ਬਾਈਬਲ ਕੀ ਕਹਿੰਦੀ ਹੈ
ਸ਼ਰਾਬ
ਕੀ ਸ਼ਰਾਬ ਪੀਣੀ ਗ਼ਲਤ ਹੈ?
“ਦਾਖ ਰਸ ਜਿਹੜੀ ਇਨਸਾਨ ਦੇ ਦਿਲ ਨੂੰ ਅਨੰਦ ਕਰਦੀ ਹੈ, ਅਤੇ ਤੇਲ ਜਿਹੜਾ ਉਹ ਦੇ ਮੁਖੜੇ ਨੂੰ ਚਮਕਾਉਂਦਾ ਹੈ, ਨਾਲੇ ਰੋਟੀ ਜਿਹੜੀ ਇਨਸਾਨ ਦੇ ਦਿਲ ਨੂੰ ਤਕੜਿਆਂ ਕਰਦੀ ਹੈ।”—ਜ਼ਬੂਰਾਂ ਦੀ ਪੋਥੀ 104:15.
ਲੋਕੀ ਕੀ ਕਹਿੰਦੇ ਹਨ
ਕਈ ਘਰਾਂ ਵਿਚ ਖਾਣੇ ਨਾਲ ਸ਼ਰਾਬ ਪੀਣੀ ਆਮ ਗੱਲ ਹੈ। ਦੂਜੇ ਪਾਸੇ, ਕਈ ਲੋਕ ਸ਼ਰਾਬ ਨੂੰ ਮੂੰਹ ਵੀ ਨਹੀਂ ਲਾਉਂਦੇ। ਲੋਕਾਂ ਦੇ ਵਿਚਾਰ ਇੰਨੇ ਵੱਖੋ-ਵੱਖ ਕਿਉਂ ਹਨ? ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਸਭਿਆਚਾਰ, ਸਿਹਤ ਅਤੇ ਧਰਮ।
ਬਾਈਬਲ ਕੀ ਕਹਿੰਦੀ ਹੈ
ਬਾਈਬਲ ਥੋੜ੍ਹੀ ਸ਼ਰਾਬ ਪੀਣ ਤੋਂ ਮਨ੍ਹਾ ਨਹੀਂ ਕਰਦੀ, ਪਰ ਹੱਦੋਂ ਵੱਧ ਸ਼ਰਾਬ ਪੀਣ ਨੂੰ ਗ਼ਲਤ ਕਹਿੰਦੀ ਹੈ। (1 ਕੁਰਿੰਥੀਆਂ 6:9, 10) ਦਰਅਸਲ ਪੁਰਾਣੇ ਜ਼ਮਾਨੇ ਤੋਂ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਲੋਕ ਦਾਖਰਸ ਪੀਂਦੇ ਆਏ ਹਨ। ਬਾਈਬਲ ਵਿਚ ਦਾਖਰਸ, ਮੈ ਤੇ ਮਧ ਦਾ ਜ਼ਿਕਰ ਕਈ ਵਾਰ ਆਉਂਦਾ ਹੈ। (ਉਤਪਤ 27:25) ਉਪਦੇਸ਼ਕ ਦੀ ਪੋਥੀ 9:7 ਵਿਚ ਲਿਖਿਆ ਹੈ: “ਅਨੰਦ ਨਾਲ ਆਪਣੀ ਰੋਟੀ ਖਾਹ, ਅਤੇ ਮੌਜ ਨਾਲ ਆਪਣੀ ਮੈ ਪੀ।” ਦਾਖਰਸ ਪੀਣ ਨਾਲ ਦਿਲ ਖ਼ੁਸ਼ ਹੋਣ ਕਰਕੇ ਇਹ ਵਿਆਹਾਂ-ਪਾਰਟੀਆਂ ’ਤੇ ਦਿੱਤੀ ਜਾਂਦੀ ਸੀ। ਯਿਸੂ ਮਸੀਹ ਨੇ ਆਪਣਾ ਪਹਿਲਾ ਚਮਤਕਾਰ ਵਿਆਹ ਤੇ ਹੀ ਕੀਤਾ ਸੀ ਜਦ ਉਸ ਨੇ ਪਾਣੀ ਨੂੰ “ਵਧੀਆ ਦਾਖਰਸ” ਵਿਚ ਬਦਲਿਆ ਸੀ। (ਯੂਹੰਨਾ 2:1-11) ਦਾਖਰਸ ਨੂੰ ਦਵਾਈ ਦੇ ਤੌਰ ਤੇ ਵੀ ਵਰਤਿਆ ਜਾਂਦਾ ਸੀ।—ਲੂਕਾ 10:34; 1 ਤਿਮੋਥਿਉਸ 5:23.
ਕੀ ਬਾਈਬਲ ਦੱਸਦੀ ਹੈ ਕਿ ਸਾਨੂੰ ਕਿੰਨੀ ਕੁ ਸ਼ਰਾਬ ਪੀਣੀ ਚਾਹੀਦੀ ਹੈ?
‘ਹੱਦੋਂ ਵੱਧ ਸ਼ਰਾਬ ਨਾ ਪੀਓ।’—ਤੀਤੁਸ 2:3.
ਤੁਹਾਡੇ ਲਈ ਇਹ ਗੱਲ ਕਿਉਂ ਮਾਅਨੇ ਰੱਖਦੀ ਹੈ?
ਘਰ ਵਿਚ ਕੋਈ-ਨਾ-ਕੋਈ ਸ਼ਰਾਬ ਪੀਂਦਾ ਹੋਣ ਕਰਕੇ ਹਰ ਸਾਲ ਅਣਗਿਣਤ ਪਰਿਵਾਰ ਦੁੱਖ ਭੋਗਦੇ ਹਨ। ਹੱਦੋਂ ਵੱਧ ਸ਼ਰਾਬ ਪੀਣ ਕਰਕੇ ਸ਼ਰਾਬੀਆਂ ਦਾ ਆਪਣੇ ਆਪ ’ਤੇ ਕੋਈ ਕੰਟ੍ਰੋਲ ਨਹੀਂ ਹੁੰਦਾ ਤੇ ਉਹ ਇੱਧਰ-ਉੱਧਰ ਡਿੱਗ ਜਾਂਦੇ ਹਨ। ਕਈਆਂ ਦੇ ਸੜਕਾਂ ’ਤੇ ਐਕਸੀਡੈਂਟ ਹੋ ਜਾਂਦੇ ਹਨ। ਜੇ ਕਿਸੇ ਨੂੰ ਜ਼ਿਆਦਾ ਸ਼ਰਾਬ ਪੀਣ ਦੀ ਆਦਤ ਹੈ, ਤਾਂ ਉਸ ਦੇ ਦਿਮਾਗ਼, ਦਿਲ, ਜਿਗਰ ਤੇ ਪੇਟ ਨੂੰ ਨੁਕਸਾਨ ਪਹੁੰਚਦਾ ਹੈ।
ਬਾਈਬਲ ਕੀ ਕਹਿੰਦੀ ਹੈ
ਪਰਮੇਸ਼ੁਰ ਇਹੀ ਚਾਹੁੰਦਾ ਹੈ ਕਿ ਅਸੀਂ ਹਿਸਾਬ ਨਾਲ ਖਾਈਏ-ਪੀਏ। (ਕਹਾਉਤਾਂ 23:20; 1 ਤਿਮੋਥਿਉਸ 3:2, 3, 8) ਸੰਜਮ ਦੀ ਘਾਟ ਹੋਣ ਕਰਕੇ ਸਾਡੇ ਉੱਤੇ ਪਰਮੇਸ਼ੁਰ ਦੀ ਮਿਹਰ ਨਹੀਂ ਰਹਿੰਦੀ। ਬਾਈਬਲ ਦੱਸਦੀ ਹੈ: “ਮੈ ਠੱਠੇ ਵਾਲੀ ਤੇ ਸ਼ਰਾਬ ਝਗੜੇ ਵਾਲੀ ਚੀਜ਼ ਹੈ, ਜੋ ਕੋਈ ਓਹਨਾਂ ਤੋਂ ਧੋਖਾ ਖਾਂਦਾ ਹੈ ਉਹ ਬੁੱਧਵਾਨ ਨਹੀਂ!”—ਕਹਾਉਤਾਂ 20:1.
ਸ਼ਰਾਬ ਪੀਣ ਦਾ ਇਕ ਨੁਕਸਾਨ ਹੈ ਕਿ ਅਸੀਂ ਇਸ ਦੇ ਧੋਖੇ ਵਿਚ ਆ ਕੇ ਕੋਈ ਬੁਰਾ ਕੰਮ ਕਰ ਸਕਦੇ ਹਾਂ। ਹੋਸ਼ੇਆ 4:11 ਵਿਚ ਲਿਖਿਆ ਹੈ: “ਮਧ ਅਤੇ ਨਵੀਂ ਮੈ, ਏਹ ਮੱਤ ਮਾਰ ਲੈਂਦੀਆਂ ਹਨ।” ਜੌਨ ਨਾਂ ਦੇ ਇਕ ਆਦਮੀ ਨੇ ਗ਼ਲਤੀ ਕਰਨ ਤੋਂ ਬਾਅਦ ਸਬਕ ਸਿੱਖਿਆ। * ਆਪਣੀ ਪਤਨੀ ਨਾਲ ਝਗੜਾ ਕਰਨ ਤੋਂ ਬਾਅਦ ਉਹ ਹੋਟਲ ਵਿਚ ਚਲਾ ਗਿਆ। ਉੱਥੇ ਉਸ ਨੇ ਬਹੁਤ ਸ਼ਰਾਬ ਪੀਤੀ ਤੇ ਹਰਾਮਕਾਰੀ ਕਰ ਲਈ। ਬਾਅਦ ਵਿਚ ਉਹ ਆਪਣੀ ਕੀਤੀ ਤੋਂ ਬਹੁਤ ਪਛਤਾਇਆ ਤੇ ਉਸ ਨੇ ਇਹ ਗ਼ਲਤੀ ਨਾ ਦੁਹਰਾਉਣ ਦਾ ਪੱਕਾ ਇਰਾਦਾ ਕੀਤਾ। ਜ਼ਿਆਦਾ ਸ਼ਰਾਬ ਪੀਣ ਕਰਕੇ ਸਾਡੀ ਸਿਹਤ ਦਾ ਨੁਕਸਾਨ ਹੋ ਸਕਦਾ ਹੈ, ਅਸੀਂ ਪਰਮੇਸ਼ੁਰ ਦੇ ਮਿਆਰਾਂ ਤੋਂ ਉਲਟ ਕੰਮ ਕਰ ਸਕਦੇ ਹਾਂ ਜਾਂ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਟੁੱਟ ਸਕਦਾ ਹੈ। ਨਾਲੇ ਬਾਈਬਲ ਕਹਿੰਦੀ ਹੈ ਕਿ ਸ਼ਰਾਬੀਆਂ ਨੂੰ ਹਮੇਸ਼ਾ ਦੀ ਜ਼ਿੰਦਗੀ ਨਹੀਂ ਮਿਲੇਗੀ।—1 ਕੁਰਿੰਥੀਆਂ 6:9, 10.
ਸ਼ਰਾਬ ਕਦੋਂ ਨਹੀਂ ਪੀਣੀ ਚਾਹੀਦੀ?
“ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵਧ ਕੇ ਕਸ਼ਟ ਭੋਗਦੇ ਹਨ।”—ਕਹਾਉਤਾਂ 22:3.
ਤੁਹਾਡੇ ਲਈ ਇਹ ਗੱਲ ਕਿਉਂ ਮਾਅਨੇ ਰੱਖਦੀ ਹੈ?
ਵਰਲਡ ਬੁੱਕ ਐਨਸਾਈਕਲੋਪੀਡੀਆ ਕਹਿੰਦਾ ਹੈ: “ਸ਼ਰਾਬ ਇਕ ਜ਼ਬਰਦਸਤ ਨਸ਼ਾ ਹੈ।” ਸੋ ਹੋ ਸਕਦਾ ਹੈ ਕਿ ਕਈ ਹਾਲਾਤਾਂ ਵਿਚ ਜਾਂ ਕਿਸੇ ਸਮੇਂ ਤੇ ਥੋੜ੍ਹੀ ਜਿਹੀ ਸ਼ਰਾਬ ਪੀਣੀ ਵੀ ਗ਼ਲਤ ਹੋਵੇ।
ਬਾਈਬਲ ਕੀ ਕਹਿੰਦੀ ਹੈ
ਲੋਕ ਅਕਸਰ ਗ਼ਲਤ ਸਮੇਂ ’ਤੇ ਸ਼ਰਾਬ ਪੀ ਕੇ “ਕਸ਼ਟ ਭੋਗਦੇ ਹਨ।” ਉਪਦੇਸ਼ਕ ਦੀ ਪੋਥੀ 3:1 ਵਿਚ ਲਿਖਿਆ ਹੈ: “ਹਰੇਕ ਕੰਮ ਦਾ ਇੱਕ ਸਮਾ ਹੈ।” ਸੋ ਸ਼ਰਾਬ ਨਾ ਪੀਣ ਦਾ ਵੀ ਇਕ ਸਮਾਂ ਹੈ। ਮਿਸਾਲ ਲਈ, ਇਕ ਵਿਅਕਤੀ ਕਾਨੂੰਨੀ ਤੌਰ ਤੇ ਸ਼ਰਾਬ ਪੀਣ ਦੇ ਯੋਗ ਨਾ ਹੋਵੇ ਜਾਂ ਉਹ ਸ਼ਾਇਦ ਸ਼ਰਾਬ ਛੱਡਣ ਦੀ ਕੋਸ਼ਿਸ਼ ਕਰਦਾ ਹੋਵੇ ਜਾਂ ਉਹ ਸ਼ਾਇਦ ਕੋਈ ਦਵਾਈ ਲੈਂਦਾ ਹੋਵੇ ਜਿਸ ਕਰਕੇ ਉਸ ਨੂੰ ਸ਼ਰਾਬ ਪੀਣੀ ਮਨ੍ਹਾ ਹੋਵੇ। ਬਹੁਤ ਸਾਰੇ ਲੋਕਾਂ ਨੂੰ ਕੰਮ ’ਤੇ ਜਾਣ ਤੋਂ ਪਹਿਲਾਂ ਤੇ ਕੰਮ ’ਤੇ ਹੁੰਦਿਆਂ ਸ਼ਰਾਬ ਨਹੀਂ ਪੀਣੀ ਚਾਹੀਦੀ, ਖ਼ਾਸ ਕਰਕੇ ਮਸ਼ੀਨਾਂ ਉੱਤੇ ਕੰਮ ਕਰਦਿਆਂ। ਬੁੱਧੀਮਾਨ ਲੋਕ ਜ਼ਿੰਦਗੀ ਤੇ ਸਿਹਤ ਨੂੰ ਪਰਮੇਸ਼ੁਰ ਵੱਲੋਂ ਮਿਲੀਆਂ ਦਾਤਾਂ ਸਮਝ ਕੇ ਇਨ੍ਹਾਂ ਦੀ ਕਦਰ ਕਰਦੇ ਹਨ। (ਜ਼ਬੂਰਾਂ ਦੀ ਪੋਥੀ 36:9) ਅਸੀਂ ਇਨ੍ਹਾਂ ਦਾਤਾਂ ਦੀ ਉਦੋਂ ਵੀ ਕਦਰ ਕਰਦੇ ਹਾਂ ਜਦੋਂ ਅਸੀਂ ਸ਼ਰਾਬ ਸੰਬੰਧੀ ਦਿੱਤੇ ਬਾਈਬਲ ਦੇ ਅਸੂਲਾਂ ਅਨੁਸਾਰ ਚੱਲਦੇ ਹਾਂ। (g13 08-E)
^ ਪੇਰਗ੍ਰੈਫ 11 ਨਾਂ ਬਦਲਿਆ ਗਿਆ ਹੈ।