ਪਰਿਵਾਰ ਦੀ ਮਦਦ ਲਈ | ਮਾਪੇ
ਅੱਲੜ੍ਹ ਬੱਚਿਆਂ ਨੂੰ ਇੰਟਰਨੈੱਟ ਦੀ ਸਹੀ ਵਰਤੋਂ ਸਿਖਾਓ
ਚੁਣੌਤੀ
ਖ਼ਬਰਾਂ ਤੋਂ ਪਤਾ ਲੱਗਦਾ ਹੈ ਕਿ ਅੱਜ-ਕਲ੍ਹ ਲੋਕ ਸ਼ਰੇਆਮ ਇੰਟਰਨੈੱਟ ’ਤੇ ਸਾਈਬਰ ਅਪਰਾਧ, ਅਸ਼ਲੀਲ ਛੇੜਖਾਨੀ ਅਤੇ ਦੂਜਿਆਂ ਦੀ ਨਿੱਜੀ ਜਾਣਕਾਰੀ ਚੋਰੀ ਕਰ ਸਕਦੇ ਹਨ। ਇਸ ਕਰਕੇ ਮਾਪਿਆਂ ਵਜੋਂ ਤੁਹਾਨੂੰ ਚਿੰਤਾ ਹੈ ਕਿਉਂਕਿ ਅਕਸਰ ਤੁਹਾਡੇ ਬੱਚੇ ਇੰਟਰਨੈੱਟ ਮੋਹਰੇ ਬੈਠੇ ਰਹਿੰਦੇ ਹਨ ਅਤੇ ਉਹ ਖ਼ਤਰਿਆਂ ਤੋਂ ਅਣਜਾਣ ਹਨ।
ਪਰ ਤੁਸੀਂ ਆਪਣੇ ਬੱਚਿਆਂ ਨੂੰ ਇੰਟਰਨੈੱਟ ਦੀ ਸਹੀ ਵਰਤੋਂ ਕਰਨੀ ਸਿਖਾ ਸਕਦੇ ਹੋ। ਪਰ ਆਓ ਆਪਾਂ ਪਹਿਲਾਂ ਇਹ ਜਾਣੀਏ ਕਿ ਇੰਟਰਨੈੱਟ ’ਤੇ ਕੀ-ਕੀ ਹੁੰਦਾ ਹੈ।
ਤੁਹਾਨੂੰ ਕੀ ਪਤਾ ਹੋਣਾ ਚਾਹੀਦਾ
ਬੱਚੇ ਮੋਬਾਇਲਾਂ ’ਤੇ ਇੰਟਰਨੈੱਟ ਦੇਖ ਸਕਦੇ ਹਨ। ਇਹ ਸਲਾਹ ਅੱਜ ਵੀ ਫ਼ਾਇਦੇਮੰਦ ਹੈ ਕਿ ਕੰਪਿਊਟਰ ਨੂੰ ਅਜਿਹੀ ਥਾਂ ਰੱਖੋ ਜਿੱਥੇ ਸਾਰਿਆਂ ਦਾ ਆਉਣਾ-ਜਾਣਾ ਹੋਵੇ। ਪਰ ਹੁਣ ਸਮਾਰਟ ਫ਼ੋਨ ਜਾਂ ਟੈਬਲੇਟ ’ਤੇ ਤੁਹਾਡਾ ਬੱਚਾ ਦੁਨੀਆਂ ਦੀ ਹਰ ਚੀਜ਼ ਆਸਾਨੀ ਨਾਲ ਇੰਟਰਨੈੱਟ ’ਤੇ ਦੇਖ ਸਕਦਾ ਹੈ, ਉਹ ਵੀ ਤੁਹਾਡੀਆਂ ਨਜ਼ਰਾਂ ਤੋਂ ਚੋਰੀ-ਛਿਪੇ!
ਕੁਝ ਬੱਚੇ ਆਨ-ਲਾਈਨ ਹੱਦੋਂ ਵੱਧ ਸਮਾਂ ਬਿਤਾਉਂਦੇ ਹਨ। ਇਕ 19 ਸਾਲਾਂ ਦੀ ਕੁੜੀ ਮੰਨਦੀ ਹੈ: “ਮੈਂ ਈ-ਮੇਲਾਂ ਚੈੱਕ ਕਰਨ ਲਈ ਸਿਰਫ਼ ਪੰਜ ਮਿੰਟ ਕੰਪਿਊਟਰ ’ਤੇ ਬੈਠੀ ਅਤੇ ਘੰਟਿਆਂ-ਬੱਧੀ ਵੀਡੀਓ ਦੇਖਦੀ ਰਹੀ। ਮੈਨੂੰ ਆਪਣੇ ’ਤੇ ਕਾਬੂ ਕਰਨ ਦੀ ਲੋੜ ਹੈ।”
ਅੱਲੜ੍ਹ ਬੱਚੇ ਆਪਣੇ ਬਾਰੇ ਕੁਝ ਜ਼ਿਆਦਾ ਹੀ ਜਾਣਕਾਰੀ ਇੰਟਰਨੈੱਟ ’ਤੇ ਪਾ ਦਿੰਦੇ ਹਨ। ਗ਼ਲਤ ਇਰਾਦਿਆਂ ਵਾਲੇ ਲੋਕ ਕਿਸੇ ਬੱਚੇ ਦੇ ਆਨ-ਲਾਈਨ ਲਿਖੇ ਕਮੈਂਟਸ ਅਤੇ ਫੋਟੋਆਂ ਤੋਂ ਪਤਾ ਲਗਾ ਸਕਦੇ ਹਨ ਕਿ ਉਹ ਕਿੱਥੇ ਰਹਿੰਦਾ ਹੈ, ਕਿਹੜੇ ਸਕੂਲ ਵਿਚ ਪੜ੍ਹਦਾ ਹੈ ਅਤੇ ਕਿਸ ਵੇਲੇ ਉਨ੍ਹਾਂ ਦੇ ਘਰ ਵਿਚ ਕੋਈ ਨਹੀਂ ਹੁੰਦਾ।
ਕੁਝ ਅੱਲੜ੍ਹ ਬੱਚੇ ਲਿਖਣ ਜਾਂ ਫੋਟੋਆਂ ਪਾਉਣ ਤੋਂ ਪਹਿਲਾਂ ਬੁਰੇ ਅੰਜਾਮਾਂ ਬਾਰੇ ਨਹੀਂ ਸੋਚਦੇ। ਇੰਟਰਨੈੱਟ ’ਤੇ ਜੋ ਕੁਝ ਪਾਇਆ ਜਾਂਦਾ ਹੈ, ਉਹ ਕਦੇ ਨਹੀਂ ਮਿਟਦਾ। ਕਦੀ-ਕਦੀ ਆਨ-ਲਾਈਨ ਲਿਖੇ ਸ਼ਰਮਨਾਕ ਕਮੈਂਟਸ ਅਤੇ ਫੋਟੋਆਂ ਬਾਅਦ ਵਿਚ ਸਾਮ੍ਹਣੇ ਆਉਂਦੀਆਂ ਹਨ। ਮਿਸਾਲ ਲਈ, ਸ਼ਾਇਦ ਕਿਸੇ ਨੇ ਇਕ ਕੰਪਨੀ ਵਿਚ ਨੌਕਰੀ ਲਈ ਅਪਲਾਈ ਕੀਤਾ ਹੋਵੇ ਅਤੇ ਉਸ ਕੰਪਨੀ ਦਾ ਮਾਲਕ ਉਸ ਵਿਅਕਤੀ ਬਾਰੇ ਹੋਰ ਜਾਣਕਾਰੀ ਲੈਣ ਲਈ ਇੰਟਰਨੈੱਟ ਤੋਂ ਚੈੱਕ ਕਰੇ।
ਇਹ ਸਾਰਾ ਕੁਝ ਜਾਣਨ ਤੋਂ ਬਾਅਦ ਯਾਦ ਰੱਖੋ: ਇੰਟਰਨੈੱਟ ਤੁਹਾਡਾ ਦੁਸ਼ਮਣ ਨਹੀਂ, ਸਗੋਂ ਇੰਟਰਨੈੱਟ ਦੀ ਸਹੀ ਵਰਤੋਂ ਨਾ ਕਰਨ ਨਾਲ ਤੁਸੀਂ ਮੁਸੀਬਤ ਵਿਚ ਪੈ ਸਕਦੇ ਹੋ।
ਤੁਸੀਂ ਕੀ ਕਰ ਸਕਦੇ ਹੋ
ਬੱਚੇ ਨੂੰ ਜ਼ਰੂਰੀ ਕੰਮ ਪਹਿਲਾਂ ਕਰਨੇ ਅਤੇ ਸਮੇਂ ਦੀ ਸਹੀ ਵਰਤੋਂ ਕਰਨੀ ਸਿਖਾਓ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਵੱਡਾ ਹੋ ਕੇ ਜ਼ਿੰਮੇਵਾਰੀਆਂ ਚੁੱਕੇ, ਤਾਂ ਉਸ ਨੂੰ ਸਿਖਾਓ ਕਿ ਉਹ ਜ਼ਰੂਰੀ ਕੰਮਾਂ ਨੂੰ ਪਹਿਲਾਂ ਕਰੇ। ਇੰਟਰਨੈੱਟ ’ਤੇ ਐਵੇਂ ਬੈਠੇ ਰਹਿਣ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਉਹ ਘਰ ਦੇ ਮੈਂਬਰਾਂ ਨਾਲ ਸਮਾਂ ਬਿਤਾਵੇ, ਸਕੂਲ ਦਾ ਹੋਮਵਰਕ ਅਤੇ ਘਰ ਦੇ ਕੰਮ ਕਰੇ। ਜੇ ਤੁਹਾਨੂੰ ਲੱਗਦਾ ਹੈ ਕਿ ਉਹ ਇੰਟਰਨੈੱਟ ’ਤੇ ਜ਼ਿਆਦਾ ਸਮਾਂ ਬਿਤਾ ਰਿਹਾ ਹੈ, ਤਾਂ ਉਸ ਨੂੰ ਘੜੀ ਦਿਖਾ ਕੇ ਕਹੋ ਕਿ ਉਹ ਕਿੰਨੇ ਮਿੰਟ ਜਾਂ ਘੰਟੇ ਇੰਟਰਨੈੱਟ ਵਰਤ ਸਕਦਾ ਹੈ।—ਬਾਈਬਲ ਦਾ ਅਸੂਲ: ਫ਼ਿਲਿੱਪੀਆਂ 1:10.
ਬੱਚੇ ਨੂੰ ਸਿਖਾਓ ਕਿ ਕੁਝ ਵੀ ਪੋਸਟ ਕਰਨ ਤੋਂ ਪਹਿਲਾਂ ਉਹ ਧਿਆਨ ਨਾਲ ਸੋਚੇ। ਆਪਣੇ ਬੱਚੇ ਨੂੰ ਕਹੋ ਕਿ ਉਹ ਖ਼ੁਦ ਤੋਂ ਇਹ ਸਵਾਲ ਪੁੱਛੇ: ਕੀ ਜੋ ਕੁਝ ਮੈਂ ਲਿਖਣ ਜਾ ਰਿਹਾ ਹਾਂ, ਉਸ ਨਾਲ ਕਿਸੇ ਨੂੰ ਠੇਸ ਤਾਂ ਨਹੀਂ ਪਹੁੰਚੇਗੀ? ਕੀ ਕੋਈ ਫੋਟੋ ਪਾਉਣ ’ਤੇ ਮੇਰਾ ਨਾਂ ਤਾਂ ਨਹੀਂ ਖ਼ਰਾਬ ਹੋ ਜਾਵੇਗਾ? ਜੇ ਮੇਰੇ ਮਾਪੇ ਜਾਂ ਕਿਸੇ ਹੋਰ ਨੇ ਮੇਰੀਆਂ ਫੋਟੋਆਂ ਜਾਂ ਕਮੈਂਟਸ ਦੇਖ ਲਏ, ਤਾਂ ਕੀ ਮੈਨੂੰ ਸ਼ਰਮ ਆਵੇਗੀ? ਉਹ ਮੇਰੇ ਬਾਰੇ ਕੀ ਸੋਚਣਗੇ? ਜੇ ਕਿਸੇ ਹੋਰ ਨੇ ਅਜਿਹਾ ਕਮੈਂਟ ਜਾ ਫੋਟੋ ਆਨ-ਲਾਈਨ ਪੋਸਟ ਕੀਤਾ ਹੋਵੇ, ਤਾਂ ਮੈਂ ਉਨ੍ਹਾਂ ਬਾਰੇ ਕੀ ਸੋਚਾਂਗਾ?—ਬਾਈਬਲ ਦਾ ਅਸੂਲ: ਕਹਾਉਤਾਂ 10:23.
ਬੱਚੇ ਲਈ ਢੇਰ ਸਾਰੇ ਨਿਯਮ ਬਣਾਉਣ ਦੀ ਬਜਾਇ ਉਸ ਨੂੰ ਸਹੀ-ਗ਼ਲਤ ਵਿਚ ਫ਼ਰਕ ਕਰਨਾ ਸਿਖਾਓ। ਤੁਸੀਂ 24 ਘੰਟੇ ਆਪਣੇ ਬੱਚਿਆਂ ਦੀ ਰਾਖੀ ਨਹੀਂ ਕਰ ਸਕਦੇ। ਦਰਅਸਲ ਆਪਣੇ ਬੱਚੇ ਨੂੰ ਕੰਟਰੋਲ ਕਰਨ ਦੀ ਬਜਾਇ ਉਨ੍ਹਾਂ ਦੀ ਮਦਦ ਕਰੋ ਤਾਂਕਿ ਉਹ ‘ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਨੂੰ ਵਾਰ-ਵਾਰ ਇਸਤੇਮਾਲ ਕਰ ਕੇ ਸਹੀ ਤੇ ਗ਼ਲਤ ਵਿਚ ਫ਼ਰਕ ਦੇਖਣ ਦੇ ਮਾਹਰ ਬਣ ਜਾਣ।’ (ਇਬਰਾਨੀਆਂ 5:14) ਹੁਕਮ ਮੰਨਣ ਅਤੇ ਇਸ ਨੂੰ ਤੋੜਨ ਦੀ ਸਜ਼ਾ ਉੱਤੇ ਜ਼ੋਰ ਦੇਣ ਦੀ ਜਗ੍ਹਾ ਬੱਚੇ ਨੂੰ ਆਪਣਾ ਭਲਾ-ਬੁਰਾ ਦੇਖਣ ਵਿਚ ਮਦਦ ਦਿਓ। ਉਸ ਨੂੰ ਸਿਖਾਓ ਕਿ ਉਹ ਕਿਹੋ ਜਿਹੇ ਇਨਸਾਨ ਵਜੋਂ ਜਾਣਿਆ ਜਾਣਾ ਚਾਹੁੰਦਾ ਹੈ? ਲੋਕ ਉਸ ਦੇ ਚਾਲ-ਚਲਣ ਬਾਰੇ ਕੀ ਕਹਿਣਗੇ? ਭਾਵੇਂ ਤੁਸੀਂ ਆਪਣੇ ਬੱਚੇ ਨਾਲ ਹੋ ਜਾਂ ਨਹੀਂ, ਤੁਹਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਸਹੀ ਫ਼ੈਸਲੇ ਕਰਨ ਵਿਚ ਮਦਦ ਦਿਓ।—ਬਾਈਬਲ ਦਾ ਅਸੂਲ: ਕਹਾਉਤਾਂ 3:21, CL.
“ਬੱਚਿਆਂ ਨੂੰ ਤਕਨਾਲੋਜੀ ਬਾਰੇ ਜ਼ਿਆਦਾ ਪਤਾ ਹੁੰਦਾ ਹੈ, ਪਰ ਮਾਤਾ-ਪਿਤਾ ਨੂੰ ਜ਼ਿੰਦਗੀ ਦਾ ਜ਼ਿਆਦਾ ਤਜਰਬਾ ਹੁੰਦਾ ਹੈ”
ਇੰਟਰਨੈੱਟ ਵਰਤਣ ਦੀ ਤੁਲਨਾ ਅਸੀਂ ਇਕ ਕਾਰ ਚਲਾਉਣ ਨਾਲ ਕਰ ਸਕਦੇ ਹਾਂ। ਇਨ੍ਹਾਂ ਦੋਵਾਂ ਕੰਮਾਂ ਲਈ ਸਿਰਫ਼ ਤਕਨਾਲੋਜੀ ਦਾ ਪਤਾ ਹੋਣਾ ਹੀ ਕਾਫ਼ੀ ਨਹੀਂ ਹੈ, ਸਗੋਂ ਸਮਝਦਾਰੀ ਦੀ ਵੀ ਲੋੜ ਹੈ। ਇਸ ਲਈ, ਇਹ ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਿਖਾਉਣ। ਤਾਂ ਹੀ ਤਾਂ ਇੰਟਰਨੈੱਟ-ਸੁਰੱਖਿਆ ਮਾਹਰ ਪੈਰੀ ਆਫਤਾਬ ਕਹਿੰਦੀ ਹੈ: “ਬੱਚਿਆਂ ਨੂੰ ਤਕਨਾਲੋਜੀ ਬਾਰੇ ਜ਼ਿਆਦਾ ਪਤਾ ਹੁੰਦਾ ਹੈ, ਪਰ ਮਾਤਾ-ਪਿਤਾ ਨੂੰ ਜ਼ਿੰਦਗੀ ਦਾ ਜ਼ਿਆਦਾ ਤਜਰਬਾ ਹੁੰਦਾ ਹੈ।” ▪ (g14 05-E)