2. ਸਾਫ਼-ਸਫ਼ਾਈ ਰੱਖੋ
2. ਸਾਫ਼-ਸਫ਼ਾਈ ਰੱਖੋ
ਜਿਵੇਂ ਇਕ ਸਰਜਨ ਆਪਣੇ ਮਰੀਜ਼ ਦੀ ਜਾਨ ਬਚਾਉਣ ਲਈ ਆਪਣੇ ਹੱਥ ਧੋਂਦਾ ਹੈ, ਓਪਰੇਸ਼ਨ ਲਈ ਵਰਤੇ ਜਾਣ ਵਾਲੇ ਸਾਮਾਨ ਨੂੰ ਚੰਗੀ ਤਰ੍ਹਾਂ ਉਬਾਲਦਾ ਹੈ ਤੇ ਓਪਰੇਸ਼ਨ ਵਾਲੇ ਕਮਰੇ ਦੀ ਸਫ਼ਾਈ ਰੱਖਦਾ ਹੈ, ਉਸੇ ਤਰ੍ਹਾਂ ਤੁਸੀਂ ਵੀ ਆਪਣੇ ਪਰਿਵਾਰ ਨੂੰ ਬਚਾਉਣ ਲਈ ਆਪਣੀ, ਆਪਣੀ ਰਸੋਈ ਤੇ ਖਾਣੇ ਦੀ ਸਫ਼ਾਈ ਰੱਖੋ।
● ਆਪਣੇ ਹੱਥ ਧੋਵੋ।
ਕੈਨੇਡਾ ਦੀ ਸਿਹਤ ਏਜੰਸੀ ਕਹਿੰਦੀ ਹੈ ਕਿ “ਸਿਰਫ਼ ਹੱਥਾਂ ਨਾਲ ਹੀ ਲਗਭਗ 80% ਲੋਕਾਂ ਨੂੰ ਛੂਤ ਦੀਆਂ ਆਮ ਬੀਮਾਰੀਆਂ ਲੱਗਦੀਆਂ ਹਨ ਜਿਵੇਂ ਕਿ ਜ਼ੁਕਾਮ ਤੇ ਫਲੂ।” ਇਸ ਲਈ ਖਾਣਾ ਬਣਾਉਣ, ਖਾਣ ਤੋਂ ਪਹਿਲਾਂ ਅਤੇ ਟਾਇਲਟ ਜਾਣ ਤੋਂ ਬਾਅਦ ਸਾਬਣ ਤੇ ਪਾਣੀ ਨਾਲ ਚੰਗੀ ਤਰ੍ਹਾਂ ਹੱਥ ਧੋਵੋ।
● ਆਪਣੀ ਰਸੋਈ ਸਾਫ਼ ਰੱਖੋ।
ਇਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਘਰ ਵਿਚ ਬਾਥਰੂਮ ਸਭ ਤੋਂ ਸਾਫ਼ ਜਗ੍ਹਾ ਹੁੰਦੀ ਹੈ, ਪਰ “ਗੰਦ ਵਿਚ ਪਲ਼ਣ ਵਾਲੇ ਬੈਕਟੀਰੀਆ ਸਭ ਤੋਂ ਜ਼ਿਆਦਾ ਰਸੋਈ ਵਿਚ ਭਾਂਡੇ ਮਾਂਜਣ ਵਾਲੀ ਕੂਚੀ ਜਾਂ ਲੀਰ ਵਿਚ ਹੁੰਦੇ ਹਨ।”
ਇਸ ਲਈ ਕੂਚੀ ਤੇ ਲੀਰ ਨੂੰ ਅਕਸਰ ਬਦਲਣਾ ਚਾਹੀਦਾ ਹੈ ਅਤੇ ਰਸੋਈ ਦੀਆਂ ਸ਼ੈਲਫ਼ਾਂ ਸਾਬਣ ਤੇ ਗਰਮ ਪਾਣੀ ਜਾਂ ਕੀਟ-ਨਾਸ਼ਕ ਦਵਾਈ ਨਾਲ ਸਾਫ਼ ਕਰੋ। ਇਹ ਸੱਚ ਹੈ ਕਿ ਇੱਦਾਂ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ। ਬੋਲਾ ਦੇ ਘਰ ਵਿਚ ਟੂਟੀਆਂ ਨਹੀਂ ਲੱਗੀਆਂ। ਉਹ ਕਹਿੰਦੀ ਹੈ: “ਟੂਟੀਆਂ ਨਾ ਹੋਣ ਕਰਕੇ ਸਾਡੇ ਲਈ ਬਹੁਤ ਔਖਾ ਹੈ, ਫਿਰ ਵੀ ਅਸੀਂ ਕਦੀ ਵੀ ਸਾਬਣ ਤੇ ਪਾਣੀ ਦਾ ਸਰਫ਼ਾ ਨਹੀਂ ਕੀਤਾ। ਰਸੋਈ ਤੇ ਘਰ ਦੀ ਸਾਫ਼-ਸਫ਼ਾਈ ਲਈ ਇਹ ਚੀਜ਼ਾਂ ਹਮੇਸ਼ਾ ਘਰ ਹੁੰਦੀਆਂ।”
● ਚੀਜ਼ਾਂ ਚੰਗੀ ਤਰ੍ਹਾਂ ਧੋਵੋ।
ਕੋਈ ਵੀ ਚੀਜ਼ ਵਿਕਣ ਤੋਂ ਪਹਿਲਾਂ ਇਹ ਸ਼ਾਇਦ ਗੰਦੇ ਪਾਣੀ, ਜਾਨਵਰਾਂ, ਗੰਦ-ਮੰਦ ਜਾਂ ਹੋਰ ਕਿਸੇ ਚੀਜ਼ ਨਾਲ ਦੂਸ਼ਿਤ ਹੋਈ ਹੋਵੇ। ਇਸ ਲਈ ਜੇ ਤੁਸੀਂ ਫਲ-ਸਬਜ਼ੀਆਂ ਨੂੰ ਛਿੱਲਦੇ ਹੋ, ਤਾਂ ਬੈਕਟੀਰੀਆ ਨੂੰ ਖ਼ਤਮ ਕਰਨ ਲਈ ਪਹਿਲਾਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋਵੋ। ਇਸ ਤਰ੍ਹਾਂ ਕਰਨ ਲਈ ਸਮਾਂ ਲੱਗਦਾ ਹੈ। ਬ੍ਰਾਜ਼ੀਲ ਵਿਚ ਰਹਿਣ ਵਾਲੀ ਇਕ ਮਾਂ ਡਾਈਓਨ ਕਹਿੰਦੀ ਹੈ: “ਜਦੋਂ ਮੈਂ ਸਲਾਦ ਤਿਆਰ ਕਰਦੀ ਹਾਂ, ਤਾਂ ਮੈਂ ਇਸ ਨੂੰ ਕੱਟਣ ਵਿਚ ਕਾਹਲੀ ਨਹੀਂ ਕਰਦੀ, ਸਗੋਂ ਪਹਿਲਾਂ ਚੰਗੀ ਤਰ੍ਹਾਂ ਧੋਂਦੀ ਹਾਂ।”
● ਕੱਚਾ ਮੀਟ ਅਲੱਗ ਰੱਖੋ
ਬੈਕਟੀਰੀਆ ਨੂੰ ਫੈਲਣ ਤੋਂ ਰੋਕਣ ਲਈ ਕੱਚਾ ਮੀਟ, ਅੰਡੇ ਤੇ ਮੱਛੀ ਨੂੰ ਚੰਗੀ ਤਰ੍ਹਾਂ ਪੈਕ ਕਰੋ ਤੇ ਦੂਜੇ ਖਾਣਿਆਂ ਤੋਂ ਅਲੱਗ ਰੱਖੋ। ਮੀਟ ਵਾਸਤੇ ਅਲੱਗ ਕਟਿੰਗ ਬੋਰਡ ਤੇ ਕਰਦ ਵਰਤੋ ਜਾਂ ਇਨ੍ਹਾਂ ਨੂੰ ਵਰਤਣ ਤੋਂ ਪਹਿਲਾਂ ਅਤੇ ਬਾਅਦ ਵਿਚ ਸਾਬਣ ਤੇ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ।
ਹੁਣ ਤੁਸੀਂ, ਤੁਹਾਡੇ ਵੱਲੋਂ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਤੇ ਸਬਜ਼ੀਆਂ ਵਗੈਰਾ ਸਾਫ਼ ਹਨ। ਪਰ ਤੁਸੀਂ ਆਪਣਾ ਖਾਣਾ ਸਹੀ ਤਰੀਕੇ ਨਾਲ ਕਿਵੇਂ ਤਿਆਰ ਕਰ ਸਕਦੇ ਹੋ? (g12-E 06)
[ਸਫ਼ਾ 5 ਉੱਤੇ ਡੱਬੀ]
ਆਪਣੇ ਬੱਚਿਆਂ ਨੂੰ ਸਿਖਾਓ: “ਅਸੀਂ ਆਪਣੇ ਬੱਚਿਆਂ ਨੂੰ ਭੋਜਨ ਖਾਣ ਤੋਂ ਪਹਿਲਾਂ ਹੱਥ ਧੋਣੇ ਸਿਖਾਉਂਦੇ ਹਾਂ। ਨਾਲੇ ਅਸੀਂ ਉਨ੍ਹਾਂ ਨੂੰ ਸਿਖਾਉਂਦੇ ਹਾਂ ਕਿ ਉਹ ਥੱਲੇ ਡਿੱਗੇ ਹੋਏ ਖਾਣੇ ਨੂੰ ਧੋਣ ਜਾਂ ਸੁੱਟ ਦੇਣ।”—ਹੋਈ, ਹਾਂਗ ਕਾਂਗ