰ ਨੂੰ ਘੇਰਾ ਪਾ ਲਿਆ ਗਿਆ ਅਤੇ ਬਹੁਤ ਸਾਰੇ ਪੂਰਬੀ ਲੋਕ ਆਪਣੀਆਂ ਜਾਨਾਂ ਬਚਾਉਣ ਦੀ ਖ਼ਾਤਰ ਭੱਜ ਗਏ। ਹੋਰ ਗਵਾਹਾਂ ਦੇ ਨਾਲ ਮੈਂ ਵੀ ਬਾਓਕਾਓ ਭੱਜ ਗਿਆ। ਇਹ ਡਿਲੀ ਦੇ ਪੂਰਬ ਵੱਲ ਲਗਭਗ 120 ਕਿਲੋਮੀਟਰ ਦੂਰ ਇਕ ਵੱਡਾ ਕਸਬਾ ਹੈ। ਭਾਵੇਂ ਕਿ ਹਾਲਾਤ ਮੁਸ਼ਕਲਾਂ ਭਰੇ ਸਨ, ਪਰ ਸਾਨੂੰ ਇਕ ਬਰਕਤ ਮਿਲੀ। ਡਿਲੀ ਤੋਂ ਬਾਹਰ ਅਸੀਂ ਪਹਿਲੀ ਨਵੀਂ ਮੰਡਲੀ ਸਥਾਪਿਤ ਕਰ ਸਕੇ।

ਤਿੰਨ ਸਾਲ ਬਾਅਦ 2009 ਵਿਚ ਮੈਨੂੰ ਜਕਾਰਤਾ, ਇੰਡੋਨੇਸ਼ੀਆ ਵਿਚ ਪੂਰਾ ਸਮਾਂ ਪ੍ਰਚਾਰ ਕਰਨ ਵਾਲਿਆਂ ਲਈ ਇਕ ਖ਼ਾਸ ਸਕੂਲ ਵਿਚ ਹਾਜ਼ਰ ਹੋਣ ਦਾ ਸੱਦਾ ਮਿਲਿਆ। ਜਕਾਰਤਾ ਦੇ ਭੈਣਾਂ-ਭਰਾਵਾਂ ਨੇ ਮੈਨੂੰ ਆਪਣੇ ਘਰਾਂ ਵਿਚ ਅਤੇ ਦਿਲਾਂ ਵਿਚ ਜਗ੍ਹਾ ਦਿੱਤੀ। ਉਨ੍ਹਾਂ ਦੇ ਇਸ ਸੱਚੇ ਪਿਆਰ ਦਾ ਮੇਰੇ ’ਤੇ ਡੂੰਘਾ ਅਸਰ ਪਿਆ। ਮੈਂ ਮਹਿਸੂਸ ਕੀਤਾ ਕਿ ਮੈਂ ਵਿਸ਼ਵ-ਵਿਆਪੀ ਭਾਈਚਾਰੇ ਦਾ ਹਿੱਸਾ ਹਾਂ ਜੋ ਮੇਰੀ ਪਰਵਾਹ ਕਰਦਾ ਹੈ।—1 ਪਤਰਸ 2:17.

ਆਖ਼ਰਕਾਰ ਸ਼ਾਂਤੀ!

ਸਕੂਲ ਤੋਂ ਬਾਅਦ ਮੈਂ ਵਾਪਸ ਬਾਓਕਾਓ ਆ ਕੇ ਰਹਿਣ ਲੱਗ ਪਿਆ। ਜਿੱਦਾਂ ਹੋਰਾਂ ਨੇ ਮੇਰੀ ਮਦਦ ਕੀਤੀ ਸੀ, ਉੱਦਾਂ ਹੀ ਮੈਨੂੰ ਇੱਥੋਂ ਦੇ ਲੋਕਾਂ ਨੂੰ ਪਰਮੇਸ਼ੁਰ ਬਾਰੇ ਸਿਖਾ ਕੇ ਬਹੁਤ ਖ਼ੁਸ਼ੀ ਮਿਲਦੀ ਹੈ। ਮਿਸਾਲ ਲਈ, ਬਾਓਕਾਓ ਤੋਂ ਬਾਹਰ ਇਕ ਦੂਰ-ਦੁਰਾਡੇ ਪਿੰਡ ਵਿਚ ਮੈਂ ਤੇ ਹੋਰ ਭੈਣ-ਭਰਾ 20 ਲੋਕਾਂ ਨੂੰ ਬਾਈਬਲ ਵਿੱਚੋਂ ਸਿੱਖਿਆ ਦਿੰਦੇ ਹਾਂ। ਇਨ੍ਹਾਂ ਵਿਚ ਕਈ ਬਜ਼ੁਰਗ ਵੀ ਹਨ ਜੋ ਅਨਪੜ੍ਹ ਹਨ। ਪੂਰਾ ਗਰੁੱਪ ਹਰ ਹਫ਼ਤੇ ਮੀਟਿੰਗਾਂ ’ਤੇ ਆਉਂਦਾ ਹੈ ਤੇ ਉਨ੍ਹਾਂ ਵਿੱਚੋਂ ਤਿੰਨ ਜਣੇ ਬਪਤਿਸਮਾ ਲੈ ਕੇ ਵਿਸ਼ਵ-ਵਿਆਪੀ ਪਰਿਵਾਰ ਦਾ ਹਿੱਸਾ ਬਣ ਗਏ ਹਨ। ਕੁਝ ਸਾਲ ਪਹਿਲਾਂ ਮੈਂ ਇਕ ਨਿੱਘੇ

ਤੇ ਦੋਸਤਾਨਾ ਸੁਭਾਅ ਦੀ ਕੁੜੀ ਨੂੰ ਮਿਲਿਆ ਜਿਸ ਦਾ ਨਾਂ ਫੈਲੀਜ਼ੌਰਡਾ ਹੈ। ਉਸ ਨੇ ਸੱਚਾਈ ਨੂੰ ਸਵੀਕਾਰ ਕੀਤਾ ਤੇ ਛੇਤੀ ਹੀ ਸੱਚਾਈ ਵਿਚ ਤਰੱਕੀ ਕਰ ਕੇ ਬਪਤਿਸਮਾ ਲੈ ਲਿਆ। ਸਾਡਾ 2011 ਵਿਚ ਵਿਆਹ ਹੋ ਗਿਆ। ਮੈਨੂੰ ਖ਼ੁਸ਼ੀ ਹੈ ਕਿ ਮੇਰਾ ਰਿਸ਼ਤੇਦਾਰ ਔਂਡਰੇ ਪੂਰਬੀ ਟਿਮੋਰ ਵਿਚ ਯਹੋਵਾਹ ਦੇ ਗਵਾਹਾਂ ਦੇ ਆਫ਼ਿਸ ਵਿਚ ਕੰਮ ਕਰਦਾ ਹੈ। ਇੱਥੋਂ ਤਕ ਕਿ ਮੇਰੇ ਬਹੁਤ ਸਾਰੇ ਰਿਸ਼ਤੇਦਾਰ ਵੀ ਮੇਰੇ ਧਰਮ ਦੀ ਇੱਜ਼ਤ ਕਰਦੇ ਹਨ। ਇਨ੍ਹਾਂ ਵਿਚ ਔਂਡਰੇ ਦੀ ਨਾਨੀ ਵੀ ਸ਼ਾਮਲ ਹੈ ਜੋ ਸਾਨੂੰ ਮਾਰ ਕੇ ਦੱਬਣਾ ਚਾਹੁੰਦੀ ਸੀ!

ਪਹਿਲਾਂ ਮੈਂ ਗੁੱਸੇਖ਼ੋਰ ਸੀ ਤੇ ਮੈਨੂੰ ਲੱਗਦਾ ਸੀ ਕਿ ਨਾ ਮੈਨੂੰ ਕੋਈ ਪਿਆਰ ਕਰਦਾ ਤੇ ਨਾ ਹੀ ਮੈਂ ਕਿਸੇ ਨੂੰ ਪਿਆਰ ਕਰਦਾ ਸੀ। ਪਰ ਮੈਂ ਯਹੋਵਾਹ ਦਾ ਧੰਨਵਾਦ ਕਰਦਾ ਹਾਂ ਕਿ ਅਖ਼ੀਰ ਮੈਨੂੰ ਸੱਚਾ ਪਿਆਰ ਤੇ ਸ਼ਾਂਤੀ ਮਿਲ ਹੀ ਗਈ! (g12-E 06)

[ਸਫ਼ਾ 18 ਉੱਤੇ ਤਸਵੀਰ]

ਰਾਜਨੀਤਿਕ ਅੰਦੋਲਨਕਾਰੀ ਵਜੋਂ ਅਜ਼ੀਡਿਓ

[ਸਫ਼ਾ 20 ਉੱਤੇ ਤਸਵੀਰ]

ਅਜ਼ੀਡਿਓ ਤੇ ਫੈਲੀਜ਼ੌਰਡਾ ਪੂਰਬੀ ਟਿਮੋਰ ਦੀ ਬਾਓਕਾਓ ਮੰਡਲੀ ਦੇ ਹੋਰਨਾਂ ਭੈਣਾਂ-ਭਰਾਵਾਂ ਨਾਲ