Skip to content

Skip to table of contents

ਪਰਿਵਾਰ ਦੀ ਮਦਦ ਲਈ | ਮਾਪੇ

ਜਦੋਂ ਨੌਜਵਾਨ ਆਪਣੇ ਆਪ ਨੂੰ ਜ਼ਖ਼ਮੀ ਕਰਦਾ ਹੈ

ਜਦੋਂ ਨੌਜਵਾਨ ਆਪਣੇ ਆਪ ਨੂੰ ਜ਼ਖ਼ਮੀ ਕਰਦਾ ਹੈ

ਚੁਣੌਤੀ

ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੀ ਨੌਜਵਾਨ ਕੁੜੀ ਆਪਣੇ ਆਪ ਨੂੰ ਜਾਣ-ਬੁੱਝ ਕੇ ਜ਼ਖ਼ਮੀ ਕਰਦੀ ਹੈ। ਤੁਸੀਂ ਸੋਚਦੇ ਹੋ: ‘ਉਹ ਇੱਦਾਂ ਕਿਉਂ ਕਰਦੀ ਹੈ? ਕੀ ਉਹ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕਰ ਰਹੀ ਹੈ?’

ਸ਼ਾਇਦ ਉਹ ਆਪਣੀ ਜਾਨ ਲੈਣ ਦੀ ਕੋਸ਼ਿਸ਼ ਨਹੀਂ ਕਰ ਰਹੀ, ਪਰ ਜੇ ਉਹ ਆਪਣੇ ਆਪ ਨੂੰ ਜ਼ਖ਼ਮੀ ਕਰਦੀ ਹੈ, * ਤਾਂ ਉਸ ਨੂੰ ਮਦਦ ਦੀ ਲੋੜ ਹੈ। ਤੁਸੀਂ ਉਸ ਦੀ ਮਦਦ ਕਿੱਦਾਂ ਕਰ ਸਕਦੇ ਹੋ? ਪਹਿਲਾਂ ਪਤਾ ਕਰੋ ਕਿ ਉਹ ਇੱਦਾਂ ਕਿਉਂ ਕਰ ਰਹੀ ਹੈ। *

ਇਵੇਂ ਕਿਉਂ ਹੁੰਦਾ ਹੈ?

ਕੀ ਇਸ ਤਰ੍ਹਾਂ ਕਰਨਾ ਆਮ ਹੈ? ਇਹ ਸੱਚ ਹੈ ਕਿ ਕਈ ਨੌਜਵਾਨ ਆਪਣੇ ਆਪ ਨੂੰ ਜ਼ਖ਼ਮੀ ਕਰਦੇ ਹਨ ਕਿਉਂਕਿ ਉਨ੍ਹਾਂ ਨੇ ਸੁਣਿਆ ਹੈ ਕਿ ਦੂਸਰੇ ਇੱਦਾਂ ਕਰਦੇ ਹਨ। ਪਰ ਇਹ ਆਮ ਕਾਰਨ ਨਹੀਂ ਹੈ। ਕਿਉਂ? ਆਪਣੇ ਆਪ ਨੂੰ ਜ਼ਖ਼ਮੀ ਕਰਨ ਵਾਲੀਆਂ ਕੁੜੀਆਂ ਅਕਸਰ ਇਹ ਚੋਰੀ-ਛਿਪੇ ਕਰਦੀਆਂ ਹਨ ਤੇ ਇਸ ਆਦਤ ਤੋਂ ਉਨ੍ਹਾਂ ਨੂੰ ਸ਼ਰਮ ਆਉਂਦੀ ਹੈ। ਵੀਹਾਂ ਸਾਲਾਂ ਦੀ ਸੀਲੀਆ * ਦੱਸਦੀ ਹੈ: “ਮੈਂ ਨਹੀਂ ਸੀ ਚਾਹੁੰਦੀ ਕਿ ਕਿਸੇ ਨੂੰ ਪਤਾ ਲੱਗੇ ਕਿ ਮੈਂ ਕੀ ਕਰਦੀ ਸੀ। ਮੈਂ ਆਪਣੇ ਜ਼ਖ਼ਮ ਚੰਗੀ ਤਰ੍ਹਾਂ ਲੁਕਾ ਲੈਂਦੀ ਸੀ।”

ਕੀ ਨੌਜਵਾਨ ਦੂਜਿਆਂ ਦਾ ਧਿਆਨ ਖਿੱਚਣ ਲਈ ਇੱਦਾਂ ਕਰਦੇ ਹਨ? ਸ਼ਾਇਦ ਕਈ ਇਸ ਲਈ ਇੱਦਾਂ ਕਰਨ। ਪਰ ਇਸ ਲੇਖ ਵਿਚ ਅਸੀਂ ਉਨ੍ਹਾਂ ਨੌਜਵਾਨ ਕੁੜੀਆਂ ਦੀ ਗੱਲ ਕਰ ਰਹੇ ਹਾਂ ਜੋ ਲੁਕ-ਛੁਪ ਕੇ ਆਪਣੇ ਆਪ ਨੂੰ ਜ਼ਖ਼ਮੀ ਕਰਦੀਆਂ ਹਨ ਅਤੇ ਆਪਣੇ ਜ਼ਖ਼ਮ ਦਿਖਾ ਕੇ ਦੂਜਿਆਂ ਦਾ ਧਿਆਨ ਨਹੀਂ ਖਿੱਚਣਾ ਚਾਹੁੰਦੀਆਂ। ਇਕ ਕੁੜੀ, ਜਿਸ ਨੇ ਪਹਿਲਾਂ ਆਪਣੇ ਆਪ ਨੂੰ ਜ਼ਖ਼ਮੀ ਕੀਤਾ ਸੀ, ਕਹਿੰਦੀ ਹੈ: ‘ਕਾਸ਼ ਕਿਸੇ ਨੇ ਮੇਰੇ ਜ਼ਖ਼ਮ ਦੇਖ ਲਏ ਹੁੰਦੇ ਤਾਂ ਮੈਨੂੰ ਛੇਤੀ ਮਦਦ ਮਿਲ ਜਾਂਦੀ।’

ਲੋਕ ਆਪਣੇ ਆਪ ਨੂੰ ਜ਼ਖ਼ਮੀ ਕਿਉਂ ਕਰਦੇ ਹਨ? ਆਪਣੇ ਆਪ ਨੂੰ ਜ਼ਖ਼ਮੀ ਕਰਨ ਦੇ ਕਾਰਨਾਂ ਨੂੰ ਸਮਝਣਾ ਔਖਾ ਹੈ। ਪਰ ਇੱਦਾਂ ਕਰਨ ਦਾ ਮੁੱਖ ਕਾਰਨ ਹੈ ਕਿ ਨੌਜਵਾਨਾਂ ਨੂੰ ਆਪਣੇ ਦਿਲ ਦੇ ਦਰਦ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਔਖਾ ਲੱਗਦਾ ਹੈ। ਮਾਨਸਿਕ ਸਿਹਤ ਦੇ ਇਕ ਮਾਹਰ ਨੇ ਆਪਣੀ ਕਿਤਾਬ ਵਿਚ ਲਿਖਿਆ ਕਿ ਆਪਣੇ ਆਪ ਨੂੰ ਜ਼ਖ਼ਮੀ ਕਰਨ ਵਾਲਾ “ਉਹ ਹੁੰਦਾ ਹੈ ਜਿਸ ਨੂੰ ਲੱਗਦਾ ਹੈ ਕਿ ਆਪਣੇ ਸਰੀਰ ਨੂੰ ਜ਼ਖ਼ਮੀ ਕਰ ਕੇ ਉਹ ਆਪਣੇ ਦਿਲ ਦੇ ਦਰਦ ਨੂੰ ਭੁਲਾ ਸਕਦਾ ਹੈ।”

ਨੌਜਵਾਨਾਂ ਨੂੰ ਆਪਣੇ ਦਿਲ ਦੇ ਦਰਦ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਔਖਾ ਲੱਗਦਾ ਹੈ

ਜੇ ਤੁਸੀਂ ਆਪਣੇ ਆਪ ਨੂੰ ਕਸੂਰਵਾਰ ਸਮਝਦੇ ਹੋ। ਮਾਪਿਓ, ਇਹ ਨਾ ਸੋਚੋ ਕਿ ਤੁਸੀਂ ਆਪਣਾ ਫ਼ਰਜ਼ ਚੰਗੀ ਤਰ੍ਹਾਂ ਨਹੀਂ ਨਿਭਾਇਆ, ਇਸ ਕਰਕੇ ਤੁਹਾਡੀ ਧੀ ਨੇ ਆਪਣੇ ਆਪ ਨੂੰ ਜ਼ਖ਼ਮੀ ਕੀਤਾ ਹੈ। ਪਰ ਇਹ ਸੋਚੋ ਕਿ ਮਾਪੇ ਹੋਣ ਦੇ ਨਾਤੇ ਤੁਸੀਂ ਉਸ ਦੀ ਮਦਦ ਕਿਵੇਂ ਕਰ ਸਕਦੇ ਹੋ।

ਤੁਸੀਂ ਕੀ ਕਰ ਸਕਦੇ ਹੋ

ਆਪਣੀ ਕੁੜੀ ਨੂੰ ਹੱਲਾਸ਼ੇਰੀ ਦਿਓ ਕਿ ਉਹ ਤੁਹਾਨੂੰ ਦੱਸੇ ਕਿ ਉਹ ਕਿਹੜੀ ਗੱਲ ਕਰਕੇ ਪਰੇਸ਼ਾਨ ਹੈ। ਹੇਠ ਲਿਖੀਆਂ ਗੱਲਾਂ ਤੁਹਾਡੀ ਮਦਦ ਕਰ ਸਕਦੀਆਂ ਹਨ।

ਦਿਲਾਸਾ ਦਿਓ। ਜੇ ਤੁਹਾਨੂੰ ਤੁਹਾਡੀ ਕੁੜੀ ਦੱਸਦੀ ਹੈ ਕਿ ਉਹ ਆਪਣੇ ਆਪ ਨੂੰ ਜ਼ਖ਼ਮੀ ਕਰਦੀ ਹੈ, ਤਾਂ ਸ਼ਾਂਤ ਰਹੋ ਤੇ ਪਿਆਰ ਨਾਲ ਗੱਲ ਕਰੋ।​—ਬਾਈਬਲ ਦਾ ਅਸੂਲ: 1 ਥੱਸਲੁਨੀਕੀਆਂ 5:14.

ਪਿਆਰ ਨਾਲ ਸਵਾਲ ਪੁੱਛੋ। ਮਿਸਾਲ ਲਈ, ਤੁਸੀਂ ਕਹਿ ਸਕਦੇ ਹੋ: “ਮੈਨੂੰ ਪਤਾ ਕਿ ਤੂੰ ਕਦੇ-ਕਦੇ ਆਪਣੇ ਬਾਰੇ ਬੁਰਾ ਸੋਚਦੀ, ਪਰ ਕਿਹੜੀ ਗੱਲ ਤੈਨੂੰ ਸਭ ਤੋਂ ਜ਼ਿਆਦਾ ਪਰੇਸ਼ਾਨ ਕਰਦੀ ਹੈ?” ਜਾਂ “ਜਦੋਂ ਤੂੰ ਦੁਖੀ ਜਾਂ ਨਿਰਾਸ਼ ਹੁੰਦੀ ਹੈਂ, ਤਾਂ ਮੈਂ ਤੇਰੀ ਮਦਦ ਕਿਵੇਂ ਕਰ ਸਕਦੀ ਹਾਂ?” ਜਾਂ “ਮੈਂ ਕੀ ਕਰ ਸਕਦੀ ਹਾਂ ਤਾਂਕਿ ਸਾਡਾ ਰਿਸ਼ਤਾ ਹੋਰ ਵੀ ਵਧੀਆ ਬਣੇ?” ਬਿਨਾਂ ਰੋਕੇ-ਟੋਕੇ ਉਸ ਦੀ ਗੱਲ ਸੁਣੋ।​—ਬਾਈਬਲ ਦਾ ਅਸੂਲ: ਯਾਕੂਬ 1:19.

ਆਪਣੀ ਕੁੜੀ ਦੀ ਮਦਦ ਕਰੋ ਕਿ ਉਹ ਆਪਣੇ ਵਿਚ ਚੰਗੇ ਗੁਣ ਪਛਾਣੇ। ਭਾਵੇਂ ਕਿ ਤੁਹਾਡੀ ਧੀ ਆਪਣੀਆਂ ਖ਼ਾਮੀਆਂ ’ਤੇ ਆਪਣਾ ਧਿਆਨ ਲਾਉਂਦੀ ਹੈ, ਪਰ ਤੁਸੀਂ ਉਸ ਨੂੰ ਹੱਲਾਸ਼ੇਰੀ ਦਿਓ ਕਿ ਉਹ ਆਪਣੇ ਵਿਚ ਚੰਗੇ ਗੁਣ ਦੇਖੇ। ਤੁਸੀਂ ਸ਼ਾਇਦ ਕਹੋ ਕਿ ਉਹ ਘੱਟੋ-ਘੱਟ ਤਿੰਨ ਗੱਲਾਂ ਲਿਖੇ ਜੋ ਉਸ ਨੂੰ ਆਪਣੇ ਬਾਰੇ ਵਧੀਆ ਲੱਗਦੀਆਂ ਹਨ। ਬ੍ਰੀਆਨਾ, ਜੋ 24 ਸਾਲਾਂ ਦੀ ਹੈ, ਦੱਸਦੀ ਹੈ: “ਆਪਣੇ ਚੰਗੇ ਗੁਣ ਲਿਖਣ ਕਰਕੇ ਮੈਨੂੰ ਪਤਾ ਲੱਗਾ ਕਿ ਮੇਰੇ ਵਿਚ ਵੀ ਖੂਬੀਆਂ ਹਨ।” *

ਆਪਣੀ ਕੁੜੀ ਨੂੰ ਯਹੋਵਾਹ ਨੂੰ ਪ੍ਰਾਰਥਨਾ ਕਰਨ ਦੀ ਹੱਲਾਸ਼ੇਰੀ ਦਿਓ। ਬਾਈਬਲ ਕਹਿੰਦੀ ਹੈ: “ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਉਸ ਉੱਤੇ ਪਾ ਦਿਓ ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।” (1 ਪਤਰਸ 5:7) ਲੋਰੇਨਾ ਦੱਸਦੀ ਹੈ: “ਮੈਂ ਯਹੋਵਾਹ ਨੂੰ ਆਪਣੇ ਦਿਲ ਦੀਆਂ ਗੱਲਾਂ ਦੱਸੀਆਂ। ਖ਼ਾਸ ਕਰਕੇ ਉਦੋਂ ਜਦੋਂ ਮੈਂ ਆਪਣੇ ਆਪ ਨੂੰ ਜ਼ਖ਼ਮੀ ਕਰਨਾ ਚਾਹੁੰਦੀ ਸੀ। ਪ੍ਰਾਰਥਨਾ ਰਾਹੀਂ ਮੇਰੀ ਮਦਦ ਹੋਈ ਕਿ ਮੈਂ ਆਪਣੇ ਆਪ ਨੂੰ ਜ਼ਖ਼ਮੀ ਨਾ ਕਰਾਂ।”​—ਬਾਈਬਲ ਦਾ ਅਸੂਲ: 1 ਥੱਸਲੁਨੀਕੀਆਂ 5:17. (g13 08-E)

^ ਪੇਰਗ੍ਰੈਫ 5 ਜਿਹੜੇ ਲੋਕ ਆਪਣੇ ਆਪ ਨੂੰ ਜ਼ਖ਼ਮੀ ਕਰਦੇ ਹਨ, ਉਹ ਆਪਣੇ ਆਪ ਨੂੰ ਕੱਟਦੇ-ਵੱਢਦੇ ਹਨ, ਮਾਰਦੇ-ਕੁੱਟਦੇ ਹਨ ਜਾਂ ਹੋਰ ਕੁਝ ਕਰਦੇ ਹਨ।

^ ਪੇਰਗ੍ਰੈਫ 5 ਭਾਵੇਂ ਇਸ ਲੇਖ ਵਿਚ ਕੁੜੀਆਂ ਦੀ ਗੱਲ ਕੀਤੀ ਗਈ ਹੈ, ਪਰ ਇਹ ਸਲਾਹ ਮੁੰਡੇ-ਕੁੜੀਆਂ ਦੋਵਾਂ ’ਤੇ ਲਾਗੂ ਹੁੰਦੀ ਹੈ।

^ ਪੇਰਗ੍ਰੈਫ 7 ਇਸ ਲੇਖ ਵਿਚ ਨਾਂ ਬਦਲੇ ਗਏ ਹਨ।

^ ਪੇਰਗ੍ਰੈਫ 15 ਅਕਸਰ ਆਪਣੇ ਆਪ ਨੂੰ ਜ਼ਖ਼ਮੀ ਕਰਨਾ ਡਿਪ੍ਰੈਸ਼ਨ ਜਾਂ ਹੋਰ ਕਿਸੇ ਬੀਮਾਰੀ ਦੇ ਲੱਛਣ ਹੁੰਦੇ ਹਨ। ਇਨ੍ਹਾਂ ਹਾਲਾਤਾਂ ਵਿਚ ਡਾਕਟਰ ਤੋਂ ਮਦਦ ਲੈਣ ਦੀ ਲੋੜ ਪੈ ਸਕਦੀ ਹੈ। ਜਾਗਰੂਕ ਬਣੋ! ਰਸਾਲਾ ਇਹ ਨਹੀਂ ਦੱਸਦਾ ਕਿ ਤੁਹਾਨੂੰ ਕਿਹੜਾ ਇਲਾਜ ਕਰਵਾਉਣਾ ਚਾਹੀਦਾ ਹੈ ਜਾਂ ਕਿਹੜਾ ਨਹੀਂ। ਪਰ ਮਸੀਹੀਆਂ ਨੂੰ ਚਾਹੀਦਾ ਹੈ ਕਿ ਉਹ ਜਿਹੜਾ ਵੀ ਇਲਾਜ ਕਰਾਉਣ, ਉਹ ਬਾਈਬਲ ਦੇ ਅਸੂਲਾਂ ਮੁਤਾਬਕ ਹੋਵੇ।