Skip to content

Skip to table of contents

1. ਸੋਚ-ਸਮਝ ਕੇ ਖ਼ਰੀਦਦਾਰੀ ਕਰੋ

1. ਸੋਚ-ਸਮਝ ਕੇ ਖ਼ਰੀਦਦਾਰੀ ਕਰੋ

1. ਸੋਚ-ਸਮਝ ਕੇ ਖ਼ਰੀਦਦਾਰੀ ਕਰੋ

ਜੇ ਤੁਸੀਂ ਫਲ-ਸਬਜ਼ੀਆਂ ਆਪ ਨਹੀਂ ਉਗਾਉਂਦੇ, ਤਾਂ ਜਿਹੜਾ ਭੋਜਨ ਤੁਸੀਂ ਖਾਓਗੇ, ਉਹ ਬਾਜ਼ਾਰ ਜਾਂ ਸੁਪਰ-ਮਾਰਕਿਟ ਤੋਂ ਖ਼ਰੀਦੋਗੇ। ਜਦੋਂ ਤੁਸੀਂ ਖ਼ਰੀਦਦਾਰੀ ਕਰਦੇ ਹੋ, ਤਾਂ ਤੁਸੀਂ ਸਿਹਤਮੰਦ ਭੋਜਨ ਦੀ ਚੋਣ ਕਿਵੇਂ ਕਰ ਸਕਦੇ ਹੋ?

ਤੁਸੀਂ ਕਿਹੜੀ ਚੀਜ਼ ਕਦੋਂ ਖ਼ਰੀਦੋਗੇ।

ਆਸਟ੍ਰੇਲੀਆ ਦੀ ਭੋਜਨ ਸੰਬੰਧੀ ਸਲਾਹ ਦੇਣ ਵਾਲੀ ਕੌਂਸਲ ਕਹਿੰਦੀ ਹੈ: “ਪਹਿਲਾਂ ਉਹ ਖਾਣਾ ਖ਼ਰੀਦੋ ਜੋ ਜਲਦੀ ਖ਼ਰਾਬ ਨਹੀਂ ਹੁੰਦਾ। ਫਰਿੱਜ ਤੇ ਫ੍ਰੀਜ਼ਰ ਵਿੱਚੋਂ ਸਾਮਾਨ ਬਾਕੀ ਚੀਜ਼ਾਂ ਤੋਂ ਬਾਅਦ ਖ਼ਰੀਦੋ।” ਨਾਲੇ ਜੇ ਤੁਸੀਂ ਬਣਿਆ-ਬਣਾਇਆ ਗਰਮ ਖਾਣਾ ਖ਼ਰੀਦਣਾ ਹੈ, ਤਾਂ ਇਸ ਨੂੰ ਸਭ ਤੋਂ ਬਾਅਦ ਵਿਚ ਖ਼ਰੀਦੋ।

ਤਾਜ਼ਾ ਖਾਣਾ ਖ਼ਰੀਦੋ।

ਜੇ ਹੋ ਸਕੇ, ਤਾਂ ਤਾਜ਼ਾ ਖਾਣਾ ਖ਼ਰੀਦੋ। * ਨਾਈਜੀਰੀਆ ਤੋਂ ਦੋ ਬੱਚਿਆਂ ਦੀ ਮਾਂ ਰੂਥ ਕਹਿੰਦੀ ਹੈ: “ਮੈਂ ਤੜਕੇ ਬਾਜ਼ਾਰ ਜਾਂਦੀ ਹਾਂ ਕਿਉਂਕਿ ਉਦੋਂ ਤਾਜ਼ੀਆਂ ਚੀਜ਼ਾਂ ਮਿਲਦੀਆਂ ਹਨ।” ਮੈਕਸੀਕੋ ਤੋਂ ਇਲਿਜ਼ਬਥ ਵੀ ਸਬਜ਼ੀ ਮੰਡੀ ਵਿੱਚੋਂ ਖ਼ਰੀਦਦਾਰੀ ਕਰਦੀ ਹੈ। ਉਹ ਕਹਿੰਦੀ ਹੈ: “ਉੱਥੇ ਮੈਂ ਤਾਜ਼ੇ ਫਲ-ਸਬਜ਼ੀਆਂ ਆਪ ਚੁਗ ਕੇ ਖ਼ਰੀਦ ਸਕਦੀ ਹਾਂ। ਮੈਂ ਹਮੇਸ਼ਾ ਉਸੇ ਦਿਨ ਵੱਢਿਆ ਹੋਇਆ ਮੀਟ ਖ਼ਰੀਦਦੀ ਹਾਂ। ਜੋ ਕੁਝ ਮੈਂ ਨਹੀਂ ਵਰਤਦੀ ਉਹ ਫ੍ਰੀਜ਼ਰ ਵਿਚ ਰੱਖ ਦਿੰਦੀ ਹਾਂ।”

ਚੰਗੀ ਤਰ੍ਹਾਂ ਦੇਖ ਕੇ ਖ਼ਰੀਦੋ।

ਆਪਣੇ ਆਪ ਤੋਂ ਪੁੱਛੋ: ‘ਕੀ ਫਲ-ਸਬਜ਼ੀ ਦੀ ਛਿੱਲ ਤਾਂ ਖ਼ਰਾਬ ਨਹੀਂ? ਕੀ ਮੀਟ ਤੋਂ ਬਦਬੂ ਤਾਂ ਨਹੀਂ ਆਉਂਦੀ?’ ਜੇ ਪੈਕ ਕੀਤਾ ਖਾਣਾ ਖ਼ਰੀਦਣਾ ਹੈ, ਤਾਂ ਇਸ ਨੂੰ ਚੰਗੀ ਤਰ੍ਹਾਂ ਚੈੱਕ ਕਰੋ। ਜੇ ਪੈਕਟ ਖ਼ਰਾਬ ਹੋਵੇ, ਤਾਂ ਖਾਣੇ ਵਿਚ ਜ਼ਹਿਰੀਲਾ ਬੈਕਟੀਰੀਆ ਜਾ ਸਕਦਾ ਹੈ।

ਚੰਗ ਫਾਈ, ਜੋ ਹਾਂਗ ਕਾਂਗ ਵਿਚ ਸੁਪਰ-ਮਾਰਕਿਟ ਤੋਂ ਖ਼ਰੀਦਦਾਰੀ ਕਰਦਾ ਹੈ, ਕਹਿੰਦਾ ਹੈ: “ਇਹ ਵੀ ਜ਼ਰੂਰੀ ਹੈ ਕਿ ਪੈਕ ਕੀਤੇ ਖਾਣੇ ’ਤੇ ਲਿਖੀ ਤਾਰੀਖ਼ ਦੇਖੋ।” ਕਿਉਂ? ਮਾਹਰ ਚੇਤਾਵਨੀ ਦਿੰਦੇ ਹਨ ਕਿ ਭਾਵੇਂ ਪੈਕਟ ’ਤੇ ਦਿੱਤੀ ਤਾਰੀਖ਼ ਨਿਕਲ ਚੁੱਕੀ ਹੈ, ਪਰ ਖਾਣਾ ਬਾਹਰੋਂ ਠੀਕ ਲੱਗਦਾ ਹੋਵੇ, ਇਸ ਤੋਂ ਬਦਬੂ ਨਾ ਆਉਂਦੀ ਹੋਵੇ ਨਾਲੇ ਸੁਆਦ ਵੀ ਹੋਵੇ, ਫਿਰ ਵੀ ਤੁਸੀਂ ਇਸ ਨੂੰ ਖਾ ਕੇ ਬੀਮਾਰ ਹੋ ਸਕਦੇ ਹੋ।

ਧਿਆਨ ਨਾਲ ਬੈਗ ਵਿਚ ਪਾਓ।

ਜੇ ਤੁਸੀਂ ਖ਼ਰੀਦਦਾਰੀ ਲਈ ਇੱਕੋ ਬੈਗ ਵਰਤਦੇ ਹੋ, ਤਾਂ ਇਸ ਨੂੰ ਅਕਸਰ ਸਾਬਣ ਤੇ ਗਰਮ ਪਾਣੀ ਨਾਲ ਧੋਵੋ। ਮੀਟ ਤੇ ਮੱਛੀ ਨੂੰ ਵੱਖਰੇ ਬੈਗ ਵਿਚ ਪਾਓ ਤਾਂਕਿ ਦੂਸਰਾ ਭੋਜਨ ਖ਼ਰਾਬ ਨਾ ਹੋਵੇ।

ਇਟਲੀ ਵਿਚ ਰਹਿਣ ਵਾਲੇ ਪਤੀ-ਪਤਨੀ ਐਨਰੀਕੋ ਤੇ ਲੌਰੇਦੋਨਾ ਆਪਣੇ ਪਿੰਡ ਵਿਚ ਖ਼ਰੀਦਦਾਰੀ ਕਰਦੇ ਹਨ। ਉਹ ਕਹਿੰਦੇ ਹਨ: “ਇਸ ਤਰ੍ਹਾਂ ਕਰਨ ਨਾਲ ਖਾਣਾ ਖ਼ਰਾਬ ਨਹੀਂ ਹੁੰਦਾ ਕਿਉਂਕਿ ਸਾਨੂੰ ਘਰ ਤੋਂ ਜ਼ਿਆਦਾ ਦੂਰ ਨਹੀਂ ਜਾਣਾ ਪੈਂਦਾ।” ਜੇ ਤੁਹਾਨੂੰ ਘਰ ਵਾਪਸ ਆਉਣ ਲਈ ਅੱਧੇ ਘੰਟੇ ਤੋਂ ਜ਼ਿਆਦਾ ਸਮਾਂ ਲੱਗੇ, ਤਾਂ ਫਰਿੱਜ ਤੇ ਫ੍ਰੀਜ਼ਰ ਤੋਂ ਲਿਆ ਸਾਮਾਨ ਇਕ ਕੂਲਰ ਬੈਗ ਜਾਂ ਹੋਰ ਕਾਸੇ ਵਿਚ ਰੱਖੋ ਤਾਂਕਿ ਖਾਣਾ ਠੰਢਾ ਰਹੇ।

ਅਗਲੇ ਲੇਖ ਵਿਚ ਦੇਖੋ ਕਿ ਘਰ ਵਾਪਸ ਆਉਂਦਿਆਂ ਤੁਸੀਂ ਆਪਣੇ ਖਾਣੇ ਨੂੰ ਜ਼ਹਿਰੀਲਾ ਹੋਣ ਤੋਂ ਕਿਵੇਂ ਬਚਾ ਸਕਦੇ ਹੋ।

(g12-E 06)

[ਫੁਟਨੋਟ]

^ ਪੈਰਾ 6 ਹੋਰ ਜਾਣਕਾਰੀ ਲਈ ਜੁਲਾਈ-ਸਤੰਬਰ 2011 ਦੇ ਜਾਗਰੂਕ ਬਣੋ! ਦੇ ਰਸਾਲੇ ਦਾ ਲੇਖ “ਸੁਝਾਅ 1—ਸਹੀ ਖ਼ੁਰਾਕ ਖਾਓ” ਦੇਖੋ।

[ਸਫ਼ਾ 4 ਉੱਤੇ ਡੱਬੀ]

ਆਪਣੇ ਬੱਚਿਆਂ ਨੂੰ ਸਿਖਾਓ: “ਮੈਂ ਬੱਚਿਆਂ ਨੂੰ ਸਿਖਾਉਂਦੀ ਹਾਂ ਕਿ ਕੋਈ ਵੀ ਚੀਜ਼ ਯਾਨੀ ਸਨੈਕਸ ਵਗੈਰਾ ਖ਼ਰੀਦਣ ਤੋਂ ਪਹਿਲਾਂ ਉਹ ਪੈਕਟ ’ਤੇ ਲਿਖੀ ਤਾਰੀਖ਼ ਦੇਖਣ।”—ਰੂਥ, ਨਾਈਜੀਰੀਆ