ਮੁੱਖ ਪੰਨੇ ਤੋਂ | ਦੁੱਖ ਦੀ ਘੜੀ—ਕਿਵੇਂ ਸਹੀਏ?
ਕਿਸੇ ਪਿਆਰੇ ਦੀ ਮੌਤ
ਬ੍ਰਾਜ਼ੀਲ ਵਿਚ ਰਹਿਣ ਵਾਲਾ ਰੋਨਾਲਡੂ ਆਪਣੇ ਪਰਿਵਾਰ ਨਾਲ ਸੀ ਜਦ ਉਸ ਦੇ ਪਰਿਵਾਰ ਦੇ ਮੈਂਬਰਾਂ ਦੀ ਮੌਤ ਇਕ ਸੜਕ ਹਾਦਸੇ ਵਿਚ ਹੋ ਗਈ। ਇਸ ਹਾਦਸੇ ਵਿਚ ਉਸ ਦੇ ਮੰਮੀ-ਡੈਡੀ, ਦੋ ਭਰਾਵਾਂ ਅਤੇ ਮਾਸੀ ਦੀ ਜਾਨ ਚਲੀ ਗਈ। ਉਹ ਦੱਸਦਾ ਹੈ: “ਮੈਂ ਦੋ ਮਹੀਨੇ ਹਸਪਤਾਲ ਵਿਚ ਪਿਆ ਰਿਹਾ ਤੇ ਇਹ ਗੱਲ ਕਿਸੇ ਨੇ ਮੈਨੂੰ ਨਹੀਂ ਦੱਸੀ।”
“ਪਹਿਲਾਂ-ਪਹਿਲਾਂ ਮੈਨੂੰ ਯਕੀਨ ਹੀ ਨਹੀਂ ਆਇਆ ਕਿ ਉਹ ਇਸ ਦੁਨੀਆਂ ਵਿਚ ਨਹੀਂ ਰਹੇ। ਇਹ ਸੋਚ ਕੇ ਮੇਰੇ ਹੋਸ਼ ਉੱਡ ਗਏ। ਮੈਂ ਖ਼ੁਦ ਨੂੰ ਕਿਹਾ ਕਿ ਇਹ ਕਿੱਦਾਂ ਹੋ ਸਕਦਾ? ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ ਕਿ ਮੇਰੇ ਲਈ ਇਹ ਸਦਮਾ ਸਹਿਣਾ ਕਿੰਨਾ ਔਖਾ ਸੀ। ਮੈਂ ਰੋਜ਼ ਬਸ ਇਹੀ ਸੋਚਦਾ ਸੀ ਕਿ ਉਨ੍ਹਾਂ ਬਗੈਰ ਜ਼ਿੰਦਗੀ ਜੀਉਣ ਦਾ ਕੀ ਫ਼ਾਇਦਾ। ਪਤਾ ਨਹੀਂ ਕਿੰਨੇ ਮਹੀਨੇ ਮੈਂ ਖ਼ੂਨ ਦੇ ਹੰਝੂ ਵਹਾਉਂਦਾ ਰਿਹਾ! ਮੈਂ ਸੋਚਿਆ ਕਿ ਕਾਸ਼ ਮੈਂ ਹੀ ਕਾਰ ਚਲਾ ਲੈਂਦਾ, ਤਾਂ ਸ਼ਾਇਦ ਉਹ ਬਚ ਜਾਂਦੇ। ਮੈਂ ਖ਼ੁਦ ਨੂੰ ਕਸੂਰਵਾਰ ਮੰਨਦਾ ਸੀ।
“ਹੁਣ ਸੋਲਾਂ ਸਾਲ ਬੀਤ ਗਏ ਹਨ ਅਤੇ ਮੈਂ ਦੁਬਾਰਾ ਤੋਂ ਜ਼ਿੰਦਗੀ ਜੀਣੀ ਸਿੱਖੀ ਹੈ। ਪਰ ਦਿਲ ਦੇ ਕਿਸੇ ਕੋਨੇ ਵਿਚ ਅੱਜ ਵੀ ਮੈਨੂੰ ਉਨ੍ਹਾਂ ਦੀ ਕਮੀ ਬਹੁਤ ਮਹਿਸੂਸ ਹੁੰਦੀ ਹੈ।”
ਦੁੱਖ ਆਉਣ ’ਤੇ ਕੀ ਕਰੀਏ?
ਆਪਣੇ ਦੁੱਖ ਨੂੰ ਦਿਲ ਵਿਚ ਨਾ ਦਬਾਓ। ਬਾਈਬਲ ਕਹਿੰਦੀ ਹੈ: “ਇੱਕ ਰੋਣ ਦਾ ਵੇਲਾ ਹੈ।” (ਉਪਦੇਸ਼ਕ ਦੀ ਪੋਥੀ 3:1, 4) ਰੋਨਾਲਡੂ ਕਹਿੰਦਾ ਹੈ: “ਜਦੋਂ ਵੀ ਮੇਰਾ ਦਿਲ ਰੋਣ ਨੂੰ ਕਰਦਾ ਸੀ, ਤਾਂ ਮੈਂ ਰੋ ਲੈਂਦਾ ਸੀ। ਆਪਣੇ ਹੰਝੂਆਂ ਨੂੰ ਦਿਲ ਵਿਚ ਦੱਬੀ ਰੱਖਣ ਦਾ ਕੋਈ ਫ਼ਾਇਦਾ ਨਹੀਂ। ਰੋ ਕੇ ਮੇਰਾ ਦਿਲ ਹੌਲਾ ਹੋ ਜਾਂਦਾ ਸੀ।” ਇਹ ਸੱਚ ਹੈ ਕਿ ਸਾਰਿਆਂ ਦਾ ਸੋਗ ਮਨਾਉਣ ਦਾ ਤਰੀਕਾ ਵੱਖੋ-ਵੱਖਰਾ ਹੁੰਦਾ ਹੈ। ਇਸ ਲਈ ਜੇ ਤੁਸੀਂ ਸਾਰਿਆਂ ਦੇ ਸਾਮ੍ਹਣੇ ਨਹੀਂ ਰੋਂਦੇ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਅੰਦਰ ਹੀ ਅੰਦਰ ਆਪਣਾ ਦੁੱਖ ਦਬਾਇਆ ਹੈ ਜਾਂ ਤੁਹਾਨੂੰ ਜ਼ਬਰਦਸਤੀ ਦੂਜਿਆਂ ਦੇ ਸਾਮ੍ਹਣੇ ਰੋਣ ਦਾ ਦਿਖਾਵਾ ਕਰਨਾ ਚਾਹੀਦਾ ਹੈ।
ਦੂਜਿਆਂ ਤੋਂ ਦੂਰ ਨਾ ਰਹੋ। (ਕਹਾਉਤਾਂ 18:1) ਰੋਨਾਲਡੂ ਦੱਸਦਾ ਹੈ: “ਮੈਂ ਕਿਸੇ ਨੂੰ ਮਿਲਣਾ ਨਹੀਂ ਸੀ ਚਾਹੁੰਦਾ, ਪਰ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਇੱਦਾਂ ਨਾ ਕਰਾਂ। ਜਦੋਂ ਵੀ ਕੋਈ ਮੈਨੂੰ ਮਿਲਣ ਆਉਂਦਾ ਸੀ, ਤਾਂ ਮੈਨੂੰ ਬੜਾ ਚੰਗਾ ਲੱਗਦਾ ਸੀ। ਮੈਂ ਆਪਣੇ ਦਿਲ ਦੀਆਂ ਗੱਲਾਂ ਆਪਣੀ ਪਤਨੀ ਅਤੇ ਆਪਣੇ ਦੋਸਤਾਂ ਨਾਲ ਕਰਦਾ ਸੀ।”
ਲੋਕਾਂ ਦੀਆਂ ਚੁੱਭਵੀਆਂ ਗੱਲਾਂ ਦਾ ਗੁੱਸਾ ਨਾ ਕਰੋ। ਸ਼ਾਇਦ ਲੋਕ ਕਹਿਣ ਕਿ “ਚਲੋ ਜੋ ਹੋਣਾ ਸੀ ਉਹ ਹੋ ਗਿਆ।” ਰੋਨਾਲਡੂ ਦੱਸਦਾ ਹੈ: “ਇੱਦਾਂ ਦੀਆਂ ਗੱਲਾਂ ਸੁਣ ਕੇ ਹੌਸਲਾ ਮਿਲਣ ਦੀ ਬਜਾਇ ਮੇਰਾ ਦਿਲ ਹੋਰ ਵੀ ਦੁਖੀ ਹੁੰਦਾ ਸੀ।” ਚੁੱਭਵੀਆਂ ਗੱਲਾਂ ’ਤੇ ਧਿਆਨ ਲਾਉਣ ਦੀ ਬਜਾਇ ਬਾਈਬਲ ਦੀ ਇਸ ਚੰਗੀ ਸਲਾਹ ’ਤੇ ਚੱਲੋ: “ਸਾਰੀਆਂ ਗੱਲਾਂ ਤੇ ਜੋ ਆਖੀਆਂ ਜਾਣ ਚਿੱਤ ਨਾ ਲਾ।”—ਉਪਦੇਸ਼ਕ ਦੀ ਪੋਥੀ 7:21.
ਮਰੇ ਹੋਏ ਲੋਕਾਂ ਦੀ ਹਾਲਤ ਬਾਰੇ ਸੱਚਾਈ ਸਿੱਖੋ। ਰੋਨਾਲਡੂ ਕਹਿੰਦਾ ਹੈ: “ਬਾਈਬਲ ਦੀ ਉਪਦੇਸ਼ਕ ਦੀ ਪੋਥੀ 9:5 ਵਿਚ ਲਿਖਿਆ ਹੈ ਕਿ ਮਰੇ ਹੋਏ ਲੋਕ ਕਿਤੇ ਵੀ ਦੁੱਖ ਨਹੀਂ ਝੱਲ ਰਹੇ। ਇਹ ਪੜ੍ਹ ਕੇ ਮੇਰੇ ਦਿਲ ਨੂੰ ਤਸੱਲੀ ਮਿਲਦੀ ਹੈ। ਬਾਈਬਲ ਸਿਖਾਉਂਦੀ ਹੈ ਕਿ ਮਰੇ ਹੋਏ ਲੋਕ ਦੁਬਾਰਾ ਜੀਉਂਦੇ ਕੀਤੇ ਜਾਣਗੇ। ਇਸ ਲਈ ਜਦ ਮੈਂ ਆਪਣੇ ਪਰਿਵਾਰ ਬਾਰੇ ਸੋਚਦਾ ਹਾਂ, ਤਾਂ ਮੈਨੂੰ ਇੱਦਾਂ ਲੱਗਦਾ ਹੈ ਕਿ ਉਹ ਸਾਰੇ ਇਕ ਲੰਬੀ ਛੁੱਟੀ ’ਤੇ ਗਏ ਹਨ ਅਤੇ ਇਕ ਦਿਨ ਵਾਪਸ ਆ ਜਾਣਗੇ।”—ਰਸੂਲਾਂ ਦੇ ਕੰਮ 24:15.
ਕੀ ਤੁਸੀਂ ਜਾਣਦੇ ਹੋ? ਬਾਈਬਲ ਵਾਅਦਾ ਕਰਦੀ ਹੈ ਕਿ ਰੱਬ “ਮੌਤ ਨੂੰ ਸਦਾ ਲਈ ਝੱਫ ਲਵੇਗਾ।” *—ਯਸਾਯਾਹ 25:8. ▪ (g14 07-E)
^ ਪੈਰਾ 11 ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦਾ 7ਵਾਂ ਅਧਿਆਇ ਦੇਖੋ।