ਕਾਮਯਾਬੀ ਦੀ ਕੁੰਜੀ ਕੀ ਹੈ?
ਕਾਮਯਾਬੀ ਦੀ ਕੁੰਜੀ ਕੀ ਹੈ?
ਦੋ ਅਗਾਂਹਵਧੂ ਨੌਜਵਾਨ ਇਕ ਅਹਿਮ ਟੈਸਟ ਲਈ ਇਕ ਅਜੀਬੋ-ਗਰੀਬ ਦਿੱਸਣ ਵਾਲੀ ਮਸ਼ੀਨ ਬੜੇ ਹੀ ਧਿਆਨ ਨਾਲ ਬਣਾ ਰਹੇ ਸਨ। ਅਚਾਨਕ, ਹਵਾ ਦੇ ਇਕ ਤੇਜ਼ ਬੁੱਲੇ ਨੇ ਇਸ ਨਾਜ਼ੁਕ ਜਿਹੀ ਮਸ਼ੀਨ ਨੂੰ ਹਵਾ ਵਿਚ ਭੁਆ ਮਾਰਿਆ ਤੇ ਖੜ-ਖੜ ਕਰਦੀ ਇਹ ਮਸ਼ੀਨ ਧੜੰਮ ਕਰ ਕੇ ਜ਼ਮੀਨ ਤੇ ਡਿੱਗ ਕੇ ਚਕਨਾਚੂਰ ਹੋ ਗਈ। ਨਿਰਾਸ਼ ਹੋਏ ਇਹ ਨੌਜਵਾਨ ਚੁੱਪ-ਚਾਪ ਖੜ੍ਹੇ ਰਹੇ। ਇਸ ਬਾਰੀਕੀ ਦੇ ਕੰਮ ਵਿਚ ਉਨ੍ਹਾਂ ਦੀ ਹੱਡ-ਤੋੜ ਮਿਹਨਤ ਮੁੜੇ-ਤੁੜੇ ਧਾਤੂ ਅਤੇ ਲੱਕੜ ਦੇ ਟੋਟਿਆਂ ਵਿਚ ਢਹਿ-ਢੇਰੀ ਹੋ ਗਈ।
ਸੰਨ 1900 ਵਿਚ ਅਕਤੂਬਰ ਮਹੀਨੇ ਦੌਰਾਨ ਔਰਵਿਲ ਅਤੇ ਵਿਲਬਰ ਰਾਈਟ ਨਾਲ ਜੋ ਵਾਪਰਿਆ, ਹਵਾਈ ਜਹਾਜ਼ ਬਣਾਉਣ ਦੀ ਕੋਸ਼ਿਸ਼ ਵਿਚ ਇਹ ਉਨ੍ਹਾਂ ਦੀ ਕੋਈ ਪਹਿਲੀ ਮਾਯੂਸੀ ਭਰੀ ਨਾਕਾਮਯਾਬੀ ਨਹੀਂ ਸੀ। ਉਨ੍ਹਾਂ ਨੇ ਪਹਿਲਾਂ ਵੀ ਇਸ ਤਜਰਬੇ ਵਿਚ ਕਈ ਸਾਲ ਲਾਏ ਸਨ ਤੇ ਕਾਫ਼ੀ ਪੈਸਾ ਵੀ ਖ਼ਰਚ ਕੀਤਾ ਸੀ।
ਪਰ, ਅਖ਼ੀਰ ਉਨ੍ਹਾਂ ਦੀ ਮਿਹਨਤ ਰੰਗ ਲਿਆਈ। ਕਿਟੀ ਹੌਕ, ਉੱਤਰੀ ਕੈਰੋਲਾਇਨਾ, ਯੂ.ਐੱਸ.ਏ. ਵਿਚ 17 ਦਸੰਬਰ 1903 ਨੂੰ ਰਾਈਟ ਭਰਾ 12 ਸੈਕਿੰਡ ਲਈ ਇਕ ਮੋਟਰ ਵਾਲਾ ਮਾਡਲ ਆਸਮਾਨ ਵਿਚ ਉਡਾਉਣ ਵਿਚ ਕਾਮਯਾਬ ਹੋ ਗਏ—ਬੇਸ਼ੱਕ ਅੱਜ ਦੇ ਹਵਾਈ ਜਹਾਜ਼ਾਂ ਦੀਆਂ ਉਡਾਨਾਂ ਦੇ ਮੁਕਾਬਲੇ ਇਹ ਸਮਾਂ ਬਹੁਤ ਘੱਟ ਸੀ, ਪਰ ਦੁਨੀਆਂ ਦੀ ਤਸਵੀਰ ਹਮੇਸ਼ਾ ਵਾਸਤੇ ਬਦਲਣ ਲਈ ਇਹ ਕਾਮਯਾਬੀ ਕਾਫ਼ੀ ਸੀ!
ਕਾਮਯਾਬੀ ਕਾਫ਼ੀ ਹੱਦ ਤਕ ਧੀਰਜ ਨਾਲ ਦ੍ਰਿੜ੍ਹ ਰਹਿਣ ਤੇ ਨਿਰਭਰ ਕਰਦੀ ਹੈ। ਭਾਵੇਂ ਇਕ ਨਵੀਂ ਭਾਸ਼ਾ ਵਿਚ ਮਹਾਰਤ ਹਾਸਲ ਕਰਨੀ ਹੋਵੇ, ਕੋਈ ਕੰਮ-ਧੰਦਾ ਸਿੱਖਣਾ ਹੋਵੇ ਜਾਂ ਦੋਸਤੀ ਕਰਨੀ ਹੋਵੇ, ਸਾਰੇ ਅਹਿਮ ਕੰਮਾਂ ਵਿਚ ਕਾਮਯਾਬੀ ਲਗਾਤਾਰ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਨਾਲ ਹੀ ਮਿਲਦੀ ਹੈ। “ਦਸਾਂ ਵਿੱਚੋਂ ਨੌਂ ਵਾਰੀ,” ਚਾਰਲਸ ਟੇਮਪਲਟਨ ਨਾਮਕ ਲਿਖਾਰੀ ਕਹਿੰਦਾ ਹੈ, “ਕਾਮਯਾਬੀ ਸਿੱਧੇ ਤੌਰ ਤੇ ਇਕ ਚੀਜ਼ ਉੱਤੇ ਨਿਰਭਰ ਕਰਦੀ ਹੈ: ਸਖ਼ਤ ਮਿਹਨਤ।” ਕਾਲਮਨਵੀਸ ਲੇਨਡ ਪਿਟਸ, ਜੂਨੀਅਰ, ਟਿੱਪਣੀ ਕਰਦਾ ਹੈ: “ਅਸੀਂ ਯੋਗਤਾ ਬਾਰੇ ਹਾਮੀ ਭਰਦੇ ਹਾਂ, ਕਿਸਮਤ ਨੂੰ ਵੀ ਮੰਨਦੇ ਹਾਂ, ਪਰ ਬਹੁਤ ਵਾਰ ਅਸੀਂ ਸਭ ਤੋਂ ਜ਼ਰੂਰੀ ਚੀਜ਼ਾਂ ਨੂੰ ਭੁੱਲ ਹੀ ਜਾਂਦੇ ਹਾਂ। ਉਹ ਜ਼ਰੂਰੀ ਚੀਜ਼ਾਂ ਹਨ ਸਖ਼ਤ ਮਿਹਨਤ ਅਤੇ ਬਹੁਤ ਸਾਰੀਆਂ ਨਾਕਾਮਯਾਬੀਆਂ ਅਤੇ ਦਿਨ ਰਾਤ ਦੀ ਹੱਡ-ਤੋੜ ਮਿਹਨਤ।”
ਇਹ ਗੱਲ ਬਹੁਤ ਸਾਲ ਪਹਿਲਾਂ ਬਾਈਬਲ ਵਿਚ ਲਿਖੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ: “ਉੱਦਮੀ ਦਾ ਹੱਥ ਹਾਕਮੀ ਕਰੇਗਾ, ਪਰ ਆਲਸੀ ਕਰ ਦੇਣ ਵਾਲਾ ਬਣੇਗਾ।” (ਕਹਾਉਤਾਂ 12:24) ਉੱਦਮੀ ਹੋਣ ਦਾ ਅਰਥ ਹੈ ਕਿ ਅਸੀਂ ਆਪਣੀਆਂ ਕੋਸ਼ਿਸ਼ਾਂ ਵਿਚ ਦ੍ਰਿੜ੍ਹ ਰਹਿੰਦੇ ਹਾਂ। ਜੇਕਰ ਅਸੀਂ ਆਪਣੇ ਮਿੱਥੇ ਹੋਏ ਟੀਚਿਆਂ ਨੂੰ ਪੂਰਾ ਕਰਨਾ ਚਾਹੁੰਦੇ ਹਾਂ, ਤਾਂ ਇਹ ਬਹੁਤ ਹੀ ਲਾਜ਼ਮੀ ਹੈ। ਪਰ ਦ੍ਰਿੜ੍ਹ ਰਹਿਣ ਦਾ ਮਤਲਬ ਕੀ ਹੈ? ਅਸੀਂ ਆਪਣੇ ਟੀਚੇ ਹਾਸਲ ਕਰਨ ਵਿਚ ਕਿਵੇਂ ਦ੍ਰਿੜ੍ਹ ਰਹਿ ਸਕਦੇ ਹਾਂ ਅਤੇ ਸਾਨੂੰ ਕਿਨ੍ਹਾਂ ਕੰਮਾਂ ਵਿਚ ਦ੍ਰਿੜ੍ਹ ਹੋਣਾ ਚਾਹੀਦਾ ਹੈ? ਇਨ੍ਹਾਂ ਸਵਾਲਾਂ ਦਾ ਜਵਾਬ ਸਾਡੇ ਅਗਲੇ ਲੇਖ ਵਿਚ ਦਿੱਤਾ ਜਾਵੇਗਾ।
[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
U.S. National Archives photo