Skip to content

Skip to table of contents

ਇਟਲੀ ਵਿਚ ਦਿਲਾਸੇ ਭਰਿਆ ਸੰਦੇਸ਼ ਦੇਣਾ

ਇਟਲੀ ਵਿਚ ਦਿਲਾਸੇ ਭਰਿਆ ਸੰਦੇਸ਼ ਦੇਣਾ

ਅਸੀਂ ਉਹ ਹਾਂ ਜਿਹੜੇ ਨਿਹਚਾ ਕਰਦੇ ਹਨ

ਇਟਲੀ ਵਿਚ ਦਿਲਾਸੇ ਭਰਿਆ ਸੰਦੇਸ਼ ਦੇਣਾ

ਯਹੋਵਾਹ “ਸਰਬ ਦਿਲਾਸੇ ਦਾ ਪਰਮੇਸ਼ੁਰ” ਹੈ। ਉਸ ਦੀ ਰੀਸ ਕਰਨ ਦੁਆਰਾ, ਉਸ ਦੇ ਸੇਵਕ ਲੋਕਾਂ ਨੂੰ “ਹਰ ਬਿਪਤਾ ਵਿੱਚ ਦਿਲਾਸਾ ਦੇਣ ਜੋਗੇ” ਹੋਏ ਹਨ। (2 ਕੁਰਿੰਥੀਆਂ 1:3, 4; ਅਫ਼ਸੀਆਂ 5:1) ਯਹੋਵਾਹ ਦੇ ਗਵਾਹਾਂ ਦੁਆਰਾ ਕੀਤੇ ਜਾਂਦੇ ਪ੍ਰਚਾਰ ਕੰਮ ਦਾ ਇਹ ਇਕ ਮੁੱਖ ਉਦੇਸ਼ ਹੈ।

ਲੋੜਵੰਦ ਤੀਵੀਂ ਦੀ ਮਦਦ ਕਰਨਾ

ਖ਼ਾਸ ਤੌਰ ਤੇ ਹਾਲ ਹੀ ਦੇ ਸਾਲਾਂ ਵਿਚ ਗ਼ਰੀਬੀ ਤੇ ਜੰਗ ਦੇ ਕਾਰਨ ਅਤੇ ਇਕ ਵਧੀਆ ਜ਼ਿੰਦਗੀ ਭਾਲਣ ਦੀ ਇੱਛਾ ਨਾਲ ਕਈ ਲੋਕ ਦੂਸਰੇ ਕਈ ਅਮੀਰ ਦੇਸ਼ਾਂ ਵਿਚ ਜਾ ਕੇ ਵਸ ਗਏ ਹਨ। ਪਰ ਨਵੇਂ ਮਾਹੌਲ ਮੁਤਾਬਕ ਢਲ਼ਣਾ ਆਸਾਨ ਨਹੀਂ ਹੈ। ਮਾਨਿਓਲਾ ਦੂਸਰੇ ਅਲਬਾਨੀ ਲੋਕਾਂ ਨਾਲ ਬੋਰਗੋਮਾਨੇਰੋ ਵਿਚ ਰਹਿੰਦੀ ਸੀ। ਕਿਉਂਕਿ ਉਹ ਇਟਲੀ ਵਿਚ ਗ਼ੈਰ-ਕਾਨੂੰਨੀ ਤੌਰ ਤੇ ਰਹਿ ਰਹੀ ਸੀ, ਇਸ ਲਈ ਉਹ ਵਾਂਡਾ—ਇਕ ਯਹੋਵਾਹ ਦੀ ਗਵਾਹ—ਨਾਲ ਗੱਲ-ਬਾਤ ਕਰਨ ਤੋਂ ਹਿਚਕਿਚਾਉਂਦੀ ਸੀ। ਪਰ ਆਖ਼ਰਕਾਰ ਮਾਨਿਓਲਾ ਵਾਂਡਾ ਨੂੰ ਮਿਲਣ ਲਈ ਤਿਆਰ ਹੋ ਗਈ। ਵਾਂਡਾ ਨੇ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਵਿਚ ਬਹੁਤ ਜ਼ਿਆਦਾ ਦਿਲਚਸਪੀ ਦਿਖਾਈ, ਪਰ ਦੋਨਾਂ ਦੀ ਭਾਸ਼ਾ ਵੱਖੋ-ਵੱਖਰੀ ਸੀ ਜਿਸ ਕਰਕੇ ਅਧਿਐਨ ਕਰਨ ਵਿਚ ਕਾਫ਼ੀ ਔਖਿਆਈ ਆਈ। ਪਰ ਅਧਿਐਨ ਸ਼ੁਰੂ ਕਰਨ ਤੋਂ ਥੋੜ੍ਹੇ ਹੀ ਸਮੇਂ ਬਾਅਦ, ਵਾਂਡਾ ਨੂੰ ਉਸ ਘਰ ਵਿਚ ਕਦੇ ਕੋਈ ਨਾ ਮਿਲਿਆ। ਕੀ ਹੋਇਆ ਸੀ? ਵਾਂਡਾ ਨੂੰ ਪਤਾ ਲੱਗਾ ਕਿ ਉਸ ਘਰ ਵਿਚ ਰਹਿਣ ਵਾਲੇ ਸਾਰੇ ਹੀ ਲੋਕ ਉੱਥੋਂ ਨੱਠ ਗਏ ਸਨ ਕਿਉਂਕਿ ਉਨ੍ਹਾਂ ਵਿੱਚੋਂ ਇਕ—ਮਾਨਿਓਲਾ ਦੇ ਬੁਆਏ-ਫਰੈਂਡ—ਦੀ ਪੁਲਸ ਕਤਲ ਦੇ ਇਲਜ਼ਾਮ ਵਿਚ ਤਲਾਸ਼ ਕਰ ਰਹੀ ਸੀ!

ਚਾਰ ਮਹੀਨਿਆਂ ਬਾਅਦ, ਵਾਂਡਾ ਮਾਨਿਓਲਾ ਨੂੰ ਦੁਬਾਰਾ ਮਿਲੀ। ਵਾਂਡਾ ਯਾਦ ਕਰਦੀ ਹੈ: “ਉਹ ਬੜੀ ਹੀ ਪੀਲੀ ਅਤੇ ਕਮਜ਼ੋਰ ਜਿਹੀ ਦਿਸ ਰਹੀ ਸੀ, ਉਸ ਨੂੰ ਦੇਖ ਕੇ ਹੀ ਲੱਗਦਾ ਸੀ ਕਿ ਉਸ ਨੇ ਬਹੁਤ ਔਖਾ ਸਮਾਂ ਗੁਜ਼ਾਰਿਆ ਹੈ।” ਮਾਨਿਓਲਾ ਨੇ ਦੱਸਿਆ ਕਿ ਉਸ ਦਾ ਸਾਬਕਾ ਦੋਸਤ ਜੇਲ੍ਹ ਵਿਚ ਸੀ ਅਤੇ ਜਿਨ੍ਹਾਂ ਦੋਸਤਾਂ ਕੋਲੋਂ ਉਹ ਮਦਦ ਲੈਣ ਗਈ ਸੀ ਉਨ੍ਹਾਂ ਨੇ ਉਸ ਦੀ ਕੋਈ ਵੀ ਮਦਦ ਨਹੀਂ ਕੀਤੀ। ਡੂੰਘੀ ਨਿਰਾਸ਼ਾ ਵਿਚ ਮਦਦ ਲਈ ਉਸ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ। ਤਦ ਉਸ ਨੂੰ ਵਾਂਡਾ ਚੇਤੇ ਆਈ, ਜਿਸ ਨੇ ਉਸ ਨੂੰ ਬਾਈਬਲ ਬਾਰੇ ਦੱਸਿਆ ਸੀ। ਮਾਨਿਓਲਾ ਉਸ ਨੂੰ ਦੁਬਾਰਾ ਮਿਲ ਕੇ ਕਿੰਨੀ ਖ਼ੁਸ਼ ਹੋਈ!

ਮਾਨਿਓਲਾ ਨਾਲ ਬਾਈਬਲ ਅਧਿਐਨ ਮੁੜ ਸ਼ੁਰੂ ਕੀਤਾ ਗਿਆ ਅਤੇ ਛੇਤੀ ਹੀ ਉਸ ਨੇ ਮਸੀਹੀ ਸਭਾਵਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ। ਉਸ ਨੂੰ ਕਾਨੂੰਨੀ ਤੌਰ ਤੇ ਇਟਲੀ ਵਿਚ ਰਹਿਣ ਦੀ ਇਜਾਜ਼ਤ ਮਿਲ ਗਈ। ਇਕ ਸਾਲ ਬਾਅਦ, ਮਾਨਿਓਲਾ ਨੇ ਬਪਤਿਸਮਾ ਲੈ ਲਿਆ। ਪਰਮੇਸ਼ੁਰੀ ਵਾਅਦਿਆਂ ਤੋਂ ਦਿਲਾਸਾ ਪਾ ਕੇ, ਉਹ ਆਪਣੇ ਦੇਸ਼ਵਾਸੀਆਂ ਨੂੰ ਬਾਈਬਲ ਦਾ ਦਿਲਾਸੇ ਭਰਿਆ ਸੰਦੇਸ਼ ਸੁਣਾਉਣ ਲਈ ਅਲਬਾਨੀਆ ਵਾਪਸ ਪਰਤ ਗਈ।

ਆਵਾਸੀ ਕੈਂਪਾਂ ਵਿਚ ਗਵਾਹੀ ਦੇਣੀ

ਬਹੁਤ ਸਾਰੀਆਂ ਇਤਾਲਵੀ ਕਲੀਸਿਯਾਵਾਂ ਨੇ ਮਾਨਿਓਲਾ ਵਰਗੇ ਆਵਾਸੀਆਂ ਨੂੰ ਗਵਾਹੀ ਦੇਣ ਦੇ ਪ੍ਰਬੰਧ ਕੀਤੇ ਹਨ। ਮਿਸਾਲ ਵਜੋਂ, ਫਲੋਰੈਂਸ ਦੀ ਇਕ ਕਲੀਸਿਯਾ ਨੇ ਆਵਾਸੀ ਕੈਂਪਾਂ ਵਿਚ ਬਾਕਾਇਦਾ ਗਵਾਹੀ ਦੇਣ ਦਾ ਪ੍ਰਬੰਧ ਕੀਤਾ। ਕੈਂਪ ਵਿਚ ਰਹਿਣ ਵਾਲੇ ਲੋਕ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਸਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਪੂਰਬੀ ਯੂਰਪ, ਮੈਸੇਡੋਨੀਆ ਅਤੇ ਕੋਸੋਵੋ ਤੋਂ ਸਨ। ਕੁਝ ਨੂੰ ਨਸ਼ੇ ਲੈਣ ਦੀ ਅਤੇ ਸ਼ਰਾਬ ਪੀਣ ਦੀ ਲਤ ਲੱਗੀ ਹੋਈ ਸੀ। ਬਹੁਤ ਸਾਰੇ ਆਪਣਾ ਗੁਜ਼ਾਰਾ ਛੋਟੀਆਂ-ਮੋਟੀਆਂ ਚੋਰੀਆਂ ਕਰ ਕੇ ਕਰਦੇ ਸਨ।

ਇਨ੍ਹਾਂ ਲੋਕਾਂ ਨੂੰ ਪ੍ਰਚਾਰ ਕਰਨਾ ਇਕ ਚੁਣੌਤੀ ਸੀ। ਫਿਰ ਵੀ, ਇਕ ਪਾਓਲਾ ਨਾਂ ਦੀ ਪੂਰਣ-ਕਾਲੀ ਪ੍ਰਚਾਰਕ ਇਕ ਮੈਸੇਡੋਨੀਅਨ ਤੀਵੀਂ ਜ਼ਾਕਲੀਨਾ ਨੂੰ ਮਿਲੀ। ਕੁਝ ਹੀ ਮੁਲਾਕਾਤਾਂ ਤੋਂ ਬਾਅਦ, ਜ਼ਾਕਲੀਨਾ ਨੇ ਆਪਣੀ ਸਹੇਲੀ ਸੁਜ਼ਾਨਾ ਨੂੰ ਬਾਈਬਲ ਅਧਿਐਨ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮਗਰੋਂ, ਸੁਜ਼ਾਨਾ ਨੇ ਆਪਣੇ ਦੂਸਰੇ ਰਿਸ਼ਤੇਦਾਰਾਂ ਨੂੰ ਇਸ ਬਾਰੇ ਦੱਸਿਆ। ਛੇਤੀ ਹੀ, ਪਰਿਵਾਰ ਦੇ ਪੰਜ ਮੈਂਬਰ ਬਾਈਬਲ ਦਾ ਅਧਿਐਨ ਕਰਨ, ਸਭਾਵਾਂ ਵਿਚ ਜਾਣ ਅਤੇ ਸਿੱਖੀਆਂ ਹੋਈਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਲੱਗ ਪਏ। ਹਾਲਾਂਕਿ ਉਨ੍ਹਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਪਰ ਉਨ੍ਹਾਂ ਨੂੰ ਯਹੋਵਾਹ ਅਤੇ ਉਸ ਦੇ ਬਚਨ ਵਿੱਚੋਂ ਦਿਲਾਸਾ ਮਿਲਦਾ ਹੈ।

ਇਕ ਨਨ ਨੂੰ ਯਹੋਵਾਹ ਤੋਂ ਦਿਲਾਸਾ ਮਿਲਿਆ

ਫ਼ੋਰਮੀਆ ਸ਼ਹਿਰ ਵਿਚ ਇਕ ਅਸੁਨਟਾ ਨਾਂ ਦੀ ਪੂਰਣ-ਕਾਲੀ ਪ੍ਰਚਾਰਕ ਨੇ ਇਕ ਤੀਵੀਂ ਨਾਲ ਗੱਲ ਕੀਤੀ ਜੋ ਕਿ ਬੜੀ ਮੁਸ਼ਕਲ ਨਾਲ ਤੁਰ ਰਹੀ ਸੀ। ਉਹ ਤੀਵੀਂ ਇਕ ਨਨ ਸੀ। ਉਹ ਇਕ ਅਜਿਹੇ ਧਾਰਮਿਕ ਸੰਪ੍ਰਦਾਇ ਦੀ ਮੈਂਬਰ ਸੀ ਜਿਹੜਾ ਕਿ ਬੀਮਾਰ ਅਤੇ ਨਿਤਾਣੇ ਲੋਕਾਂ ਦੀ ਹਸਪਤਾਲਾਂ ਤੇ ਘਰਾਂ ਵਿਚ ਮਦਦ ਕਰਦਾ ਸੀ।

ਅਸੁਨਟਾ ਨੇ ਨਨ ਨੂੰ ਕਿਹਾ: “ਤੁਸੀਂ ਵੀ ਦੁਖੀ ਹੋ, ਹੈ ਨਾ? ਦੁੱਖ ਦੀ ਗੱਲ ਹੈ ਕਿ ਅਸੀਂ ਸਾਰੇ ਹੀ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਾਂ।” ਏਨੀ ਗੱਲ ਕਹਿਣ ਤੇ ਨਨ ਫੁੱਟ-ਫੁੱਟ ਕੇ ਰੋਣ ਲੱਗ ਪਈ ਅਤੇ ਉਸ ਨੇ ਦੱਸਿਆ ਕਿ ਉਸ ਦੀ ਸਿਹਤ ਬਹੁਤ ਹੀ ਖ਼ਰਾਬ ਹੈ। ਅਸੁਨਟਾ ਨੇ ਉਸ ਨੂੰ ਇਹ ਕਹਿੰਦੇ ਹੋਏ ਹੌਸਲਾ ਦਿੱਤਾ ਕਿ ਬਾਈਬਲ ਦਾ ਪਰਮੇਸ਼ੁਰ ਉਸ ਨੂੰ ਦਿਲਾਸਾ ਦੇ ਸਕਦਾ ਹੈ। ਅਸੁਨਟਾ ਨੇ ਉਸ ਨੂੰ ਬਾਈਬਲ ਆਧਾਰਿਤ ਰਸਾਲੇ ਦਿੱਤੇ ਅਤੇ ਨਨ ਨੇ ਇਹ ਲੈ ਲਏ।

ਉਨ੍ਹਾਂ ਦੀ ਅਗਲੀ ਮੁਲਾਕਾਤ ਦੌਰਾਨ ਪਾਲਮੀਰਾ ਨਾਂ ਦੀ ਨਨ ਨੇ ਮੰਨਿਆ ਕਿ ਉਹ ਬਹੁਤ ਜ਼ਿਆਦਾ ਦੁੱਖ ਸਹਿ ਰਹੀ ਸੀ। ਉਹ ਲੰਮੇ ਸਮੇਂ ਤੋਂ ਇਕ ਸੰਪ੍ਰਦਾਇ ਵਿਚ ਰਹਿੰਦੀ ਸੀ ਜਿਸ ਨੂੰ ਨਨਾਂ ਦੁਆਰਾ ਚਲਾਇਆ ਜਾਂਦਾ ਸੀ। ਸਿਹਤ ਪੱਖੋਂ ਠੀਕ ਨਾ ਹੋਣ ਕਰਕੇ ਜਦੋਂ ਉਸ ਨੂੰ ਕੁਝ ਸਮੇਂ ਲਈ ਸੰਪ੍ਰਦਾਇ ਛੱਡਣਾ ਪਿਆ, ਤਾਂ ਉਸ ਨੂੰ ਦੁਬਾਰਾ ਵਾਪਸ ਆਉਣ ਲਈ ਮਨ੍ਹਾ ਕਰ ਦਿੱਤਾ ਗਿਆ। ਪਰ ਫਿਰ ਵੀ, ਪਾਲਮੀਰਾ ਨੇ ਮਹਿਸੂਸ ਕੀਤਾ ਕਿ ਉਸ ਨੂੰ ਇਕ ਨਨ ਵਜੋਂ ਪਰਮੇਸ਼ੁਰ ਨਾਲ ਕੀਤੇ ਗਏ ਆਪਣੇ ਵਾਅਦੇ ਪੂਰੇ ਕਰਨੇ ਚਾਹੀਦੇ ਸਨ। ਉਹ “ਇਲਾਜ” ਲਈ ਸਿਆਣਿਆਂ ਕੋਲ ਗਈ, ਪਰ ਇਸ ਅਨੁਭਵ ਤੋਂ ਉਹ ਮਾਨਸਿਕ ਤੌਰ ਤੇ ਬਹੁਤ ਹੀ ਪਰੇਸ਼ਾਨ ਹੋ ਗਈ ਸੀ। ਪਾਲਮੀਰਾ ਬਾਈਬਲ ਦਾ ਅਧਿਐਨ ਕਰਨ ਲਈ ਰਾਜ਼ੀ ਹੋ ਗਈ ਅਤੇ ਇਕ ਸਾਲ ਤਕ ਮਸੀਹੀ ਸਭਾਵਾਂ ਵਿਚ ਆਉਂਦੀ ਰਹੀ। ਇਸ ਤੋਂ ਬਾਅਦ ਉਹ ਕਿਸੇ ਹੋਰ ਥਾਂ ਤੇ ਚਲੀ ਗਈ ਅਤੇ ਅਸੁਨਟਾ ਨਾਲੋਂ ਉਸ ਦਾ ਸੰਪਰਕ ਟੁੱਟ ਗਿਆ। ਦੋ ਸਾਲ ਬਾਅਦ ਅਸੁਨਟਾ ਉਸ ਨੂੰ ਦੁਬਾਰਾ ਮਿਲੀ। ਪਾਲਮੀਰਾ ਦੇ ਪਰਿਵਾਰ ਅਤੇ ਪਾਦਰੀਆਂ ਨੇ ਉਸ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਸੀ। ਪਰ ਫਿਰ ਵੀ, ਉਸ ਨੇ ਦੁਬਾਰਾ ਬਾਈਬਲ ਅਧਿਐਨ ਸ਼ੁਰੂ ਕੀਤਾ, ਅਧਿਆਤਮਿਕ ਤਰੱਕੀ ਕੀਤੀ ਅਤੇ ਇਕ ਯਹੋਵਾਹ ਦੀ ਗਵਾਹ ਵਜੋਂ ਬਪਤਿਸਮਾ ਲਿਆ।

ਜੀ ਹਾਂ, ਬਹੁਤ ਸਾਰੇ ਲੋਕਾਂ ਨੂੰ ‘ਦਿਲਾਸੇ ਦੇ ਪਰਮੇਸ਼ੁਰ’ ਦੇ ਸੰਦੇਸ਼ ਤੋਂ ਹੌਸਲਾ ਮਿਲਿਆ ਹੈ। (ਰੋਮੀਆਂ 15:4, 5) ਇਸ ਲਈ, ਇਟਲੀ ਵਿਚ ਯਹੋਵਾਹ ਦੇ ਗਵਾਹਾਂ ਦਾ ਇਹ ਪੱਕਾ ਇਰਾਦਾ ਹੈ ਕਿ ਦੂਜਿਆਂ ਨੂੰ ਦਿਲਾਸੇ ਭਰਿਆ ਵਧੀਆ ਸੰਦੇਸ਼ ਦੇਣ ਦੁਆਰਾ ਉਹ ਪਰਮੇਸ਼ੁਰ ਦੀ ਹਮੇਸ਼ਾ ਰੀਸ ਕਰਦੇ ਰਹਿਣਗੇ।