Skip to content

Skip to table of contents

ਦੁਸ਼ਟ ਲੋਕਾਂ ਲਈ ਹੋਰ ਕਿੰਨਾ ਚਿਰ?

ਦੁਸ਼ਟ ਲੋਕਾਂ ਲਈ ਹੋਰ ਕਿੰਨਾ ਚਿਰ?

ਦੁਸ਼ਟ ਲੋਕਾਂ ਲਈ ਹੋਰ ਕਿੰਨਾ ਚਿਰ?

“ਤੂੰ [ਯਹੋਵਾਹ] ਕਿਉਂ ਚੁੱਪ ਰਹਿੰਦਾ ਹੈਂ ਜਦ ਦੁਸ਼ਟ ਉਹ ਨੂੰ ਨਿਗਲ ਲੈਂਦਾ ਹੈ, ਜੋ ਉਸ ਤੋਂ ਧਰਮੀ ਹੈ?”—ਹਬੱਕੂਕ 1:13.

1. ਧਰਤੀ ਯਹੋਵਾਹ ਦੇ ਪ੍ਰਤਾਪ ਦੇ ਗਿਆਨ ਨਾਲ ਕਦੋਂ ਪੂਰੀ ਤਰ੍ਹਾਂ ਭਰ ਜਾਵੇਗੀ?

ਕੀ ਪਰਮੇਸ਼ੁਰ ਦੁਸ਼ਟ ਲੋਕਾਂ ਨੂੰ ਕਦੇ ਨਸ਼ਟ ਕਰੇਗਾ? ਜੇ ਕਰੇਗਾ, ਤਾਂ ਸਾਨੂੰ ਹੋਰ ਕਿੰਨੀ ਦੇਰ ਉਡੀਕ ਕਰਨੀ ਪਵੇਗੀ? ਦੁਨੀਆਂ ਭਰ ਵਿਚ ਲੋਕ ਅਜਿਹੇ ਸਵਾਲ ਪੁੱਛਦੇ ਹਨ। ਇਨ੍ਹਾਂ ਦੇ ਜਵਾਬ ਸਾਨੂੰ ਕਿੱਥੋਂ ਮਿਲ ਸਕਦੇ ਹਨ? ਇਹ ਸਾਨੂੰ ਪਰਮੇਸ਼ੁਰ ਦੇ ਠਹਿਰਾਏ ਹੋਏ ਸਮੇਂ ਬਾਰੇ ਕੀਤੇ ਗਏ ਪ੍ਰੇਰਿਤ ਅਗੰਮ ਵਾਕਾਂ ਤੋਂ ਮਿਲ ਸਕਦੇ ਹਨ। ਇਹ ਸਾਨੂੰ ਯਕੀਨ ਦਿਲਾਉਂਦੇ ਹਨ ਕਿ ਯਹੋਵਾਹ ਛੇਤੀ ਹੀ ਸਾਰੇ ਦੁਸ਼ਟ ਲੋਕਾਂ ਦਾ ਨਾਸ਼ ਕਰੇਗਾ। ਸਿਰਫ਼ ਉਸ ਤੋਂ ਬਾਅਦ ਹੀ ਧਰਤੀ “ਯਹੋਵਾਹ ਦੇ ਪਰਤਾਪ ਦੇ ਗਿਆਨ ਨਾਲ ਭਰ ਜਾਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਭਰਪੂਰ ਹੈ।” ਭਵਿੱਖ ਬਾਰੇ ਕੀਤਾ ਗਿਆ ਇਹ ਵਾਅਦਾ ਪਰਮੇਸ਼ੁਰ ਦੇ ਪਵਿੱਤਰ ਬਚਨ, ਬਾਈਬਲ ਵਿਚ ਹਬੱਕੂਕ 2:14 ਵਿਚ ਮਿਲਦਾ ਹੈ।

2. ਹਬੱਕੂਕ ਦੀ ਕਿਤਾਬ ਵਿਚ ਯਹੋਵਾਹ ਦੁਆਰਾ ਸਜ਼ਾ ਦੇਣ ਦੇ ਕਿਹੜੇ ਤਿੰਨ ਐਲਾਨ ਕੀਤੇ ਗਏ ਹਨ?

2 ਹਬੱਕੂਕ ਦੀ ਪੋਥੀ 628 ਸਾ.ਯੁ.ਪੂ. ਦੇ ਕਰੀਬ ਲਿਖੀ ਗਈ ਸੀ। ਇਸ ਵਿਚ ਯਹੋਵਾਹ ਦੁਆਰਾ ਸਜ਼ਾ ਦੇਣ ਦੇ ਤਿੰਨ ਐਲਾਨ ਕੀਤੇ ਗਏ ਹਨ। ਉਨ੍ਹਾਂ ਵਿੱਚੋਂ ਦੋ ਸਜ਼ਾਵਾਂ ਪਹਿਲਾਂ ਹੀ ਦਿੱਤੀਆਂ ਜਾ ਚੁੱਕੀਆਂ ਹਨ। ਯਹੋਵਾਹ ਨੇ ਪਹਿਲਾਂ ਪ੍ਰਾਚੀਨ ਅੜਬ ਦੇਸ਼ ਯਹੂਦਾਹ ਨੂੰ ਸਜ਼ਾ ਦਿੱਤੀ ਸੀ। ਅਤੇ ਦੂਜੀ? ਪਰਮੇਸ਼ੁਰ ਨੇ ਦੂਜੀ ਸਜ਼ਾ ਨਿਰਦਈ ਬਾਬਲ ਨੂੰ ਦਿੱਤੀ ਸੀ। ਇਸ ਲਈ ਸਾਨੂੰ ਪੂਰਾ ਯਕੀਨ ਹੈ ਕਿ ਪਰਮੇਸ਼ੁਰ ਦੁਆਰਾ ਸੁਣਾਈ ਗਈ ਤੀਜੀ ਸਜ਼ਾ ਵੀ ਦਿੱਤੀ ਜਾਵੇਗੀ। ਅਸਲ ਵਿਚ, ਅਸੀਂ ਬਹੁਤ ਜਲਦੀ ਹੀ ਉਸ ਦੀ ਪੂਰਤੀ ਹੋਣ ਦੀ ਆਸ ਕਰ ਸਕਦੇ ਹਾਂ। ਇਨ੍ਹਾਂ ਅੰਤ ਦੇ ਦਿਨਾਂ ਵਿਚ ਨੇਕ ਇਨਸਾਨਾਂ ਦੀ ਖ਼ਾਤਰ ਪਰਮੇਸ਼ੁਰ ਸਾਰੇ ਦੁਸ਼ਟ ਲੋਕਾਂ ਦਾ ਨਾਸ਼ ਕਰੇਗਾ। ਸਾਰੇ ਦੁਸ਼ਟ ਲੋਕ, “ਪਰਮੇਸ਼ੁਰ ਸਰਬ ਸ਼ਕਤੀਮਾਨ ਦੇ” ਤੇਜ਼ੀ ਨਾਲ ਆ ਰਹੇ “ਵੱਡੇ ਦਿਹਾੜੇ ਦੇ ਜੁੱਧ” ਵਿਚ ਆਪਣਾ ਆਖ਼ਰੀ ਦਮ ਤੋੜਨਗੇ।—ਪਰਕਾਸ਼ ਦੀ ਪੋਥੀ 16:14, 16.

3. ਸਾਡੇ ਸਮੇਂ ਵਿਚ ਦੁਸ਼ਟਾਂ ਨਾਲ ਕੀ ਹੋਵੇਗਾ?

3 ਪਰਮੇਸ਼ੁਰ ਦੇ ਵੱਡੇ ਦਿਹਾੜੇ ਦਾ ਯੁੱਧ ਜਲਦੀ ਹੀ ਹੋਣ ਵਾਲਾ ਹੈ। ਸਾਡੇ ਸਮੇਂ ਵਿਚ ਵੀ ਦੁਸ਼ਟ ਲੋਕਾਂ ਨੂੰ ਜ਼ਰੂਰ ਸਜ਼ਾ ਮਿਲੇਗੀ, ਠੀਕ ਜਿਵੇਂ ਯਹੂਦਾਹ ਅਤੇ ਬਾਬਲ ਨੂੰ ਯਹੋਵਾਹ ਦੁਆਰਾ ਸਜ਼ਾ ਦਿੱਤੀ ਗਈ ਸੀ। ਪਰ, ਕਿਉਂ ਨਾ ਹੁਣ ਆਪਾਂ ਕਲਪਨਾ ਕਰੀਏ ਕਿ ਅਸੀਂ ਹਬੱਕੂਕ ਦੇ ਜ਼ਮਾਨੇ ਦੇ ਯਹੂਦਾਹ ਦੇਸ਼ ਵਿਚ ਹਾਂ? ਉਸ ਦੇਸ਼ ਵਿਚ ਕੀ ਹੋ ਰਿਹਾ ਹੈ?

ਯਹੂਦਾਹ ਵਿਚ ਹਲਚਲ

4. ਹਬੱਕੂਕ ਕਿਹੜੀ ਇਕ ਬਹੁਤ ਹੀ ਬੁਰੀ ਖ਼ਬਰ ਸੁਣਦਾ ਹੈ?

4 ਯਹੋਵਾਹ ਦਾ ਨਬੀ ਹਬੱਕੂਕ ਆਪਣੇ ਘਰ ਦੀ ਛੱਤ ਉੱਤੇ ਬੈਠਾ ਸ਼ਾਮ ਦੀ ਠੰਢੀ ਹਵਾ ਦਾ ਮਜ਼ਾ ਲੈ ਰਿਹਾ ਹੈ। ਉਸ ਦੇ ਕੋਲ ਇਕ ਸਾਜ਼ ਪਿਆ ਹੋਇਆ ਹੈ। (ਹਬੱਕੂਕ 1:1; 3:19 ਦੇ ਹੇਠਾਂ ਲਿਖੇ ਸ਼ਬਦ) ਪਰ ਉਹ ਇਕ ਬਹੁਤ ਹੀ ਬੁਰੀ ਖ਼ਬਰ ਸੁਣਦਾ ਹੈ। ਯਹੂਦਾਹ ਦੇ ਰਾਜਾ ਯਹੋਯਾਕੀਮ ਨੇ ਊਰੀਯਾਹ ਨਬੀ ਨੂੰ ਮਾਰ ਦਿੱਤਾ ਹੈ ਅਤੇ ਉਸ ਨਬੀ ਦੀ ਲਾਸ਼ ਆਮ ਲੋਕਾਂ ਦੇ ਕਬਰਸਤਾਨ ਵਿਚ ਸੁੱਟਵਾ ਦਿੱਤੀ ਹੈ। (ਯਿਰਮਿਯਾਹ 26:23) ਇਹ ਸੱਚ ਹੈ ਕਿ ਊਰੀਯਾਹ ਨੇ ਯਹੋਵਾਹ ਉੱਤੇ ਭਰੋਸਾ ਰੱਖਣਾ ਛੱਡ ਦਿੱਤਾ ਸੀ ਅਤੇ ਡਰ ਕੇ ਮਿਸਰ ਨੂੰ ਭੱਜ ਗਿਆ ਸੀ। ਪਰ ਹਬੱਕੂਕ ਜਾਣਦਾ ਹੈ ਕਿ ਯਹੋਯਾਕੀਮ ਨੇ ਯਹੋਵਾਹ ਦੇ ਨਾਂ ਦੀ ਖ਼ਾਤਰ ਇਹ ਜ਼ੁਲਮ ਨਹੀਂ ਕੀਤਾ ਸੀ, ਕਿਉਂਕਿ ਉਸ ਨੂੰ ਪਰਮੇਸ਼ੁਰ ਦੇ ਨਿਯਮਾਂ ਦੀ ਕੋਈ ਪਰਵਾਹ ਨਹੀਂ ਸੀ ਅਤੇ ਉਹ ਯਿਰਮਿਯਾਹ ਨਬੀ ਨੂੰ ਅਤੇ ਯਹੋਵਾਹ ਦੇ ਦੂਸਰੇ ਸੇਵਕਾਂ ਨੂੰ ਵੀ ਸਖ਼ਤ ਨਫ਼ਰਤ ਕਰਦਾ ਸੀ।

5. ਯਹੂਦਾਹ ਵਿਚ ਲੋਕਾਂ ਦੀ ਅਧਿਆਤਮਿਕ ਹਾਲਤ ਕਿਸ ਤਰ੍ਹਾਂ ਦੀ ਹੈ ਅਤੇ ਇਸ ਤੇ ਹਬੱਕੂਕ ਕੀ ਕਰਦਾ ਹੈ?

5 ਹਬੱਕੂਕ ਲਾਗੇ ਦੇ ਘਰਾਂ ਦੀਆਂ ਛੱਤਾਂ ਤੋਂ ਧੂਪ ਦਾ ਧੂੰਆਂ ਉੱਠਦਾ ਦੇਖਦਾ ਹੈ। ਲੋਕ ਯਹੋਵਾਹ ਦੇ ਉਪਾਸਕਾਂ ਵਜੋਂ ਧੂਪ ਨਹੀਂ ਧੁਖਾ ਰਹੇ। ਉਹ ਯਹੂਦਾਹ ਦੇ ਦੁਸ਼ਟ ਪਾਤਸ਼ਾਹ ਯਹੋਯਾਕੀਮ ਦੁਆਰਾ ਆਯੋਜਿਤ ਕੀਤੇ ਗਏ ਝੂਠੇ ਧਾਰਮਿਕ ਪੂਜਾ-ਪਾਠ ਵਿਚ ਲੱਗੇ ਹੋਏ ਹਨ। ਯਹੋਵਾਹ ਦਾ ਕਿੰਨਾ ਅਪਮਾਨ! ਹਬੱਕੂਕ ਦੀਆਂ ਅੱਖਾਂ ਹੰਝੂਆਂ ਨਾਲ ਭਰ ਜਾਂਦੀਆਂ ਹਨ ਅਤੇ ਉਹ ਬੇਨਤੀ ਕਰਦਾ ਹੈ: “ਹੇ ਯਹੋਵਾਹ, ਮੈਂ ਕਦ ਤਾਈਂ ਦੁਹਾਈ ਦਿਆਂ, ਅਤੇ ਤੂੰ ਨਾ ਸੁਣੇਂਗਾ? ਯਾ ਮੈਂ ਤੇਰੇ ਅੱਗੇ ‘ਜ਼ੁਲਮ’ ਚਿੱਲਾਵਾਂ, ਅਤੇ ਤੂੰ ਨਾ ਬਚਾਵੇਂਗਾ? ਤੂੰ ਮੈਨੂੰ ਬਦੀ ਕਿਉਂ ਵਿਖਾਉਂਦਾ ਹੈਂ, ਅਤੇ ਕਸ਼ਟ ਉੱਤੇ ਮੇਰਾ ਧਿਆਨ ਲਾਉਂਦਾ ਹੈਂ? ਬਰਬਾਦੀ ਅਤੇ ਜ਼ੁਲਮ ਮੇਰੇ ਅੱਗੇ ਹਨ, ਝਗੜੇ ਹੁੰਦੇ ਹਨ ਅਤੇ ਵਖਾਧ ਉੱਠਦੀ ਹੈ। ਏਸ ਲਈ ਬਿਵਸਥਾ ਢਿੱਲੀ ਪੈ ਜਾਂਦੀ ਹੈ, ਅਤੇ ਨਿਆਉਂ ਕਦੇ ਵੀ ਨਹੀਂ ਨਿੱਕਲਦਾ, ਕਿਉਂ ਜੋ ਦੁਸ਼ਟ ਧਰਮੀ ਨੂੰ ਘੇਰ ਲੈਂਦਾ ਹੈ, ਤਦੇ ਨਿਆਉਂ ਵਿੰਗਾ ਨਿੱਕਲਦਾ ਹੈ।”—ਹਬੱਕੂਕ 1:2-4.

6. ਯਹੂਦਾਹ ਵਿਚ ਬਿਵਸਥਾ ਅਤੇ ਨਿਆਉਂ ਨੂੰ ਕੀ ਹੋ ਗਿਆ ਹੈ?

6 ਜੀ ਹਾਂ, ਹਰ ਥਾਂ ਤੇ ਬਰਬਾਦੀ ਅਤੇ ਜ਼ੁਲਮ ਫੈਲੇ ਹੋਏ ਹਨ। ਜਿੱਥੇ ਕਿਤੇ ਵੀ ਹਬੱਕੂਕ ਦੇਖਦਾ ਹੈ, ਉਸ ਨੂੰ ਕਸ਼ਟ ਅਤੇ ਲੜਾਈ-ਝਗੜੇ ਹੀ ਨਜ਼ਰ ਆਉਂਦੇ ਹਨ। ‘ਬਿਵਸਥਾ ਢਿੱਲੀ ਪੈ ਗਈ ਹੈ,’ ਅਰਥਾਤ ਬੇਕਾਰ ਹੋ ਗਈ ਹੈ। ਅਤੇ ਨਿਆਉਂ? ਉਹ ਤਾਂ “ਕਦੇ ਵੀ” ਜੇਤੂ “ਨਹੀਂ ਨਿੱਕਲਦਾ”! ਉਹ ਕਦੇ ਵੀ ਸਫ਼ਲ ਨਹੀਂ ਹੁੰਦਾ। ਇਸ ਦੀ ਬਜਾਇ, “ਦੁਸ਼ਟ ਧਰਮੀ ਨੂੰ ਘੇਰ ਲੈਂਦਾ ਹੈ” ਅਤੇ ਨਿਰਦੋਸ਼ ਲੋਕਾਂ ਦੀ ਰੱਖਿਆ ਲਈ ਬਣਾਏ ਗਏ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ। ਵਾਕਈ, “ਨਿਆਉਂ ਵਿੰਗਾ ਨਿੱਕਲਦਾ ਹੈ।” ਇਹ ਭ੍ਰਿਸ਼ਟ ਹੋ ਚੁੱਕਾ ਹੈ। ਕਿੰਨੀ ਭੈੜੀ ਹਾਲਤ!

7. ਹਬੱਕੂਕ ਕੀ ਕਰਨ ਦਾ ਦ੍ਰਿੜ੍ਹ ਇਰਾਦਾ ਕਰਦਾ ਹੈ?

7 ਹਬੱਕੂਕ ਰੁਕ ਕੇ ਇਸ ਹਾਲਤ ਬਾਰੇ ਸੋਚਦਾ ਹੈ। ਕੀ ਉਹ ਹੌਸਲਾ ਹਾਰ ਦੇਵੇਗਾ? ਹਰਗਿਜ਼ ਨਹੀਂ! ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਉੱਤੇ ਕੀਤੇ ਗਏ ਸਾਰੇ ਅਤਿਆਚਾਰ ਉੱਤੇ ਗੌਰ ਕਰਨ ਤੋਂ ਬਾਅਦ, ਇਹ ਨਿਸ਼ਠਾਵਾਨ ਇਨਸਾਨ ਯਹੋਵਾਹ ਦੇ ਨਬੀ ਵਜੋਂ ਸੇਵਾ ਕਰਦੇ ਰਹਿਣ ਦੇ ਆਪਣੇ ਇਰਾਦੇ ਨੂੰ ਦ੍ਰਿੜ੍ਹ ਕਰਦਾ ਹੈ। ਹਬੱਕੂਕ ਪਰਮੇਸ਼ੁਰ ਦੇ ਪੈਗਾਮ ਦਾ ਐਲਾਨ ਕਰਨਾ ਜਾਰੀ ਰੱਖੇਗਾ—ਭਾਵੇਂ ਇਸ ਤਰ੍ਹਾਂ ਕਰਨ ਨਾਲ ਉਸ ਨੂੰ ਆਪਣੀ ਜਾਨ ਦੀ ਬਾਜ਼ੀ ਵੀ ਕਿਉਂ ਨਾ ਲਾਉਣੀ ਪਵੇ।

ਯਹੋਵਾਹ ਇਕ ਹੈਰਾਨ ਕਰ ਦੇਣ ਵਾਲਾ “ਕੰਮ” ਕਰਦਾ ਹੈ

8, 9. ਯਹੋਵਾਹ ਕਿਹੜਾ ਹੈਰਾਨ ਕਰ ਦੇਣ ਵਾਲਾ ਕੰਮ ਕਰ ਰਿਹਾ ਹੈ?

8 ਦਰਸ਼ਣ ਵਿਚ ਹਬੱਕੂਕ ਪਰਮੇਸ਼ੁਰ ਦਾ ਅਪਮਾਨ ਕਰਨ ਵਾਲੇ ਝੂਠੇ ਭਗਤਾਂ ਨੂੰ ਦੇਖਦਾ ਹੈ। ਸੁਣੋ ਯਹੋਵਾਹ ਉਨ੍ਹਾਂ ਨੂੰ ਕੀ ਕਹਿੰਦਾ ਹੈ: “ਕੌਮਾਂ ਵਿੱਚ ਵੇਖੋ ਅਤੇ ਗੌਹ ਕਰੋ, ਅਚਰਜ ਮੰਨੋ।” ਸ਼ਾਇਦ ਹਬੱਕੂਕ ਹੈਰਾਨ ਹੋ ਰਿਹਾ ਹੈ ਕਿ ਪਰਮੇਸ਼ੁਰ ਉਨ੍ਹਾਂ ਦੁਸ਼ਟ ਲੋਕਾਂ ਨੂੰ ਇਸ ਤਰ੍ਹਾਂ ਕਿਉਂ ਕਹਿ ਰਿਹਾ ਹੈ। ਫਿਰ ਉਹ ਯਹੋਵਾਹ ਨੂੰ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਸੁਣਦਾ ਹੈ: “ਹੈਰਾਨ ਹੋਵੋ! ਕਿਉਂ ਜੋ ਤੁਹਾਡੇ ਦਿਨਾਂ ਵਿੱਚ ਮੈਂ ਅਜਿਹਾ ਕੰਮ ਕਰ ਰਿਹਾ ਹਾਂ, ਜਿਹ ਦੀ ਪਰਤੀਤ ਤੁਸੀਂ ਨਹੀਂ ਕਰੋਗੇ, ਜੇ ਉਹ ਤੁਹਾਨੂੰ ਦੱਸਿਆ ਜਾਵੇ!” (ਹਬੱਕੂਕ 1:5) ਅਸਲ ਵਿਚ ਯਹੋਵਾਹ ਖ਼ੁਦ ਉਹ ਕੰਮ ਕਰ ਰਿਹਾ ਹੈ ਜਿਸ ਦੀ ਉਹ ਪਰਤੀਤ ਨਹੀਂ ਕਰ ਸਕਦੇ। ਪਰ ਇਹ ਕੰਮ ਹੈ ਕੀ?

9 ਹਬੱਕੂਕ ਧਿਆਨ ਨਾਲ ਪਰਮੇਸ਼ੁਰ ਦੇ ਅਗਲੇ ਸ਼ਬਦ ਸੁਣਦਾ ਹੈ, ਜੋ ਹਬੱਕੂਕ 1:6-11 ਵਿਚ ਪਾਏ ਜਾਂਦੇ ਹਨ। ਇਹ ਯਹੋਵਾਹ ਦਾ ਪੈਗਾਮ ਹੈ—ਅਤੇ ਕੋਈ ਝੂਠਾ ਦੇਵਤਾ ਜਾਂ ਬੇਜਾਨ ਮੂਰਤੀ ਇਸ ਦੀ ਪੂਰਤੀ ਨੂੰ ਰੋਕ ਨਹੀਂ ਸਕਦੀ: “ਵੇਖੋ ਤਾਂ, ਮੈਂ ਕਸਦੀਆਂ ਨੂੰ ਉਠਾ ਰਿਹਾ ਹਾਂ, ਉਸ ਕੌੜੀ ਅਤੇ ਜੋਸ਼ ਵਾਲੀ ਕੌਮ ਨੂੰ, ਜਿਹੜੇ ਧਰਤੀ ਦੀ ਚੌੜਾਈ ਵਿੱਚ ਤੁਰ ਪੈਂਦੇ ਹਨ, ਭਈ ਵਸੇਬਿਆਂ ਉੱਤੇ ਕਬਜ਼ਾ ਕਰਨ, ਜਿਹੜੇ ਓਹਨਾਂ ਦੇ ਆਪਣੇ ਨਹੀਂ। ਓਹ ਭਿਆਣਕ ਅਤੇ ਹੌਲਨਾਕ ਹਨ, ਓਹਨਾਂ ਦਾ ਨਿਆਉਂ ਅਤੇ ਆਦਰ ਓਹਨਾਂ ਦੀ ਆਪਣੀ ਵੱਲੋਂ ਨਿੱਕਲਦਾ ਹੈ। ਓਹਨਾਂ ਦੇ ਘੋੜੇ ਚਿੱਤਿਆਂ ਨਾਲੋਂ ਤੇਜ਼ ਹਨ, ਅਤੇ ਸੰਝ ਦੇ ਬਘਿਆੜਾਂ ਨਾਲੋਂ ਵਹਿਸ਼ੀ ਹਨ। ਓਹਨਾਂ ਦੇ ਅਸਵਾਰ ਕੁੱਦਦੇ ਟੱਪਦੇ ਅੱਗੇ ਵੱਧਦੇ ਹਨ, ਅਸਵਾਰ ਦੂਰੋਂ ਆਉਂਦੇ ਹਨ, ਓਹ ਉਕਾਬ ਵਾਂਙੁ ਜੋ ਖਾਣ ਲਈ ਜਲਦੀ ਕਰਦਾ ਹੈ ਉੱਡਦੇ ਹਨ! ਓਹ ਸਾਰੇ ਦੇ ਸਾਰੇ ਜ਼ੁਲਮ ਲਈ ਆਉਂਦੇ ਹਨ, ਓਹਨਾਂ ਦੇ ਮੂੰਹਾਂ ਦਾ ਰੁੱਖ ਸਾਹਮਣੇ ਹੈ, ਓਹ ਬੰਧੂਆਂ ਨੂੰ ਰੇਤ ਵਾਂਙੁ ਜਮਾ ਕਰਦੇ ਹਨ। ਓਹ ਰਾਜਿਆਂ ਉੱਤੇ ਠੱਠਾ ਮਾਰਦੇ ਹਨ, ਓਹ ਹਾਕਮਾਂ ਉੱਤੇ ਹੱਸਦੇ ਹਨ, ਓਹ ਹਰੇਕ ਗੜ੍ਹ ਉੱਤੇ ਹੱਸਦੇ ਹਨ, ਓਹ ਮਿੱਟੀ ਦਾ ਦਮਦਮਾ ਬੰਨ੍ਹ ਕੇ ਉਸ ਨੂੰ ਲੈਂਦੇ ਹਨ। ਤਦ ਓਹ ਹਵਾ ਵਾਂਙੁ ਚੱਲਣਗੇ ਅਤੇ ਲੰਘਣਗੇ, ਓਹ ਦੋਸ਼ੀ ਹੋ ਜਾਣਗੇ,—ਓਹਨਾਂ ਦਾ ਬਲ ਓਹਨਾਂ ਦਾ ਦੇਵ ਹੋਵੇਗਾ।”

10. ਯਹੋਵਾਹ ਕਿਨ੍ਹਾਂ ਨੂੰ ਉਕਸਾ ਰਿਹਾ ਹੈ?

10 ਅੱਤ ਮਹਾਨ ਵੱਲੋਂ ਭਵਿੱਖ ਬਾਰੇ ਕਿੰਨੀ ਵੱਡੀ ਚੇਤਾਵਨੀ! ਯਹੋਵਾਹ ਕਸਦੀਆਂ ਦੀ ਨਿਰਦਈ ਕੌਮ ਬਾਬਲ ਨੂੰ ਉਕਸਾ ਰਿਹਾ ਹੈ। “ਧਰਤੀ ਦੀ ਚੌੜਾਈ” ਵਿੱਚੋਂ ਲੰਘਦੇ ਹੋਏ ਉਹ ਬਹੁਤ ਸਾਰੇ ਵਸੇਬਿਆਂ ਉੱਤੇ ਕਬਜ਼ਾ ਕਰਨਗੇ। ਕਿੰਨੀ ਡਰਾਉਣੀ ਗੱਲ! ਕਸਦੀਆਂ ਦਾ ਜੱਥਾ “ਭਿਆਣਕ ਅਤੇ ਹੌਲਨਾਕ” ਹੈ। ਉਹ ਆਪਣੇ ਹੀ ਸਖ਼ਤ ਕਾਨੂੰਨ ਬਣਾਉਂਦਾ ਹੈ। ‘ਓਹਨਾਂ ਦਾ ਨਿਆਉਂ ਓਹਨਾਂ ਦੀ ਆਪਣੀ ਵੱਲੋਂ ਨਿੱਕਲਦਾ ਹੈ।’

11. ਤੁਸੀਂ ਯਹੂਦਾਹ ਵੱਲ ਵੱਧ ਰਹੀਆਂ ਬਾਬਲੀ ਫ਼ੌਜਾਂ ਦਾ ਕਿਵੇਂ ਵਰਣਨ ਕਰੋਗੇ?

11 ਬਾਬਲ ਦੇ ਘੋੜੇ ਫੁਰਤੀਲੇ ਚੀਤਿਆਂ ਨਾਲੋਂ ਵੀ ਤੇਜ਼ ਹਨ। ਉਸ ਦੀ ਘੋੜਸਵਾਰ ਫ਼ੌਜ ਰਾਤ ਨੂੰ ਸ਼ਿਕਾਰ ਕਰ ਰਹੇ ਭੁੱਖੇ ਬਘਿਆੜਾਂ ਨਾਲੋਂ ਵਹਿਸ਼ੀ ਹੈ। ਜੰਗ ਦੇ ਮੈਦਾਨ ਵਿਚ ਜਾਣ ਲਈਉਤਾਵਲੇ ਹੋਣ ਕਰਕੇ ਉਨ੍ਹਾਂ ਦੇ ਘੋੜੇ ਬੇਚੈਨੀ ਨਾਲ “ਕੁੱਦਦੇ ਟੱਪਦੇ ਅੱਗੇ ਵੱਧਦੇ ਹਨ।” ਦੂਰ-ਦੁਰੇਡੇ ਬਾਬਲ ਤੋਂ ਉਹ ਯਹੂਦਾਹ ਵੱਲ ਦੌੜਦੇ ਹਨ। ਇਕ ਤੇਜ਼ ਉੱਡਦੇ ਉਕਾਬ ਵਾਂਗ ਜੋ ਸੁਆਦਲੇ ਖਾਣੇ ਲਈ ਕਾਹਲੀ ਕਰਦਾ ਹੈ, ਕਸਦੀ ਜਲਦੀ ਹੀ ਆਪਣੇ ਸ਼ਿਕਾਰ ਉੱਤੇ ਝੱਪਟਾ ਮਾਰਨਗੇ। ਪਰ ਕੀ ਇਹ ਸਿਰਫ਼ ਥੋੜ੍ਹੇ ਜਿਹੇ ਸਿਪਾਹੀਆਂ ਦੁਆਰਾ ਕੀਤੀ ਗਈ ਲੁੱਟਮਾਰ ਹੋਵੇਗੀ? ਬਿਲਕੁਲ ਨਹੀਂ! ਜਿਵੇਂ ਇਕ ਬਹੁਤ ਵੱਡੀ ਭੀੜ ਤਬਾਹੀ ਮਚਾਉਣ ਲਈ ਅੱਗੇ ਵਧਦੀ ਹੈ, ਉਸੇ ਤਰ੍ਹਾਂ “ਓਹ ਸਾਰੇ ਦੇ ਸਾਰੇ ਜ਼ੁਲਮ ਲਈ ਆਉਂਦੇ ਹਨ।” ਜੋਸ਼ ਵਿਚ ਆ ਕੇ ਉਹ ਪੂਰਬੀ ਪੌਣ ਵਾਂਗ ਤੇਜ਼ੀ ਨਾਲ ਪੱਛਮ ਦਿਸ਼ਾ ਵਿਚ ਯਹੂਦਾਹ ਅਤੇ ਯਰੂਸ਼ਲਮ ਵੱਲ ਵਧਦੇ ਹਨ। ਬਾਬਲੀ ਫ਼ੌਜਾਂ ਇੰਨੇ ਸਾਰੇ ਲੋਕਾਂ ਨੂੰ ਕੈਦੀ ਬਣਾਉਂਦੀਆਂ ਹਨ ਕਿ “ਓਹ ਬੰਧੂਆਂ ਨੂੰ ਰੇਤ ਵਾਂਙੁ ਜਮਾ ਕਰਦੇ ਹਨ।”

12. ਬਾਬਲੀਆਂ ਦਾ ਰਵੱਈਆ ਕਿਸ ਤਰ੍ਹਾਂ ਦਾ ਹੈ ਅਤੇ ਇਹ ਅਜੇਤੂ ਦੁਸ਼ਮਣ ਕਿਸ ਗੱਲ ਦੇ “ਦੋਸ਼ੀ” ਹਨ?

12 ਕਸਦੀਆਂ ਦੀ ਫ਼ੌਜ ਰਾਜਿਆਂ ਨੂੰ ਠੱਠਾ ਕਰਦੀ ਹੈ ਅਤੇ ਹਾਕਮਾਂ ਦਾ ਮਖੌਲ ਉਡਾਉਂਦੀ ਹੈ ਅਤੇ ਉਸ ਨੂੰ ਅੱਗੇ ਵਧਣ ਤੋਂ ਰੋਕਣਾ ਉਨ੍ਹਾਂ ਵਿੱਚੋਂ ਕਿਸੇ ਦੇ ਵੱਸ ਵਿਚ ਨਹੀਂ ਹੈ। ਉਹ ‘ਹਰੇਕ ਗੜ੍ਹ ਉੱਤੇ ਹੱਸਦੀ ਹੈ,’ ਕਿਉਂਕਿ ਹਰ ਕਿਲਾ ਬਾਬਲੀਆਂ ਦੇ ਕਬਜ਼ੇ ਵਿਚ ਆ ਜਾਂਦਾ ਹੈ ਜਦੋਂ ਉਹ ਹਮਲਾ ਕਰਨ ਲਈ ‘ਮਿੱਟੀ ਦਾ ਦਮਦਮਾ ਬੰਨ੍ਹਦੇ ਹਨ।’ ਯਹੋਵਾਹ ਦੇ ਠਹਿਰਾਏ ਹੋਏ ਸਮੇਂ ਤੇ, ਇਹ ਭਿਆਨਕ ਦੁਸ਼ਮਣ “ਹਵਾ ਵਾਂਙੁ ਚੱਲਣਗੇ।” ਯਹੂਦਾਹ ਅਤੇ ਯਰੂਸ਼ਲਮ ਤੇ ਹਮਲਾ ਕਰ ਕੇ, ਉਹ ਅਸਲ ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਹਾਨੀ ਪਹੁੰਚਾਉਣ ਦੇ “ਦੋਸ਼ੀ ਹੋ ਜਾਣਗੇ।” ਤੇਜ਼ੀ ਨਾਲ ਜਿੱਤ ਪ੍ਰਾਪਤ ਕਰਨ ਤੋਂ ਬਾਅਦ, ਕਸਦੀਆਂ ਦਾ ਸੈਨਾਪਤੀ ਸ਼ੇਖ਼ੀ ਮਾਰੇਗਾ: ‘ਇਹ ਬਲ ਸਾਡੇ ਦੇਵ ਤੋਂ ਹੈ।’ ਪਰ ਉਹ ਕਿੰਨਾ ਨਾਦਾਨ ਹੈ!

ਆਸ ਰੱਖਣ ਦਾ ਇਕ ਠੋਸ ਆਧਾਰ

13. ਹਬੱਕੂਕ ਨੂੰ ਯਹੋਵਾਹ ਉੱਤੇ ਆਸ ਅਤੇ ਯਕੀਨ ਕਿਉਂ ਹੈ?

13 ਯਹੋਵਾਹ ਦੇ ਮਕਸਦ ਬਾਰੇ ਜ਼ਿਆਦਾ ਸਮਝ ਪ੍ਰਾਪਤ ਹੋਣ ਨਾਲ, ਹਬੱਕੂਕ ਦੇ ਦਿਲ ਵਿਚ ਆਸ ਪੈਦਾ ਹੁੰਦੀ ਹੈ। ਉਹ ਪੂਰੇ ਯਕੀਨ ਨਾਲ ਯਹੋਵਾਹ ਦੀ ਵਡਿਆਈ ਕਰਦਾ ਹੈ। ਜਿਵੇਂ ਹਬੱਕੂਕ 1:12 ਵਿਚ ਦਰਜ ਹੈ, ਉਹ ਕਹਿੰਦਾ ਹੈ: “ਕੀ ਤੂੰ ਆਦ ਤੋਂ ਨਹੀਂ, ਹੇ ਯਹੋਵਾਹ, ਮੇਰੇ ਪਰਮੇਸ਼ੁਰ, ਮੇਰੇ ਪਵਿੱਤਰ ਪੁਰਖ?” ਵਾਕਈ, ਯਹੋਵਾਹ “ਆਦ ਤੋਂ ਅੰਤ ਤੀਕ”—ਸਦੀਪਕਾਲ ਤਕ—ਪਰਮੇਸ਼ੁਰ ਹੈ।—ਜ਼ਬੂਰ 90:1, 2.

14. ਯਹੂਦਾਹ ਦੇ ਧਰਮ-ਤਿਆਗੀ ਕਿਸ ਤਰ੍ਹਾਂ ਦਾ ਰਵੱਈਆ ਅਪਣਾਉਂਦੇ ਹਨ?

14 ਪਰਮੇਸ਼ੁਰ ਦੁਆਰਾ ਦਿਖਾਏ ਗਏ ਦਰਸ਼ਣ ਉੱਤੇ ਗੌਰ ਕਰਦੇ ਹੋਏ ਅਤੇ ਉਸ ਤੋਂ ਮਿਲੀ ਸਮਝ ਤੋਂ ਆਨੰਦਿਤ ਹੁੰਦੇ ਹੋਏ, ਹਬੱਕੂਕ ਨਬੀ ਅੱਗੇ ਕਹਿੰਦਾ ਹੈ: “ਹੇ ਯਹੋਵਾਹ, ਤੈਂ ਓਹਨਾਂ ਨੂੰ ਨਿਆਉਂ ਲਈ ਠਹਿਰਾਇਆ ਹੈ, ਅਤੇ ਹੇ ਚਟਾਨ, ਤੈਂ ਓਹਨਾਂ ਨੂੰ ਸੁਧਾਰਨ ਲਈ ਥਾਪਿਆ ਹੈ।” ਯਹੋਵਾਹ ਨੇ ਯਹੂਦਾਹ ਦੇ ਧਰਮ-ਤਿਆਗੀਆਂ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਉਹ ਉਨ੍ਹਾਂ ਨੂੰ ਤਾੜਨਾ ਅਤੇ ਸਖ਼ਤ ਸਜ਼ਾ ਦੇਵੇਗਾ। ਉਨ੍ਹਾਂ ਨੂੰ ਯਹੋਵਾਹ ਨੂੰ ਆਪਣੀ ਚਟਾਨ, ਇੱਕੋ-ਇਕ ਅਸਲੀ ਗੜ੍ਹ, ਪਨਾਹ ਅਤੇ ਮੁਕਤੀਦਾਤਾ ਸਮਝਣਾ ਚਾਹੀਦਾ ਸੀ। (ਜ਼ਬੂਰ 62:7; 94:22; 95:1) ਪਰ ਯਹੂਦਾਹ ਦੇ ਧਰਮ-ਤਿਆਗੀ ਆਗੂ ਪਰਮੇਸ਼ੁਰ ਦੇ ਨੇੜੇ ਨਹੀਂ ਆਉਂਦੇ ਅਤੇ ਉਹ ਉਸ ਦੇ ਨਿਰਦੋਸ਼ ਉਪਾਸਕਾਂ ਨੂੰ ਸਤਾਉਣਾ ਜਾਰੀ ਰੱਖਦੇ ਹਨ।

15. ਕਿਸ ਭਾਵ ਵਿਚ ਯਹੋਵਾਹ “ਦੀਆਂ ਅੱਖਾਂ ਬਦੀ ਦੇ ਵੇਖਣ ਨਾਲੋਂ ਸ਼ੁੱਧ ਹਨ”?

15 ਇਹ ਹਾਲਤ ਯਹੋਵਾਹ ਦੇ ਨਬੀ ਨੂੰ ਬਹੁਤ ਦੁਖੀ ਕਰਦੀ ਹੈ। ਇਸ ਲਈ ਉਹ ਕਹਿੰਦਾ ਹੈ: “ਤੂੰ ਜਿਹ ਦੀਆਂ ਅੱਖਾਂ ਬਦੀ ਦੇ ਵੇਖਣ ਨਾਲੋਂ ਸ਼ੁੱਧ ਹਨ, ਜੋ ਅਨ੍ਹੇਰ ਉੱਤੇ ਨਿਗਾਹ ਨਹੀਂ ਰੱਖ ਸੱਕਦਾ।” (ਹਬੱਕੂਕ 1:13) ਜੀ ਹਾਂ, ਯਹੋਵਾਹ “ਦੀਆਂ ਅੱਖਾਂ ਬਦੀ ਦੇ ਵੇਖਣ ਨਾਲੋਂ ਸ਼ੁੱਧ ਹਨ,” ਯਾਨੀ ਕਿ ਉਹ ਬੁਰੇ ਕੰਮਾਂ ਨੂੰ ਸਹਿਣ ਨਹੀਂ ਕਰ ਸਕਦਾ।

16. ਤੁਸੀਂ ਹਬੱਕੂਕ 1:13-17 ਦਾ ਸਾਰ ਕਿਵੇਂ ਦਿਓਗੇ?

16 ਇਸ ਲਈ ਹਬੱਕੂਕ ਦੇ ਮਨ ਵਿਚ ਕੁਝ ਡੂੰਘੇ ਅਰਥ ਵਾਲੇ ਸਵਾਲ ਪੈਦਾ ਹੁੰਦੇ ਹਨ। ਉਹ ਪੁੱਛਦਾ ਹੈ: “ਤੂੰ ਛਲੀਆਂ ਉੱਤੇ ਨਿਗਾਹ ਕਿਉਂ ਰੱਖਦਾ ਹੈਂ? ਤੂੰ ਕਿਉਂ ਚੁੱਪ ਰਹਿੰਦਾ ਹੈਂ ਜਦ ਦੁਸ਼ਟ ਉਹ ਨੂੰ ਨਿਗਲ ਲੈਂਦਾ ਹੈ, ਜੋ ਉਸ ਤੋਂ ਧਰਮੀ ਹੈ? ਤੂੰ ਆਦਮੀਆਂ ਨੂੰ ਸਮੁੰਦਰ ਦੀਆਂ ਮੱਛੀਆਂ ਵਾਂਙੁ ਬਣਾਉਂਦਾ ਹੈਂ, ਉਨ੍ਹਾਂ ਘਿੱਸਰਨ ਵਾਲਿਆਂ ਵਾਂਙੁ ਜਿਨ੍ਹਾਂ ਦਾ ਹਾਕਮ ਨਹੀਂ। ਉਹ ਓਹਨਾਂ ਸਭਨਾਂ ਨੂੰ ਕੁੰਡੀ ਨਾਲ ਉਤਾਹਾਂ ਲੈ ਆਉਂਦਾ ਹੈ, ਉਹ ਓਹਨਾਂ ਨੂੰ ਆਪਣੇ ਜਾਲ ਵਿੱਚ ਖਿੱਚ ਲੈ ਜਾਂਦਾ ਹੈ, ਉਹ ਓਹਨਾਂ ਨੂੰ ਆਪਣੇ ਮਹਾਂ ਜਾਲ ਵਿੱਚ ਇਕੱਠਾ ਕਰਦਾ ਹੈ, ਤਾਂ ਉਹ ਅਨੰਦ ਹੁੰਦਾ ਅਤੇ ਖੁਸ਼ੀ ਮਨਾਉਂਦਾ ਹੈ। ਏਸ ਲਈ ਉਹ ਆਪਣੇ ਜਾਲ ਲਈ ਬਲੀ ਚੜ੍ਹਾਉਂਦਾ ਹੈ, ਅਤੇ ਆਪਣੇ ਮਹਾਂ ਜਾਲ ਲਈ ਧੂਪ ਧੁਖਾਉਂਦਾ ਹੈ! ਕਿਉਂ ਜੋ ਉਨ੍ਹਾਂ ਨਾਲ ਉਹ ਦਾ ਹਿੱਸਾ ਮੋਟਾ, ਅਤੇ ਉਹ ਦਾ ਭੋਜਨ ਥਿੰਧਾ ਹੈ। ਕੀ ਉਹ ਆਪਣੇ ਜਾਲ ਨੂੰ ਖਾਲੀ ਕਰਦਾ ਰਹੇਗਾ, ਅਤੇ ਕੌਮਾਂ ਨੂੰ ਨਿੱਤ ਵੱਢਣ ਤੋਂ ਨਾ ਹਟੇਗਾ?”—ਹਬੱਕੂਕ 1:13-17.

17. (ੳ) ਯਹੂਦਾਹ ਅਤੇ ਯਰੂਸ਼ਲਮ ਉੱਤੇ ਹਮਲਾ ਕਰ ਕੇ ਬਾਬਲੀ ਕਿਵੇਂ ਪਰਮੇਸ਼ੁਰ ਦੇ ਮਕਸਦ ਨੂੰ ਪੂਰਾ ਕਰਦੇ ਹਨ? (ਅ) ਯਹੋਵਾਹ ਹਬੱਕੂਕ ਨੂੰ ਕੀ ਦੱਸੇਗਾ?

17 ਯਹੂਦਾਹ ਅਤੇ ਉਸ ਦੀ ਰਾਜਧਾਨੀ, ਯਰੂਸ਼ਲਮ ਉੱਤੇ ਵਾਰ ਕਰ ਕੇ ਬਾਬਲੀ ਆਪਣੀ ਹੀ ਮਰਜ਼ੀ ਪੂਰੀ ਕਰਨਗੇ। ਉਹ ਨਹੀਂ ਜਾਣਨਗੇ ਕਿ ਪਰਮੇਸ਼ੁਰ ਇਕ ਬੇਵਫ਼ਾ ਕੌਮ ਨੂੰ ਸਜ਼ਾ ਦੇਣ ਲਈ ਉਨ੍ਹਾਂ ਨੂੰ ਵਰਤ ਰਿਹਾ ਹੈ। ਅਸੀਂ ਆਸਾਨੀ ਨਾਲ ਸਮਝ ਸਕਦੇ ਹਾਂ ਕਿ ਹਬੱਕੂਕ ਲਈ ਇਹ ਸਮਝਣਾ ਕਿਉਂ ਔਖਾ ਸੀ ਕਿ ਪਰਮੇਸ਼ੁਰ ਯਹੂਦਾਹ ਕੌਮ ਨੂੰ ਸਜ਼ਾ ਦੇਣ ਵਾਸਤੇ ਦੁਸ਼ਟ ਬਾਬਲੀਆਂ ਨੂੰ ਇਸਤੇਮਾਲ ਕਰੇਗਾ। ਉਹ ਬੇਰਹਿਮ ਕਸਦੀ ਯਹੋਵਾਹ ਦੇ ਉਪਾਸਕ ਨਹੀਂ ਹਨ। ਉਨ੍ਹਾਂ ਦੀਆਂ ਨਜ਼ਰਾਂ ਵਿਚ ਇਨਸਾਨ ਸਿਰਫ਼ ‘ਮੱਛੀਆਂ ਅਤੇ ਘਿੱਸਰਨ ਵਾਲੇ’ ਜੰਤੂਆਂ ਦੇ ਬਰਾਬਰ ਹਨ, ਜਿਨ੍ਹਾਂ ਨੂੰ ਫੜ ਕੇ ਗ਼ੁਲਾਮ ਬਣਾਇਆ ਜਾਣਾ ਚਾਹੀਦਾ ਹੈ। ਪਰ ਹਬੱਕੂਕ ਇਨ੍ਹਾਂ ਗੱਲਾਂ ਬਾਰੇ ਬਹੁਤਾ ਚਿਰ ਪਰੇਸ਼ਾਨ ਨਹੀਂ ਰਹੇਗਾ। ਛੇਤੀ ਹੀ ਯਹੋਵਾਹ ਆਪਣੇ ਨਬੀ ਨੂੰ ਦੱਸੇਗਾ ਕਿ ਬਾਬਲੀ ਆਪਣੀ ਲਾਲਚੀ ਲੁੱਟ-ਮਾਰ ਅਤੇ ਆਪਣੇ ਬੇਰਹਿਮ ਖ਼ੂਨ-ਖਰਾਬੇ ਦੇ ਕਾਰਨ ਸਜ਼ਾ ਭੋਗਣਗੇ।—ਹਬੱਕੂਕ 2:8.

ਯਹੋਵਾਹ ਦੀ ਅਗਲੀ ਬਾਣੀ ਸੁਣਨ ਲਈ ਤਿਆਰ

18. ਹਬੱਕੂਕ 2:1 ਵਿਚ ਅਸੀਂ ਹਬੱਕੂਕ ਦੇ ਰਵੱਈਏ ਤੋਂ ਕੀ ਸਿੱਖ ਸਕਦੇ ਹਾਂ?

18 ਪਰ ਹੁਣ, ਹਬੱਕੂਕ ਯਹੋਵਾਹ ਦੀ ਅਗਲੀ ਬਾਣੀ ਸੁਣਨ ਦਾ ਇੰਤਜ਼ਾਰ ਕਰਦਾ ਹੈ। ਉਹ ਦ੍ਰਿੜ੍ਹਤਾ ਨਾਲ ਕਹਿੰਦਾ ਹੈ: “ਮੈਂ ਆਪਣੇ ਪਹਿਰੇ ਉੱਤੇ ਖਲੋਵਾਂਗਾ, ਅਤੇ ਬੁਰਜ ਉੱਤੇ ਖੜਾ ਰਹਾਂਗਾ, ਅਤੇ ਤੱਕਾਂਗਾ ਭਈ ਮੈਂ ਵੇਖਾਂ ਕਿ ਉਹ ਮੈਨੂੰ ਕੀ ਆਖੇ, ਅਤੇ ਮੈਂ ਆਪਣੇ ਉਲਾਹਮੇ ਦਾ ਕੀ ਉੱਤਰ ਦਿਆਂ।” (ਹਬੱਕੂਕ 2:1) ਹਬੱਕੂਕ ਨਬੀ ਇਹ ਜਾਣਨ ਲਈ ਬਹੁਤ ਉਤਾਵਲਾ ਹੈ ਕਿ ਪਰਮੇਸ਼ੁਰ ਉਸ ਦੇ ਜ਼ਰੀਏ ਅਜੇ ਹੋਰ ਕੀ-ਕੀ ਕਹੇਗਾ। ਉਸ ਨੂੰ ਪੂਰਾ ਵਿਸ਼ਵਾਸ ਹੈ ਕਿ ਯਹੋਵਾਹ ਇਕ ਅਜਿਹਾ ਪਰਮੇਸ਼ੁਰ ਹੈ ਜੋ ਬੁਰਾਈ ਨਹੀਂ ਸਹਾਰ ਸਕਦਾ। ਇਸ ਲਈ ਹਬੱਕੂਕ ਸੋਚਾਂ ਵਿਚ ਪੈ ਜਾਂਦਾ ਹੈ ਕਿ ਦੁਸ਼ਟਤਾ ਕਿਉਂ ਇੰਨੀ ਫੈਲੀ ਹੋਈ ਹੈ, ਪਰ ਉਹ ਆਪਣੀ ਸੋਚਣੀ ਨੂੰ ਸੁਧਾਰਨ ਲਈ ਤਿਆਰ ਹੈ। ਤਾਂ ਫਿਰ, ਸਾਡੇ ਬਾਰੇ ਕੀ? ਕਦੇ-ਕਦੇ ਅਸੀਂ ਵੀ ਸ਼ਾਇਦ ਹੈਰਾਨ ਹੋ ਸਕਦੇ ਹਾਂ ਕਿ ਪਰਮੇਸ਼ੁਰ ਬੁਰਾਈ ਨੂੰ ਕਿਉਂ ਸਹਾਰਦਾ ਹੈ, ਪਰ ਜੇਕਰ ਅਸੀਂ ਯਹੋਵਾਹ ਪਰਮੇਸ਼ੁਰ ਦੀ ਧਾਰਮਿਕਤਾ ਵਿਚ ਵਿਸ਼ਵਾਸ ਰੱਖਦੇ ਹਾਂ, ਤਾਂ ਅਸੀਂ ਆਪਣਾ ਸੰਤੁਲਨ ਕਾਇਮ ਰੱਖ ਸਕਾਂਗੇ ਅਤੇ ਉਸ ਉੱਤੇ ਪੂਰਾ ਭਰੋਸਾ ਰੱਖਾਂਗੇ।—ਜ਼ਬੂਰ 42:5, 11.

19. ਪਰਮੇਸ਼ੁਰ ਵੱਲੋਂ ਹਬੱਕੂਕ ਨੂੰ ਦਿੱਤੇ ਬਚਨ ਦੇ ਮੁਤਾਬਕ ਅੜਬ ਯਹੂਦੀਆਂ ਨੂੰ ਕੀ ਹੋਇਆ?

19 ਯਹੋਵਾਹ ਹਬੱਕੂਕ ਨੂੰ ਦਿੱਤੇ ਗਏ ਬਚਨ ਤੇ ਪੂਰਾ ਉਤਰਿਆ। ਉਸ ਨੇ ਅੜਬ ਯਹੂਦੀ ਕੌਮ ਨੂੰ ਸਜ਼ਾ ਦੇਣ ਲਈ ਬਾਬਲੀ ਫ਼ੌਜਾਂ ਨੂੰ ਯਹੂਦਾਹ ਤੇ ਹਮਲਾ ਕਰਨ ਦਿੱਤਾ। ਬਾਬਲੀਆਂ ਨੇ 607 ਸਾ.ਯੁ.ਪੂ. ਵਿਚ ਯਰੂਸ਼ਲਮ ਅਤੇ ਹੈਕਲ ਨੂੰ ਤਬਾਹ ਕਰ ਦਿੱਤਾ, ਬੁੱਢਿਆਂ ਅਤੇ ਜਵਾਨਾਂ ਦੋਹਾਂ ਦਾ ਕਤਲ ਕੀਤਾ, ਨਾਲੇ ਕਈਆਂ ਨੂੰ ਕੈਦੀ ਬਣਾ ਕੇ ਲੈ ਗਏ। (2 ਇਤਹਾਸ 36:17-20) ਬਾਬਲ ਵਿਚ ਲੰਮੀ ਜਲਾਵਤਨੀ ਕੱਟਣ ਤੋਂ ਬਾਅਦ, ਬਾਕੀ ਬਚੇ ਵਫ਼ਾਦਾਰ ਯਹੂਦੀ ਆਪਣੇ ਵਤਨ ਵਾਪਸ ਆਏ ਅਤੇ ਹੈਕਲ ਨੂੰ ਮੁੜ ਉਸਾਰਿਆ। ਪਰ ਇਸ ਤੋਂ ਬਾਅਦ ਯਹੂਦੀ ਲੋਕ ਯਹੋਵਾਹ ਪ੍ਰਤੀ ਦੁਬਾਰਾ ਬੇਵਫ਼ਾ ਹੋ ਗਏ—ਖ਼ਾਸ ਕਰਕੇ ਜਦੋਂ ਉਨ੍ਹਾਂ ਨੇ ਯਿਸੂ ਨੂੰ ਮਸੀਹਾ ਮੰਨਣ ਤੋਂ ਇਨਕਾਰ ਕੀਤਾ।

20. ਪੌਲੁਸ ਨੇ ਯਿਸੂ ਨੂੰ ਠੁਕਰਾਉਣ ਦੇ ਸੰਬੰਧ ਵਿਚ ਹਬੱਕੂਕ 1:5 ਨੂੰ ਕਿਵੇਂ ਇਸਤੇਮਾਲ ਕੀਤਾ?

20ਰਸੂਲਾਂ ਦੇ ਕਰਤੱਬ 13:38-41 ਅਨੁਸਾਰ, ਪੌਲੁਸ ਰਸੂਲ ਨੇ ਅੰਤਾਕਿਯਾ ਵਿਚ ਰਹਿ ਰਹੇ ਯਹੂਦੀਆਂ ਨੂੰ ਦੱਸਿਆ ਕਿ ਯਿਸੂ ਨੂੰ ਰੱਦ ਕਰ ਕੇ ਉਸ ਦੇ ਰਿਹਾਈ-ਕੀਮਤ ਬਲੀਦਾਨ ਨੂੰ ਠੁਕਰਾਉਣ ਦਾ ਨਤੀਜਾ ਕੀ ਨਿਕਲੇਗਾ। ਯੂਨਾਨੀ ਸੈਪਟੁਜਿੰਟ ਅਨੁਵਾਦ ਵਿੱਚੋਂ ਹਬੱਕੂਕ 1:5 ਦਾ ਹਵਾਲਾ ਦਿੰਦੇ ਹੋਏ, ਪੌਲੁਸ ਨੇ ਚੇਤਾਵਨੀ ਦਿੱਤੀ: “ਤੁਸੀਂ ਚੌਕਸ ਰਹੋ ਕਿਤੇ ਐਉਂ ਨਾ ਹੋਵੇ ਕਿ ਉਹ ਜੋ ਨਬੀਆਂ ਵਿੱਚ ਕਿਹਾ ਗਿਆ ਹੈ ਸੋ ਤੁਹਾਡੇ ਉੱਤੇ ਆ ਪਵੇ ਕਿ—ਹੇ ਤੁੱਛ ਜਾਣਨ ਵਾਲਿਓ ਵੇਖੋ, ਅਤੇ ਅਚਰਜ ਮੰਨੋ, ਅਰ ਨਸ਼ਟ ਹੋ ਜਾਓ! ਕਿਉਂ ਜੋ ਮੈਂ ਤੁਹਾਡੇ ਦਿਨਾਂ ਵਿੱਚ ਇੱਕ ਕਾਰਜ ਕਰਦਾ ਹਾਂ, ਅਜਿਹਾ ਕਾਰਜ ਕਿ ਭਾਵੇਂ ਕੋਈ ਤੁਹਾਨੂੰ ਦੱਸੇ, ਪਰ ਤੁਸੀਂ ਕਦੀ ਉਹ ਨੂੰ ਸਤ ਨਾ ਮੰਨੋਗੇ।” ਪੌਲੁਸ ਦੇ ਹਵਾਲੇ ਅਨੁਸਾਰ, ਹਬੱਕੂਕ 1:5 ਦੀ ਦੂਸਰੀ ਪੂਰਤੀ 70 ਸਾ.ਯੁ. ਵਿਚ ਹੋਈ ਸੀ ਜਦੋਂ ਰੋਮੀ ਫ਼ੌਜਾਂ ਨੇ ਯਰੂਸ਼ਲਮ ਅਤੇ ਉਸ ਦੀ ਹੈਕਲ ਨੂੰ ਸੱਤਿਆਨਾਸ ਕੀਤਾ।

21. ਬਾਬਲੀ ਫ਼ੌਜਾਂ ਦੁਆਰਾ ਯਰੂਸ਼ਲਮ ਨੂੰ ਤਬਾਹ ਕਰਨ ਦੇ ਪਰਮੇਸ਼ੁਰ ਦੇ “ਕਾਰਜ” ਨੂੰ ਹਬੱਕੂਕ ਦੇ ਜ਼ਮਾਨੇ ਦੇ ਯਹੂਦੀਆਂ ਨੇ ਕਿਵੇਂ ਵਿਚਾਰਿਆ?

21 ਹਬੱਕੂਕ ਦੇ ਜ਼ਮਾਨੇ ਦੇ ਯਹੂਦੀਆਂ ਨੂੰ ਬਾਬਲੀ ਫ਼ੌਜਾਂ ਦੁਆਰਾ ਯਰੂਸ਼ਲਮ ਨੂੰ ਨਾਸ਼ ਕਰਨ ਦਾ ਪਰਮੇਸ਼ੁਰ ਦਾ “ਕਾਰਜ” ਨਾਮੁਮਕਿਨ ਲੱਗਦਾ ਸੀ, ਕਿਉਂਕਿ ਉਹ ਸ਼ਹਿਰ ਯਹੋਵਾਹ ਦੀ ਉਪਾਸਨਾ ਦੀ ਜਗ੍ਹਾ ਸੀ ਅਤੇ ਉੱਥੇ ਉਸ ਦੇ ਮਸਹ ਕੀਤੇ ਹੋਏ ਰਾਜੇ ਦਾ ਤਖ਼ਤ ਸੀ। (ਜ਼ਬੂਰ 132:11-18) ਯਰੂਸ਼ਲਮ ਦਾ ਪਹਿਲਾਂ ਕਦੇ ਨਾਸ਼ ਨਹੀਂ ਹੋਇਆ ਸੀ। ਉਸ ਦੀ ਹੈਕਲ ਨੂੰ ਪਹਿਲਾਂ ਕਦੇ ਨਹੀਂ ਸਾੜਿਆ ਗਿਆ ਸੀ। ਦਾਊਦ ਦਾ ਸ਼ਾਹੀ ਘਰਾਣਾ ਪਹਿਲਾਂ ਕਦੇ ਵੀ ਬਰਬਾਦ ਨਹੀਂ ਕੀਤਾ ਗਿਆ ਸੀ। ਇਹ ਗੱਲ ਤਾਂ ਮੰਨੀ ਹੀ ਨਹੀਂ ਜਾ ਸਕਦੀ ਸੀ ਕਿ ਯਹੋਵਾਹ ਅਜਿਹੀ ਚੀਜ਼ ਹੋਣ ਦੇਵੇਗਾ। ਪਰ ਹਬੱਕੂਕ ਦੇ ਜ਼ਰੀਏ ਪਰਮੇਸ਼ੁਰ ਨੇ ਸਾਫ਼-ਸਾਫ਼ ਚੇਤਾਵਨੀ ਦਿੱਤੀ ਕਿ ਇਹ ਭਿਆਨਕ ਘਟਨਾਵਾਂ ਜ਼ਰੂਰ ਵਾਪਰਨਗੀਆਂ। ਅਤੇ ਇਤਿਹਾਸ ਸਾਬਤ ਕਰਦਾ ਹੈ ਕਿ ਭਵਿੱਖਬਾਣੀ ਦੇ ਮੁਤਾਬਕ ਇਹ ਘਟਨਾਵਾਂ ਵਾਪਰੀਆਂ ਸਨ।

ਸਾਡੇ ਜ਼ਮਾਨੇ ਵਿਚ ਪਰਮੇਸ਼ੁਰ ਦਾ ਹੈਰਾਨ ਕਰ ਦੇਣ ਵਾਲਾ “ਕਾਰਜ”

22. ਸਾਡੇ ਜ਼ਮਾਨੇ ਵਿਚ ਯਹੋਵਾਹ ਦੇ ਹੈਰਾਨ ਕਰ ਦੇਣ ਵਾਲੇ “ਕਾਰਜ” ਵਿਚ ਕੀ ਕੁਝ ਸ਼ਾਮਲ ਹੋਵੇਗਾ?

22 ਕੀ ਯਹੋਵਾਹ ਸਾਡੇ ਜ਼ਮਾਨੇ ਵਿਚ ਵੀ ਹੈਰਾਨ ਕਰ ਦੇਣ ਵਾਲਾ “ਕਾਰਜ” ਕਰੇਗਾ? ਯਕੀਨਨ ਉਹ ਕਰੇਗਾ, ਭਾਵੇਂ ਇਹ ਗੱਲ ਸ਼ੱਕੀ ਲੋਕਾਂ ਨੂੰ ਨਾ ਮੰਨਣਯੋਗ ਲੱਗੇ। ਇਸ ਵਾਰ, ਯਹੋਵਾਹ ਦਾ ਹੈਰਾਨ ਕਰ ਦੇਣ ਵਾਲਾ ਕਾਰਜ ਈਸਾਈ-ਜਗਤ ਦਾ ਵਿਨਾਸ਼ ਹੋਵੇਗਾ। ਪ੍ਰਾਚੀਨ ਯਹੂਦਾਹ ਵਾਂਗ, ਇਹ ਵੀ ਪਰਮੇਸ਼ੁਰ ਦੀ ਉਪਾਸਨਾ ਕਰਨ ਦਾ ਦਾਅਵਾ ਕਰਦਾ ਹੈ, ਪਰ ਇਹ ਬਿਲਕੁਲ ਭ੍ਰਿਸ਼ਟ ਹੋ ਚੁੱਕਾ ਹੈ। ਯਹੋਵਾਹ ਨਿਸ਼ਚਿਤ ਕਰੇਗਾ ਕਿ ਛੇਤੀ ਹੀ ਝੂਠੇ ਧਰਮ ਦੇ ਵਿਸ਼ਵ ਸਾਮਰਾਜ, ‘ਵੱਡੀ ਬਾਬੁਲ’ ਦੇ ਨਾਲ-ਨਾਲ ਈਸਾਈ-ਜਗਤ ਦੀ ਧਾਰਮਿਕ ਵਿਵਸਥਾ ਦਾ ਵੀ ਨਾਮੋ-ਨਿਸ਼ਾਨ ਮਿਟਾਇਆ ਜਾਵੇ।—ਪਰਕਾਸ਼ ਦੀ ਪੋਥੀ 18:1-24.

23. ਪਰਮੇਸ਼ੁਰ ਦੀ ਪਵਿੱਤਰ ਆਤਮਾ ਨੇ ਹਬੱਕੂਕ ਨੂੰ ਅੱਗੇ ਕੀ ਕਰਨ ਲਈ ਪ੍ਰੇਰਿਤ ਕੀਤਾ?

23 ਸਾਲ 607 ਸਾ.ਯੁ.ਪੂ. ਵਿਚ ਯਰੂਸ਼ਲਮ ਦੀ ਤਬਾਹੀ ਤੋਂ ਪਹਿਲਾਂ, ਯਹੋਵਾਹ ਕੋਲ ਹਬੱਕੂਕ ਲਈ ਇਕ ਹੋਰ ਕੰਮ ਕਰਨ ਲਈ ਸੀ। ਪਰਮੇਸ਼ੁਰ ਆਪਣੇ ਨਬੀ ਨੂੰ ਅਜੇ ਹੋਰ ਕੀ-ਕੀ ਦੱਸੇਗਾ? ਹਬੱਕੂਕ ਤਾਂ ਅਜਿਹੀਆਂ ਗੱਲਾਂ ਸੁਣੇਗਾ ਜੋ ਉਸ ਨੂੰ ਆਪਣਾ ਸਾਜ਼ ਵਜਾਉਣ ਲਈ ਅਤੇ ਯਹੋਵਾਹ ਨੂੰ ਪ੍ਰਾਰਥਨਾ ਵਿਚ ਵਿਰਲਾਪ ਵਾਲੇ ਗੀਤ ਗਾਉਣ ਲਈ ਪ੍ਰੇਰਿਤ ਕਰੇਗਾ। ਪਰ ਪਹਿਲਾਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਵੱਡੀਆਂ-ਵੱਡੀਆਂ ਫਿਟਕਾਰਾਂ ਪਾਉਣ ਲਈ ਨਬੀ ਨੂੰ ਪ੍ਰੇਰਿਤ ਕਰੇਗੀ। ਨਿਸ਼ਚੇ ਹੀ ਅਸੀਂ ਯਹੋਵਾਹ ਦੇ ਠਹਿਰਾਏ ਹੋਏ ਸਮੇਂ ਲਈ ਕੀਤੇ ਗਏ ਅਜਿਹੇ ਅਗੰਮ ਵਾਕ ਦੇ ਡੂੰਘੇ ਮਤਲਬ ਦੀ ਸਮਝ ਹਾਸਲ ਕਰਨੀ ਚਾਹਾਂਗੇ। ਇਸ ਲਈ ਆਓ ਅਸੀਂ ਹਬੱਕੂਕ ਦੀ ਭਵਿੱਖਬਾਣੀ ਵੱਲ ਹੋਰ ਧਿਆਨ ਦੇਈਏ।

ਕੀ ਤੁਹਾਨੂੰ ਯਾਦ ਹੈ?

• ਹਬੱਕੂਕ ਦੇ ਜ਼ਮਾਨੇ ਵਿਚ ਯਹੂਦਾਹ ਦੇ ਹਾਲਾਤ ਕਿਸ ਤਰ੍ਹਾਂ ਦੇ ਸਨ?

• ਹਬੱਕੂਕ ਦੇ ਜ਼ਮਾਨੇ ਵਿਚ ਯਹੋਵਾਹ ਨੇ ਕਿਹੜਾ ਹੈਰਾਨ ਕਰ ਦੇਣ ਵਾਲਾ “ਕੰਮ” ਕੀਤਾ?

• ਹਬੱਕੂਕ ਕੋਲ ਉਮੀਦ ਕਰਨ ਦਾ ਕੀ ਆਧਾਰ ਸੀ?

• ਪਰਮੇਸ਼ੁਰ ਸਾਡੇ ਜ਼ਮਾਨੇ ਵਿਚ ਕਿਹੜਾ ਹੈਰਾਨ ਕਰ ਦੇਣ ਵਾਲਾ “ਕਾਰਜ” ਕਰੇਗਾ?

[ਸਵਾਲ]

[ਸਫ਼ੇ 9 ਉੱਤੇ ਤਸਵੀਰ]

ਹਬੱਕੂਕ ਹੈਰਾਨ ਸੀ ਕਿ ਪਰਮੇਸ਼ੁਰ ਨੇ ਦੁਸ਼ਟਤਾ ਨੂੰ ਕਿਉਂ ਰਹਿਣ ਦਿੱਤਾ ਹੈ। ਕੀ ਤੁਸੀਂ ਵੀ ਹੈਰਾਨ ਹੁੰਦੇ ਹੋ?

[ਸਫ਼ੇ 10 ਉੱਤੇ ਤਸਵੀਰ]

ਹਬੱਕੂਕ ਨੇ ਬਾਬਲੀਆਂ ਦੇ ਹੱਥੋਂ ਯਹੂਦਾਹ ਦੇਸ਼ ਦੀ ਤਬਾਹੀ ਦੀ ਭਵਿੱਖਬਾਣੀ ਕੀਤੀ

[ਸਫ਼ੇ 10 ਉੱਤੇ ਤਸਵੀਰ]

607 ਸਾ.ਯੁ.ਪੂ. ਵਿਚ ਨਾਸ਼ ਕੀਤੇ ਗਏ ਯਰੂਸ਼ਲਮ ਦੇ ਖੰਡਰਾਤ