Skip to content

Skip to table of contents

ਹੋਰ ਇਨਸਾਫ਼ ਕਰਨ ਦੇ ਸੁਝਾਅ

ਹੋਰ ਇਨਸਾਫ਼ ਕਰਨ ਦੇ ਸੁਝਾਅ

ਹੋਰ ਇਨਸਾਫ਼ ਕਰਨ ਦੇ ਸੁਝਾਅ

ਸਾਡਾ ਸ੍ਰਿਸ਼ਟੀਕਰਤਾ ਚਾਹੁੰਦਾ ਹੈ ਕਿ ਅਸੀਂ ਖ਼ੁਸ਼ ਹੋਈਏ, ਮਨ ਦੀ ਸ਼ਾਂਤੀ ਪਾਈਏ ਅਤੇ ਦੂਜਿਆਂ ਦੀ ਖ਼ੁਸ਼ੀ ਨੂੰ ਵਧਾਈਏ। ਇਸ ਲਈ ਉਹ ਸਾਨੂੰ ਕਹਿੰਦਾ ਹੈ: ‘ਇਨਸਾਫ਼ ਕਰ, ਦਯਾ ਨਾਲ ਪ੍ਰੇਮ ਰੱਖ।’ (ਮੀਕਾਹ 6:8) ਅਸੀਂ ਇਹ ਕਿੱਦਾਂ ਕਰ ਸਕਦੇ ਹਾਂ? ਸਾਨੂੰ ਆਪਣੇ ਵਿਚ ਉਹ ਗੁਣ ਪੈਦਾ ਕਰਨ ਦੀ ਲੋੜ ਹੈ ਜੋ ਸਾਨੂੰ ਅਨਿਆਂ ਕਰਨ ਤੋਂ ਰੋਕਦੇ ਹਨ। ਗੌਰ ਕਰੋ ਕਿ ਇਸ ਤਰ੍ਹਾਂ ਕਰਨ ਵਿਚ ਬਾਈਬਲ ਸਾਡੀ ਕਿਵੇਂ ਮਦਦ ਕਰ ਸਕਦੀ ਹੈ।

ਲਾਲਚ ਕਰਨਾ ਛੱਡੋ। ਲਾਲਚ ਛੱਡਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਅਸੀਂ ਆਪਣੇ ਵਿਚ ਪਿਆਰ ਪੈਦਾ ਕਰੀਏ। ਇਹ ਰੋਮਾਂਟਿਕ ਪਿਆਰ ਨਹੀਂ ਹੈ, ਸਗੋਂ ਉਹ ਪਿਆਰ ਹੈ ਜਿਸ ਕਾਰਨ ਅਸੀਂ ਆਪਾ ਵਾਰਨ ਲਈ ਤਿਆਰ ਹੋ ਜਾਂਦੇ ਹਾਂ। 1 ਕੁਰਿੰਥੀਆਂ 13:4, 5 ਕਹਿੰਦਾ ਹੈ ਕਿ ਅਜਿਹਾ ‘ਪਿਆਰ ਦਿਆਲੂ ਹੈ’ ਅਤੇ “ਆਪਣੇ ਬਾਰੇ ਹੀ ਨਹੀਂ ਸੋਚਦਾ।” ਇਸ ਤੋਂ ਇਲਾਵਾ, ਇਹ ਪਿਆਰ ਸਿਰਫ਼ ਪਰਿਵਾਰ ਜਾਂ ਦੋਸਤਾਂ-ਮਿੱਤਰਾਂ ਨਾਲ ਹੀ ਨਹੀਂ ਕੀਤਾ ਜਾਂਦਾ। ਯਿਸੂ ਨੇ ਪੁੱਛਿਆ: “ਜੇ ਤੁਸੀਂ ਸਿਰਫ਼ ਉਨ੍ਹਾਂ ਨਾਲ ਹੀ ਪਿਆਰ ਕਰਦੇ ਹੋ ਜੋ ਤੁਹਾਡੇ ਨਾਲ ਪਿਆਰ ਕਰਦੇ ਹਨ, ਤਾਂ ਕੀ ਤੁਹਾਨੂੰ ਕੋਈ ਇਨਾਮ ਮਿਲੇਗਾ?” ਇਹ ਪੁੱਛਣ ਤੋਂ ਬਾਅਦ ਉਸ ਨੇ ਕਿਹਾ ਕਿ ਰੱਬ ਨੂੰ ਨਾ ਮੰਨਣ ਵਾਲੇ ਲੋਕ ਵੀ ਉਨ੍ਹਾਂ ਨਾਲ ਪਿਆਰ ਕਰਦੇ ਹਨ ਜੋ ਉਨ੍ਹਾਂ ਨੂੰ ਪਿਆਰ ਕਰਦੇ ਹਨ।—ਮੱਤੀ 5:46.

ਪੱਖਪਾਤ ਕਰਨਾ ਛੱਡੋ। ਰਸੂਲਾਂ ਦੇ ਕੰਮ 10:34, 35 ਕਹਿੰਦਾ ਹੈ: “ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ, ਪਰ ਹਰ ਕੌਮ ਵਿਚ ਜਿਹੜਾ ਵੀ ਇਨਸਾਨ ਉਸ ਤੋਂ ਡਰਦਾ ਹੈ ਅਤੇ ਸਹੀ ਕੰਮ ਕਰਦਾ ਹੈ, ਪਰਮੇਸ਼ੁਰ ਉਸ ਨੂੰ ਕਬੂਲ ਕਰਦਾ ਹੈ।” ਪਰਮੇਸ਼ੁਰ ਲੋਕਾਂ ਦਾ ਇਨਸਾਫ਼ ਇਸ ਆਧਾਰ ’ਤੇ ਨਹੀਂ ਕਰਦਾ ਕਿ ਉਹ ਕਿਸ ਨਸਲ ਦੇ ਹਨ, ਸਮਾਜ ਵਿਚ ਉਨ੍ਹਾਂ ਦੀ ਹੈਸੀਅਤ ਕੀ ਹੈ ਜਾਂ ਉਹ ਆਦਮੀ ਹੈ ਜਾਂ ਔਰਤ। ਉਸ ਦੀਆਂ ਨਜ਼ਰਾਂ ਵਿਚ “ਨਾ ਤਾਂ ਕੋਈ ਯਹੂਦੀ ਹੈ, ਨਾ ਯੂਨਾਨੀ, ਨਾ ਗ਼ੁਲਾਮ, ਨਾ ਆਜ਼ਾਦ, ਨਾ ਆਦਮੀ ਅਤੇ ਨਾ ਤੀਵੀਂ।” (ਗਲਾਤੀਆਂ 3:28) ਜਦੋਂ ਅਸੀਂ ਪਰਮੇਸ਼ੁਰ ਦੀ ਰੀਸ ਕਰਦੇ ਹਾਂ, ਤਾਂ ਅਸੀਂ ਪੱਖਪਾਤ ਕਰਨਾ ਛੱਡ ਸਕਦੇ ਹਾਂ। ਅਮਰੀਕਾ ਵਿਚ ਰਹਿਣ ਵਾਲੀ ਡੋਰਥੀ ਦੀ ਮਿਸਾਲ ਉੱਤੇ ਗੌਰ ਕਰੋ।

ਡੋਰਥੀ ਨਸਲੀ ਪੱਖਪਾਤ ਹੋਣ ਕਰਕੇ ਇੰਨੀ ਪਰੇਸ਼ਾਨ ਸੀ ਕਿ ਉਹ ਕ੍ਰਾਂਤੀਕਾਰੀ ਬਣਨਾ ਚਾਹੁੰਦੀ ਸੀ ਤਾਂਕਿ ਉਹ ਕਾਲੇ ਲੋਕਾਂ ਨਾਲ ਹੋ ਰਹੀ ਬੇਇਨਸਾਫ਼ੀ ਤੋਂ ਬਚਾ ਸਕੇ। ਉਸ ਸਮੇਂ ਦੌਰਾਨ ਉਹ ਯਹੋਵਾਹ ਦੇ ਗਵਾਹਾਂ ਦੀ ਮੀਟਿੰਗ ਵਿਚ ਗਈ ਅਤੇ ਕਾਲੇ ਤੇ ਗੋਰੇ ਲੋਕਾਂ ਦਾ ਪਿਆਰ ਦੇਖ ਕੇ ਉਸ ਉੱਤੇ ਬਹੁਤ ਡੂੰਘਾ ਅਸਰ ਪਿਆ। ਥੋੜ੍ਹੇ ਸਮੇਂ ਵਿਚ ਉਸ ਨੇ ਸਿੱਖਿਆ ਕਿ ਸਿਰਫ਼ ਰੱਬ ਹੀ ਲੋਕਾਂ ਦੇ ਦਿਲਾਂ ਨੂੰ ਬਦਲ ਸਕਦਾ ਹੈ। ਜਦੋਂ ਉਸ ਨੇ ਗੋਰੇ ਗਵਾਹਾਂ ਦਾ ਪਿਆਰ ਦੇਖਿਆ, ਤਾਂ ਉਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਹ “ਕ੍ਰਾਂਤੀ ਨੂੰ ਫੈਲਾਉਣ ਲਈ ਬਿਨਾਂ ਝਿਜਕ ਗੋਰਿਆਂ ਨੂੰ ਮਾਰ ਸਕਦੀ ਸੀ।” ਪਰ ਗਵਾਹਾਂ ਦਾ ਪਿਆਰ ਦੇਖ ਕੇ ਉਹ ਇੰਨੀ “ਪ੍ਰਭਾਵਿਤ” ਹੋਈ ਕਿ ਉਹ ਆਪਣੇ ਹੰਝੂ ਨਾ ਰੋਕ ਸਕੀ।

ਸਮਾਜ-ਵਿਰੋਧੀ ਰਵੱਈਏ ਨੂੰ ਛੱਡਣਾ। ਮਸੀਹੀ ਬਣਨ ਤੋਂ ਪਹਿਲਾਂ ਯਿਸੂ ਦੇ ਕੁਝ ਮੁਢਲੇ ਚੇਲੇ ਸ਼ਰਾਬੀ, ਦੂਸਰਿਆਂ ਨੂੰ ਲੁੱਟਣ ਵਾਲੇ, ਰੰਗਰਲੀਆਂ ਮਨਾਉਣ ਵਾਲੇ ਅਤੇ ਗਾਲ਼ਾਂ ਕੱਢਣ ਵਾਲੇ ਸਨ। ਪਰ ਪਰਮੇਸ਼ੁਰ ਦੀ ਮਦਦ ਨਾਲ ਉਨ੍ਹਾਂ ਨੇ ਇਹ ਔਗੁਣ ਛੱਡ ਕੇ ਆਪਣੇ ਵਿਚ ਪਿਆਰ, ਦਇਆ ਤੇ ਭਲਾਈ ਵਰਗੇ ਗੁਣ ਪੈਦਾ ਕੀਤੇ। (1 ਕੁਰਿੰਥੀਆਂ 5:11; 6:9-11; ਗਲਾਤੀਆਂ 5:22) ਇਸੇ ਤਰ੍ਹਾਂ ਅੱਜ ਵੀ ਲੱਖਾਂ ਹੀ ਲੋਕਾਂ ਨੇ ਰੱਬ ਵੱਲ ਮੁੜ ਕੇ ਆਪਣੀ ਜ਼ਿੰਦਗੀ ਵਿਚ ਵਧੀਆ ਤਬਦੀਲੀਆਂ ਕੀਤੀਆਂ ਹਨ। ਅਜ਼ਰਬਾਈਜਨ ਵਿਚ ਰਹਿਣ ਵਾਲੇ ਫੀਰੋਦੀਨ ਦੀ ਮਿਸਾਲ ਉੱਤੇ ਗੌਰ ਕਰੋ।

ਫੀਰੋਦੀਨ ਦਾ ਪਾਲਣ-ਪੋਸ਼ਣ ਅਨਾਥ-ਆਸ਼ਰਮ ਵਿਚ ਹੋਇਆ ਸੀ ਜਿੱਥੇ ਉਹ ਦੂਸਰੇ ਮੁੰਡਿਆਂ ਨਾਲ ਲੜਦਾ ਰਹਿੰਦਾ ਸੀ। ਵੱਡਾ ਹੋ ਕੇ ਉਹ ਮੁੱਕੇਬਾਜ਼ੀ ਸਿਖਾਉਣ ਲੱਗ ਪਿਆ। ਉਹ ਕਹਿੰਦਾ ਹੈ: “ਮੈਂ ਬਦਤਮੀਜ਼, ਜ਼ਾਲਮ ਅਤੇ ਹਿੰਸਕ ਸੀ। ਜੇ ਖਾਣੇ ਦੇ ਸਮੇਂ ਮੇਰੀ ਪਤਨੀ ਜ਼ਾਹਰਾ ਕੋਈ ਚੀਜ਼ ਭੁੱਲ ਜਾਂਦੀ ਸੀ, ਇੱਥੋਂ ਤਕ ਕਿ ਟੂਥਪਿਕ ਵੀ, ਤਾਂ ਮੈਂ ਉਸ ਨੂੰ ਮਾਰਦਾ-ਕੁੱਟਦਾ ਸੀ। ਜੇ ਅਸੀਂ ਦੋਵੇਂ ਜਣੇ ਇਕੱਠੇ ਬਾਹਰ ਜਾਂਦੇ ਸੀ ਤੇ ਕੋਈ ਮੇਰੀ ਪਤਨੀ ਵੱਲ ਦੇਖਦਾ ਸੀ, ਤਾਂ ਮੈਂ ਉਸ ਨੂੰ ਵੀ ਕੁੱਟਣ ਲੱਗ ਪੈਂਦਾ ਸੀ!”

ਇਕ ਦਿਨ ਫੀਰੋਦੀਨ ਦੇ ਦਿਲ ਨੂੰ ਇਹ ਗੱਲ ਛੂਹ ਗਈ ਜਦੋਂ ਉਸ ਨੇ ਸਿੱਖਿਆ ਕਿ ਯਿਸੂ ਨੇ ਪਰਮੇਸ਼ੁਰ ਨੂੰ ਕਿਹਾ ਕਿ ਉਹ ਉਨ੍ਹਾਂ ਸਿਪਾਹੀਆਂ ਨੂੰ ਮਾਫ਼ ਕਰ ਦੇਵੇ ਜਿਨ੍ਹਾਂ ਨੇ ਉਸ ਨੂੰ ਸੂਲ਼ੀ ’ਤੇ ਟੰਗਿਆ ਸੀ। (ਲੂਕਾ 23:34) ਉਸ ਨੇ ਸੋਚਿਆ ਕਿ ‘ਸਿਰਫ਼ ਪਰਮੇਸ਼ੁਰ ਦਾ ਪੁੱਤਰ ਹੀ ਇੱਦਾਂ ਕਰ ਸਕਦਾ ਹੈ।’ ਇਸ ਤੋਂ ਬਾਅਦ ਉਹ ਪਰਮੇਸ਼ੁਰ ਬਾਰੇ ਹੋਰ ਸਿੱਖਣਾ ਚਾਹੁੰਦਾ ਸੀ। ਜਦੋਂ ਯਹੋਵਾਹ ਦੇ ਗਵਾਹਾਂ ਨੇ ਉਸ ਨੂੰ ਬਾਈਬਲ ਸਟੱਡੀ ਕਰਨ ਲਈ ਕਿਹਾ, ਤਾਂ ਉਹ ਝੱਟ ਰਾਜ਼ੀ ਹੋ ਗਿਆ। ਜਲਦੀ ਹੀ ਉਹ ਆਪਣਾ ਸੁਭਾਅ ਬਦਲਣ ਲੱਗ ਪਿਆ। ਉਹ ਜ਼ਾਹਰਾ ਨਾਲ ਸਹੀ ਤਰੀਕੇ ਨਾਲ ਪੇਸ਼ ਆਉਣ ਲੱਗ ਪਿਆ ਜਿਸ ਕਰਕੇ ਉਹ ਵੀ ਬਾਈਬਲ ਸਟੱਡੀ ਕਰਨ ਲੱਗ ਪਈ। ਅੱਜ ਉਹ ਦੋਵੇਂ ਜਣੇ ਮਿਲ ਕੇ ਪਰਮੇਸ਼ੁਰ ਦੀ ਭਗਤੀ ਕਰਦੇ ਹਨ।

ਇਹ ਸੱਚ ਹੈ ਕਿ ਆਪਣੇ ਵਿਚ ਤਬਦੀਲੀਆਂ ਕਰਨ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਸਾਰੇ ਸੰਸਾਰ ਨੂੰ ਬਦਲ ਸਕਦੇ ਹਾਂ! ਪਰ ਉਦੋਂ ਕੀ ਹੋਵੇਗਾ ਜਦੋਂ ਪਰਮੇਸ਼ੁਰ ਅਜਿਹੀ ਦੁਨੀਆਂ ਲਿਆਵੇਗਾ ਜਿੱਥੇ ਇਨਸਾਫ਼ ਦਾ ਬੋਲਬਾਲਾ ਹੋਵੇਗਾ? ਇੱਦਾਂ ਕਰਨ ਲਈ ਉਸ ਕੋਲ ਤਾਕਤ ਹੈ! ਪਿਛਲੇ ਲੇਖ ਦੇ ਸ਼ੁਰੂ ਵਿਚ 2 ਤਿਮੋਥਿਉਸ 3:1-4 ਦਾ ਹਵਾਲਾ ਦਿੱਤਾ ਗਿਆ ਸੀ ਜਿੱਥੇ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਸਾਡੇ ਸਮੇਂ ਦੇ ਲੋਕ ਕਿਸ ਤਰ੍ਹਾਂ ਦੇ ਹੋਣਗੇ। ਬਾਈਬਲ ਦੀਆਂ ਹੋਰ ਭਵਿੱਖਬਾਣੀਆਂ ਵਾਂਗ ਇਹ ਭਵਿੱਖਬਾਣੀ ਵੀ ਐਨ ਸਹੀ ਹੋ ਰਹੀ ਹੈ। ਬੇਇਨਸਾਫ਼ੀ ਖ਼ਤਮ ਕਰਨ ਦੇ ਪਰਮੇਸ਼ੁਰ ਦੇ ਵਾਅਦੇ ’ਤੇ ਸਾਨੂੰ ਭਰੋਸਾ ਹੈ। ਇਹ ਸਾਡੀ ਕੋਈ ਗ਼ਲਤਫ਼ਹਿਮੀ ਨਹੀਂ ਹੈ ਕਿਉਂਕਿ ਪਰਮੇਸ਼ੁਰ ਆਪਣਾ ਮਕਸਦ ਜ਼ਰੂਰ ਪੂਰਾ ਕਰੇਗਾ। ਉਹ ਕਿਵੇਂ? (g12-E 05)

[ਸਫ਼ਾ 13 ਉੱਤੇ ਡੱਬੀ/ਤਸਵੀਰ]

ਹਾਇਡੀ ਦੀ ਇਨਸਾਫ਼ ਲਈ ਖੋਜ

ਅਮਰੀਕਾ ਦੀ ਰਹਿਣ ਵਾਲੀ ਹਾਇਡੀ ਯਾਦ ਕਰਦੀ ਹੈ: “ਮੈਂ ਨਸਲਵਾਦ, ਯੁੱਧ, ਗ਼ਰੀਬੀ ਅਤੇ ਹੋਰ ਬੇਇਨਸਾਫ਼ੀਆਂ ਕਰਕੇ ਪਰੇਸ਼ਾਨ ਸੀ ਤੇ ਮੈਂ ਇਸ ਦਾ ਹੱਲ ਲੱਭ ਰਹੀ ਸੀ। ਮੈਂ ਮਨੁੱਖੀ ਅਧਿਕਾਰਾਂ ਦੀ ਲਹਿਰ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਤੇ ਫਿਰ ਬਾਅਦ ਵਿਚ ਇਕ ਸਿਆਸੀ ਪਾਰਟੀ ਨਾਲ ਜੁੜ ਗਈ। ਪਰ ਇਹ ਸਾਰੇ ਦੇ ਸਾਰੇ ਅਨਿਆਂ ਨੂੰ ਖ਼ਤਮ ਕਰਨ ਦੇ ਕਾਬਲ ਨਹੀਂ ਸਨ।

“ਮੈਨੂੰ ਲੱਗਾ ਕਿ ਬਹੁਤ ਵੱਡੇ ਬਦਲਾਅ ਦੀ ਲੋੜ ਸੀ ਤੇ ਉਸ ਸਮੇਂ ਚੱਲ ਰਹੇ ਹਿੱਪੀ ਅੰਦੋਲਨ ਤੋਂ ਉਮੀਦ ਦੀ ਕਿਰਨ ਨਜ਼ਰ ਆਉਣ ਲੱਗੀ। ਪਰ ਉਹ ਵੀ ਕੁਝ ਨਾ ਕਰ ਸਕੇ। ਮੈਂ ਦੇਖਿਆ ਕਿ ਸਮਾਜ ਨੂੰ ਬਦਲਣ ਦੀ ਬਜਾਇ ਜ਼ਿਆਦਾਤਰ ਹਿੱਪੀ ਸੈਕਸ, ਡ੍ਰੱਗਜ਼ ਤੇ ਰਾਕ ਐਂਡ ਰੋਲ ਸੰਗੀਤ ਵਿਚ ਦਿਲਚਸਪੀ ਰੱਖਦੇ ਸਨ। ਇਹ ਦੇਖ ਕੇ ਮੈਨੂੰ ਡਿਪਰੈਸ਼ਨ ਹੋ ਗਿਆ। ਫਿਰ ਮੇਰੀ ਮੁਲਾਕਾਤ ਇਕ ਯਹੋਵਾਹ ਦੀ ਗਵਾਹ ਨਾਲ ਹੋਈ। ਉਸ ਨੇ ਮੈਨੂੰ ਬਾਈਬਲ ਤੋਂ ਦਿਖਾਇਆ ਕਿ ਪਰਮੇਸ਼ੁਰ ਕਿਹੜੀਆਂ ਤਬਦੀਲੀਆਂ ਕਰਨ ਵਾਲਾ ਹੈ। ਮਿਸਾਲ ਲਈ, ਉਸ ਨੇ ਮੈਨੂੰ ਬਾਈਬਲ ਤੋਂ ਕੁਝ ਹਵਾਲੇ ਦਿਖਾਏ, ਜਿਵੇਂ ਪ੍ਰਕਾਸ਼ ਦੀ ਕਿਤਾਬ 21:3, 4. ਇਸ ਵਿਚ ਲਿਖਿਆ ਹੈ ਕਿ ਪਰਮੇਸ਼ੁਰ ਬੇਇਨਸਾਫ਼ੀ ਕਰਕੇ ਵਹਿੰਦੇ ਹੰਝੂਆਂ ਨੂੰ ਪੂੰਝੇਗਾ, ਸੋਗ, ਰੋਣਾ ਅਤੇ ਹਰ ਤਰ੍ਹਾਂ ਦੇ ਦੁੱਖ-ਦਰਦ ਨੂੰ ਖ਼ਤਮ ਕਰ ਦੇਵੇਗਾ। ਮੈਂ ਆਪਣੇ ਆਪ ਤੋਂ ਪੁੱਛਿਆ ‘ਕੀ ਇਹ ਵਾਅਦੇ ਸੱਚ-ਮੁੱਚ ਪੂਰੇ ਹੋਣਗੇ?’

“ਮੇਰੇ ਸਾਰੇ ਸ਼ੱਕ ਉਦੋਂ ਦੂਰ ਹੋ ਗਏ ਜਦੋਂ ਮੈਂ ਬਾਈਬਲ ਵਿੱਚੋਂ ਪਰਮੇਸ਼ੁਰ ਦੀ ਤਾਕਤ ਤੇ ਪਿਆਰ ਬਾਰੇ ਪੜ੍ਹਿਆ ਅਤੇ ਯਹੋਵਾਹ ਦੇ ਗਵਾਹਾਂ ਦਾ ਪਿਆਰ ਭਰਿਆ ਮਾਹੌਲ ਦੇਖਿਆ। ਮੈਂ ਹੁਣ ਉਤਸੁਕਤਾ ਨਾਲ ਪਰਮੇਸ਼ੁਰ ਦੇ ਵਾਅਦਿਆਂ ਦੇ ਪੂਰਾ ਹੋਣ ਦੀ ਉਡੀਕ ਕਰ ਰਹੀ ਹਾਂ।”

[ਸਫ਼ਾ 12 ਉੱਤੇ ਤਸਵੀਰ]

ਪਰਮੇਸ਼ੁਰ ਦੀ ਰੀਸ ਕਰ ਕੇ ਅਸੀਂ ਪੱਖਪਾਤ ਕਰਨਾ ਛੱਡ ਸਕਦੇ ਹਾਂ

[ਸਫ਼ਾ 12 ਉੱਤੇ ਤਸਵੀਰ]

ਫੀਰੋਦੀਨ ਆਪਣੀ ਪਤਨੀ ਜ਼ਾਹਰਾ ਨਾਲ