Skip to content

Skip to table of contents

ਆਪਣੇ ਮੁਕਤੀਦਾਤੇ ਪਰਮੇਸ਼ੁਰ ਵਿਚ ਖ਼ੁਸ਼ੀ ਮਨਾਓ

ਆਪਣੇ ਮੁਕਤੀਦਾਤੇ ਪਰਮੇਸ਼ੁਰ ਵਿਚ ਖ਼ੁਸ਼ੀ ਮਨਾਓ

ਆਪਣੇ ਮੁਕਤੀਦਾਤੇ ਪਰਮੇਸ਼ੁਰ ਵਿਚ ਖ਼ੁਸ਼ੀ ਮਨਾਓ

“ਮੈਂ ਯਹੋਵਾਹ ਵਿੱਚ ਬਾਗ ਬਾਗ ਹੋਵਾਂਗਾ, ਮੈਂ ਆਪਣੇ ਮੁਕਤੀ ਦਾਤੇ ਪਰਮੇਸ਼ੁਰ ਵਿੱਚ ਖੁਸ਼ੀ ਮਨਾਵਾਂਗਾ।”—ਹਬੱਕੂਕ 3:18.

1. ਸਾਲ 539 ਸਾ.ਯੁ.ਪੂ. ਵਿਚ ਬਾਬਲ ਦੇ ਪਤਨ ਤੋਂ ਪਹਿਲਾਂ ਦਾਨੀਏਲ ਨੇ ਕਿਸ ਚੀਜ਼ ਦਾ ਦਰਸ਼ਣ ਦੇਖਿਆ?

ਸਾਲ 539 ਸਾ.ਯੁ.ਪੂ. ਵਿਚ ਬਾਬਲ ਦੇ ਪਤਨ ਤੋਂ ਇਕ ਦਹਾਕੇ ਤੋਂ ਵੀ ਵੱਧ ਸਮਾਂ ਪਹਿਲਾਂ, ਬਿਰਧ ਨਬੀ ਦਾਨੀਏਲ ਨੇ ਇਕ ਰੁਮਾਂਚਕ ਦਰਸ਼ਣ ਦੇਖਿਆ। ਇਸ ਦਰਸ਼ਣ ਵਿਚ ਉਨ੍ਹਾਂ ਸੰਸਾਰਕ ਘਟਨਾਵਾਂ ਦੀ ਭਵਿੱਖਬਾਣੀ ਕੀਤੀ ਗਈ ਸੀ ਜੋ ਯਹੋਵਾਹ ਦੇ ਦੁਸ਼ਮਣਾਂ ਅਤੇ ਉਸ ਦੇ ਨਿਯੁਕਤ ਰਾਜੇ, ਯਿਸੂ ਮਸੀਹ ਦਰਮਿਆਨ ਹੋਣ ਵਾਲੀ ਆਖ਼ਰੀ ਜੰਗ ਤੋਂ ਠੀਕ ਪਹਿਲਾਂ ਵਾਪਰਨਗੀਆਂ। ਉਸ ਦਰਸ਼ਣ ਦਾ ਦਾਨੀਏਲ ਤੇ ਕੀ ਅਸਰ ਪਿਆ? ਉਸ ਨੇ ਕਿਹਾ: ‘ਮੈਨੂੰ ਮੂਰਛਾ ਪੈ ਗਈ ਅਤੇ ਮੈਂ ਦਰਸ਼ਣ ਨਾਲ ਘਾਬਰਦਾ ਰਿਹਾ।’—ਦਾਨੀਏਲ 8:27.

2. ਦਾਨੀਏਲ ਦਰਸ਼ਣ ਵਿਚ ਕਿਹੜੀ ਜੰਗ ਦੇਖਦਾ ਹੈ ਅਤੇ ਤੁਸੀਂ ਇਹ ਜਾਣ ਕੇ ਕਿਵੇਂ ਮਹਿਸੂਸ ਕਰਦੇ ਹੋ ਕਿ ਇਹ ਜੰਗ ਜਲਦੀ ਹੀ ਹੋਣ ਵਾਲੀ ਹੈ?

2 ਸਾਡੇ ਬਾਰੇ ਕੀ? ਅਸੀਂ ਉਸ ਆਖ਼ਰੀ ਜੰਗ ਦੇ ਹੋਰ ਵੀ ਨੇੜੇ ਪਹੁੰਚ ਚੁੱਕੇ ਹਾਂ! ਅਸੀਂ ਇਹ ਜਾਣ ਕੇ ਕਿਸ ਤਰ੍ਹਾਂ ਮਹਿਸੂਸ ਕਰਦੇ ਹਾਂ ਕਿ ਦਾਨੀਏਲ ਦੁਆਰਾ ਦਰਸ਼ਣ ਵਿਚ ਦੇਖੀ ਗਈ ਪਰਮੇਸ਼ੁਰ ਦੀ ਜੰਗ, ਅਰਥਾਤ ਆਰਮਾਗੇਡਨ ਬਹੁਤ ਹੀ ਨੇੜੇ ਹੈ? ਅਸੀਂ ਕਿਵੇਂ ਮਹਿਸੂਸ ਕਰਦੇ ਹਾਂ ਜਦੋਂ ਅਸੀਂ ਦੇਖਦੇ ਹਾਂ ਕਿ ਹਬੱਕੂਕ ਦੀ ਭਵਿੱਖਬਾਣੀ ਵਿਚ ਦੱਸੀ ਗਈ ਦੁਸ਼ਟਤਾ ਅੱਜ ਇੰਨੀ ਫੈਲ ਚੁੱਕੀ ਹੈ ਕਿ ਪਰਮੇਸ਼ੁਰ ਦੇ ਦੁਸ਼ਮਣਾਂ ਦਾ ਨਾਸ਼ ਹੋਣਾ ਜ਼ਰੂਰੀ ਹੈ? ਸ਼ਾਇਦ ਅਸੀਂ ਵੀ ਹਬੱਕੂਕ ਵਾਂਗ ਹੀ ਮਹਿਸੂਸ ਕਰਾਂਗੇ, ਜੋ ਆਪਣੀ ਭਵਿੱਖ-ਸੂਚਕ ਪੋਥੀ ਦੇ ਤੀਸਰੇ ਅਧਿਆਇ ਵਿਚ ਆਪਣੀਆਂ ਭਾਵਨਾਵਾਂ ਬਾਰੇ ਦੱਸਦਾ ਹੈ।

ਹਬੱਕੂਕ ਰਹਿਮ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਹੈ

3. ਹਬੱਕੂਕ ਕਿਨ੍ਹਾਂ ਵੱਲੋਂ ਪ੍ਰਾਰਥਨਾ ਕਰਦਾ ਹੈ ਅਤੇ ਉਸ ਦੀ ਪ੍ਰਾਰਥਨਾ ਦਾ ਸਾਡੇ ਤੇ ਕੀ ਅਸਰ ਪੈ ਸਕਦਾ ਹੈ?

3ਹਬੱਕੂਕ ਦਾ ਤੀਜਾ ਅਧਿਆਇ ਇਕ ਪ੍ਰਾਰਥਨਾ ਹੈ। ਪਹਿਲੀ ਆਇਤ ਦੇ ਅਨੁਸਾਰ ਇਹ ਸ਼ਿਗਯੋਨੋਥ ਉੱਤੇ ਕੀਤੀ ਗਈ ਪ੍ਰਾਰਥਨਾ ਸੀ, ਯਾਨੀ ਕਿ ਇਹ ਵੈਣ ਜਾਂ ਵਿਰਲਾਪ ਦੇ ਗੀਤਾਂ ਦੇ ਰੂਪ ਵਿਚ ਕੀਤੀ ਗਈ ਸੀ। ਹਬੱਕੂਕ ਨਬੀ ਇਸ ਤਰ੍ਹਾਂ ਪ੍ਰਾਰਥਨਾ ਕਰਦਾ ਹੈ ਜਿਵੇਂ ਕਿ ਉਹ ਖ਼ੁਦ ਇਹ ਪ੍ਰਾਰਥਨਾ ਕਰ ਰਿਹਾ ਹੋਵੇ। ਪਰ ਅਸਲ ਵਿਚ, ਹਬੱਕੂਕ ਪਰਮੇਸ਼ੁਰ ਦੀ ਚੁਣੀ ਹੋਈ ਕੌਮ ਵੱਲੋਂ ਪ੍ਰਾਰਥਨਾ ਕਰ ਰਿਹਾ ਹੈ। ਅੱਜ ਉਸ ਦੀ ਪ੍ਰਾਰਥਨਾ ਪਰਮੇਸ਼ੁਰ ਦੇ ਲੋਕਾਂ ਲਈ ਬਹੁਤ ਅਰਥ ਰੱਖਦੀ ਹੈ, ਜੋ ਰਾਜ ਦੇ ਪ੍ਰਚਾਰ ਕੰਮ ਵਿਚ ਲੱਗੇ ਹੋਏ ਹਨ। ਜਦੋਂ ਅਸੀਂ ਇਸ ਗੱਲ ਨੂੰ ਮਨ ਵਿਚ ਰੱਖ ਕੇ ਹਬੱਕੂਕ ਅਧਿਆਇ 3 ਪੜ੍ਹਦੇ ਹਾਂ, ਤਾਂ ਇਸ ਦੇ ਸ਼ਬਦ ਸਾਡੇ ਵਿਚ ਡਰ ਪੈਦਾ ਕਰਨ ਦੇ ਨਾਲ-ਨਾਲ ਸਾਨੂੰ ਖ਼ੁਸ਼ ਵੀ ਕਰਦੇ ਹਨ। ਹਬੱਕੂਕ ਦੀ ਪ੍ਰਾਰਥਨਾ, ਜਾਂ ਉਸ ਦੇ ਵੈਣ, ਸਾਨੂੰ ਆਪਣੇ ਮੁਕਤੀਦਾਤੇ ਪਰਮੇਸ਼ੁਰ, ਯਹੋਵਾਹ ਵਿਚ ਖ਼ੁਸ਼ੀ ਮਨਾਉਣ ਦਾ ਠੋਸ ਕਾਰਨ ਦਿੰਦੇ ਹਨ।

4. ਹਬੱਕੂਕ ਕਿਉਂ ਡਰ ਗਿਆ ਅਤੇ ਸਾਡੇ ਦਿਨਾਂ ਵਿਚ ਪਰਮੇਸ਼ੁਰ ਆਪਣੀ ਤਾਕਤ ਕਿਸ ਤਰੀਕੇ ਨਾਲ ਵਰਤੇਗਾ?

4 ਜਿਵੇਂ ਅਸੀਂ ਪਿਛਲੇ ਦੋ ਲੇਖਾਂ ਵਿਚ ਪੜ੍ਹਿਆ ਹੈ, ਹਬੱਕੂਕ ਦੇ ਜ਼ਮਾਨੇ ਵਿਚ ਯਹੂਦਾਹ ਦੇ ਹਾਲਾਤ ਬਹੁਤ ਬੁਰੇ ਸਨ। ਪਰ ਪਰਮੇਸ਼ੁਰ ਇਨ੍ਹਾਂ ਬੁਰੇ ਹਾਲਾਤਾਂ ਨੂੰ ਹਮੇਸ਼ਾ ਲਈ ਨਹੀਂ ਰਹਿਣ ਦੇਵੇਗਾ। ਯਹੋਵਾਹ ਕੁਝ ਕਦਮ ਚੁੱਕੇਗਾ, ਠੀਕ ਜਿਵੇਂ ਉਸ ਨੇ ਬੀਤੇ ਸਮਿਆਂ ਵਿਚ ਚੁੱਕੇ ਸਨ। ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਹਬੱਕੂਕ ਨਬੀ ਭਾਵੁਕ ਹੋ ਕੇ ਬੋਲ ਉੱਠਿਆ: “ਹੇ ਯਹੋਵਾਹ, ਮੈਂ ਤੇਰੇ ਵਿਖੇ ਅਵਾਈ ਸੁਣੀ, ਮੈਂ ਡਰ ਗਿਆ”! ਉਸ ਦੇ ਕਹਿਣ ਦਾ ਕੀ ਮਤਲਬ ਸੀ? ‘ਯਹੋਵਾਹ ਵਿਖੇ ਅਵਾਈ’ ਪਰਮੇਸ਼ੁਰ ਦੇ ਸ਼ਾਨਦਾਰ ਕਾਰਨਾਮਿਆਂ ਦਾ ਲਿਖਤੀ ਇਤਿਹਾਸ ਸੀ—ਜਿਵੇਂ ਕਿ ਲਾਲ ਸਮੁੰਦਰ ਵਿਖੇ, ਉਜਾੜ ਵਿਚ ਅਤੇ ਯਰੀਹੋ ਵਿਚ ਉਸ ਦੇ ਕਾਰਨਾਮੇ। ਹਬੱਕੂਕ ਇਨ੍ਹਾਂ ਕਾਰਨਾਮਿਆਂ ਤੋਂ ਚੰਗੀ ਤਰ੍ਹਾਂ ਜਾਣੂ ਸੀ ਅਤੇ ਇਹ ਉਸ ਨੂੰ ਡਰਾਉਂਦੇ ਸਨ ਕਿਉਂਕਿ ਉਹ ਜਾਣਦਾ ਸੀ ਕਿ ਯਹੋਵਾਹ ਆਪਣੇ ਦੁਸ਼ਮਣਾਂ ਦੇ ਖ਼ਿਲਾਫ਼ ਦੁਬਾਰਾ ਆਪਣੀ ਵੱਡੀ ਤਾਕਤ ਵਰਤੇਗਾ। ਅੱਜ ਜਦੋਂ ਅਸੀਂ ਮਨੁੱਖਜਾਤੀ ਦੀ ਦੁਸ਼ਟਤਾ ਨੂੰ ਦੇਖਦੇ ਹਾਂ, ਤਾਂ ਅਸੀਂ ਵੀ ਜਾਣਦੇ ਹਾਂ ਕਿ ਯਹੋਵਾਹ ਜ਼ਰੂਰ ਕਾਰਵਾਈ ਕਰੇਗਾ ਜਿਸ ਤਰ੍ਹਾਂ ਉਸ ਨੇ ਪ੍ਰਾਚੀਨ ਸਮਿਆਂ ਵਿਚ ਕੀਤੀ ਸੀ। ਕੀ ਇਹ ਸਾਨੂੰ ਭੈਭੀਤ ਕਰਦਾ ਹੈ? ਜ਼ਰੂਰ ਕਰਦਾ ਹੈ! ਫਿਰ ਵੀ, ਅਸੀਂ ਹਬੱਕੂਕ ਵਾਂਗ ਪ੍ਰਾਰਥਨਾ ਕਰਦੇ ਹਾਂ: “ਵਰ੍ਹਿਆਂ ਦੇ ਵਿਚਕਾਰ ਆਪਣਾ ਕੰਮ ਬਹਾਲ ਕਰ, ਵਰ੍ਹਿਆਂ ਦੇ ਵਿਚਕਾਰ ਉਹ ਨੂੰ ਪਰਗਟ ਕਰ, ਰੋਹ ਵਿੱਚ ਰਹਮ ਨੂੰ ਚੇਤੇ ਕਰ!” (ਹਬੱਕੂਕ 3:2) ਪਰਮੇਸ਼ੁਰ ਦੇ ਨਿਯਤ ਸਮੇਂ ਤੇ, “ਵਰ੍ਹਿਆਂ ਦੇ ਵਿਚਕਾਰ,” ਉਹ ਆਪਣੀ ਚਮਤਕਾਰੀ ਤਾਕਤ ਨੂੰ ਮੁੜ ਵਰਤੇਗਾ। ਅਤੇ ਸਾਡੀ ਪ੍ਰਾਰਥਨਾ ਹੈ ਕਿ ਉਹ ਉਸ ਵੇਲੇ ਉਨ੍ਹਾਂ ਲੋਕਾਂ ਉੱਤੇ ਰਹਿਮ ਕਰਨਾ ਨਾ ਭੁੱਲੇ ਜੋ ਉਸ ਨਾਲ ਪ੍ਰੇਮ ਕਰਦੇ ਹਨ!

ਯਹੋਵਾਹ ਅੱਗੇ ਵਧਦਾ ਹੈ!

5. “ਪਰਮੇਸ਼ੁਰ ਤੇਮਾਨ ਤੋਂ” ਕਿਵੇਂ ਆਇਆ ਅਤੇ ਇਹ ਆਰਮਾਗੇਡਨ ਬਾਰੇ ਕੀ ਸੰਕੇਤ ਕਰਦਾ ਹੈ?

5 ਜਦੋਂ ਯਹੋਵਾਹ ਰਹਿਮ ਲਈ ਸਾਡੀ ਪ੍ਰਾਰਥਨਾ ਨੂੰ ਸੁਣੇਗਾ, ਤਾਂ ਉਦੋਂ ਕੀ ਹੋਵੇਗਾ? ਇਸ ਦਾ ਜਵਾਬ ਸਾਨੂੰ ਹਬੱਕੂਕ 3:3, 4 ਵਿਚ ਮਿਲਦਾ ਹੈ। ਪਹਿਲਾਂ, ਹਬੱਕੂਕ ਕਹਿੰਦਾ ਹੈ: “ਪਰਮੇਸ਼ੁਰ ਤੇਮਾਨ ਤੋਂ ਆਇਆ, ਪਵਿੱਤਰ ਪੁਰਖ ਪਾਰਾਨ ਦੇ ਪਰਬਤ ਤੋਂ।” ਮੂਸਾ ਨਬੀ ਦੇ ਜ਼ਮਾਨੇ ਵਿਚ, ਇਸਰਾਏਲੀਆਂ ਨੂੰ ਉਜਾੜ ਰਾਹੀਂ ਕਨਾਨ ਦੇਸ਼ ਜਾਣ ਲਈ ਤੇਮਾਨ ਅਤੇ ਪਾਰਾਨ ਵਿੱਚੋਂ ਲੰਘਣਾ ਪਿਆ ਸੀ। ਜਦੋਂ ਵੱਡੀ ਕੌਮ, ਇਸਰਾਏਲ ਕਨਾਨ ਵੱਲ ਵੱਧ ਰਹੀ ਸੀ, ਤਾਂ ਇਵੇਂ ਲੱਗਦਾ ਸੀ ਕਿ ਯਹੋਵਾਹ ਖ਼ੁਦ ਅੱਗੇ ਵੱਧ ਰਿਹਾ ਸੀ ਅਤੇ ਉਸ ਨੂੰ ਕੋਈ ਨਹੀਂ ਰੋਕ ਸਕਦਾ ਸੀ। ਆਪਣੀ ਮੌਤ ਤੋਂ ਥੋੜ੍ਹੀ ਦੇਰ ਪਹਿਲਾਂ, ਮੂਸਾ ਨੇ ਕਿਹਾ: “ਯਹੋਵਾਹ ਸੀਨਈ ਤੋਂ ਆਇਆ, ਅਤੇ ਸੇਈਰ ਤੋਂ ਉਨ੍ਹਾਂ ਉੱਤੇ ਚੜ੍ਹਿਆ, ਪਾਰਾਨ ਦੇ ਪਹਾੜ ਤੋਂ ਚਮਕਿਆ, ਅਤੇ [ਦੂਤਾਂ ਦੇ] ਸੰਤ ਜਨਾਂ ਦੇ ਮਹੈਣ ਦੇ ਵਿੱਚੋਂ ਆਇਆ।” (ਬਿਵਸਥਾ ਸਾਰ 33:2) ਜਦੋਂ ਆਰਮਾਗੇਡਨ ਵਿਚ ਯਹੋਵਾਹ ਆਪਣੇ ਦੁਸ਼ਮਣਾਂ ਦੇ ਖ਼ਿਲਾਫ਼ ਉੱਠੇਗਾ, ਤਾਂ ਉਹ ਪਹਿਲਾਂ ਵਾਂਗ ਹੀ ਆਪਣੀ ਜ਼ਬਰਦਸਤ ਤਾਕਤ ਦਿਖਾਵੇਗਾ।

6. ਸੂਝਵਾਨ ਮਸੀਹੀ ਪਰਮੇਸ਼ੁਰ ਦੀ ਮਹਿਮਾ ਤੋਂ ਇਲਾਵਾ ਹੋਰ ਕੀ ਦੇਖਦੇ ਹਨ?

6 ਹਬੱਕੂਕ ਇਹ ਵੀ ਬਿਆਨ ਕਰਦਾ ਹੈ: “[ਯਹੋਵਾਹ] ਦੀ ਮਹਿਮਾ ਨੇ ਅਕਾਸ਼ ਨੂੰ ਕੱਜਿਆ, ਅਤੇ ਧਰਤੀ ਉਹ ਦੀ ਉਸਤਤ ਨਾਲ ਭਰੀ ਹੋਈ ਸੀ। ਉਹ ਦੀ ਝਲਕ ਜੋਤ ਵਾਂਙੁ ਸੀ।” ਕਿੰਨਾ ਸ਼ਾਨਦਾਰ ਨਜ਼ਾਰਾ! ਇਹ ਸੱਚ ਹੈ ਕਿ ਇਨਸਾਨ ਯਹੋਵਾਹ ਪਰਮੇਸ਼ੁਰ ਨੂੰ ਦੇਖ ਕੇ ਜੀਉਂਦੇ ਨਹੀਂ ਰਹਿ ਸਕਦੇ। (ਕੂਚ 33:20) ਤਾਂ ਵੀ, ਉਸ ਦੇ ਪਰਤਾਪ ਬਾਰੇ ਸਿਰਫ਼ ਸੋਚ ਕੇ ਹੀ ਯਹੋਵਾਹ ਦੇ ਸੇਵਕਾਂ ਦੇ ਦਿਲਾਂ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਹਨ। (ਅਫ਼ਸੀਆਂ 1:18) ਅਤੇ ਸੂਝਵਾਨ ਮਸੀਹੀ ਯਹੋਵਾਹ ਦੀ ਮਹਿਮਾ ਤੋਂ ਇਲਾਵਾ ਕੁਝ ਹੋਰ ਵੀ ਦੇਖਦੇ ਹਨ। ਹਬੱਕੂਕ 3:4 ਇਸ ਤਰ੍ਹਾਂ ਖ਼ਤਮ ਹੁੰਦਾ ਹੈ: “ਕਿਰਨਾਂ ਉਹ ਦੇ ਹੱਥੋਂ ਚਮਕਦੀਆਂ ਸਨ, ਅਤੇ ਉੱਥੇ ਓਸ ਦੀ ਸਮਰੱਥਾ ਲੁਕੀ ਹੋਈ ਸੀ।” ਜੀ ਹਾਂ, ਅਸੀਂ ਯਹੋਵਾਹ ਨੂੰ ਤਾਕਤ ਅਤੇ ਬਲ ਵਾਲਾ ਆਪਣਾ ਸੱਜਾ ਹੱਥ ਇਸਤੇਮਾਲ ਕਰਦੇ ਹੋਏ ਕਾਰਵਾਈ ਕਰਨ ਲਈ ਤਿਆਰ ਦੇਖਦੇ ਹਾਂ।

7. ਜਦੋਂ ਪਰਮੇਸ਼ੁਰ ਅੱਗੇ ਵਧਦਾ ਹੈ, ਤਾਂ ਉਸ ਦੇ ਖ਼ਿਲਾਫ਼ ਬਗਾਵਤ ਕਰਨ ਵਾਲਿਆਂ ਦਾ ਕੀ ਹੋਵੇਗਾ?

7 ਜਦੋਂ ਪਰਮੇਸ਼ੁਰ ਅੱਗੇ ਵਧਦਾ ਹੈ, ਤਾਂ ਬਾਗ਼ੀਆਂ ਲਈ ਇਸ ਦਾ ਅਰਥ ਵਿਨਾਸ਼ ਹੈ। ਹਬੱਕੂਕ 3:5 ਕਹਿੰਦਾ ਹੈ: “ਉਹ ਦੇ ਅੱਗੇ ਅੱਗੇ ਬਵਾ ਚੱਲਦੀ ਸੀ, ਉਹ ਦੇ ਪੈਰਾਂ ਤੋਂ ਲਸ਼ਕਾਂ ਨਿੱਕਲਦੀਆਂ ਸਨ!” ਸਾਲ 1473 ਸਾ.ਯੁ.ਪੂ. ਵਿਚ ਜਦੋਂ ਇਸਰਾਏਲੀ ਵਾਅਦਾ ਕੀਤੇ ਹੋਏ ਦੇਸ਼ ਦੇ ਲਾਗੇ ਸਨ, ਤਾਂ ਕਈਆਂ ਨੇ ਅਨੈਤਿਕਤਾ ਅਤੇ ਮੂਰਤੀ-ਪੂਜਾ ਕਰ ਕੇ ਬਗਾਵਤ ਕੀਤੀ ਸੀ। ਸਿੱਟੇ ਵਜੋਂ, ਪਰਮੇਸ਼ੁਰ ਦੁਆਰਾ ਭੇਜੀ ਗਈ ਮਹਾਂਮਾਰੀ ਨੇ 20,000 ਤੋਂ ਉੱਪਰ ਜਾਨਾਂ ਲਈਆਂ। (ਗਿਣਤੀ 25:1-9) ਹੁਣ ਜਲਦੀ ਹੀ, ਜਦੋਂ ‘ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਓਸ ਵੱਡੇ ਦਿਹਾੜੇ ਦਾ ਜੁੱਧ’ ਕਰਨ ਲਈ ਯਹੋਵਾਹ ਅੱਗੇ ਵਧੇਗਾ, ਤਾਂ ਉਸ ਦੇ ਖ਼ਿਲਾਫ਼ ਬਗਾਵਤ ਕਰਨ ਵਾਲੇ ਇਸੇ ਤਰ੍ਹਾਂ ਆਪਣੇ ਪਾਪਾਂ ਕਾਰਨ ਦੁੱਖ ਭੋਗਣਗੇ। ਕੁਝ ਸ਼ਾਇਦ ਅਸਲ ਵਿਚ ਮਹਾਂਮਾਰੀ ਨਾਲ ਮਰਨ।—ਪਰਕਾਸ਼ ਦੀ ਪੋਥੀ 16:14, 16.

8. ਹਬੱਕੂਕ 3:6 ਦੇ ਅਨੁਸਾਰ ਪਰਮੇਸ਼ੁਰ ਦੇ ਦੁਸ਼ਮਣਾਂ ਨਾਲ ਕੀ ਹੋਵੇਗਾ?

8 ਹੁਣ ਕਾਰਵਾਈ ਕਰ ਰਹੇ ਸੈਨਾ ਦੇ ਯਹੋਵਾਹ ਬਾਰੇ ਨਬੀ ਦਾ ਸਪੱਸ਼ਟ ਬਿਰਤਾਂਤ ਸੁਣੋ। ਹਬੱਕੂਕ 3:6 ਵਿਚ ਅਸੀਂ ਪੜ੍ਹਦੇ ਹਾਂ: “ਉਹ [ਯਹੋਵਾਹ ਪਰਮੇਸ਼ੁਰ] ਖਲੋ ਗਿਆ ਅਤੇ ਧਰਤੀ ਦਾ ਮਾਪ ਲਿਆ, ਉਸ ਵੇਖਿਆ ਅਤੇ ਕੌਮਾਂ ਨੂੰ ਤਰਾਹਿਆ, ਤਾਂ ਸਨਾਤਨ ਪਹਾੜ ਖਿੱਲਰ ਗਏ, ਅਨਾਦੀ ਟਿੱਲੇ ਝੁੱਕ ਗਏ, ਉਹ ਦਾ ਚਾਲ ਚਲਣ ਸਦੀਪਕ ਜਿਹਾ ਸੀ।” ਪਹਿਲਾਂ ਤਾਂ ਯਹੋਵਾਹ ਇਕ ਸੈਨਾਪਤੀ ਵਾਂਗ ਮੈਦਾਨੇ-ਜੰਗ ਦੀ ਜਾਂਚ ਕਰਨ ਲਈ “ਖਲੋ” ਜਾਂਦਾ ਹੈ। ਡਰ ਦੇ ਮਾਰੇ ਉਸ ਦੇ ਦੁਸ਼ਮਣਾਂ ਨੂੰ ਕਾਂਬਾ ਛਿੜ ਜਾਂਦਾ ਹੈ। ਜਦੋਂ ਉਹ ਦੇਖਦੇ ਹਨ ਕਿ ਉਹ ਕਿਸ ਨਾਲ ਲੜ ਰਹੇ ਹਨ, ਤਾਂ ਉਹ ਬਹੁਤ ਹੀ ਡਰ ਜਾਂਦੇ ਹਨ। ਯਿਸੂ ਨੇ ਉਸ ਸਮੇਂ ਬਾਰੇ ਭਵਿੱਖਬਾਣੀ ਕੀਤੀ ਸੀ ਜਿਸ ਸਮੇਂ “ਧਰਤੀ ਦੀਆਂ ਸਾਰੀਆਂ ਕੌਮਾਂ ਪਿੱਟਣਗੀਆਂ।” (ਮੱਤੀ 24:30) ਜਦੋਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਯਹੋਵਾਹ ਦੇ ਖ਼ਿਲਾਫ਼ ਕੋਈ ਨਹੀਂ ਖੜ੍ਹਾ ਰਹਿ ਸਕਦਾ, ਉਦੋਂ ਤਕ ਬਹੁਤ ਦੇਰ ਹੋ ਚੁੱਕੀ ਹੋਵੇਗੀ। ਮਨੁੱਖੀ ਸੰਗਠਨ—ਭਾਵੇਂ ਉਹ ‘ਸਨਾਤਨ ਪਹਾੜਾਂ’ ਅਤੇ ‘ਅਨਾਦੀ ਟਿੱਲਿਆਂ’ ਵਾਂਗ ਸਦੀਵੀ ਜਾਪਣ—ਢਹਿ-ਢੇਰੀ ਹੋ ਜਾਣਗੇ। ਉਸ ਵੇਲੇ ਪਰਮੇਸ਼ੁਰ ਦੀ “ਚਾਲ” ਪਹਿਲਾਂ ਵਰਗੀ ਹੋਵੇਗੀ। ਉਹ ਉਸੇ ਹੀ ਤਰ੍ਹਾਂ ਕਾਰਵਾਈ ਕਰੇਗਾ ਜਿਸ ਤਰ੍ਹਾਂ ਉਸ ਨੇ ਪ੍ਰਾਚੀਨ ਸਮਿਆਂ ਵਿਚ ਕੀਤੀ ਸੀ।

9, 10. ਹਬੱਕੂਕ 3:7-11 ਸਾਨੂੰ ਕਿਨ੍ਹਾਂ ਗੱਲਾਂ ਦੀ ਯਾਦ ਦਿਲਾਉਂਦਾ ਹੈ?

9 ਯਹੋਵਾਹ ਦਾ “ਕ੍ਰੋਧ” ਉਸ ਦੇ ਵੈਰੀਆਂ ਉੱਤੇ ਭੜਕਿਆ ਹੈ। ਪਰ ਯੁੱਧ ਵਿਚ ਯਹੋਵਾਹ ਕਿਹੜੇ ਹਥਿਆਰ ਵਰਤੇਗਾ? ਹਬੱਕੂਕ ਨਬੀ ਉਨ੍ਹਾਂ ਦਾ ਵਰਣਨ ਕਰਦਾ ਹੈ: “ਤੇਰਾ ਧਣੁਖ ਖੋਲ ਤੋਂ ਕੱਢਿਆ ਗਿਆ, ਬਚਨ ਦੇ ਡੰਡੇ ਸੌਂਹਾਂ ਸਨ। ਤੈਂ ਧਰਤੀ ਨੂੰ ਨਦੀਆਂ ਨਾਲ ਚੀਰ ਦਿੱਤਾ। ਪਹਾੜਾਂ ਨੇ ਤੈਨੂੰ ਵੇਖਿਆ, ਓਹ ਤੜਫਣ ਲੱਗੇ, ਜ਼ੋਰ ਦਾ ਹੜ੍ਹ ਲੰਘ ਗਿਆ, ਡੁੰਘਿਆਈ ਨੇ ਆਪਣੀ ਅਵਾਜ਼ ਦਿੱਤੀ, ਆਪਣੇ ਹੱਥ ਉਤਾਹਾਂ ਉਠਾਏ। ਤੇਰੇ ਬਾਣਾਂ ਦੀ ਲਸ਼ਕ ਦੇ ਕਾਰਨ ਜਦ ਓਹ ਚੱਲਦੇ ਸਨ, ਤੇਰੇ ਚਮਕਦਾਰ ਬਰਛੇ ਦੀ ਭੜਕ ਦੇ ਕਾਰਨ, ਸੂਰਜ ਅਤੇ ਚੰਦ ਆਪਣੇ ਅਸਥਾਨ ਤੇ ਖੜੇ ਰਹੇ।”—ਹਬੱਕੂਕ 3:7-11.

10 ਯਹੋਸ਼ੁਆ ਦੇ ਜ਼ਮਾਨੇ ਵਿਚ, ਯਹੋਵਾਹ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦਿਆਂ ਸੂਰਜ ਅਤੇ ਚੰਦ ਨੂੰ ਖੜ੍ਹਾ ਕਰ ਦਿੱਤਾ ਸੀ। (ਯਹੋਸ਼ੁਆ 10:12-14) ਹਬੱਕੂਕ ਦੇ ਵਾਕ ਸਾਨੂੰ ਯਾਦ ਦਿਲਾਉਂਦੇ ਹਨ ਕਿ ਆਰਮਾਗੇਡਨ ਵਿਚ ਵੀ ਯਹੋਵਾਹ ਆਪਣੀ ਇਹ ਤਾਕਤ ਵਰਤੇਗਾ। ਯਹੋਵਾਹ ਨੇ, 1513 ਸਾ.ਯੁ.ਪੂ. ਵਿਚ ਫ਼ਿਰਊਨ ਦੀਆਂ ਫ਼ੌਜਾਂ ਨੂੰ ਲਾਲ ਸਮੁੰਦਰ ਵਿਚ ਨਾਸ਼ ਕਰ ਕੇ, ਧਰਤੀ ਦੇ ਡੂੰਘੇ ਪਾਣੀਆਂ ਉੱਪਰ ਆਪਣਾ ਇਖ਼ਤਿਆਰ ਦਿਖਾਇਆ। ਉਸ ਤੋਂ ਚਾਲੀ ਸਾਲ ਬਾਅਦ, ਯਰਦਨ ਦਰਿਆ ਵਿਚ ਆਇਆ ਹੜ੍ਹ ਵੀ ਇਸਰਾਏਲੀਆਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਦਾਖ਼ਲ ਹੋਣ ਤੋਂ ਰੋਕ ਨਾ ਸਕਿਆ। (ਯਹੋਸ਼ੁਆ 3:15-17) ਦਬੋਰਾਹ ਨਬੀਆ ਦੇ ਜ਼ਮਾਨੇ ਵਿਚ, ਮੋਹਲੇਧਾਰ ਬਰਸਾਤ ਇਸਰਾਏਲ ਦੇ ਦੁਸ਼ਮਣ ਸੀਸਰਾ ਦੇ ਰਥਾਂ ਨੂੰ ਰੋੜ੍ਹ ਕੇ ਲੈ ਗਈ। (ਨਿਆਈਆਂ 5:21) ਇਸੇ ਤਰ੍ਹਾਂ ਯਹੋਵਾਹ ਆਰਮਾਗੇਡਨ ਵਿਚ ਵੀ ਹੜ੍ਹ, ਮੋਹਲੇਧਾਰ ਬਰਸਾਤ ਅਤੇ ਡੂੰਘੇ ਪਾਣੀਆਂ ਦੀ ਸ਼ਕਤੀ ਨੂੰ ਇਸਤੇਮਾਲ ਕਰੇਗਾ। ਬੱਦਲਾਂ ਦੀ ਗਰਜ ਅਤੇ ਬਿਜਲੀ ਦੀ ਲਿਸ਼ਕ ਵੀ ਉਸ ਦੇ ਹੱਥ ਵਿਚ ਹਨ, ਠੀਕ ਉਸੇ ਤਰ੍ਹਾਂ ਜਿਵੇਂ ਇਕ ਬਰਛਾ ਹੋਵੇ ਜਾਂ ਬਾਣਾਂ ਨਾਲ ਭਰਿਆ ਹੋਇਆ ਇਕ ਤਰਕਸ਼।

11. ਜਦੋਂ ਯਹੋਵਾਹ ਆਪਣੀ ਤਾਕਤ ਵਰਤੇਗਾ, ਤਾਂ ਉਸ ਵੇਲੇ ਕੀ ਹੋਵੇਗਾ?

11 ਸੱਚ-ਮੁੱਚ ਹੀ, ਉਹ ਸਮਾਂ ਬਹੁਤ ਹੌਲਨਾਕ ਹੋਵੇਗਾ ਜਦੋਂ ਯਹੋਵਾਹ ਆਪਣੀ ਵੱਡੀ ਤਾਕਤ ਵਰਤੇਗਾ। ਹਬੱਕੂਕ ਦੇ ਸ਼ਬਦ ਸੰਕੇਤ ਕਰਦੇ ਹਨ ਕਿ ਰਾਤ ਦਿਨ ਬਣ ਜਾਵੇਗੀ ਅਤੇ ਦਿਨ ਵੀ ਇੰਨਾ ਉੱਜਲ ਹੋਵੇਗਾ ਕਿ ਸੂਰਜ ਵੀ ਉਸ ਨੂੰ ਇੰਨਾ ਉੱਜਲ ਕਦੇ ਨਹੀਂ ਬਣਾ ਸਕਦਾ। ਭਾਵੇਂ ਆਰਮਾਗੇਡਨ ਦਾ ਇਹ ਪ੍ਰੇਰਿਤ ਭਵਿੱਖ-ਸੂਚਕ ਵਰਣਨ ਅਸਲੀ ਹੈ ਜਾਂ ਲਾਖਣਿਕ, ਪਰ ਇਕ ਗੱਲ ਪੱਕੀ ਹੈ—ਯਹੋਵਾਹ ਦੀ ਹੀ ਜਿੱਤ ਹੋਵੇਗੀ ਅਤੇ ਉਸ ਦਾ ਕੋਈ ਵੀ ਦੁਸ਼ਮਣ ਨਹੀਂ ਬਚੇਗਾ।

ਪਰਮੇਸ਼ੁਰ ਦੇ ਲੋਕਾਂ ਦਾ ਬਚਾਅ ਜ਼ਰੂਰ ਹੋਵੇਗਾ!

12. ਪਰਮੇਸ਼ੁਰ ਆਪਣੇ ਦੁਸ਼ਮਣਾਂ ਨੂੰ ਕੀ ਕਰੇਗਾ, ਪਰ ਕੌਣ ਬਚਾਏ ਜਾਣਗੇ?

12 ਹਬੱਕੂਕ ਨਬੀ ਯਹੋਵਾਹ ਦੁਆਰਾ ਆਪਣੇ ਦੁਸ਼ਮਣਾਂ ਦਾ ਨਾਸ਼ ਕਰਨ ਦਾ ਬਿਰਤਾਂਤ ਜਾਰੀ ਰੱਖਦਾ ਹੈ। ਹਬੱਕੂਕ 3:12 ਵਿਚ ਅਸੀਂ ਪੜ੍ਹਦੇ ਹਾਂ: “ਤੂੰ ਗਜ਼ਬ ਨਾਲ ਧਰਤੀ ਵਿੱਚੋਂ ਤੁਰ ਪਿਆ, ਤੈਂ ਕੌਮਾਂ ਨੂੰ ਕ੍ਰੋਧ ਵਿੱਚ ਗਾਹ ਸੁੱਟਿਆ।” ਫਿਰ ਵੀ, ਯਹੋਵਾਹ ਲੋਕਾਂ ਨੂੰ ਅੰਨ੍ਹੇਵਾਹ ਨਾਸ਼ ਨਹੀਂ ਕਰੇਗਾ। ਕੁਝ ਇਨਸਾਨ ਬਚਾਏ ਜਾਣਗੇ। ਹਬੱਕੂਕ 3:13 ਕਹਿੰਦਾ ਹੈ: “ਤੂੰ ਆਪਣੀ ਪਰਜਾ ਦੇ ਬਚਾਓ ਲਈ ਨਿੱਕਲਿਆ, ਆਪਣੇ ਮਸਹ ਕੀਤੇ ਹੋਏ ਦੇ ਬਚਾਓ ਲਈ।” ਜੀ ਹਾਂ, ਯਹੋਵਾਹ ਆਪਣੇ ਮਸਹ ਕੀਤੇ ਹੋਏ ਵਫ਼ਾਦਾਰ ਸੇਵਕਾਂ ਨੂੰ ਬਚਾ ਲਵੇਗਾ। ਉਸ ਸਮੇਂ ਝੂਠੇ ਧਰਮ ਦੇ ਵਿਸ਼ਵ ਸਾਮਰਾਜ, ਵੱਡੀ ਬਾਬੁਲ ਦਾ ਪੂਰੀ ਤਰ੍ਹਾਂ ਨਾਸ਼ ਹੋ ਜਾਵੇਗਾ। ਪਰ ਅੱਜ-ਕੱਲ੍ਹ, ਕੌਮਾਂ ਸ਼ੁੱਧ ਉਪਾਸਨਾ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਹੁਣ ਜਲਦੀ ਹੀ ਮਾਗੋਗ ਦਾ ਗੋਗ ਯਹੋਵਾਹ ਦੇ ਸੇਵਕਾਂ ਉੱਤੇ ਹਮਲਾ ਕਰੇਗਾ। (ਹਿਜ਼ਕੀਏਲ 38:1–39:13; ਪਰਕਾਸ਼ ਦੀ ਪੋਥੀ 17:1-5, 16-18) ਕੀ ਸ਼ਤਾਨ ਦਾ ਇਹ ਹਮਲਾ ਕਾਮਯਾਬ ਹੋਵੇਗਾ? ਨਹੀਂ! ਉਦੋਂ ਯਹੋਵਾਹ ਕ੍ਰੋਧ ਵਿਚ ਆਪਣੇ ਦੁਸ਼ਮਣਾਂ ਨੂੰ ਲਤਾੜ ਸੁੱਟੇਗਾ, ਜਿਵੇਂ ਦਾਣਿਆਂ ਨੂੰ ਪੈਰਾਂ ਹੇਠ ਕੁੱਟ ਕੇ ਗਾਹੀਦਾ ਹੈ। ਪਰ ਆਤਮਾ ਅਤੇ ਸੱਚਾਈ ਨਾਲ ਪਰਮੇਸ਼ੁਰ ਦੀ ਉਪਾਸਨਾ ਕਰਨ ਵਾਲਿਆਂ ਨੂੰ ਉਹ ਬਚਾ ਲਵੇਗਾ।—ਯੂਹੰਨਾ 4:24.

13. ਹਬੱਕੂਕ 3:13 ਕਿਵੇਂ ਪੂਰਾ ਹੋਵੇਗਾ?

13 ਦੁਸ਼ਟ ਲੋਕਾਂ ਨੂੰ ਪੂਰੀ ਤਰ੍ਹਾਂ ਨਾਸ਼ ਕਰਨ ਬਾਰੇ ਇਨ੍ਹਾਂ ਸ਼ਬਦਾਂ ਵਿਚ ਭਵਿੱਖਬਾਣੀ ਕੀਤੀ ਗਈ ਹੈ: “ਤੈਂ [ਯਹੋਵਾਹ] ਦੁਸ਼ਟ ਦੇ ਘਰਾਣੇ ਦੇ ਮੁਖੀਏ ਨੂੰ ਵੱਢ ਛੱਡਿਆ, ਤੈਂ ਗਲੇ ਤੀਕ ਨੀਂਹ ਨੂੰ ਨੰਗਾ ਕੀਤਾ।” (ਹਬੱਕੂਕ 3:13) ਇਹ ‘ਘਰਾਣਾ’ ਸ਼ਤਾਨ ਅਰਥਾਤ ਇਬਲੀਸ ਦੇ ਪ੍ਰਭਾਵ ਥੱਲੇ ਵਿਕਸਿਤ ਹੋਈ ਦੁਸ਼ਟ ਰੀਤੀ-ਵਿਵਸਥਾ ਹੈ। ਇਹ ਚੂਰ-ਚੂਰ ਕੀਤੀ ਜਾਵੇਗੀ। ਇਸ ਦਾ ‘ਮੁਖੀਆ,’ ਯਾਨੀ ਪਰਮੇਸ਼ੁਰ-ਵਿਰੋਧੀ ਆਗੂ ਕੁਚਲੇ ਜਾਣਗੇ। ਇਹ ਸਾਰੀ ਦੀ ਸਾਰੀ ਰੀਤੀ-ਵਿਵਸਥਾ ਆਪਣੀ ਨੀਂਹ ਤੀਕਰ ਢਾਹੀ ਜਾਵੇਗੀ। ਇਹ ਬਿਲਕੁਲ ਨਹੀਂ ਰਹੇਗੀ। ਇਸ ਨਾਲ ਕਿੰਨਾ ਚੈਨ ਮਿਲੇਗਾ!

14-16. ਹਬੱਕੂਕ 3:14, 15 ਦੇ ਅਨੁਸਾਰ ਯਹੋਵਾਹ ਦੇ ਲੋਕਾਂ ਅਤੇ ਉਨ੍ਹਾਂ ਦੇ ਦੁਸ਼ਮਣਾਂ ਨੂੰ ਕੀ ਹੋਵੇਗਾ?

14 ਆਰਮਾਗੇਡਨ ਵਿਚ ਯਹੋਵਾਹ ਦੇ “ਮਸਹ ਕੀਤੇ ਹੋਏ” ਨੂੰ ਨਾਸ਼ ਕਰਨ ਵਾਲੇ ਹਫੜਾ-ਦਫੜੀ ਵਿਚ ਪਾਏ ਜਾਣਗੇ। ਹਬੱਕੂਕ 3:14, 15 ਦੇ ਅਨੁਸਾਰ, ਹਬੱਕੂਕ ਨਬੀ ਯਹੋਵਾਹ ਨੂੰ ਕਹਿੰਦਾ ਹੈ: “ਤੈਂ ਉਸੇ ਦੀਆਂ ਬਰਛੀਆਂ ਨਾਲ ਉਸ ਦੇ ਮਹਾਇਣ ਦਾ ਸਿਰ ਵਿੰਨ੍ਹਿਆ, ਓਹ ਤੁਫ਼ਾਨ ਵਾਂਙੁ ਮੈਨੂੰ ਉਡਾਉਣ ਲਈ ਆਏ, ਓਹ ਬਾਗ ਬਾਗ ਹੋਏ ਜਿਵੇਂ ਓਹ ਮਸਕੀਨ ਨੂੰ ਚੁੱਪ ਕਰ ਕੇ ਖਾ ਜਾਣ। ਤੈਂ ਆਪਣੇ ਘੋੜਿਆਂ ਨਾਲ ਸਮੁੰਦਰ ਨੂੰ ਲਤਾੜਿਆ, ਵੱਡੇ ਪਾਣੀ ਉੱਛਲ ਪਏ।”

15 ਜਦੋਂ ਹਬੱਕੂਕ ਕਹਿੰਦਾ ਹੈ ਕਿ “ਮਹਾਇਣ . . . ਤੁਫ਼ਾਨ ਵਾਂਙੁ ਮੈਨੂੰ ਉਡਾਉਣ ਲਈ ਆਏ,” ਤਾਂ ਹਬੱਕੂਕ ਨਬੀ ਯਹੋਵਾਹ ਦੇ ਮਸਹ ਕੀਤੇ ਹੋਏ ਸੇਵਕਾਂ ਦੀ ਗੱਲ ਕਰ ਰਿਹਾ ਹੈ। ਘਾਤ ਲਾ ਕੇ ਬੈਠੇ ਲੁਟੇਰਿਆਂ ਵਾਂਗ, ਕੌਮਾਂ ਯਹੋਵਾਹ ਦੇ ਉਪਾਸਕਾਂ ਨੂੰ ਨਾਸ਼ ਕਰਨ ਲਈ ਉਨ੍ਹਾਂ ਤੇ ਟੁੱਟ ਪੈਣਗੀਆਂ। ਪਰਮੇਸ਼ੁਰ ਅਤੇ ਉਸ ਦੇ ਲੋਕਾਂ ਦੇ ਇਹ ਦੁਸ਼ਮਣ ਕਾਮਯਾਬ ਹੋਣ ਦੀ ਉਮੀਦ ਵਿਚ “ਬਾਗ ਬਾਗ” ਹੋਣਗੇ। ਵਫ਼ਾਦਾਰ ਮਸੀਹੀ ‘ਮਸਕੀਨਾਂ’ ਵਾਂਗ ਕਮਜ਼ੋਰ ਜਾਪਣਗੇ। ਪਰ ਜਦੋਂ ਪਰਮੇਸ਼ੁਰ-ਵਿਰੋਧੀ ਫ਼ੌਜਾਂ ਹਮਲਾ ਕਰਨਗੀਆਂ, ਉਦੋਂ ਯਹੋਵਾਹ ਉਨ੍ਹਾਂ ਫ਼ੌਜਾਂ ਦੇ ਹਥਿਆਰ ਉਨ੍ਹਾਂ ਤੇ ਹੀ ਚਲਾਵੇਗਾ। ਉਹ ਕੌਮਾਂ ਆਪਣੇ ਹਥਿਆਰ ਜਾਂ “ਬਰਛੀਆਂ” ਆਪਣੇ ਹੀ ਸੂਰਬੀਰਾਂ ਤੇ ਚਲਾਉਣਗੀਆਂ।

16 ਪਰ ਇਸ ਤੋਂ ਵੀ ਵੱਧ ਕੁਝ ਹੋਵੇਗਾ। ਯਹੋਵਾਹ ਦੂਤਾਂ ਦੀਆਂ ਫ਼ੌਜਾਂ ਵਰਤ ਕੇ ਆਪਣੇ ਦੁਸ਼ਮਣਾਂ ਨੂੰ ਪੂਰੀ ਤਰ੍ਹਾਂ ਨਾਸ਼ ਕਰ ਦੇਵੇਗਾ। ਯਿਸੂ ਮਸੀਹ ਦੇ ਅਧੀਨ ਆਕਾਸ਼ੀ ਫ਼ੌਜਾਂ ਦੇ “ਘੋੜਿਆਂ” ਨਾਲ, ਉਹ “ਸਮੁੰਦਰ” ਅਤੇ ‘ਵੱਡੇ ਉੱਛਲਦੇ ਪਾਣੀਆਂ,’ ਅਰਥਾਤ ਉਸ ਨਾਲ ਦੁਸ਼ਮਣੀ ਮੁੱਲ ਲੈਣ ਵਾਲੀ ਅਸ਼ਾਂਤ ਮਨੁੱਖਜਾਤੀ ਨੂੰ ਲਤਾੜੇਗਾ ਅਤੇ ਜੇਤੂ ਹੋਵੇਗਾ। (ਪਰਕਾਸ਼ ਦੀ ਪੋਥੀ 19:11-21) ਉਦੋਂ ਦੁਸ਼ਟ ਲੋਕ ਧਰਤੀ ਉੱਤੋਂ ਖ਼ਤਮ ਕਰ ਦਿੱਤੇ ਜਾਣਗੇ। ਪਰਮੇਸ਼ੁਰ ਦੀ ਤਾਕਤ ਅਤੇ ਨਿਆਉਂ ਦਾ ਕਿੰਨਾ ਸ਼ਾਨਦਾਰ ਪ੍ਰਦਰਸ਼ਨ!

ਪਰਮੇਸ਼ੁਰ ਦਾ ਦਿਨ ਆ ਰਿਹਾ ਹੈ!

17. (ੳ) ਸਾਨੂੰ ਕਿਉਂ ਵਿਸ਼ਵਾਸ ਹੈ ਕਿ ਹਬੱਕੂਕ ਦੇ ਸ਼ਬਦ ਪੂਰੇ ਹੋਣਗੇ? (ਅ) ਯਹੋਵਾਹ ਦੇ ਵੱਡੇ ਦਿਨ ਦੀ ਉਡੀਕ ਕਰਦੇ ਹੋਏ ਅਸੀਂ ਕਿਵੇਂ ਹਬੱਕੂਕ ਵਰਗਾ ਰਵੱਈਆ ਦਿਖਾ ਸਕਦੇ ਹਾਂ?

17 ਅਸੀਂ ਯਕੀਨ ਕਰ ਸਕਦੇ ਹਾਂ ਕਿ ਹਬੱਕੂਕ ਦੇ ਸ਼ਬਦ ਜ਼ਰੂਰ ਪੂਰੇ ਹੋਣਗੇ। ਉਹ ਚਿਰ ਨਹੀਂ ਲਾਉਣਗੇ। ਤੁਹਾਡੇ ਉੱਤੇ ਇਸ ਪੂਰਵ-ਗਿਆਨ ਦਾ ਕੀ ਅਸਰ ਪੈਂਦਾ ਹੈ? ਯਾਦ ਰੱਖੋ ਕਿ ਹਬੱਕੂਕ ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਲਿਖ ਰਿਹਾ ਸੀ। ਯਹੋਵਾਹ ਕਾਰਵਾਈ ਜ਼ਰੂਰ ਕਰੇਗਾ ਅਤੇ ਜਦੋਂ ਉਹ ਕਾਰਵਾਈ ਕਰੇਗਾ, ਉਦੋਂ ਧਰਤੀ ਉੱਤੇ ਬਰਬਾਦੀ ਹੋਵੇਗੀ। ਤਾਂ ਫਿਰ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਹਬੱਕੂਕ ਨਬੀ ਨੇ ਲਿਖਿਆ: “ਮੈਂ ਸੁਣਿਆ ਅਤੇ ਮੇਰਾ ਕਾਲਜਾ ਕੰਬਣ ਲੱਗਾ, ਉਸ ਅਵਾਜ਼ ਤੋਂ ਮੇਰੀਆਂ ਬੁੱਲ੍ਹੀਆਂ ਥਰਥਰਾਈਆਂ, ਵਿਸਾਂਧ ਮੇਰੀਆਂ ਹੱਡੀਆਂ ਵਿੱਚ ਆਈ, ਮੈਂ ਆਪਣੇ ਥਾਂ ਤੇ ਕੰਬਦਾ ਹਾਂ, ਕਿਉਂ ਜੋ ਮੈਂ ਅਰਾਮ ਨਾਲ ਬਿਪਤਾ ਦੇ ਦਿਨ ਨੂੰ ਤੱਕਾਂਗਾ, ਭਈ ਉਹ ਓਹਨਾਂ ਲੋਕਾਂ ਉੱਤੇ ਆਵੇ, ਜੋ ਸਾਡੇ ਉੱਤੇ ਚੜ੍ਹਾਈ ਕਰਦੇ ਹਨ।” (ਹਬੱਕੂਕ 3:16) ਅਸੀਂ ਸਮਝ ਸਕਦੇ ਹਾਂ ਕਿ ਹਬੱਕੂਕ ਦਾ ਕਾਲਜਾ ਕਿਉਂ ਕੰਬਣ ਲੱਗ ਪਿਆ ਸੀ। ਪਰ ਕੀ ਉਸ ਦੀ ਨਿਹਚਾ ਡਾਵਾਂਡੋਲ ਹੋ ਗਈ ਸੀ? ਬਿਲਕੁਲ ਨਹੀਂ! ਉਹ ਚੁੱਪ-ਚਾਪ ਯਹੋਵਾਹ ਦੇ ਵੱਡੇ ਦਿਨ ਦੀ ਉਡੀਕ ਕਰਨ ਲਈ ਤਿਆਰ ਸੀ। (2 ਪਤਰਸ 3:11, 12) ਕੀ ਸਾਡਾ ਵੀ ਇਹੀ ਰਵੱਈਆ ਹੈ? ਹਾਂ, ਹੈ! ਸਾਨੂੰ ਪੂਰਾ ਵਿਸ਼ਵਾਸ ਹੈ ਕਿ ਹਬੱਕੂਕ ਦੀ ਭਵਿੱਖਬਾਣੀ ਪੂਰੀ ਹੋਵੇਗੀ। ਪਰ ਜਦ ਤਕ ਇਹ ਪੂਰੀ ਨਹੀਂ ਹੁੰਦੀ, ਤਦ ਤਕ ਅਸੀਂ ਸਬਰ ਨਾਲ ਉਡੀਕ ਕਰਦੇ ਰਹਾਂਗੇ।

18. ਭਾਵੇਂ ਹਬੱਕੂਕ ਨੂੰ ਮੁਸ਼ਕਲਾਂ ਦੀ ਆਸ ਸੀ, ਪਰ ਉਸ ਦਾ ਰਵੱਈਆ ਕਿਸ ਤਰ੍ਹਾਂ ਦਾ ਸੀ?

18 ਯੁੱਧ ਹਮੇਸ਼ਾ ਸਾਰਿਆਂ ਲਈ ਮੁਸੀਬਤਾਂ ਲਿਆਉਂਦਾ ਹੈ, ਇੱਥੋਂ ਤਕ ਕਿ ਜੇਤੂਆਂ ਲਈ ਵੀ। ਕਾਲ ਪੈ ਸਕਦੇ ਹਨ। ਜਾਇਦਾਦ ਖੋਹੀ ਜਾ ਸਕਦੀ ਹੈ। ਜੀਵਨ-ਪੱਧਰ ਡਿੱਗ ਸਕਦੇ ਹਨ। ਜੇਕਰ ਸਾਡੇ ਨਾਲ ਇਸ ਤਰ੍ਹਾਂ ਹੋਵੇ, ਤਾਂ ਅਸੀਂ ਕੀ ਕਰਾਂਗੇ? ਹਬੱਕੂਕ ਦਾ ਰਵੱਈਆ ਬੇਮਿਸਾਲ ਸੀ, ਕਿਉਂਕਿ ਉਸ ਨੇ ਕਿਹਾ: “ਭਾਵੇਂ ਹਜੀਰ ਦਾ ਬਿਰਛ ਨਾ ਫਲੇ ਫੁੱਲੇ, ਨਾ ਅੰਗੂਰੀ ਵੇਲਾਂ ਉੱਤੇ ਫਲ ਹੋਵੇ, ਭਾਵੇਂ ਜ਼ੈਤੂਨ ਦੇ ਬਿਰਛ ਦਾ ਹਾਸਲ ਘਟੇ, ਅਤੇ ਖੇਤ ਅੰਨ ਨਾ ਦੇਣ, ਭਾਵੇਂ ਇੱਜੜ ਵਾੜੇ ਵਿੱਚੋਂ ਕੱਟੇ ਜਾਣ, ਅਤੇ ਵੱਗ ਕੁਰ੍ਹਾਂ ਵਿੱਚ ਨਾ ਹੋਣ, ਤਾਂ ਵੀ ਮੈਂ ਯਹੋਵਾਹ ਵਿੱਚ ਬਾਗ ਬਾਗ ਹੋਵਾਂਗਾ, ਮੈਂ ਆਪਣੇ ਮੁਕਤੀ ਦਾਤੇ ਪਰਮੇਸ਼ੁਰ ਵਿੱਚ ਖੁਸ਼ੀ ਮਨਾਵਾਂਗਾ।” (ਹਬੱਕੂਕ 3:17, 18) ਹਬੱਕੂਕ ਵੱਲੋਂ ਕਾਲ ਵਰਗੀਆਂ ਮੁਸੀਬਤਾਂ ਦੀ ਆਸ ਕਰਨੀ ਸੁਭਾਵਕ ਸੀ। ਫਿਰ ਵੀ, ਉਸ ਨੇ ਆਪਣੇ ਮੁਕਤੀਦਾਤੇ, ਯਹੋਵਾਹ ਵਿਚ ਖ਼ੁਸ਼ੀ ਮਨਾਉਣੀ ਨਹੀਂ ਛੱਡੀ।

19. ਬਹੁਤ ਸਾਰੇ ਮਸੀਹੀ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ, ਪਰ ਜੇਕਰ ਅਸੀਂ ਆਪਣੀ ਜ਼ਿੰਦਗੀ ਵਿਚ ਯਹੋਵਾਹ ਨੂੰ ਪਹਿਲ ਦਿੰਦੇ ਹਾਂ, ਤਾਂ ਅਸੀਂ ਕੀ ਯਕੀਨ ਰੱਖ ਸਕਦੇ ਹਾਂ?

19 ਅੱਜ-ਕੱਲ੍ਹ, ਦੁਸ਼ਟਾਂ ਨਾਲ ਯਹੋਵਾਹ ਦਾ ਯੁੱਧ ਹੋਣ ਤੋਂ ਵੀ ਪਹਿਲਾਂ ਕਈ ਲੋਕ ਸਖ਼ਤ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ। ਯਿਸੂ ਨੇ ਪਹਿਲਾਂ ਹੀ ਦੱਸਿਆ ਸੀ ਕਿ ਯੁੱਧ, ਕਾਲ, ਭੁਚਾਲ ਅਤੇ ਮਹਾਂਮਾਰੀਆਂ ਸ਼ਾਹੀ ਸੱਤਾ ਵਿਚ ਉਸ ਦੀ ਮੌਜੂਦਗੀ ਦੇ ਲੱਛਣ ਦਾ ਹਿੱਸਾ ਹੋਣਗੀਆਂ। (ਮੱਤੀ 24:3-14; ਲੂਕਾ 21:10, 11) ਸਾਡੇ ਕਈ ਭਰਾ ਅਜਿਹੇ ਦੇਸ਼ਾਂ ਵਿਚ ਰਹਿੰਦੇ ਹਨ ਜਿੱਥੇ ਯਿਸੂ ਦੀ ਭਵਿੱਖਬਾਣੀ ਦੀ ਪੂਰਤੀ ਹੋ ਰਹੀ ਹੈ ਅਤੇ ਸਿੱਟੇ ਵਜੋਂ ਉਹ ਵੱਡੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ। ਭਵਿੱਖ ਵਿਚ ਸ਼ਾਇਦ ਹੋਰਨਾਂ ਨੂੰ ਵੀ ਇਸੇ ਤਰ੍ਹਾਂ ਦੁੱਖ ਝੱਲਣੇ ਪੈਣ। ਅੰਤ ਆਉਣ ਤੋਂ ਪਹਿਲਾਂ, ਹੋ ਸਕਦਾ ਹੈ ਕਿ ਸਾਡੇ ਵਿੱਚੋਂ ਬਹੁਤਿਆਂ ਲਈ “ਹਜੀਰ ਦਾ ਬਿਰਛ ਨਾ ਫਲੇ ਫੁੱਲੇ।” ਫਿਰ ਵੀ, ਅਸੀਂ ਜਾਣਦੇ ਹਾਂ ਕਿ ਇਹ ਗੱਲਾਂ ਕਿਉਂ ਹੋ ਰਹੀਆਂ ਹਨ ਅਤੇ ਇਹ ਜਾਣਕਾਰੀ ਸਾਨੂੰ ਮਜ਼ਬੂਤ ਕਰਦੀ ਹੈ। ਇਸ ਤੋਂ ਇਲਾਵਾ, ਸਾਡੇ ਕੋਲ ਸਹਾਰਾ ਹੈ। ਯਿਸੂ ਨੇ ਵਾਅਦਾ ਕੀਤਾ ਸੀ: “ਪਰ ਤੁਸੀਂ ਪਹਿਲਾਂ ਉਹ [ਪਰਮੇਸ਼ੁਰ] ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।” (ਮੱਤੀ 6:33) ਇਸ ਦਾ ਮਤਲਬ ਇਕ ਆਰਾਮ ਵਾਲੀ ਜ਼ਿੰਦਗੀ ਨਹੀਂ ਹੈ। ਪਰ ਇਹ ਹਵਾਲਾ ਸਾਨੂੰ ਯਕੀਨ ਜ਼ਰੂਰ ਦਿਵਾਉਂਦਾ ਹੈ ਕਿ ਜੇਕਰ ਅਸੀਂ ਆਪਣੀ ਜ਼ਿੰਦਗੀ ਵਿਚ ਯਹੋਵਾਹ ਨੂੰ ਪਹਿਲ ਦੇਵਾਂਗੇ, ਤਾਂ ਉਹ ਸਾਡੀ ਦੇਖ-ਭਾਲ ਕਰੇਗਾ।—ਜ਼ਬੂਰ 37:25.

20. ਭਾਵੇਂ ਇਸ ਸਮੇਂ ਅਸੀਂ ਮੁਸੀਬਤਾਂ ਝੱਲਦੇ ਹਾਂ, ਪਰ ਸਾਡਾ ਇਰਾਦਾ ਕੀ ਹੋਣਾ ਚਾਹੀਦਾ ਹੈ?

20 ਇਸ ਕਰਕੇ, ਸਾਨੂੰ ਇਸ ਸਮੇਂ ਭਾਵੇਂ ਜੋ ਵੀ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਵੇ, ਪਰ ਅਸੀਂ ਪੂਰਾ ਭਰੋਸਾ ਰੱਖਾਂਗੇ ਕਿ ਯਹੋਵਾਹ ਕੋਲ ਸਾਨੂੰ ਬਚਾਉਣ ਦੀ ਸ਼ਕਤੀ ਹੈ। ਅਫ਼ਰੀਕਾ, ਪੂਰਬੀ ਯੂਰਪ, ਅਤੇ ਹੋਰ ਥਾਵਾਂ ਤੇ ਸਾਡੇ ਬਹੁਤ ਸਾਰੇ ਭੈਣ-ਭਰਾ ਸਖ਼ਤ ਮੁਸੀਬਤਾਂ ਦਾ ਸਾਮ੍ਹਣਾ ਕਰਦੇ ਹਨ, ਪਰ ਫਿਰ ਵੀ ਉਹ ‘ਯਹੋਵਾਹ ਵਿੱਚ ਬਾਗ ਬਾਗ’ ਹੁੰਦੇ ਹਨ। ਆਓ ਅਸੀਂ ਵੀ ਉਨ੍ਹਾਂ ਵਾਂਗ ਇੰਜ ਕਰਨਾ ਨਾ ਛੱਡੀਏ। ਯਾਦ ਰੱਖੋ ਕਿ ਸਰਬਸੱਤਾਵਾਨ ਪ੍ਰਭੂ, ਯਹੋਵਾਹ ਸਾਡੇ “ਬਲ” ਦਾ ਸੋਮਾ ਹੈ। (ਹਬੱਕੂਕ 3:19) ਉਹ ਕਦੀ ਵੀ ਸਾਨੂੰ ਨਿਰਾਸ਼ ਨਹੀਂ ਕਰੇਗਾ। ਆਰਮਾਗੇਡਨ ਸੱਚ-ਮੁੱਚ ਆਵੇਗਾ ਅਤੇ ਉਸ ਤੋਂ ਬਾਅਦ ਪਰਮੇਸ਼ੁਰ ਦੁਆਰਾ ਵਾਅਦਾ ਕੀਤਾ ਹੋਇਆ ਨਵਾਂ ਸੰਸਾਰ ਯਕੀਨਨ ਆਵੇਗਾ। (2 ਪਤਰਸ 3:13) ਫਿਰ “ਧਰਤੀ ਤਾਂ ਯਹੋਵਾਹ ਦੇ ਪਰਤਾਪ ਦੇ ਗਿਆਨ ਨਾਲ ਭਰ ਜਾਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਭਰਪੂਰ ਹੈ।” (ਹਬੱਕੂਕ 2:14) ਉਸ ਖ਼ੁਸ਼ੀਆਂ ਭਰੇ ਸਮੇਂ ਦੇ ਆਉਣ ਤਕ, ਚਲੋ ਆਪਾਂ ਹਬੱਕੂਕ ਦੀ ਚੰਗੀ ਮਿਸਾਲ ਦੀ ਨਕਲ ਕਰੀਏ। ਆਓ ਆਪਾਂ ਹਮੇਸ਼ਾ ‘ਯਹੋਵਾਹ ਵਿੱਚ ਬਾਗ ਬਾਗ ਹੋਈਏ ਅਤੇ ਆਪਣੇ ਮੁਕਤੀ ਦਾਤੇ ਪਰਮੇਸ਼ੁਰ ਵਿੱਚ ਖੁਸ਼ੀ ਮਨਾਈਏ।

ਕੀ ਤੁਹਾਨੂੰ ਯਾਦ ਹੈ?

• ਹਬੱਕੂਕ ਦੀ ਪ੍ਰਾਰਥਨਾ ਦਾ ਸਾਡੇ ਉੱਤੇ ਕੀ ਅਸਰ ਪੈ ਸਕਦਾ ਹੈ?

• ਯਹੋਵਾਹ ਕਿਉਂ ਅੱਗੇ ਵਧਦਾ ਹੈ?

• ਬਚਾਅ ਬਾਰੇ ਹਬੱਕੂਕ ਦੀ ਭਵਿੱਖਬਾਣੀ ਕੀ ਕਹਿੰਦੀ ਹੈ?

• ਯਹੋਵਾਹ ਦੇ ਵੱਡੇ ਦਿਨ ਦੀ ਉਡੀਕ ਕਰਦੇ ਹੋਏ ਸਾਨੂੰ ਕਿਸ ਤਰ੍ਹਾਂ ਦਾ ਰਵੱਈਆ ਦਿਖਾਉਣਾ ਚਾਹੀਦਾ ਹੈ?

[ਸਵਾਲ]

[ਸਫ਼ੇ 23 ਉੱਤੇ ਤਸਵੀਰ]

ਕੀ ਤੁਸੀਂ ਜਾਣਦੇ ਹੋ ਕਿ ਆਰਮਾਗੇਡਨ ਵਿਚ ਯਹੋਵਾਹ ਦੁਸ਼ਟਾਂ ਦੇ ਖ਼ਿਲਾਫ਼ ਕਿਹੜੀਆਂ ਤਾਕਤਾਂ ਵਰਤੇਗਾ?