Skip to content

Skip to table of contents

ਪਰਿਵਾਰ ਦੀ ਮਦਦ ਲਈ | ਵਿਆਹ

ਤੁਸੀਂ ਆਪਣੀ ਚੁੱਪ ਕਿਵੇਂ ਤੋੜ ਸਕਦੇ ਹੋ?

ਤੁਸੀਂ ਆਪਣੀ ਚੁੱਪ ਕਿਵੇਂ ਤੋੜ ਸਕਦੇ ਹੋ?

ਚੁਣੌਤੀ

ਦੋ ਇਨਸਾਨ ਜਿਨ੍ਹਾਂ ਨੇ ਹਮੇਸ਼ਾ ਇਕੱਠੇ ਰਹਿਣ ਦੀਆਂ ਕਸਮਾਂ ਖਾਧੀਆਂ ਹਨ ਉਹ ਕਿਵੇਂ ਇਕ-ਦੂਜੇ ਨਾਲ ਕਈ ਘੰਟਿਆਂ ਜਾਂ ਦਿਨਾਂ ਤਕ ਗੱਲ ਕਰਨੀ ਛੱਡ ਦਿੰਦੇ ਹਨ? ਉਹ ਆਪਣੇ ਆਪ ਨੂੰ ਕਹਿੰਦੇ ਹਨ: ‘ਚਲੋ ਸਾਡੀ ਲੜਾਈ ਤਾਂ ਖ਼ਤਮ ਹੋ ਗਈ।’ ਪਰ ਚੁੱਪ ਵੱਟ ਲੈਣ ਨਾਲ ਨਾ ਤਾਂ ਮਸਲੇ ਦਾ ਹੱਲ ਹੋਇਆ ਤੇ ਨਾ ਹੀ ਉਹ ਖ਼ੁਸ਼ ਹਨ।

ਇਵੇਂ ਕਿਉਂ ਹੁੰਦਾ ਹੈ?

ਬਦਲਾ ਲੈਣ ਲਈ। ਕਈ ਪਤੀ-ਪਤਨੀ ਬਦਲਾ ਲੈਣ ਲਈ ਚੁੱਪ ਵੱਟ ਲੈਂਦੇ ਹਨ। ਮਿਸਾਲ ਲਈ, ਮੰਨ ਲਓ ਕਿ ਇਕ ਪਤੀ ਆਪਣੀ ਪਤਨੀ ਤੋਂ ਪੁੱਛੇ ਬਿਨਾਂ ਕਿਤੇ ਜਾਣ ਦੀ ਯੋਜਨਾ ਬਣਾ ਲੈਂਦਾ ਹੈ। ਜਦੋਂ ਉਸ ਦੀ ਪਤਨੀ ਨੂੰ ਪਤਾ ਲੱਗਦਾ ਹੈ, ਤਾਂ ਉਹ ਗੁੱਸੇ ਨਾਲ ਭੜਕ ਉੱਠਦੀ ਹੈ ਅਤੇ ਉਸ ਨੂੰ ਲਾਪਰਵਾਹ ਅਤੇ ਖ਼ੁਦਗਰਜ਼ ਕਹਿੰਦੀ ਹੈ। ਉਹ ਉਸ ਨੂੰ ਕਹਿੰਦਾ ਹੈ ਕਿ ‘ਤੂੰ ਤਾਂ ਹਰ ਗੱਲ ਦਾ ਰਾਈ ਦਾ ਪਹਾੜ ਬਣਾ ਲੈਂਦੀ ਹੈ।’ ਪਤਨੀ ਗੁੱਸੇ ਵਿਚ ਮੂੰਹ ਫੁਲਾ ਲੈਂਦੀ ਹੈ ਤੇ ਗੱਲ ਕਰਨੀ ਬੰਦ ਕਰ ਦਿੰਦੀ ਹੈ। ਇੱਦਾਂ ਕਰ ਕੇ ਉਹ ਕਹਿੰਦੀ ਹੈ ਕਿ “ਜਿੱਦਾਂ ਤੁਸੀਂ ਮੇਰੇ ਨਾਲ ਕੀਤਾ, ਮੈਂ ਵੀ ਤੁਹਾਡੇ ਨਾਲ ਉੱਦਾਂ ਹੀ ਕਰਨਾ।”

ਆਪਣੀ ਗੱਲ ਮਨਵਾਉਣ ਲਈ। ਕਈ ਲੋਕ ਇਸ ਲਈ ਚੁੱਪ ਵੱਟ ਲੈਂਦੇ ਹਨ ਤਾਂਕਿ ਉਹ ਆਪਣੀ ਗੱਲ ਮੰਨਵਾ ਸਕਣ। ਮਿਸਾਲ ਲਈ, ਮੰਨ ਲਓ ਕਿ ਇਕ ਪਤੀ-ਪਤਨੀ ਕਿਤੇ ਜਾਣ ਦੀ ਯੋਜਨਾ ਬਣਾਉਂਦੇ ਹਨ ਅਤੇ ਪਤਨੀ ਆਪਣੇ ਮਾਪਿਆਂ ਨੂੰ ਨਾਲ ਲੈ ਕੇ ਜਾਣਾ ਚਾਹੁੰਦੀ ਹੈ। ਪਤੀ ਇਸ ਗੱਲ ’ਤੇ ਰਾਜ਼ੀ ਨਹੀਂ ਹੁੰਦਾ। ਉਹ ਕਹਿੰਦਾ ਹੈ: “ਤੂੰ ਮੇਰੇ ਨਾਲ ਵਿਆਹੀ ਹੈਂ ਆਪਣੇ ਮਾਪਿਆਂ ਨਾਲ ਨਹੀਂ।” ਫਿਰ ਉਹ ਉਦੋਂ ਤਕ ਗੱਲ ਨਹੀਂ ਕਰਦਾ ਜਦੋਂ ਤਕ ਉਹ ਉਸ ਦੀ ਗੱਲ ਨਹੀਂ ਮੰਨ ਲੈਂਦੀ।

ਇਹ ਸੱਚ ਹੈ ਕਿ ਕਈ ਵਾਰ ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਗੁੱਸਾ ਚੜ੍ਹ ਰਿਹਾ ਹੈ, ਉਦੋਂ ਲੜਾਈ ਜਾਂ ਬਹਿਸ ਤੋਂ ਬਚਣ ਲਈ ਤੁਸੀਂ ਚੁੱਪ ਰਹਿ ਸਕਦੇ ਹੋ। ਇੱਦਾਂ ਕਰਨਾ ਫ਼ਾਇਦੇਮੰਦ ਹੋ ਸਕਦਾ ਹੈ। ਬਾਈਬਲ ਕਹਿੰਦੀ ਹੈ ਕਿ “ਇੱਕ ਚੁੱਪ ਕਰਨ ਦਾ ਵੇਲਾ ਹੈ।” (ਉਪਦੇਸ਼ਕ ਦੀ ਪੋਥੀ 3:7) ਪਰ ਜਦੋਂ ਤੁਸੀਂ ਬਦਲਾ ਲੈਣ ਲਈ ਜਾਂ ਆਪਣੀ ਗੱਲ ਮਨਵਾਉਣ ਲਈ ਚੁੱਪ ਵੱਟਦੇ ਹੋ, ਤਾਂ ਇਸ ਨਾਲ ਸਿਰਫ਼ ਲੜਾਈ ਵਧਦੀ ਹੀ ਨਹੀਂ, ਸਗੋਂ ਇਕ-ਦੂਜੇ ਲਈ ਇੱਜ਼ਤ-ਮਾਣ ਵੀ ਘੱਟਦਾ ਹੈ। ਤੁਸੀਂ ਇੱਦਾਂ ਕਰਨ ਤੋਂ ਕਿਵੇਂ ਬਚ ਸਕਦੇ ਹੋ?

ਤੁਸੀਂ ਕੀ ਕਰ ਸਕਦੇ ਹੋ

ਪਹਿਲੀ ਗੱਲ, ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਬੋਲ-ਚਾਲ ਬੰਦ ਕਰਨ ਨਾਲ ਸਮੱਸਿਆ ਹੱਲ ਨਹੀਂ ਹੁੰਦੀ। ਇਹ ਸੱਚ ਹੈ ਕਿ ਤੁਸੀਂ ਚੁੱਪ ਵੱਟ ਕੇ ਸ਼ਾਇਦ ਬਦਲਾ ਲੈ ਲਵੋ ਜਾਂ ਆਪਣੀ ਗੱਲ ਮੰਨਵਾ ਲਵੋ। ਪਰ ਕੀ ਉਸ ਇਨਸਾਨ ਨਾਲ ਇਸ ਤਰ੍ਹਾਂ ਕਰਨਾ ਸਹੀ ਹੈ ਜਿਸ ਨਾਲ ਤੁਸੀਂ ਹਮੇਸ਼ਾ ਇਕੱਠੇ ਰਹਿਣ ਦੀਆਂ ਕਸਮਾਂ ਖਾਧੀਆਂ ਸਨ? ਆਓ ਦੇਖੀਏ ਕਿ ਲੜਾਈ-ਝਗੜੇ ਕਿਵੇਂ ਨਿਪਟਾਏ ਜਾ ਸਕਦੇ ਹਨ।

ਸਮਝਦਾਰ ਬਣੋ। ਬਾਈਬਲ ਕਹਿੰਦੀ ਹੈ ਕਿ ਪਿਆਰ “ਖਿਝਦਾ ਨਹੀਂ।” (1 ਕੁਰਿੰਥੀਆਂ 13:4, 5) ਇਸ ਲਈ ਜਦੋਂ ਤੁਹਾਡੀ ਪਤਨੀ ਗੁੱਸੇ ਵਿਚ ਕਹਿੰਦੀ ਹੈ: “ਤੁਸੀਂ ਮੇਰੀ ਗੱਲ ਕਦੇ ਨਹੀਂ ਸੁਣਦੇ” ਜਾਂ “ਤੁਸੀਂ ਕਦੇ ਟਾਈਮ ’ਤੇ ਨਹੀਂ ਆਉਂਦੇ,” ਤਾਂ ਗੁੱਸੇ ਵਿਚ ਭੜਕੋ ਨਾ। ਇਸ ਦੀ ਬਜਾਇ, ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਉਸ ਨੇ ਇਸ ਤਰ੍ਹਾਂ ਕਿਉਂ ਕਿਹਾ। ਮਿਸਾਲ ਲਈ, “ਤੁਸੀਂ ਮੇਰੀ ਗੱਲ ਕਦੇ ਨਹੀਂ ਸੁਣਦੇ” ਦੇ ਕਹਿਣ ਦਾ ਮਤਲਬ ਹੋ ਸਕਦਾ ਹੈ ਕਿ “ਮੈਨੂੰ ਲੱਗਦਾ ਕਿ ਤੁਸੀਂ ਮੇਰੀ ਗੱਲ ਧਿਆਨ ਨਾਲ ਨਹੀਂ ਸੁਣਦੇ।”​—ਬਾਈਬਲ ਦਾ ਅਸੂਲ: ਕਹਾਉਤਾਂ 14:29.

ਆਪਣੇ ਸਾਥੀ ਨੂੰ ਵਿਰੋਧੀ ਸਮਝਣ ਦੀ ਬਜਾਇ ਉਸ ਨਾਲ ਮਿਲ ਕੇ ਕੰਮ ਕਰੋ

ਖਿੱਝ ਕੇ ਨਾ ਬੋਲੋ। ਜਿੱਦਾਂ ਲੱਸੀ ਵਿਚ ਪਾਣੀ ਪਾਉਣ ਨਾਲ ਲੱਸੀ ਵਧਦੀ ਰਹਿੰਦੀ ਹੈ ਉਸੇ ਤਰ੍ਹਾਂ ਬਹਿਸ ਕਰਨ ਨਾਲ ਲੜਾਈ ਵਧਦੀ ਹੈ। ਦੂਜੇ ਪਾਸੇ, ਝਗੜੇ ਨੂੰ ਹੋਰ ਵਧਾਉਣ ਦੀ ਬਜਾਇ ਤੁਸੀਂ ਇਸ ਨੂੰ ਰੋਕ ਸਕਦੇ ਹੋ। ਕਿਵੇਂ? ਆਪਣੇ ਵਿਆਹ ਨੂੰ ਬਚਾਉਣਾ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਕਹਿੰਦੀ ਹੈ: “ਆਪਣੇ ਬੋਲਣ ਦੇ ਲਹਿਜੇ ਨੂੰ ਨਰਮ ਕਰ ਕੇ ਅਤੇ ਆਪਣੇ ਸਾਥੀ ਦੀ ਗੱਲ ਸਮਝ ਕੇ ਤੁਸੀਂ ਲੜਾਈ-ਝਗੜੇ ਨੂੰ ਖ਼ਤਮ ਕਰ ਸਕਦੇ ਹੋ। ਤੁਹਾਨੂੰ ਸਿਰਫ਼ ਇਹੀ ਕਰਨ ਦੀ ਲੋੜ ਹੈ।”​—ਬਾਈਬਲ ਦਾ ਅਸੂਲ: ਕਹਾਉਤਾਂ 26:20.

ਸਿਰਫ਼ “ਆਪਣੇ” ਬਾਰੇ ਹੀ ਨਾ ਸੋਚੋ। ਬਾਈਬਲ ਕਹਿੰਦੀ ਹੈ: “ਹਰ ਕੋਈ ਆਪਣਾ ਹੀ ਫ਼ਾਇਦਾ ਨਾ ਸੋਚੇ, ਸਗੋਂ ਹਮੇਸ਼ਾ ਦੂਸਰਿਆਂ ਦੇ ਭਲੇ ਬਾਰੇ ਸੋਚੇ।” (1 ਕੁਰਿੰਥੀਆਂ 10:24) ਜੇ ਤੁਸੀਂ ਆਪਣੇ ਸਾਥੀ ਨੂੰ ਵਿਰੋਧੀ ਸਮਝਣ ਦੀ ਬਜਾਇ ਉਸ ਨਾਲ ਮਿਲ ਕੇ ਕੰਮ ਕਰੋ, ਤਾਂ ਤੁਸੀਂ ਗੁੱਸੇ ਨਹੀਂ ਹੋਵੋਗੇ, ਬਹਿਸ ਨਹੀਂ ਕਰੋਗੇ ਅਤੇ ਆਪਣੇ ਸਾਥੀ ਨਾਲ ਚੁੱਪ ਨਹੀਂ ਵੱਟੋਗੇ।​—ਬਾਈਬਲ ਦਾ ਅਸੂਲ: ਉਪਦੇਸ਼ਕ ਦੀ ਪੋਥੀ 7:9.

ਬਾਈਬਲ ਸਾਨੂੰ ਸਲਾਹ ਦਿੰਦੀ ਹੈ ਕਿ ਸਾਨੂੰ ਆਪਣੇ ਸਾਥੀ ਨਾਲ ਗੱਲਬਾਤ ਬੰਦ ਨਹੀਂ ਕਰਨੀ ਚਾਹੀਦੀ: “ਤੁਸੀਂ ਸਾਰੇ ਆਪਣੀਆਂ ਪਤਨੀਆਂ ਨਾਲ ਇਸ ਤਰ੍ਹਾਂ ਪਿਆਰ ਕਰੋ ਜਿਸ ਤਰ੍ਹਾਂ ਤੁਸੀਂ ਆਪਣੇ ਨਾਲ ਪਿਆਰ ਕਰਦੇ ਹੋ; ਨਾਲੇ ਪਤਨੀ ਨੂੰ ਆਪਣੇ ਪਤੀ ਦਾ ਗਹਿਰਾ ਆਦਰ ਕਰਨਾ ਚਾਹੀਦਾ ਹੈ।” (ਅਫ਼ਸੀਆਂ 5:33) ਕਿਉਂ ਨਾ ਆਪਣੇ ਸਾਥੀ ਨਾਲ ਵਾਅਦਾ ਕਰੋ ਕਿ ਤੁਸੀਂ ਵਿਆਹ ਵਿਚ ਇਕ-ਦੂਜੇ ਨਾਲ ਚੁੱਪ ਨਹੀਂ ਵੱਟੋਗੇ। (g13 06-E)