ਬਾਈਬਲ ਕੀ ਕਹਿੰਦੀ ਹੈ
ਹਿੰਸਾ
ਮਨੁੱਖੀ ਇਤਿਹਾਸ ਹਿੰਸਾ ਨਾਲ ਭਰਿਆ ਹੋਇਆ ਹੈ। ਕੀ ਇਹ ਸਿਲਸਿਲਾ ਹਮੇਸ਼ਾ ਚੱਲਦਾ ਰਹੇਗਾ?
ਪਰਮੇਸ਼ੁਰ ਹਿੰਸਾ ਨੂੰ ਕਿਵੇਂ ਵਿਚਾਰਦਾ ਹੈ?
ਲੋਕੀ ਕੀ ਕਹਿੰਦੇ ਹਨ
ਬਹੁਤ ਸਾਰੇ ਲੋਕ, ਜਿਨ੍ਹਾਂ ਵਿਚ ਰੱਬ ’ਤੇ ਵਿਸ਼ਵਾਸ ਰੱਖਣ ਵਾਲੇ ਵੀ ਹਨ, ਮੰਨਦੇ ਹਨ ਕਿ ਗੁੱਸੇ ਦੇ ਜਵਾਬ ਵਿਚ ਹਿੰਸਾ ਕਰਨੀ ਜਾਇਜ਼ ਹੈ। ਲੱਖਾਂ ਹੀ ਲੋਕ ਸੋਚਦੇ ਹਨ ਕਿ ਫ਼ਿਲਮਾਂ, ਮੈਗਜ਼ੀਨਾਂ ਵਗੈਰਾ ਵਿਚ ਦਿਖਾਈ ਜਾਂਦੀ ਹਿੰਸਾ ਵਿਚ ਕੋਈ ਬੁਰਾਈ ਨਹੀਂ ਹੈ।
ਬਾਈਬਲ ਕੀ ਕਹਿੰਦੀ ਹੈ
ਉੱਤਰੀ ਇਰਾਕ ਦੇ ਮੌਸੂਲ ਸ਼ਹਿਰ ਨੇੜੇ ਪੁਰਾਣੇ ਅੱਸ਼ੂਰੀ ਸਾਮਰਾਜ ਦੀ ਰਾਜਧਾਨੀ ਨੀਨਵਾਹ ਦੇ ਖੰਡਰ ਮਿਲੇ ਹਨ ਜੋ ਇਕ ਸਮੇਂ ਤੇ ਮਹਾਨ ਸ਼ਹਿਰ ਹੁੰਦਾ ਸੀ। ਜਦੋਂ ਇਹ ਸ਼ਹਿਰ ਸ਼ਕਤੀਸ਼ਾਲੀ ਸੀ, ਉਦੋਂ ਬਾਈਬਲ ਵਿਚ ਦੱਸਿਆ ਗਿਆ ਸੀ ਕਿ ਪਰਮੇਸ਼ੁਰ ‘ਨੀਨਵਾਹ ਨੂੰ ਵਿਰਾਨ’ ਬਣਾ ਦੇਵੇਗਾ। (ਸਫ਼ਨਯਾਹ 2:13) ਪਰਮੇਸ਼ੁਰ ਨੇ ਕਿਹਾ: ‘ਮੈਂ ਤੈਨੂੰ ਤਮਾਸ਼ਾ ਬਣਾਵਾਂਗਾ!’ ਇਸ ਦਾ ਕੀ ਕਾਰਨ ਸੀ? ਕਿਉਂਕਿ ਨੀਨਵਾਹ “ਖੂਨੀ ਸ਼ਹਿਰ” ਸੀ। (ਨਹੂਮ 1:1; 3:1, 6) ਜ਼ਬੂਰਾਂ ਦੀ ਪੋਥੀ 5:6 ਦੱਸਦਾ ਹੈ: ‘ਯਹੋਵਾਹ ਖ਼ੂਨੀ ਤੋਂ ਘਿਣ ਕਰਦਾ ਹੈ।’ ਨੀਨਵਾਹ ਦੇ ਖੰਡਰ ਇਸ ਗੱਲ ਦਾ ਸਬੂਤ ਹਨ ਕਿ ਪਰਮੇਸ਼ੁਰ ਆਪਣੇ ਸ਼ਬਦਾਂ ’ਤੇ ਖਰਾ ਉਤਰਿਆ।
ਪਰਮੇਸ਼ੁਰ ਅਤੇ ਇਨਸਾਨਾਂ ਦੇ ਸਭ ਤੋਂ ਵੱਡੇ ਦੁਸ਼ਮਣ ਸ਼ੈਤਾਨ ਨੇ ਹਿੰਸਾ ਸ਼ੁਰੂ ਕੀਤੀ ਜਿਸ ਨੂੰ ਯਿਸੂ ਮਸੀਹ ਨੇ “ਕਾਤਲ” ਕਿਹਾ ਸੀ। (ਯੂਹੰਨਾ 8:44) ਇਸ ਤੋਂ ਇਲਾਵਾ, ਬਾਈਬਲ ਕਹਿੰਦੀ ਹੈ ਕਿ “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” ਇਸ ਕਰਕੇ ਲੋਕਾਂ ਦੇ ਰਵੱਈਏ ਤੋਂ ਇਹ ਔਗੁਣ ਝਲਕਦੇ ਹਨ ਅਤੇ ਉਹ ਮੀਡੀਆ ਵਿਚ ਦਿਖਾਈ ਜਾਂਦੀ ਹਿੰਸਾ ਨੂੰ ਬਹੁਤ ਪਸੰਦ ਕਰਦੇ ਹਨ। (1 ਯੂਹੰਨਾ 5:19) ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਸਾਨੂੰ ਹਿੰਸਾ ਨਾਲ ਘਿਰਣਾ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਚੀਜ਼ਾਂ ਨਾਲ ਪਿਆਰ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਯਹੋਵਾਹ ਪਿਆਰ ਕਰਦਾ ਹੈ। * ਕੀ ਇਸ ਤਰ੍ਹਾਂ ਕਰਨਾ ਮੁਮਕਿਨ ਹੈ?
ਯਹੋਵਾਹ “ਹਿੰਸਾ ਪਰਸਤਾਂ ਨੂੰ ਦਿਲੋਂ ਘਿਰਣਾ ਕਰਦਾ ਹੈ।”
—ਭਜਨ 11:5, CL.
ਕੀ ਹਿੰਸਕ ਲੋਕ ਬਦਲ ਸਕਦੇ ਹਨ?
ਲੋਕੀ ਕੀ ਕਹਿੰਦੇ ਹਨ
ਹਿੰਸਕ ਰਵੱਈਆ ਇਨਸਾਨਾਂ ਦੇ ਸੁਭਾਅ ਵਿਚ ਹੈ ਜੋ ਬਦਲਦਾ ਨਹੀਂ ਹੈ।
ਬਾਈਬਲ ਕੀ ਕਹਿੰਦੀ ਹੈ
“ਕ੍ਰੋਧ, ਗੁੱਸਾ, ਬੁਰਾਈ, ਗਾਲ਼ੀ-ਗਲੋਚ ਅਤੇ ਆਪਣੇ ਮੂੰਹੋਂ ਅਸ਼ਲੀਲ ਗੱਲਾਂ ਕਰਨੀਆਂ” ਛੱਡ ਦਿਓ। ਇਸ ਵਿਚ ਇਹ ਵੀ ਦੱਸਿਆ ਗਿਆ ਹੈ: “ਤੁਸੀਂ ਪੁਰਾਣੇ ਸੁਭਾਅ ਅਤੇ ਆਦਤਾਂ ਨੂੰ ਪੁਰਾਣੇ ਕੱਪੜੇ ਵਾਂਗ ਲਾਹ ਕੇ ਸੁੱਟ ਦਿਓ ਅਤੇ ਨਵੇਂ ਸੁਭਾਅ ਨੂੰ ਨਵੇਂ ਕੱਪੜੇ ਵਾਂਗ ਪਹਿਨ ਲਓ।” (ਕੁਲੁੱਸੀਆਂ 3:8-10) ਕੀ ਯਹੋਵਾਹ ਸਾਡੇ ਤੋਂ ਹੱਦੋਂ ਵਧ ਮੰਗਦਾ ਹੈ? ਬਿਲਕੁਲ ਨਹੀਂ। ਲੋਕ ਬਦਲ ਸਕਦੇ ਹਨ। * ਕਿਵੇਂ?
ਪਹਿਲਾ ਕਦਮ: ਪਰਮੇਸ਼ੁਰ ਬਾਰੇ ਸਹੀ ਗਿਆਨ ਲੈਣਾ। (ਕੁਲੁੱਸੀਆਂ 3:10) ਜਦੋਂ ਇਕ ਇਨਸਾਨ ਆਪਣੇ ਸਿਰਜਣਹਾਰ ਦੇ ਵਧੀਆ ਗੁਣਾਂ ਅਤੇ ਮਿਆਰਾਂ ਨੂੰ ਦਿਲੋਂ ਸਿੱਖਣ ਲਈ ਤਿਆਰ ਹੁੰਦਾ ਹੈ, ਤਾਂ ਉਹ ਪਿਆਰ ਕਰਕੇ ਪਰਮੇਸ਼ੁਰ ਵੱਲ ਖਿੱਚਿਆ ਜਾਂਦਾ ਹੈ ਅਤੇ ਉਸ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ।
ਦੂਜਾ ਕਦਮ: ਸਹੀ ਦੋਸਤ ਚੁਣਨੇ। ਬਾਈਬਲ ਕਹਿੰਦੀ ਹੈ: “ਕ੍ਰੋਧੀ ਦਾ ਮੇਲੀ ਨਾ ਬਣੀਂ ਅਤੇ ਗੁੱਸਾ ਕਰਨ ਵਾਲੇ ਦੇ ਨਾਲ ਨਾ ਤੁਰੀਂ, ਕਿਤੇ ਐਉਂ ਨਾ ਹੋਵੇ ਜੋ ਤੂੰ ਉਹ ਦੀ ਚਾਲ ਸਿੱਖ ਲਵੇਂ, ਅਤੇ ਤੇਰੀ ਜਾਨ ਫਾਹੀ ਵਿੱਚ ਫਸ ਜਾਵੇ।”
ਤੀਜਾ ਕਦਮ: ਸਮਝਦਾਰੀ ਤੋਂ ਕੰਮ ਲੈਣਾ। ਹਿੰਸਾ ਵੱਲ ਝੁਕਾਅ ਦੀ ਅਸਲੀ ਵਜ੍ਹਾ ਪਛਾਣੋ—ਇਹ ਇਕ ਗੰਭੀਰ ਕਮਜ਼ੋਰੀ ਹੈ। ਜਿਹੜਾ ਇਨਸਾਨ ਹਿੰਸਕ ਹੁੰਦਾ ਹੈ, ਉਸ ਵਿਚ ਸੰਜਮ ਦੀ ਬਹੁਤ ਘਾਟ ਹੁੰਦੀ ਹੈ। ਇਸ ਤੋਂ ਉਲਟ, ਸ਼ਾਂਤ ਸੁਭਾਅ ਵਾਲਾ ਇਨਸਾਨ ਹੀ ਅਸਲ ਵਿਚ ਤਾਕਤਵਰ ਹੁੰਦਾ ਹੈ। ਕਹਾਉਤਾਂ 16:32 ਦੱਸਦਾ ਹੈ: ‘ਜਿਹੜਾ ਕ੍ਰੋਧ ਵਿੱਚ ਧੀਮਾ ਹੈ ਉਹ ਸੂਰਬੀਰ ਨਾਲੋਂ ਚੰਗਾ ਹੈ।’
“ਸਾਰਿਆਂ ਨਾਲ ਬਣਾ ਕੇ ਰੱਖੋ।”
—ਇਬਰਾਨੀਆਂ 12:14.
ਕੀ ਹਿੰਸਾ ਕਦੇ ਖ਼ਤਮ ਹੋਵੇਗੀ?
ਲੋਕੀ ਕੀ ਕਹਿੰਦੇ ਹਨ
ਹਿੰਸਾ ਹਮੇਸ਼ਾ ਰਹੀ ਹੈ ਅਤੇ ਹਮੇਸ਼ਾ ਰਹੇਗੀ।
ਬਾਈਬਲ ਕੀ ਕਹਿੰਦੀ ਹੈ
“ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ, . . . ਪਰ ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” (ਜ਼ਬੂਰਾਂ ਦੀ ਪੋਥੀ 37:10, 11) ਜੀ ਹਾਂ, ਨਿਮਰ ਤੇ ਸ਼ਾਂਤੀ ਪਸੰਦ ਲੋਕਾਂ ਨੂੰ ਬਚਾਉਣ ਲਈ ਪਰਮੇਸ਼ੁਰ ਹਿੰਸਾ ਦੇ ਪ੍ਰੇਮੀਆਂ ਦਾ ਵੀ ਉਹੀ ਹਸ਼ਰ ਕਰੇਗਾ ਜੋ ਉਸ ਨੇ ਪ੍ਰਾਚੀਨ ਨੀਨਵਾਹ ਸ਼ਹਿਰ ਦੇ ਲੋਕਾਂ ਦਾ ਕੀਤਾ ਸੀ। ਇਸ ਤੋਂ ਬਾਅਦ ਹਿੰਸਾ ਕਰਕੇ ਧਰਤੀ ਉੱਤੋਂ ਕਦੀ ਵੀ ਸ਼ਾਂਤੀ ਭੰਗ ਨਹੀਂ ਹੋਵੇਗੀ।
ਇਸ ਲਈ ਹੁਣੇ ਹੀ ਸਮਾਂ ਹੈ ਕਿ ਪਰਮੇਸ਼ੁਰ ਦੀ ਮਿਹਰ ਪਾਉਣ ਲਈ ਅਸੀਂ ਸ਼ਾਂਤ ਸੁਭਾਅ ਪੈਦਾ ਕਰੀਏ। 2 ਪਤਰਸ 3:9 ਕਹਿੰਦਾ ਹੈ: ‘ਯਹੋਵਾਹ ਤੁਹਾਡੇ ਨਾਲ ਧੀਰਜ ਰੱਖ ਰਿਹਾ ਹੈ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ, ਸਗੋਂ ਚਾਹੁੰਦਾ ਹੈ ਕਿ ਸਾਰਿਆਂ ਨੂੰ ਤੋਬਾ ਕਰਨ ਦਾ ਮੌਕਾ ਮਿਲੇ।’ ▪ (g15-E 05)
“ਓਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛਿਆਂ ਨੂੰ ਦਾਤ।”
—ਯਸਾਯਾਹ 2:4.
^ ਪੈਰਾ 7 ਪਰਮੇਸ਼ੁਰ ਨੇ ਪ੍ਰਾਚੀਨ ਇਜ਼ਰਾਈਲ ਨੂੰ ਯੁੱਧ ਕਰਨ ਦਿੱਤਾ ਤਾਂਕਿ ਉਹ ਆਪਣੇ ਇਲਾਕਿਆਂ ਦੀ ਰਾਖੀ ਕਰ ਸਕਣ। (2 ਇਤਹਾਸ 20:15, 17) ਪਰ ਇਹ ਹਾਲਾਤ ਉਦੋਂ ਬਦਲ ਗਏ ਜਦੋਂ ਪਰਮੇਸ਼ੁਰ ਨੇ ਇਜ਼ਰਾਈਲੀਆਂ ਨਾਲ ਆਪਣਾ ਇਕਰਾਰ ਤੋੜ ਦਿੱਤਾ ਤੇ ਉਸ ਨੇ ਪੂਰੀ ਦੁਨੀਆਂ ਵਿਚ ਆਪਣੀਆਂ ਮਸੀਹੀ ਮੰਡਲੀਆਂ ਸਥਾਪਿਤ ਕੀਤੀਆਂ।
^ ਪੈਰਾ 11 ਪਹਿਰਾਬੁਰਜ ਵਿਚ “ਬਾਈਬਲ ਬਦਲਦੀ ਹੈ ਜ਼ਿੰਦਗੀਆਂ” ਨਾਂ ਦੇ ਲੜੀਵਾਰ ਲੇਖਾਂ ਵਿਚ ਅਜਿਹੇ ਲੋਕਾਂ ਦੀਆਂ ਮਿਸਾਲਾਂ ਹਨ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਵਿਚ ਬਦਲਾਅ ਕੀਤੇ ਹਨ।