ਬਾਈਬਲ ਕੀ ਕਹਿੰਦੀ ਹੈ
ਪੋਰਨੋਗ੍ਰਾਫੀ
ਕੀ ਬਾਈਬਲ ਪੋਰਨੋਗ੍ਰਾਫੀ ਨੂੰ ਨਿੰਦਦੀ ਹੈ?
“ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇ ਕੋਈ ਕਿਸੇ ਔਰਤ ਵੱਲ ਗੰਦੀ ਨਜ਼ਰ ਨਾਲ ਦੇਖਦਾ ਰਹਿੰਦਾ ਹੈ, ਤਾਂ ਉਹ ਉਸ ਨਾਲ ਆਪਣੇ ਦਿਲ ਵਿਚ ਹਰਾਮਕਾਰੀ ਕਰ ਚੁੱਕਾ ਹੈ।”—ਮੱਤੀ 5:28.
ਤੁਹਾਡੇ ਲਈ ਇਹ ਗੱਲ ਕਿਉਂ ਮਾਅਨੇ ਰੱਖਦੀ ਹੈ?
ਅੱਜ ਪਹਿਲਾਂ ਨਾਲੋਂ ਪੋਰਨੋਗ੍ਰਾਫੀ ਦੇਖਣੀ ਆਮ ਗੱਲ ਬਣ ਗਈ ਹੈ ਅਤੇ ਇਸ ਨੂੰ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। ਜੇ ਤੁਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹੋ ਅਤੇ ਜ਼ਿੰਦਗੀ ਵਿਚ ਖ਼ੁਸ਼ੀ ਪਾਉਣੀ ਚਾਹੁੰਦੇ ਹੋ, ਤਾਂ ਤੁਹਾਨੂੰ ਪਤਾ ਕਰਨ ਦੀ ਲੋੜ ਹੈ ਕਿ ਪਰਮੇਸ਼ੁਰ ਪੋਰਨੋਗ੍ਰਾਫੀ ਬਾਰੇ ਕੀ ਸੋਚਦਾ ਹੈ।
ਬਾਈਬਲ ਕੀ ਕਹਿੰਦੀ ਹੈ:
ਬਾਈਬਲ ਸਿੱਧੇ ਤੌਰ ਤੇ ਪੋਰਨੋਗ੍ਰਾਫੀ ਦਾ ਜ਼ਿਕਰ ਨਹੀਂ ਕਰਦੀ। ਪਰ ਪੋਰਨੋਗ੍ਰਾਫੀ ਦੇਖਣੀ ਬਾਈਬਲ ਦੇ ਬਹੁਤ ਸਾਰੇ ਅਸੂਲਾਂ ਦੇ ਖ਼ਿਲਾਫ਼ ਹੈ।
ਮਿਸਾਲ ਲਈ, ਬਾਈਬਲ ਦੱਸਦੀ ਹੈ ਕਿ ਜਦੋਂ ਕੋਈ ਵਿਆਹਿਆ ਆਦਮੀ ‘ਕਿਸੇ ਪਰਾਈ ਔਰਤ ਵੱਲ ਗੰਦੀ ਨਜ਼ਰ ਨਾਲ ਦੇਖਦਾ ਰਹਿੰਦਾ ਹੈ’ ਅਤੇ ਉਸ ਨਾਲ ਗ਼ਲਤ ਕੰਮ ਕਰਨ ਦੀ ਇੱਛਾ ਮਨ ਵਿਚ ਪਲ਼ਣ ਦਿੰਦਾ ਹੈ, ਤਾਂ ਉਹ ਹਰਾਮਕਾਰੀ ਕਰ ਸਕਦਾ ਹੈ। ਇਸ ਗੱਲ ਪਿੱਛੇ ਬਾਈਬਲ ਦਾ ਅਸੂਲ ਵਿਆਹਿਆਂ ਅਤੇ ਕੁਆਰਿਆਂ ਦੋਨਾਂ ਉੱਤੇ ਲਾਗੂ ਹੁੰਦਾ ਹੈ ਜੋ ਆਪਣੀ ਹਵਸ ਮਿਟਾਉਣ ਲਈ ਅਸ਼ਲੀਲ ਤਸਵੀਰਾਂ ‘ਦੇਖਦੇ ਰਹਿੰਦੇ ਹਨ।’ ਇਸ ਤਰ੍ਹਾਂ ਦਾ ਚਾਲ-ਚਲਣ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਘਿਣਾਉਣਾ ਹੈ।
ਕੀ ਪੋਰਨੋਗ੍ਰਾਫੀ ਦੇਖਣੀ ਤਦ ਵੀ ਗ਼ਲਤ ਹੈ ਜੇ ਇਹ ਸਾਨੂੰ ਹਰਾਮਕਾਰੀ ਕਰਨ ਲਈ ਨਾ ਵੀ ਉਕਸਾਵੇ?
“ਆਪਣੇ ਸਰੀਰ ਦੇ ਅੰਗਾਂ ਨੂੰ ਵੱਢ ਸੁੱਟੋ ਜਿਨ੍ਹਾਂ ਵਿਚ ਇਹ ਲਾਲਸਾਵਾਂ ਪੈਦਾ ਹੁੰਦੀਆਂ ਹਨ: ਹਰਾਮਕਾਰੀ, ਗੰਦ-ਮੰਦ, ਕਾਮ-ਵਾਸ਼ਨਾ, ਬੁਰੀ ਇੱਛਾ ਅਤੇ ਲੋਭ।”—ਕੁਲੁੱਸੀਆਂ 3:5.
ਲੋਕੀ ਕੀ ਕਹਿੰਦੇ ਹਨ:
ਕੁਝ ਖੋਜਕਾਰਾਂ ਦਾ ਮੰਨਣਾ ਹੈ ਕਿ ਪੋਰਨੋਗ੍ਰਾਫੀ ਦੇਖਣ ਦਾ ਇਹ ਮਤਲਬ ਨਹੀਂ ਕਿ ਕੋਈ ਆਪ ਜਾ ਕੇ ਗੰਦੇ ਕੰਮ ਕਰੇਗਾ। ਤਾਂ ਫਿਰ, ਕੀ ਪੋਰਨੋਗ੍ਰਾਫੀ ਦੇਖਣੀ ਗ਼ਲਤ ਹੈ?
ਬਾਈਬਲ ਕੀ ਕਹਿੰਦੀ ਹੈ:
ਬਾਈਬਲ ਦੱਸਦੀ ਹੈ ਕਿ “ਗੰਦੇ ਮਜ਼ਾਕ” ਕਰਨੇ ਗ਼ਲਤ ਹਨ। (ਅਫ਼ਸੀਆਂ 5:3, 4) ਤਾਂ ਫਿਰ ਇਹ ਕਿੱਦਾਂ ਕਿਹਾ ਜਾ ਸਕਦਾ ਹੈ ਕਿ ਪੋਰਨੋਗ੍ਰਾਫੀ ਦੇਖਣ ਵਿਚ ਕੋਈ ਹਰਜ਼ ਨਹੀਂ? ਅੱਜ ਪੋਰਨੋਗ੍ਰਾਫੀ ਵਿਚ ਲੋਕਾਂ ਨੂੰ ਸੱਚ-ਮੁੱਚ ਹਰਾਮਕਾਰੀ ਕਰਦਿਆਂ, ਆਦਮੀਆਂ ਨੂੰ ਆਦਮੀਆਂ ਨਾਲ ਤੇ ਤੀਵੀਆਂ ਨੂੰ ਤੀਵੀਆਂ ਨਾਲ ਸੈਕਸ ਕਰਦਿਆਂ ਜਾਂ ਹੋਰ ਗੰਦੇ ਕੰਮ ਕਰਦੇ ਦਿਖਾਇਆ ਜਾਂਦਾ ਹੈ। ਹਾਂ, ਗੰਦੇ ਮਜ਼ਾਕ ਕਰਨ ਨਾਲੋਂ ਆਪਣੀ ਹਵਸ ਮਿਟਾਉਣ ਲਈ ਪੋਰਨੋਗ੍ਰਾਫੀ ਦੇਖਣੀ ਪਰਮੇਸ਼ੁਰ ਅੱਗੇ ਜ਼ਿਆਦਾ ਘਿਣਾਉਣੀ ਹੈ।
ਖੋਜਕਾਰ ਲਗਾਤਾਰ ਇਸ ਗੱਲ ’ਤੇ ਬਹਿਸ ਕਰਦੇ ਹਨ ਕਿ ਪੋਰਨੋਗ੍ਰਾਫੀ ਦੇਖ ਕੇ ਲੋਕ ਗ਼ਲਤ ਕੰਮ ਕਰਨ ਲਈ ਉਕਸਾਏ ਜਾਂਦੇ ਹਨ ਕਿ ਨਹੀਂ। ਪਰ ਬਾਈਬਲ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਪੋਰਨੋਗ੍ਰਾਫੀ ਘਿਣਾਉਣੀ ਹੈ ਤੇ ਜੇ ਅਸੀਂ ਪੋਰਨੋਗ੍ਰਾਫੀ ਦੇਖਦੇ ਹਾਂ, ਤਾਂ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਟੁੱਟ ਸਕਦਾ ਹੈ। ਬਾਈਬਲ ਇਹ ਸਲਾਹ ਦਿੰਦੀ ਹੈ: ‘ਆਪਣੇ ਸਰੀਰ ਦੇ ਅੰਗਾਂ ਨੂੰ ਵੱਢ ਸੁੱਟੋ ਜਿਨ੍ਹਾਂ ਵਿਚ ਹਰਾਮਕਾਰੀ ਅਤੇ ਕਾਮ-ਵਾਸ਼ਨਾ’ ਵਰਗੀਆਂ ਲਾਲਸਾਵਾਂ ਪੈਦਾ ਹੁੰਦੀਆਂ ਹਨ। (ਕੁਲੁੱਸੀਆਂ 3:5) ਪਰ ਪੋਰਨੋਗ੍ਰਾਫੀ ਦੇਖਣ ਵਾਲੇ ਆਪਣੀ ਹਵਸ ਦੀ ਅੱਗ ਨੂੰ ਬੁਝਾਉਣ ਦੀ ਬਜਾਇ ਇਸ ਨੂੰ ਹੋਰ ਭੜਕਾਉਂਦੇ ਹਨ।
ਪੋਰਨੋਗ੍ਰਾਫੀ ਨਾ ਦੇਖਣ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ?
‘ਭਲਾ ਭਾਲੋ, ਨਾ ਕਿ ਬੁਰਾ। ਬਦੀ ਤੋਂ ਘਿਣ ਕਰੋ, ਨੇਕੀ ਨੂੰ ਪਿਆਰ ਕਰੋ।’—ਆਮੋਸ 5:14, 15.
ਬਾਈਬਲ ਕੀ ਕਹਿੰਦੀ ਹੈ
ਬਾਈਬਲ ਵਿਚ ਹਰਾਮਕਾਰਾਂ, ਸ਼ਰਾਬੀਆਂ ਅਤੇ ਚੋਰਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ ਇਨ੍ਹਾਂ ਗ਼ਲਤ ਕੰਮਾਂ ਨੂੰ ਛੱਡ ਦਿੱਤਾ ਸੀ। (1 ਕੁਰਿੰਥੀਆਂ 6:9-11) ਕਿਵੇਂ? ਬਾਈਬਲ ਦੀ ਸਲਾਹ ਮੰਨਦੇ ਹੋਏ ਉਨ੍ਹਾਂ ਨੇ ਬੁਰਾਈ ਨਾਲ ਨਫ਼ਰਤ ਕਰਨੀ ਸਿੱਖੀ।
ਪੋਰਨੋਗ੍ਰਾਫੀ ਨੂੰ ਦੇਖਣ ਦੇ ਬੁਰੇ ਅੰਜਾਮਾਂ ਬਾਰੇ ਸੋਚ-ਵਿਚਾਰ ਕਰ ਕੇ ਅਸੀਂ ਇਸ ਨੂੰ ਘਿਰਣਾ ਕਰਨੀ ਸਿੱਖ ਸਕਦੇ ਹਾਂ। ਅਮਰੀਕਾ ਦੀ ਇਕ ਯੂਨੀਵਰਸਿਟੀ ਨੇ ਰਿਪੋਰਟ ਦਿੱਤੀ ਕਿ ਕੁਝ ਪੋਰਨੋਗ੍ਰਾਫੀ ਦੇਖਣ ਵਾਲੇ ਲੋਕ “ਡਿਪ੍ਰੈਸ਼ਨ ਦਾ ਸ਼ਿਕਾਰ ਹੁੰਦੇ ਹਨ, ਇਕੱਲੇ ਰਹਿਣਾ ਪਸੰਦ ਕਰਦੇ ਹਨ, ਦੂਜਿਆਂ ਨਾਲ ਉਨ੍ਹਾਂ ਦੇ ਰਿਸ਼ਤੇ ਵਿਚ ਦਰਾੜ ਆ ਜਾਂਦੀ ਹੈ” ਤੇ ਹੋਰ ਵੀ ਬਹੁਤ ਸਾਰੇ ਬੁਰੇ ਨਤੀਜੇ ਨਿਕਲਦੇ ਹਨ। ਜਿਵੇਂ ਅਸੀਂ ਪਹਿਲਾਂ ਦੇਖ ਚੁੱਕੇ ਹਾਂ ਕਿ ਪੋਰਨੋਗ੍ਰਾਫੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਘਿਣਾਉਣੀ ਹੈ, ਇਸ ਕਰਕੇ ਇਸ ਨੂੰ ਦੇਖਣ ਵਾਲੇ ਪਰਮੇਸ਼ੁਰ ਨਾਲ ਰਿਸ਼ਤਾ ਨਹੀਂ ਜੋੜ ਸਕਦੇ।
ਬਾਈਬਲ ਸਾਨੂੰ ਚੰਗੀਆਂ ਗੱਲਾਂ ਨੂੰ ਪਿਆਰ ਕਰਨਾ ਸਿਖਾ ਸਕਦੀ ਹੈ। ਅਸੀਂ ਜਿੰਨਾ ਜ਼ਿਆਦਾ ਬਾਈਬਲ ਪੜ੍ਹਾਂਗੇ, ਉੱਨਾ ਹੀ ਜ਼ਿਆਦਾ ਪਰਮੇਸ਼ੁਰ ਦੇ ਉੱਚੇ ਮਿਆਰਾਂ ਦੀ ਕਦਰ ਕਰਾਂਗੇ। ਫਿਰ ਅਸੀਂ ਪੋਰਨੋਗ੍ਰਾਫੀ ਦੇਖਣ ਤੋਂ ਪਰਹੇਜ਼ ਕਰਾਂਗੇ ਤੇ ਜ਼ਬੂਰਾਂ ਦੇ ਲਿਖਾਰੀ ਵਾਂਗ ਪੱਕਾ ਇਰਾਦਾ ਕਰਾਂਗੇ ਜਿਸ ਨੇ ਕਿਹਾ: “ਮੈਂ ਵਿਰਥੀ ਗੱਲ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਨਾ ਰੱਖਾਂਗਾ।”—ਜ਼ਬੂਰਾਂ ਦੀ ਪੋਥੀ 101:3. (g13 03-E)