ਮੁੱਖ ਪੰਨੇ ਤੋਂ | ਜੀਉਣ ਦਾ ਕੀ ਫ਼ਾਇਦਾ?
ਕਿਉਂਕਿ ਹਾਲਾਤ ਬਦਲ ਜਾਂਦੇ ਹਨ
“ਅਸੀਂ ਮੁਸੀਬਤਾਂ ਨਾਲ ਘਿਰੇ ਹੋਏ ਤਾਂ ਹਾਂ, ਪਰ ਪੂਰੀ ਤਰ੍ਹਾਂ ਫਸੇ ਹੋਏ ਨਹੀਂ ਹਾਂ; ਅਸੀਂ ਉਲਝਣ ਵਿਚ ਤਾਂ ਹਾਂ, ਪਰ ਇਸ ਤਰ੍ਹਾਂ ਨਹੀਂ ਕਿ ਕੋਈ ਰਾਹ ਨਹੀਂ ਹੈ।”—2 ਕੁਰਿੰਥੀਆਂ 4:8.
ਕਿਹਾ ਜਾਂਦਾ ਹੈ ਕਿ “ਸਿਰ ਦਰਦ ਹੋਣ ’ਤੇ ਗੋਲੀਆਂ ਖਾਣ ਨਾਲੋਂ ਚੰਗਾ ਹੈ ਕਿ ਸਿਰ ’ਚ ਗੋਲੀ ਮਾਰ ਲਓ।” ਇਸੇ ਤਰ੍ਹਾਂ ਖ਼ੁਦਕੁਸ਼ੀ ਬਾਰੇ ਵੀ ਮੰਨਿਆ ਜਾਂਦਾ ਹੈ। ਸ਼ਾਇਦ ਤੁਹਾਨੂੰ ਲੱਗੇ ਕਿ ਤੁਹਾਡੀ ਕਿਸੇ ਸਮੱਸਿਆ ਦਾ ਹੱਲ ਹੈ ਹੀ ਨਹੀਂ, ਪਰ ਯਾਦ ਰੱਖੋ ਕਿ ਹਾਲਾਤ ਕਦੀ ਵੀ ਸੁਧਰ ਸਕਦੇ ਹਨ।—“ਉਨ੍ਹਾਂ ਦੇ ਹਾਲਾਤ ਬਦਲ ਗਏ” ਨਾਂ ਦੀ ਡੱਬੀ ਦੇਖੋ।
ਪਰ ਮੰਨ ਲਓ ਕਿ ਜੇ ਤੁਹਾਡੇ ਹਾਲਾਤ ਨਹੀਂ ਵੀ ਬਦਲਦੇ, ਤਾਂ ਚੰਗਾ ਹੋਵੇਗਾ ਕਿ ਤੁਸੀਂ ਕੱਲ੍ਹ ਦੀ ਚਿੰਤਾ ਕਰਨ ਦੀ ਬਜਾਇ ਅੱਜ ਦੀ ਚਿੰਤਾ ਕਰੋ ਕਿਉਂਕਿ ਯਿਸੂ ਨੇ ਕਿਹਾ ਸੀ: “ਕਦੇ ਵੀ ਕੱਲ੍ਹ ਦੀ ਚਿੰਤਾ ਨਾ ਕਰੋ, ਕਿਉਂਕਿ ਕੱਲ੍ਹ ਦੀਆਂ ਆਪਣੀਆਂ ਚਿੰਤਾਵਾਂ ਹੋਣਗੀਆਂ। ਅੱਜ ਦੀਆਂ ਪਰੇਸ਼ਾਨੀਆਂ ਅੱਜ ਲਈ ਬਹੁਤ ਹਨ।”—ਮੱਤੀ 6:34.
ਉਦੋਂ ਕੀ ਜਦੋਂ ਤੁਹਾਡੀ ਸਮੱਸਿਆ ਦਾ ਕੋਈ ਹੱਲ ਹੀ ਨਾ ਹੋਵੇ? ਮੰਨ ਲਓ ਕਿ ਤੁਹਾਨੂੰ ਕੋਈ ਲਾਇਲਾਜ ਬੀਮਾਰੀ ਹੋਵੇ, ਤੁਹਾਡਾ ਵਿਆਹ ਟੁੱਟ ਗਿਆ ਹੋਵੇ ਜਾਂ ਤੁਹਾਡੇ ਕਿਸੇ ਪਿਆਰੇ ਦੀ ਮੌਤ ਹੋ ਗਈ ਹੋਵੇ।
ਅਜਿਹੇ ਹਾਲਾਤਾਂ ਵਿਚ ਵੀ ਤੁਸੀਂ ਇਕ ਚੀਜ਼ ਬਦਲ ਸਕਦੇ ਹੋ: ਆਪਣਾ ਨਜ਼ਰੀਆ। ਜੇ ਤੁਹਾਨੂੰ ਪਤਾ ਹੈ ਕਿ ਤੁਸੀਂ ਆਪਣੇ ਹਾਲਾਤ ਬਦਲ ਨਹੀਂ ਸਕਦੇ, ਤਾਂ ਫਿਰ ਆਪਣਾ ਰਵੱਈਆ ਬਦਲਣ ਦੀ ਕੋਸ਼ਿਸ਼ ਕਰੋ ਤੇ ਚੰਗੀ ਸੋਚ ਰੱਖੋ। (ਕਹਾਉਤਾਂ 15:15) ਇੱਦਾਂ ਤੁਸੀਂ ਆਪਣੀ ਜ਼ਿੰਦਗੀ ਖ਼ਤਮ ਕਰਨ ਬਾਰੇ ਨਹੀਂ ਸੋਚੋਗੇ, ਸਗੋਂ ਤੁਸੀਂ ਹੋਰ ਤਰੀਕੇ ਲੱਭੋਗੇ ਤਾਂਕਿ ਤੁਸੀਂ ਮਾੜੇ ਹਾਲਾਤਾਂ ਦਾ ਸਾਮ੍ਹਣਾ ਕਰ ਸਕੋ। ਕਹਿਣ ਦਾ ਮਤਲਬ ਜੇ ਤੁਸੀਂ ਆਪਣੇ ਹਾਲਾਤਾਂ ਨੂੰ ਬਦਲ ਨਹੀਂ ਸਕਦੇ, ਪਰ ਤੁਸੀਂ ਆਪਣਾ ਨਜ਼ਰੀਆ ਬਦਲ ਸਕਦੇ ਹੋ।—ਅੱਯੂਬ 2:10. (g14 04-E)
ਯਾਦ ਰੱਖੋ: ਜੇ ਤੁਸੀਂ ਇੱਕੋ ਕਦਮ ਵਿਚ ਪਹਾੜ ਪਾਰ ਨਹੀਂ ਕਰ ਸਕਦੇ, ਤਾਂ ਸ਼ਾਇਦ ਤੁਸੀਂ ਛੋਟੇ-ਛੋਟੇ ਕਦਮ ਲੈ ਕੇ ਪਾਰ ਕਰ ਸਕਦੇ ਹੋ। ਇਹ ਗੱਲ ਪਹਾੜ ਵਰਗੀਆਂ ਵੱਡੀਆਂ ਮੁਸ਼ਕਲਾਂ ਬਾਰੇ ਵੀ ਸੱਚ ਹੈ।
ਹੁਣੇ ਕਦਮ ਚੁੱਕੋ: ਆਪਣੇ ਹਾਲਾਤਾਂ ਬਾਰੇ ਆਪਣੇ ਕਿਸੇ ਦੋਸਤ ਜਾਂ ਪਰਿਵਾਰ ਦੇ ਮੈਂਬਰ ਨਾਲ ਗੱਲ ਕਰੋ। ਉਹ ਤੁਹਾਨੂੰ ਸਹੀ ਰਵੱਈਆ ਰੱਖਣ ਵਿਚ ਮਦਦ ਦੇ ਸਕਦਾ ਹੈ।—ਕਹਾਉਤਾਂ 11:14.