3. ਧਿਆਨ ਨਾਲ ਖਾਣਾ ਪਕਾਓ ਤੇ ਬਚੇ ਹੋਏ ਨੂੰ ਸੰਭਾਲੋ
3. ਧਿਆਨ ਨਾਲ ਖਾਣਾ ਪਕਾਓ ਤੇ ਬਚੇ ਹੋਏ ਨੂੰ ਸੰਭਾਲੋ
ਪ੍ਰਾਚੀਨ ਇਜ਼ਰਾਈਲ ਵਿਚ ਲਾਪਰਵਾਹੀ ਨਾਲ ਖਾਣਾ ਬਣਾਉਣ ਵਾਲੇ ਨੇ ਜੰਗਲੀ ਕੱਦੂ ਇਕੱਠੇ ਕੀਤੇ ਜਿਨ੍ਹਾਂ ਦੀ ‘ਉਸ ਨੂੰ ਪਛਾਣ ਨਹੀਂ ਸੀ।’ ਉਹ ਇਸ ਖਾਣੇ ਤੋਂ ਬਿਲਕੁਲ ਅਣਜਾਣ ਸੀ। ਖਾਣ ਵਾਲਿਆਂ ਨੂੰ ਸ਼ੱਕ ਹੋ ਗਿਆ ਕਿ ਖਾਣਾ ਜ਼ਹਿਰੀਲਾ ਸੀ। ਇਸ ਲਈ ਉਹ ਚਿਲਾਏ ਕਿ “ਦੇਗ ਵਿੱਚ ਤਾਂ ਮੌਤ ਹੈ!”—2 ਰਾਜਿਆਂ 4:38-41.
ਉੱਪਰ ਦਿੱਤੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਲਾਪਰਵਾਹੀ ਨਾਲ ਬਣਾਇਆ ਖਾਣਾ ਸਿਹਤ ਲਈ ਖ਼ਤਰਨਾਕ ਜਾਂ ਜਾਨਲੇਵਾ ਹੋ ਸਕਦਾ ਹੈ। ਇਸ ਲਈ ਖਾਣੇ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਣ ਲਈ ਜ਼ਰੂਰੀ ਹੈ ਕਿ ਧਿਆਨ ਨਾਲ ਖਾਣੇ ਨੂੰ ਪਕਾਇਆ ਜਾਵੇ ਤੇ ਬਚੇ ਹੋਏ ਨੂੰ ਚੰਗੀ ਤਰ੍ਹਾਂ ਸੰਭਾਲਿਆ ਜਾਵੇ। ਹੇਠ ਦਿੱਤੇ ਚਾਰ ਸੁਝਾਵਾਂ ’ਤੇ ਗੌਰ ਕਰੋ:
● ਫ੍ਰੀਜ਼ਰ ਵਿੱਚੋਂ ਕੱਢੇ ਮੀਟ ਨੂੰ ਨਰਮ ਕਰਨ ਲਈ ਬਾਹਰ ਨਾ ਰੱਖੋ।
ਅਮਰੀਕਾ ਦਾ ਖੇਤੀਬਾੜੀ ਵਿਭਾਗ ਕਹਿੰਦਾ ਹੈ: “ਫ੍ਰੀਜ਼ਰ ਵਿੱਚੋਂ ਕੱਢ ਕੇ ਬਾਹਰ ਰੱਖਿਆ ਮੀਟ ਸ਼ਾਇਦ ਬਾਹਰੋਂ ਛੇਤੀ ਨਰਮ ਹੋ ਜਾਵੇ, ਪਰ ਅੰਦਰੋਂ ਹਾਲੇ ਵੀ ਜੰਮਿਆ ਹੋਵੇ। ਜਦੋਂ ਤਕ ਅਸੀਂ ਇੰਤਜ਼ਾਰ ਕਰਦੇ ਹਾਂ ਕਿ ਮੀਟ ਅੰਦਰੋਂ ਵੀ ਪਿਘਲ ਜਾਵੇ, ਉਦੋਂ ਤਕ ਇਸ ਦੇ ਬਾਹਰਲੇ ਹਿੱਸੇ ਵਿਚ ਬੈਕਟੀਰੀਆ ਛੇਤੀ ਵਧਣ ਲੱਗ ਪੈਂਦੇ ਹਨ। ਇਸ ਲਈ ਮੀਟ ਨੂੰ ਬਾਹਰ ਰੱਖ ਕੇ ਨਰਮ ਕਰਨ ਦੀ ਬਜਾਇ ਫਰਿੱਜ, ਮਾਈਕ੍ਰੋਵੇਵ ਵਿਚ ਜਾਂ ਠੰਢੇ ਪਾਣੀ ਹੇਠ ਨਰਮ ਕਰੋ।”
● ਚੰਗੀ ਤਰ੍ਹਾਂ ਪਕਾਓ।
ਵਿਸ਼ਵ ਸਿਹਤ ਸੰਗਠਨ ਅਨੁਸਾਰ “ਖਾਣਾ ਚੰਗੀ ਤਰ੍ਹਾਂ ਪਕਾਉਣ ਨਾਲ ਲਗਭਗ ਸਾਰੇ ਸੂਖਮ-ਜੀਵ ਮਰ ਜਾਂਦੇ ਹਨ।” ਜਦੋਂ ਅਸੀਂ ਖਾਣਾ ਪਕਾਉਂਦੇ ਹਾਂ, ਜਿਵੇਂ ਸੂਪ ਜਾਂ ਮੀਟ, ਤਾਂ ਪੱਕਾ ਕਰੋ ਕਿ ਮੀਟ ਚੰਗੀ ਤਰ੍ਹਾਂ ਪੱਕ ਗਿਆ ਹੈ। *
● ਪਕਾਉਣ ਤੋਂ ਬਾਅਦ ਛੇਤੀ ਪਰੋਸੋ।
ਬਣਿਆ ਖਾਣਾ ਜ਼ਿਆਦਾ ਸਮੇਂ ਲਈ ਬਾਹਰ ਨਹੀਂ ਰੱਖਣਾ ਚਾਹੀਦਾ। ਇਸ ਨੂੰ ਛੇਤੀ ਪਰੋਸੋ ਜਾਂ ਪਕਾਉਣ ਤੋਂ ਬਾਅਦ ਹੀ ਖਾ ਲਓ ਤਾਂਕਿ ਇਹ ਖ਼ਰਾਬ ਨਾ ਹੋ ਜਾਵੇ। ਠੰਢੇ ਖਾਣੇ ਨੂੰ ਠੰਢਾ ਰੱਖੋ ਤੇ ਗਰਮ ਖਾਣੇ ਨੂੰ ਗਰਮ ਰੱਖੋ। ਜੇ ਤੁਸੀਂ ਓਵਨ ਵਰਤਦੇ ਹੋ, ਜਿਸ ਦਾ ਤਾਪਮਾਨ ਘਟਾਇਆ-ਵਧਾਇਆ ਜਾ ਸਕਦਾ ਹੈ, ਤਾਂ ਤੁਸੀਂ ਇਸ ਨੂੰ ਲਗਭਗ 93 ਡਿਗਰੀ ਸੈਲਸੀਅਸ (200 ਡਿਗਰੀ ਫਾਰਨਹੀਟ) ’ਤੇ ਸੈੱਟ ਕਰ ਸਕਦੇ ਹੋ। ਜੇ ਤੁਹਾਡੇ ਕੋਲ ਓਵਨ ਨਹੀਂ ਹੈ, ਤਾਂ ਤੁਸੀਂ ਖਾਣਾ ਪੱਕਣ ਤੋਂ ਬਾਅਦ ਇਸ ਨੂੰ ਗਰਮ ਰੱਖਣ ਲਈ ਗੈਸ ਦੀ ਮੱਠੀ ਅੱਗ ’ਤੇ ਰੱਖ ਸਕਦੇ ਹੋ।
● ਬਚੇ ਹੋਏ ਖਾਣੇ ਨੂੰ ਸੰਭਾਲੋ।
ਪੋਲੈਂਡ ਵਿਚ ਰਹਿਣ ਵਾਲੀ ਅਨੀਟਾ ਨਾਂ ਦੀ ਇਕ ਮਾਂ ਖਾਣਾ ਪੱਕਣ ਤੋਂ ਬਾਅਦ ਹੀ ਪਰੋਸ ਦਿੰਦੀ ਹੈ। ਪਰ ਜੇ ਖਾਣਾ ਵਾਧੂ ਹੈ, ਤਾਂ ਉਹ ਕਹਿੰਦੀ ਹੈ ਕਿ “ਖਾਣਾ ਪੱਕਣ ਤੋਂ ਜਲਦੀ ਬਾਅਦ ਹੀ ਮੈਂ ਥੋੜ੍ਹਾ-ਥੋੜ੍ਹਾ ਖਾਣਾ ਡੱਬਿਆਂ ਵਿਚ ਪਾ ਕੇ ਫ੍ਰੀਜ਼ਰ ਵਿਚ ਰੱਖ ਦਿੰਦੀ ਹਾਂ। ਇਸ ਤਰ੍ਹਾਂ ਖਾਣੇ ਨੂੰ ਫ੍ਰੀਜ਼ਰ ਵਿੱਚੋਂ ਕੱਢ ਕੇ ਨਰਮ ਕਰਨਾ ਸੌਖਾ ਹੁੰਦਾ ਹੈ।” ਜੇ ਤੁਸੀਂ ਬਚੇ ਖਾਣੇ ਨੂੰ ਫਰਿੱਜ ਵਿਚ ਰੱਖਦੇ ਹੋ, ਤਾਂ ਇਸ ਨੂੰ ਤਿੰਨ-ਚਾਰ ਦਿਨਾਂ ਦੇ ਅੰਦਰ-ਅੰਦਰ ਖਾ ਲਓ।
ਰੈਸਟੋਰੈਂਟ ਵਿਚ ਤੁਹਾਨੂੰ ਕਿਸੇ ਦੇ ਬਣੇ ਖਾਣੇ ’ਤੇ ਭਰੋਸਾ ਕਰਨਾ ਪੈਂਦਾ ਹੈ। ਤਾਂ ਫਿਰ ਤੁਸੀਂ ਆਪਣੇ ਪਰਿਵਾਰ ਦੀ ਸਿਹਤ ਦਾ ਖ਼ਿਆਲ ਕਿਵੇਂ ਰੱਖ ਸਕਦੇ ਹੋ ਜਦੋਂ ਤੁਸੀਂ ਬਾਹਰ ਖਾਣ ਜਾਂਦੇ ਹੋ?
(g12-E 06)
[ਫੁਟਨੋਟ]
^ ਪੈਰਾ 7 ਕੁਝ ਮੀਟ ਪੱਕਣ ਵਿਚ ਜ਼ਿਆਦਾ ਸਮਾਂ ਲੱਗਦਾ ਹੈ।
[ਸਫ਼ਾ 6 ਉੱਤੇ ਡੱਬੀ]
ਆਪਣੇ ਬੱਚਿਆਂ ਨੂੰ ਸਿਖਾਓ: “ਜਦੋਂ ਮੇਰੇ ਬੱਚੇ ਖਾਣਾ ਪਕਾਉਂਦੇ ਹਨ, ਤਾਂ ਮੈਂ ਉਨ੍ਹਾਂ ਨੂੰ ਯਾਦ ਕਰਾਉਂਦੀ ਹਾਂ ਕਿ ਉਹ ਖਾਣੇ ਦੇ ਪੈਕੇਟ ’ਤੇ ਦਿੱਤੀਆਂ ਹਿਦਾਇਤਾਂ ਨੂੰ ਪੜ੍ਹਨ ਤੇ ਉਨ੍ਹਾਂ ਅਨੁਸਾਰ ਖਾਣਾ ਬਣਾਉਣ।”—ਯੂਕ ਲਿੰਗ, ਹਾਂਗ ਕਾਂਗ