Skip to content

Skip to table of contents

ਪਰਿਵਾਰ ਦੀ ਮਦਦ ਲਈ | ਵਿਆਹੁਤਾ ਜੀਵਨ

ਵਿਆਹ ਦੇ ਵਾਅਦੇ ਨੂੰ ਮਜ਼ਬੂਤ ਕਿਵੇਂ ਕਰੀਏ

ਵਿਆਹ ਦੇ ਵਾਅਦੇ ਨੂੰ ਮਜ਼ਬੂਤ ਕਿਵੇਂ ਕਰੀਏ

ਚੁਣੌਤੀ

ਜਿਸ ਦਿਨ ਤੁਹਾਡਾ ਵਿਆਹ ਹੋਇਆ, ਉਸ ਦਿਨ ਤੁਸੀਂ ਸਹੁੰ ਖਾਧੀ ਸੀ। ਇਹ ਵਾਅਦਾ ਜੀਵਨ ਭਰ ਦਾ ਹੈ ਕਿ ਤੁਸੀਂ ਆਪਣੇ ਜੀਵਨ ਸਾਥੀ ਨਾਲ ਹੀ ਰਹੋਗੇ ਅਤੇ ਵਿਆਹ ਵਿਚ ਆਈਆਂ ਸਮੱਸਿਆਵਾਂ ਨੂੰ ਸੁਲਝਾਓਗੇ।

ਸਮੇਂ ਦੇ ਬੀਤਣ ਨਾਲ ਮਤ-ਭੇਦਾਂ ਕਾਰਨ ਵਿਆਹੁਤਾ ਜ਼ਿੰਦਗੀ ਖ਼ਤਰੇ ਵਿਚ ਪੈ ਸਕਦੀ ਹੈ। ਕੀ ਤੁਸੀਂ ਅੱਜ ਵੀ ਆਪਣੇ ਜੀਵਨ ਸਾਥੀ ਨਾਲ ਕੀਤੇ ਵਾਅਦੇ ਨੂੰ ਨਿਭਾਉਣਾ ਚਾਹੁੰਦੇ ਹੋ?

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ

ਵਿਆਹ ਦੇ ਵਾਅਦੇ ਨੂੰ ਲੰਗਰ ਸਮਝੋ ਜੋ ਤੁਹਾਡੇ ਵਿਆਹ ਨੂੰ ਸਥਿਰ ਬਣਾ ਸਕਦਾ ਹੈ

ਵਾਅਦਾ ਹੱਲ ਹੈ, ਨਾ ਕਿ ਸਮੱਸਿਆ। ਅੱਜ ਬਹੁਤ ਸਾਰੇ ਲੋਕ ਵਿਆਹ ਦੇ ਵਾਅਦੇ ’ਤੇ ਸ਼ੱਕ ਕਰਦੇ ਹਨ। ਕੁਝ ਲੋਕ ਸ਼ਾਇਦ ਵਿਆਹ ਦੇ ਫ਼ੈਸਲੇ ਨੂੰ ਗ਼ਲਤ ਮੰਨਣ ਅਤੇ ਇਸ ਦੀ ਤੁਲਨਾ ਜ਼ੰਜੀਰ ਨਾਲ ਕਰਨ। ਇਸ ਨੂੰ ਜ਼ੰਜੀਰ ਸਮਝਣ ਦੀ ਬਜਾਇ ਲੰਗਰ ਸਮਝੋ ਜੋ ਤੁਹਾਡੇ ਵਿਆਹ ਨੂੰ ਸਥਿਰ ਬਣਾ ਸਕਦਾ ਹੈ। ਮੇਗਨ ਨਾਂ ਦੀ ਇਕ ਪਤਨੀ ਕਹਿੰਦੀ ਹੈ: “ਲੜਾਈ-ਝਗੜੇ ਵੇਲੇ ਵਿਆਹ ਦੇ ਵਾਅਦੇ ਕਰਕੇ ਤੁਹਾਨੂੰ ਪਤਾ ਹੁੰਦਾ ਹੈ ਕਿ ਨਾ ਤੁਸੀਂ ਤੇ ਨਾ ਤੁਹਾਡਾ ਜੀਵਨ ਸਾਥੀ ਤੁਹਾਨੂੰ ਛੱਡੇਗਾ।” * ਭਾਵੇਂ ਕਿ ਵਿਆਹੁਤਾ ਜੀਵਨ ਵਿਚ ਕੁਝ ਮੁਸ਼ਕਲਾਂ ਆ ਰਹੀਆਂ ਹਨ, ਪਰ ਤੁਹਾਨੂੰ ਇਹ ਯਕੀਨ ਹੁੰਦਾ ਹੈ ਕਿ ਤੁਹਾਡਾ ਵਿਆਹ ਨਹੀਂ ਟੁੱਟੇਗਾ। ਇਸ ਕਰਕੇ ਤੁਸੀਂ ਵਿਆਹੁਤਾ ਜੀਵਨ ਵਿਚ ਆਉਂਦੀਆਂ ਮੁਸ਼ਕਲਾਂ ਨੂੰ ਸੁਲਝਾ ਸਕਦੇ ਹੋ।—“ ਵਾਅਦਾ ਤੇ ਵਫ਼ਾਦਾਰੀ” ਨਾਂ ਦੀ ਡੱਬੀ ਦੇਖੋ।

ਮੁੱਖ ਗੱਲ: ਜੇ ਤੁਹਾਡੇ ਵਿਆਹੁਤਾ ਜੀਵਨ ਵਿਚ ਸਮੱਸਿਆਵਾਂ ਹਨ, ਤਾਂ ਹੁਣ ਹੀ ਆਪਣੇ ਵਿਆਹ ਦੇ ਵਾਅਦੇ ਨੂੰ ਮਜ਼ਬੂਤ ਕਰਨ ਦਾ ਸਮਾਂ ਹੈ, ਨਾ ਕਿ ਇਸ ’ਤੇ ਸ਼ੱਕ ਕਰਨ ਦਾ। ਤੁਸੀਂ ਇਹ ਕਿਵੇਂ ਕਰ ਸਕਦੇ ਹੋ?

ਤੁਸੀਂ ਕੀ ਕਰ ਸਕਦੇ ਹੋ

ਆਪਣੇ ਨਜ਼ਰੀਏ ਦੀ ਜਾਂਚ ਕਰੋ। “ਵਿਆਹ ਜੀਵਨ ਭਰ ਦਾ ਬੰਧਨ ਹੈ।” ਕੀ ਇਹ ਵਾਕ ਪੜ੍ਹ ਕੇ ਤੁਸੀਂ ਆਪਣੇ ਆਪ ਨੂੰ ਜਾਲ਼ ਵਿਚ ਫਸਿਆ ਹੋਇਆ ਮਹਿਸੂਸ ਕਰਦੇ ਹੋ ਜਾਂ ਸੁਰੱਖਿਅਤ ਮਹਿਸੂਸ ਕਰਦੇ ਹੋ? ਜਦੋਂ ਸਮੱਸਿਆਵਾਂ ਖੜ੍ਹੀਆਂ ਹੁੰਦੀਆਂ ਹਨ, ਤਾਂ ਕੀ ਇਹ ਸੋਚਣਾ ਸਹੀ ਹੈ ਕਿ ਤੁਸੀਂ ਆਪਣੇ ਜੀਵਨ ਸਾਥੀ ਨੂੰ ਛੱਡ ਸਕਦੇ ਹੋ? ਵਿਆਹ ਦੇ ਵਾਅਦੇ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਇਸ ਨੂੰ ਉਮਰ ਭਰ ਦਾ ਬੰਧਨ ਸਮਝੋ।ਬਾਈਬਲ ਦਾ ਅਸੂਲ: ਮੱਤੀ 19:6.

ਆਪਣੇ ਪਿਛੋਕੜ ਦੀ ਜਾਂਚ ਕਰੋ। ਮਾਪਿਆਂ ਦੇ ਰਿਸ਼ਤੇ ਕਰਕੇ ਸ਼ਾਇਦ ਵਿਆਹ ਦੇ ਵਾਅਦੇ ਪ੍ਰਤੀ ਤੁਹਾਡੇ ਨਜ਼ਰੀਏ ’ਤੇ ਅਸਰ ਪਵੇ। ਲੀਆ ਦੱਸਦੀ ਹੈ: “ਜਦੋਂ ਮੈਂ ਵੱਡੀ ਹੋ ਰਹੀ ਸੀ, ਤਾਂ ਮੇਰੇ ਮਾਪਿਆਂ ਦਾ ਤਲਾਕ ਹੋ ਗਿਆ ਤੇ ਮੈਨੂੰ ਇਹੀ ਫ਼ਿਕਰ ਸੀ ਕਿ ਉਨ੍ਹਾਂ ਕਰਕੇ ਵਿਆਹ ਦੇ ਵਾਅਦੇ ਪ੍ਰਤੀ ਮੇਰਾ ਨਜ਼ਰੀਆ ਸ਼ਾਇਦ ਉਨ੍ਹਾਂ ਵਰਗਾ ਹੋ ਜਾਵੇ।” ਯਕੀਨ ਰੱਖੋ ਕਿ ਤੁਸੀਂ ਆਪਣੇ ਵਿਆਹੁਤਾ ਰਿਸ਼ਤੇ ਨੂੰ ਵਧੀਆ ਬਣਾ ਸਕਦੇ ਹੋ। ਤੁਹਾਨੂੰ ਆਪਣੇ ਮਾਪਿਆਂ ਦੀਆਂ ਗ਼ਲਤੀਆਂ ਦੁਹਰਾਉਣ ਦੀ ਲੋੜ ਨਹੀਂ ਹੈ!ਬਾਈਬਲ ਦਾ ਅਸੂਲ: ਗਲਾਤੀਆਂ 6:4, 5.

ਆਪਣੇ ਬੋਲਣ ਦੇ ਅੰਦਾਜ਼ ਦੀ ਜਾਂਚ ਕਰੋ। ਆਪਣੇ ਜੀਵਨ ਸਾਥੀ ਨਾਲ ਝਗੜਾ ਕਰਦੇ ਹੋਏ ਉਸ ਨੂੰ ਉਹ ਗੱਲਾਂ ਕਹਿਣ ਤੋਂ ਪਰਹੇਜ਼ ਕਰੋ ਜਿਨ੍ਹਾਂ ਕਰਕੇ ਬਾਅਦ ਵਿਚ ਤੁਹਾਨੂੰ ਪਛਤਾਵਾ ਹੋਵੇ, ਜਿਵੇਂ ਕਿ “ਮੈਂ ਨਹੀਂ ਰਹਿਣਾ ਤੇਰੇ ਨਾਲ!” ਜਾਂ “ਮੈਂ ਕੋਈ ਹੋਰ ਲੱਭ ਲੈਣਾ ਜੋ ਮੇਰੀ ਕਦਰ ਕਰੂ!” ਇਸ ਤਰ੍ਹਾਂ ਦੀਆਂ ਗੱਲਾਂ ਵਾਅਦੇ ਨੂੰ ਕਮਜ਼ੋਰ ਕਰਦੀਆਂ ਹਨ। ਨਾਲੇ ਇੱਦਾਂ ਦੀਆਂ ਗੱਲਾਂ ਕਰਕੇ ਤੁਸੀਂ ਮਸਲੇ ਨੂੰ ਸੁਲਝਾਉਣ ਦੀ ਬਜਾਇ ਸਿਰਫ਼ ਇਕ-ਦੂਜੇ ਦੀ ਬੇਇੱਜ਼ਤੀ ਕਰਦੇ ਹੋ। ਚੁੱਭਵੀਆਂ ਗੱਲਾਂ ਕਹਿਣ ਦੀ ਬਜਾਇ ਤੁਸੀਂ ਸ਼ਾਇਦ ਇੱਦਾਂ ਕਹੋ: “ਆਪਾਂ ਦੋਨੋਂ ਦੁਖੀ ਹਾਂ। ਪਰ ਆਪਾਂ ਦੋਵੇਂ ਮਿਲ ਕੇ ਇਸ ਸਮੱਸਿਆ ਦਾ ਹੱਲ ਕਿਵੇਂ ਕਰ ਸਕਦੇ ਹਾਂ?”ਬਾਈਬਲ ਦਾ ਅਸੂਲ: ਕਹਾਉਤਾਂ 12:18.

ਦਿਖਾਓ ਕਿ ਤੁਸੀਂ ‘ਵਾਅਦੇ ਦੀ ਕਦਰ’ ਕਰਦੇ ਹੋ। ਕੰਮ ਦੀ ਥਾਂ ’ਤੇ ਆਪਣੇ ਜੀਵਨ ਸਾਥੀ ਦੀ ਫੋਟੋ ਰੱਖੋ। ਦੂਜਿਆਂ ਨਾਲ ਆਪਣੇ ਵਿਆਹ ਬਾਰੇ ਚੰਗੀਆਂ ਗੱਲਾਂ ਕਰੋ। ਜਦੋਂ ਤੁਸੀਂ ਆਪਣੇ ਸਾਥੀ ਤੋਂ ਕਾਫ਼ੀ ਦਿਨਾਂ ਲਈ ਦੂਰ ਜਾਂਦੇ ਹੋ, ਤਾਂ ਹਰ ਰੋਜ਼ ਉਸ ਨੂੰ ਫ਼ੋਨ ਕਰੋ। ਹਮੇਸ਼ਾ “ਅਸੀਂ” ਕਹਿ ਕੇ ਗੱਲ ਕਰੋ ਅਤੇ ਅਜਿਹੇ ਵਾਕ ਵਰਤੋ, ਜਿਵੇਂ “ਮੈਂ ਤੇ ਮੇਰੀ ਪਤਨੀ” ਜਾਂ “ਮੈਂ ਤੇ ਮੇਰਾ ਪਤੀ।” ਇੱਦਾਂ ਕਰਕੇ ਤੁਸੀਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਦਿਖਾਓਗੇ ਕਿ ਤੁਸੀਂ ਆਪਣੇ ਜੀਵਨ ਸਾਥੀ ਨਾਲ ਕੀਤੇ ਵਿਆਹ ਦੇ ਵਾਅਦੇ ਦੀ ਕਦਰ ਕਰਦੇ ਹੋ।

ਚੰਗੀਆਂ ਮਿਸਾਲਾਂ ਤੋਂ ਸਿੱਖੋ। ਉਨ੍ਹਾਂ ਸਮਝਦਾਰ ਜੋੜਿਆਂ ਤੋਂ ਸਲਾਹ ਲਓ ਜਿਨ੍ਹਾਂ ਨੇ ਵਿਆਹੁਤਾ ਜ਼ਿੰਦਗੀ ਵਿਚ ਆਈਆਂ ਮੁਸ਼ਕਲਾਂ ਨੂੰ ਵਧੀਆ ਢੰਗ ਨਾਲ ਹੱਲ ਕੀਤਾ ਹੈ। ਉਨ੍ਹਾਂ ਨੂੰ ਪੁੱਛੋ: “ਵਿਆਹ ਦਾ ਵਾਅਦਾ ਤੁਹਾਡੇ ਲਈ ਕੀ ਮਾਅਨੇ ਰੱਖਦਾ ਹੈ ਅਤੇ ਇਸ ਵਾਅਦੇ ਨੇ ਵਿਆਹ ਦੇ ਬੰਧਨ ਨੂੰ ਮਜ਼ਬੂਤ ਕਰਨ ਵਿਚ ਤੁਹਾਡੀ ਕਿਵੇਂ ਮਦਦ ਕੀਤੀ ਹੈ?” ਬਾਈਬਲ ਕਹਿੰਦੀ ਹੈ: “ਲੋਹਾ ਲੋਹੇ ਨੂੰ ਤਿੱਖਾ ਕਰਦਾ ਹੈ, ਇਉਂ ਮਨੁੱਖ ਆਪਣੇ ਮਿੱਤ੍ਰ ਦੇ ਮੁਖ ਨੂੰ ਤਿੱਖਾ ਕਰਦਾ ਹੈ।” (ਕਹਾਉਤਾਂ 27:17) ਬਾਈਬਲ ਦੇ ਇਸ ਅਸੂਲ ਨੂੰ ਮਨ ਵਿਚ ਰੱਖਦੇ ਹੋਏ ਕਿਉਂ ਨਾ ਉਨ੍ਹਾਂ ਦੀ ਸਲਾਹ ਤੋਂ ਫ਼ਾਇਦਾ ਉਠਾਓ ਜੋ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਸੁਖੀ ਹਨ? ▪ (g15-E 06)

^ ਪੈਰਾ 7 ਬਾਈਬਲ ਦੱਸਦੀ ਹੈ ਕਿ ਪਤੀ-ਪਤਨੀ ਸਿਰਫ਼ ਹਰਾਮਕਾਰੀ ਕਾਰਨ ਇਕ-ਦੂਜੇ ਨੂੰ ਤਲਾਕ ਦੇ ਸਕਦੇ ਹਨ।