Skip to content

Skip to table of contents

ਦ੍ਰਿੜ੍ਹਤਾ ਰਾਹੀਂ ਕਾਮਯਾਬੀ

ਦ੍ਰਿੜ੍ਹਤਾ ਰਾਹੀਂ ਕਾਮਯਾਬੀ

ਦ੍ਰਿੜ੍ਹਤਾ ਰਾਹੀਂ ਕਾਮਯਾਬੀ

ਲੋਕਾਂ ਵਿਚ ਦ੍ਰਿੜ੍ਹਤਾ ਦੀ ਖੂਬੀ ਅੱਜ-ਕੱਲ੍ਹ ਘੱਟ ਹੀ ਦਿਖਾਈ ਦਿੰਦੀ ਹੈ। ਬਹੁਤ ਸਾਰੇ ਲੋਕ ਇਹ ਮੰਨਦੇ ਹਨ ਕਿ ਕਾਮਯਾਬੀ ਦ੍ਰਿੜ੍ਹ ਰਹਿਣ ਦੀ ਬਜਾਇ, ਇਤਫ਼ਾਕ ਉੱਤੇ ਜ਼ਿਆਦਾ ਨਿਰਭਰ ਕਰਦੀ ਹੈ। ਅਸਲ ਵਿਚ, ਇਸ ਤਰ੍ਹਾਂ ਦੀ ਸੋਚਣੀ ਰੱਖਣ ਵਾਲਿਆਂ ਦਾ ਆਪਣਾ ਕਸੂਰ ਨਹੀਂ ਹੈ। ਕਿਉਂ? ਕਿਉਂਕਿ ਪ੍ਰਸਾਰ ਮਾਧਿਅਮ ਦੁਆਰਾ ਅਚੇਤਨ ਰੂਪ ਵਿਚ ਟੁੰਬਣ ਵਾਲੇ ਅਜਿਹੇ ਇਸ਼ਤਿਹਾਰਾਂ ਦੀ ਭਰਮਾਰ ਪਾਈ ਜਾਂਦੀ ਹੈ ਜੋ ਇਹ ਪ੍ਰਭਾਵ ਛੱਡਦੇ ਹਨ ਕਿ ਜੋ ਕੁਝ ਵੀ ਤੁਸੀਂ ਕਰਨਾ ਚਾਹੁੰਦੇ ਹੋ, ਬਿਲਕੁਲ ਮਾਮੂਲੀ ਜਿਹੇ ਜਤਨਾਂ ਨਾਲ ਤੇ ਥੋੜ੍ਹੇ ਜਿਹੇ ਜ਼ਿਆਦਾ ਰੁਪਏ-ਪੈਸੇ ਨਾਲ ਕਰ ਸਕਦੇ ਹੋ। ਅਖ਼ਬਾਰਾਂ ਵਿਚ ਰਾਤੋ-ਰਾਤ ਕਾਮਯਾਬੀ ਹਾਸਲ ਕਰਨ ਵਾਲਿਆਂ ਦੀਆਂ ਅਤੇ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਇਕਦਮ ਬਾਅਦ ਛੋਟੀ ਉਮਰੇ ਲੱਖਾਂ ਹੀ ਰੁਪਏ ਕਮਾਉਣ ਵਾਲੇ ਵਪਾਰੀਆਂ ਦੀਆਂ ਕਹਾਣੀਆਂ ਲਗਾਤਾਰ ਛਪਦੀਆਂ ਰਹਿੰਦੀਆਂ ਹਨ।

ਲੈਨਡ ਪਿਟਸ ਬੜੇ ਦੁੱਖ ਨਾਲ ਕਹਿੰਦਾ ਹੈ: “ਬਹੁਤ ਸਾਰੇ ਲੋਕਾਂ ਨੂੰ ਕਾਮਯਾਬੀ ਹਾਸਲ ਕਰਨੀ ਬੜੀ ਆਸਾਨ ਜਿਹੀ ਗੱਲ ਲੱਗਦੀ ਹੈ। ਪਰ, ਅਜਿਹੇ ਲੋਕ ਸੁਣੀਆਂ-ਸੁਣਾਈਆਂ ਕਾਮਯਾਬੀ ਦੀਆਂ ਕਹਾਣੀਆਂ ਦੀ ਅਸਲੀਅਤ ਤੋਂ ਵਾਕਫ਼ ਨਹੀਂ ਹੁੰਦੇ। . . . ਇਸ ਤਰ੍ਹਾਂ ਲੱਗਦਾ ਹੈ ਕਿ ਜੇ ਕਿਸੇ ਵਿਅਕਤੀ ਨੂੰ ਕਿਸੇ ਕੰਮ ਨੂੰ ਕਰਨ ਦਾ ਬੱਸ ਤਰੀਕਾ ਸਮਝ ਆ ਜਾਵੇ, ਜਾਂ ਯੋਗਤਾ ਹੋਵੇ, ਜਾਂ ਰੱਬੀ ਮਦਦ ਉਸ ਦਾ ਸਾਥ ਦੇਵੇ, ਤਾਂ ਕੋਈ ਵੀ ਇਨਸਾਨ ਕੁਝ ਵੀ ਕਰ ਸਕਦਾ ਹੈ।”

ਦ੍ਰਿੜ੍ਹਤਾ ਕੀ ਹੈ?

ਦ੍ਰਿੜ੍ਹ ਰਹਿਣ ਦਾ ਮਤਲਬ ‘ਰੁਕਾਵਟਾਂ ਜਾਂ ਮੁਸ਼ਕਲਾਂ ਦੇ ਬਾਵਜੂਦ ਕਿਸੇ ਮਕਸਦ, ਕਿਸੇ ਹਾਲਤ ਜਾਂ ਕਿਸੇ ਕੰਮ ਨੂੰ ਮਜ਼ਬੂਤੀ ਨਾਲ ਫੜਨਾ ਹੈ।’ ਦੂਜੇ ਸ਼ਬਦਾਂ ਵਿਚ ਇਸ ਦਾ ਭਾਵ ਮੁਸ਼ਕਲਾਂ ਦੇ ਬਾਵਜੂਦ ਵੀ ਡਟੇ ਰਹਿਣਾ, ਟਿਕੇ ਰਹਿਣਾ ਅਤੇ ਪਿੱਛੇ ਨਾ ਹਟਣਾ ਹੈ। ਬਾਈਬਲ ਵਿਚ ਇਸ ਖੂਬੀ ਦੀ ਅਹਿਮੀਅਤ ਦੱਸੀ ਗਈ ਹੈ। ਉਦਾਹਰਣ ਲਈ, ਪਰਮੇਸ਼ੁਰ ਦਾ ਬਚਨ ਸਾਨੂੰ ਉਤਸ਼ਾਹਿਤ ਕਰਦਾ ਹੈ: ‘ਪਰ ਤੁਸੀਂ ਪਹਿਲਾਂ ਉਹ ਦਾ ਰਾਜ ਭਾਲਦੇ ਰਹੋ,’ ‘ਖੜਕਾਉਂਦੇ ਰਹੋ,’ “ਪ੍ਰਾਰਥਨਾ ਲਗਾਤਾਰ ਕਰਦੇ ਰਹੋ” ਅਤੇ “ਖਰੀਆਂ [ਗੱਲਾਂ] ਨੂੰ ਫੜੀ ਰੱਖੋ।”—ਮੱਤੀ 6:33; ਲੂਕਾ 11:9, ਨਿ ਵ; ਰੋਮੀਆਂ 12:12; 1 ਥੱਸਲੁਨੀਕੀਆਂ 5:21.

ਦ੍ਰਿੜ੍ਹ ਰਹਿਣ ਦਾ ਇਕ ਜ਼ਰੂਰੀ ਹਿੱਸਾ ਉਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਹੈ ਜਿਨ੍ਹਾਂ ਦਾ ਆਉਣਾ ਲਾਜ਼ਮੀ ਹੀ ਹੈ। ਕਹਾਉਤਾਂ 24:16 ਕਹਿੰਦਾ ਹੈ: “ਧਰਮੀ ਸੱਤ ਵਾਰੀ ਡਿੱਗ ਕੇ ਉੱਠ ਖਲੋਂਦਾ ਹੈ, ਪਰ ਦੁਸ਼ਟ ਬਿਪਤਾ ਨਾਲ ਉਲਟਾਏ ਜਾਂਦੇ ਹਨ।” (ਟੇਢੇ ਟਾਈਪ ਸਾਡੇ।) ਜਦੋਂ ਮੁਸ਼ਕਲਾਂ ਆਉਂਦੀਆਂ ਹਨ ਜਾਂ ਨਾਕਾਮਯਾਬੀ ਮਿਲਦੀ ਹੈ, ਤਾਂ ਹਾਰ ਮੰਨਣ ਦੀ ਬਜਾਇ, ਦ੍ਰਿੜ੍ਹ ਰਹਿਣ ਵਾਲਾ ਵਿਅਕਤੀ “ਉੱਠ ਖਲੋਂਦਾ,” ‘ਲਗਾਤਾਰ ਕਰਦਾ ਰਹਿੰਦਾ’ ਅਤੇ ਦੁਬਾਰਾ ਕੋਸ਼ਿਸ਼ ਕਰਦਾ ਹੈ।

ਪਰ ਕਈ ਲੋਕ, ਆਉਣ ਵਾਲੀਆਂ ਮੁਸ਼ਕਲਾਂ ਅਤੇ ਨਾਕਾਮਯਾਬੀਆਂ ਦਾ ਸਾਮ੍ਹਣਾ ਕਰਨ ਲਈ ਤਿਆਰ ਨਹੀਂ ਹੁੰਦੇ। ਉਨ੍ਹਾਂ ਨੇ ਦ੍ਰਿੜ੍ਹ ਰਹਿਣ ਦੀ ਇੱਛਾ ਕਦੇ ਵੀ ਆਪਣੇ ਅੰਦਰ ਪੈਦਾ ਨਹੀਂ ਕੀਤੀ ਹੁੰਦੀ, ਇਸ ਲਈ ਉਹ ਝੱਟ ਹੀ ਹਾਰ ਮੰਨ ਲੈਂਦੇ ਹਨ। ਇਕ ਲਿਖਾਰੀ ਮੋਰਲੀ ਕਾਲਾਹਨ ਇੰਜ ਟਿੱਪਣੀ ਕਰਦਾ ਹੈ: “ਬਹੁਤ ਸਾਰੇ ਲੋਕ ਨਾਕਾਮਯਾਬ ਹੋਣ ਤੇ ਇੱਦਾਂ ਦੀ ਪ੍ਰਤਿਕ੍ਰਿਆ ਦਿਖਾਉਂਦੇ ਹਨ ਜਿਸ ਨਾਲ ਉਨ੍ਹਾਂ ਦਾ ਆਪਣਾ ਹੀ ਨੁਕਸਾਨ ਹੁੰਦਾ ਹੈ। ਉਹ ਆਪਣੇ ਉੱਤੇ ਤਰਸ ਖਾਣ ਲੱਗ ਪੈਂਦੇ ਹਨ, ਉਹ ਸਾਰਿਆਂ ਉੱਤੇ ਦੋਸ਼ ਲਾਉਣ ਲੱਗ ਪੈਂਦੇ ਹਨ, ਉਹ ਖਿਝ ਜਾਂਦੇ ਹਨ ਅਤੇ . . . ਢੇਰੀ ਢਾਹ ਲੈਂਦੇ ਹਨ।”

ਇਹ ਬੜੇ ਦੁੱਖ ਦੀ ਗੱਲ ਹੈ। ਪਿਟਸ ਅੱਗੋਂ ਕਹਿੰਦਾ ਹੈ: “ਅਸੀਂ ਭੁੱਲ ਜਾਂਦੇ ਹਾਂ ਕਿ ਕੋਸ਼ਿਸ਼ਾਂ ਅਤੇ ਮੁਸ਼ਕਲਾਂ ਦੇ ਦੌਰ ਦੇ ਆਪਣੇ ਹੀ ਫ਼ਾਇਦੇ ਹੁੰਦੇ ਹਨ।” ਕੀ-ਕੀ ਫ਼ਾਇਦੇ ਹੁੰਦੇ ਹਨ? ਉਹ ਅਖ਼ੀਰ ਵਿਚ ਕਹਿੰਦਾ ਹੈ: “[ਇਕ ਵਿਅਕਤੀ] ਇਹ ਗੱਲ ਸਿੱਖਦਾ ਹੈ ਕਿ ਨਾਕਾਮਯਾਬੀ ਜਾਨਲੇਵਾ ਨਹੀਂ ਹੁੰਦੀ ਤੇ ਨਾ ਹੀ ਸਦੀਵੀ ਹੁੰਦੀ ਹੈ। ਇਕ ਵਿਅਕਤੀ ਆਪਣੇ ਤਜਰਬਿਆਂ ਤੋਂ ਸਮਝਦਾਰ ਬਣਦਾ ਹੈ। ਅੱਗੋਂ ਤੋਂ ਉਹ ਆਪਣੇ ਆਪ ਨੂੰ [ਸਰੀਰਕ ਅਤੇ ਦਿਮਾਗ਼ੀ ਤੌਰ ਤੇ] ਤਿਆਰ ਕਰਦਾ ਹੈ।” ਬਾਈਬਲ ਸਿੱਧੇ-ਸਾਦੇ ਸ਼ਬਦਾਂ ਵਿਚ ਇੰਜ ਕਹਿੰਦੀ ਹੈ: “ਮਿਹਨਤ ਨਾਲ ਸਦਾ ਖੱਟੀ ਹੁੰਦੀ ਹੈ।”—ਕਹਾਉਤਾਂ 14:23.

ਨਿਰਸੰਦੇਹ, ਨਾਕਾਮਯਾਬ ਹੋਣ ਤੋਂ ਬਾਅਦ, ਨਵੇਂ ਸਿਰੇ ਤੋਂ ਕੋਈ ਕੰਮ ਸ਼ੁਰੂ ਕਰਨਾ ਹਮੇਸ਼ਾ ਆਸਾਨ ਨਹੀਂ ਹੁੰਦਾ। ਕਈ ਵਾਰ ਸਾਨੂੰ ਅਜਿਹੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜਿਨ੍ਹਾਂ ਉੱਤੇ ਅਸੀਂ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਵੀ ਕਰਦੇ ਹਾਂ, ਪਰ ਕਿਸੇ ਨਾ ਕਿਸੇ ਰੁਕਾਵਟ ਕਰਕੇ ਅਸੀਂ ਕਾਮਯਾਬ ਨਹੀਂ ਹੋ ਪਾਉਂਦੇ। ਮੰਜ਼ਲ ਨੇੜੇ ਆਉਣ ਦੀ ਬਜਾਇ, ਹੋਰ ਵੀ ਦੂਰ ਤੇ ਅਖ਼ੀਰ ਹੌਲੀ-ਹੌਲੀ ਲੋਪ ਹੀ ਹੁੰਦੀ ਨਜ਼ਰ ਆਉਂਦੀ ਹੈ। ਅਸੀਂ ਪਰੇਸ਼ਾਨ ਹੋ ਸਕਦੇ ਹਾਂ, ਅਯੋਗ ਮਹਿਸੂਸ ਕਰ ਸਕਦੇ ਹਾਂ, ਸਾਡਾ ਦਿਲ ਢਹਿ ਸਕਦਾ ਅਤੇ ਇੱਥੋਂ ਤਕ ਕਿ ਅਸੀਂ ਨਿਰਾਸ਼ ਹੋ ਸਕਦੇ ਹਾਂ। (ਕਹਾਉਤਾਂ 24:10) ਫਿਰ ਵੀ, ਬਾਈਬਲ ਸਾਨੂੰ ਉਤਸ਼ਾਹਿਤ ਕਰਦੀ ਹੈ: “ਭਲਿਆਈ ਕਰਦਿਆਂ ਅਸੀਂ ਅੱਕ ਨਾਂ ਜਾਈਏ ਕਿਉਂਕਿ ਜੇ ਹੌਸਲਾ ਨਾ ਹਾਰੀਏ ਤਾਂ ਵੇਲੇ ਸਿਰ ਵੱਢਾਂਗੇ।” (ਟੇਢੇ ਟਾਈਪ ਸਾਡੇ।)—ਗਲਾਤੀਆਂ 6:9.

ਦ੍ਰਿੜ੍ਹ ਰਹਿਣ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰ ਸਕਦੀ ਹੈ?

ਇਕ ਮਿੱਥੇ ਹੋਏ ਕੰਮ ਵਿਚ ਦ੍ਰਿੜ੍ਹ ਰਹਿਣ ਲਈ ਪਹਿਲਾ ਕਦਮ ਅਜਿਹੇ ਫ਼ਾਇਦੇਮੰਦ ਟੀਚੇ ਮਿੱਥਣਾ ਹੈ ਜਿਨ੍ਹਾਂ ਨੂੰ ਹਾਸਲ ਕਰਨਾ ਸਾਡੇ ਵੱਸ ਵਿਚ ਹੋਵੇ। ਪਤਰਸ ਰਸੂਲ ਨੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਿਆ। ਉਸ ਨੇ ਕੁਰਿੰਥੀਆਂ ਨੂੰ ਲਿਖਿਆ: “ਮੈਂ ਇਉਂ ਦੌੜਦਾ ਹਾਂ ਪਰ ਬੇਥੌਹਾ ਨਹੀਂ। ਮੈਂ ਇਉਂ ਹੂਰੀਂ ਲੜਦਾ ਹਾਂ ਪਰ ਉਸ ਵਾਂਙੁ ਨਹੀਂ ਜੋ ਪੌਣ ਨੂੰ ਮਾਰਦਾ ਹੈ।” ਪੌਲੁਸ ਰਸੂਲ ਜਾਣਦਾ ਸੀ ਕਿ ਜੇਕਰ ਉਹ ਆਪਣੀਆਂ ਕੋਸ਼ਿਸ਼ਾਂ ਵਿਚ ਕਾਮਯਾਬ ਹੋਣਾ ਚਾਹੁੰਦਾ ਸੀ, ਤਾਂ ਉਸ ਦੇ ਟੀਚੇ ਬਿਲਕੁਲ ਸਪੱਸ਼ਟ ਹੋਣੇ ਚਾਹੀਦੇ ਸਨ, ਠੀਕ ਉਸ ਦੌੜਾਕ ਵਾਂਗ ਜੋ ਆਪਣਾ ਪੂਰਾ ਧਿਆਨ ਦੌੜ ਦੀ ਅੰਤਿਮ ਰੇਖਾ ਪਾਰ ਕਰਨ ਵੱਲ ਇਕਾਗਰ ਕਰਦਾ ਹੈ। ਉਸ ਨੇ ਉਨ੍ਹਾਂ ਨੂੰ ਤਾਕੀਦ ਕੀਤੀ: “ਕੀ ਤੁਸੀਂ ਇਹ ਨਹੀਂ ਜਾਣਦੇ ਕਿ ਦੌੜ ਵਿੱਚ ਜਿਹੜੇ ਦੌੜਦੇ ਹਨ ਤਾਂ ਸੱਭੇ ਦੌੜਦੇ ਹਨ ਪਰ ਇਨਾਮ ਇੱਕੋ ਲੈ ਜਾਂਦਾ ਹੈ? ਇਉਂ ਤੁਸੀਂ ਵੀ ਦੌੜੋ ਤਾਂ ਜੋ ਤੁਸੀਂ ਹੀ ਇਨਾਮ ਲੈ ਜਾਓ।” (1 ਕੁਰਿੰਥੀਆਂ 9:24, 26) ਅਸੀਂ ਇਹ ਕਿਵੇਂ ਕਰ ਸਕਦੇ ਹਾਂ?

ਕਹਾਉਤਾਂ 14:15 ਕਹਿੰਦਾ ਹੈ: “ਸਿਆਣਾ ਵੇਖ ਭਾਲ ਕੇ ਚੱਲਦਾ ਹੈ।” ਇਹ ਅਕਲਮੰਦੀ ਦੀ ਗੱਲ ਹੋਵੇਗੀ ਕਿ ਅਸੀਂ ਆਪਣੀਆਂ ਜੁਗਤਾਂ ਨੂੰ ਸਮੇਂ-ਸਮੇਂ ਤੇ ਮੁੜ ਜਾਂਚੀਏ ਅਤੇ ਆਪਣੇ ਆਪ ਤੋਂ ਇਹ ਪੁੱਛੀਏ ਕਿ ਅਸੀਂ ਕਿੰਨੇ ਕੁ ਕਾਮਯਾਬ ਹੋਏ ਹਾਂ ਤੇ ਹੁਣ ਸਾਨੂੰ ਕਿੱਥੇ-ਕਿੱਥੇ ਤਬਦੀਲੀਆਂ ਕਰਨ ਦੀ ਲੋੜ ਹੈ। ਇਹ ਗੱਲ ਸਾਡੇ ਦਿਮਾਗ਼ ਵਿਚ ਸਪੱਸ਼ਟ ਹੋਣੀ ਬਹੁਤ ਲਾਜ਼ਮੀ ਹੈ ਕਿ ਅਸੀਂ ਕੀ ਪੂਰਾ ਕਰਨਾ ਚਾਹੁੰਦੇ ਹਾਂ ਅਤੇ ਕਿਉਂ ਕਰਨਾ ਚਾਹੁੰਦੇ ਹਾਂ। ਕਿਉਂਕਿ ਜੇਕਰ ਸਾਡਾ ਪੂਰਾ ਧਿਆਨ ਸਾਡੇ ਟੀਚਿਆਂ ਉੱਤੇ ਗੱਡਿਆ ਹੋਵੇਗਾ, ਤਾਂ ਅਸੀਂ ਛੇਤੀ ਕਿਤੇ ਹਾਰ ਨਹੀਂ ਮੰਨਾਂਗੇ। “ਤੇਰੀਆਂ ਅੱਖਾਂ ਨੱਕ ਦੀ ਸੇਧੇ ਵੇਖਦੀਆਂ ਰਹਿਣ,” ਪ੍ਰੇਰਿਤ ਕਹਾਵਤ ਤਾਕੀਦ ਕਰਦੀ ਹੈ, ਤਾਂ ਤੁਹਾਡੇ “ਸਾਰੇ ਪਹੇ ਕਾਇਮ ਹੋਣਗੇ।”—ਕਹਾਉਤਾਂ 4:25, 26.

ਆਪਣੇ ਟੀਚੇ ਪਛਾਣਨ ਤੋਂ ਬਾਅਦ, ਦੂਜਾ ਕਦਮ ਇਹ ਸੋਚਣਾ ਹੈ ਕਿ ਟੀਚਿਆਂ ਨੂੰ ਕਿਵੇਂ ਹਾਸਲ ਕਰਨਾ ਹੈ। ਯਿਸੂ ਨੇ ਪੁੱਛਿਆ: “ਕੌਣ ਹੈ ਜਿਹ ਦੀ ਬੁਰਜ ਬਣਾਉਣ ਦੀ ਦਲੀਲ ਹੋਵੇ ਤਾਂ ਪਹਿਲਾਂ ਬੈਠ ਕੇ ਖ਼ਰਚ ਦਾ ਲੇਖਾ ਨਾ ਕਰੇ?” (ਲੂਕਾ 14:28) ਇਸੇ ਸਿਧਾਂਤ ਮੁਤਾਬਕ ਮਾਨਸਿਕ ਸਿਹਤ ਦੇ ਇਕ ਮਾਹਰ ਨੇ ਕਿਹਾ: “ਕਾਮਯਾਬ ਲੋਕਾਂ ਬਾਰੇ ਮੈਂ ਇਕ ਗੱਲ ਦੇਖੀ ਹੈ ਕਿ ਉਹ ਆਪਣੀ ਜ਼ਿੰਦਗੀ ਵਿਚ ਕਾਰਨ ਅਤੇ ਪ੍ਰਭਾਵ ਦੇ ਅਸੂਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ, ਯਾਨੀ ਕਿ ਕਾਮਯਾਬ ਲੋਕ ਇਸ ਗੱਲ ਨੂੰ ਸਮਝਦੇ ਹਨ ਕਿ ਜੇਕਰ ਉਹ ਕੁਝ ਹਾਸਲ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਉਸ ਨਾਲ ਲੋੜੀਂਦੇ ਸਾਰੇ ਕੰਮ ਕਰਨੇ ਪੈਣਗੇ।” ਇਕ ਮਿੱਥੇ ਹੋਏ ਕੰਮ ਨੂੰ ਪੂਰਾ ਕਰਨ ਲਈ ਜਿਹੜੇ ਵੀ ਕਦਮ ਚੁੱਕਣੇ ਜ਼ਰੂਰੀ ਹਨ, ਉਨ੍ਹਾਂ ਦੀ ਸਪੱਸ਼ਟ ਜਾਣਕਾਰੀ ਹੋਣ ਤੇ ਕੰਮ ਵਿਚ ਪੂਰੀ ਤਰ੍ਹਾਂ ਇਕਾਗਰ ਹੋਣ ਵਿਚ ਮਦਦ ਹੋਵੇਗੀ। ਜੇਕਰ ਅਸੀਂ ਨਾਕਾਮਯਾਬ ਵੀ ਹੋ ਜਾਂਦੇ ਹਾਂ, ਤਾਂ ਇਸ ਨਾਲ ਮੁੜ ਨਵੇਂ ਸਿਰੇ ਤੋਂ ਕੰਮ ਸ਼ੁਰੂ ਕਰਨਾ ਸੌਖਾ ਹੋਵੇਗਾ। ਇਸੇ ਤਰ੍ਹਾਂ ਦੀ ਸੋਚ-ਵਿਚਾਰ ਹੀ ਔਰਵਿਲ ਅਤੇ ਵਿਲਬਰ ਰਾਈਟ ਦੀ ਕਾਮਯਾਬੀ ਦਾ ਰਾਜ਼ ਸੀ।

ਇਸ ਲਈ, ਕਿਸੇ ਕੰਮ ਵਿਚ ਨਾਕਾਮਯਾਬ ਹੋਣ ਤੇ ਨਿਰਾਸ਼ ਹੋਣ ਦੀ ਬਜਾਇ, ਉਸ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰੋ। ਹਾਲਾਤਾਂ ਬਾਰੇ ਚੰਗੀ ਤਰ੍ਹਾਂ ਸੋਚੋ ਤੇ ਦੇਖੋ ਕਿ ਤੁਸੀਂ ਕਿੱਥੇ ਗ਼ਲਤੀ ਕੀਤੀ, ਫਿਰ ਗ਼ਲਤੀ ਨੂੰ ਸੁਧਾਰੋ ਜਾਂ ਜਿੱਥੇ ਵੀ ਕੋਈ ਕਸਰ ਰਹਿ ਗਈ ਹੈ, ਤਾਂ ਉਸ ਨੂੰ ਠੀਕ ਕਰੋ। ਦੂਜਿਆਂ ਦੀ ਸਲਾਹ ਲੈਣੀ ਵੀ ਮਦਦਗਾਰ ਸਿੱਧ ਹੋਵੇਗੀ, ਕਿਉਂਕਿ “ਪਰੋਜਨ ਸਲਾਹ ਨਾਲ ਕਾਇਮ ਹੋ ਜਾਂਦੇ ਹਨ।” (ਕਹਾਉਤਾਂ 20:18) ਨਿਰਸੰਦੇਹ, ਹਰੇਕ ਕੋਸ਼ਿਸ਼ ਕਰਨ ਨਾਲ ਤੁਸੀਂ ਹੋਰ ਵੀ ਤਜਰਬੇਕਾਰ ਬਣੋਗੇ ਤੇ ਆਪਣੀਆਂ ਯੋਗਤਾਵਾਂ ਨੂੰ ਵੀ ਨਿਖਾਰੋਗੇ ਜੋ ਤੁਹਾਡੀ ਕਾਮਯਾਬੀ ਵਿਚ ਬਹੁਤ ਮਦਦਗਾਰ ਸਿੱਧ ਹੋਣਗੀਆਂ।

ਦ੍ਰਿੜ੍ਹ ਰਹਿਣ ਦਾ ਤੀਜਾ ਪੱਖ ਕਿਸੇ ਕੰਮ ਵਿਚ ਲਗਾਤਾਰ ਲੱਗੇ ਰਹਿਣਾ ਹੈ। ਪੌਲੁਸ ਰਸੂਲ ਨੇ ਸਾਨੂੰ ਉਤਸ਼ਾਹਿਤ ਕੀਤਾ: “ਜਿੱਥੋਂ ਤੋੜੀ ਅਸੀਂ ਅੱਪੜੇ ਹਾਂ ਉਸੇ ਦੇ ਅਨੁਸਾਰ ਚੱਲੀਏ।” (ਫ਼ਿਲਿੱਪੀਆਂ 3:16) ਜਿਵੇਂ ਇਕ ਸਿੱਖਿਅਕ ਨੇ ਕਿਹਾ: “ਲੰਬੇ ਸਮੇਂ ਤਕ ਸੰਤੁਲਨ ਰੱਖਣ ਦੇ ਅਤੇ ਲਗਾਤਾਰ ਕੰਮ ਕਰਦੇ ਰਹਿਣ ਦੇ ਸ਼ਾਨਦਾਰ ਨਤੀਜੇ ਨਿਕਲਦੇ ਹਨ।” ਇਹੀ ਗੱਲ ਮਸ਼ਹੂਰ ਈਸੌਪ ਦੀ ਖ਼ਰਗੋਸ਼ ਅਤੇ ਕੱਛੂਕੁੰਮੇ ਦੀ ਕਹਾਣੀ ਨਾਲ ਬਹੁਤ ਵਧੀਆ ਤਰੀਕੇ ਨਾਲ ਦਰਸਾਈ ਗਈ ਹੈ। ਬੇਸ਼ੱਕ ਕੱਛੂਕੁੰਮੇ ਦੀ ਚਾਲ ਖ਼ਰਗੋਸ਼ ਨਾਲੋਂ ਬਹੁਤ ਘੱਟ ਸੀ, ਫਿਰ ਵੀ ਉਹ ਦੌੜ ਵਿਚ ਜਿੱਤ ਗਿਆ। ਕਿਉਂ? ਕਿਉਂਕਿ ਉਹ ਦ੍ਰਿੜ੍ਹ ਹੋ ਕੇ ਅੱਗੇ ਵਧਦਾ ਰਿਹਾ। ਉਸ ਨੇ ਹੌਸਲਾ ਨਹੀਂ ਹਾਰਿਆ। ਸਗੋਂ ਉੱਨੀ ਕੁ ਚਾਲ ਮਿੱਥੀ ਜਿੰਨੀ ਕੁ ਉਹ ਲਗਾਤਾਰ ਤੁਰ ਸਕਦਾ ਸੀ ਅਤੇ ਉਸ ਤੋਂ ਬਾਅਦ ਦੌੜ ਦੀ ਰੇਖਾ ਪਾਰ ਕਰਨ ਤਕ ਉਹ ਆਪਣੀ ਮਿੱਥੀ ਹੋਈ ਚਾਲ ਤੇ ਦ੍ਰਿੜ੍ਹ ਰਿਹਾ। ਇਸੇ ਤਰ੍ਹਾਂ, ਆਪਣੇ ਟੀਚੇ ਮਿੱਥਣ ਵਾਲਾ ਅਤੇ ਦ੍ਰਿੜ੍ਹ ਰਹਿਣ ਵਾਲਾ ਵਿਅਕਤੀ ਲਗਾਤਾਰ ਅੱਗੇ ਵਧਦਾ ਜਾਂਦਾ ਹੈ, ਉਸ ਨੂੰ ਹੋਰ ਜ਼ਿਆਦਾ ਕਰਨ ਦੀ ਹੱਲਾਸ਼ੇਰੀ ਮਿਲਦੀ ਰਹਿੰਦੀ ਹੈ, ਇਸੇ ਲਈ ਉਹ ਛੇਤੀ ਕਿਤੇ ਢੇਰੀ ਨਹੀਂ ਢਾਹੁੰਦਾ ਜਾਂ ਦੌੜ ਵਿਚ ਛੇਤੀ ਕਿਤੇ ਹਾਰ ਨਹੀਂ ਮੰਨਦਾ। ਜੀ ਹਾਂ, “ਇਉਂ ਤੁਸੀਂ ਵੀ ਦੌੜੋ” ਤਾਂ ਜੋ ਤੁਸੀਂ ਆਪਣੇ ਟੀਚੇ ਹਾਸਲ ਕਰਨ ਵਿਚ ਕਾਮਯਾਬ ਹੋ ਜਾਓ।

ਫ਼ਾਇਦੇਮੰਦ ਟੀਚੇ ਚੁਣੋ

ਨਿਰਸੰਦੇਹ, ਦ੍ਰਿੜ੍ਹ ਰਹਿਣ ਦਾ ਤਾਂ ਹੀ ਫ਼ਾਇਦਾ ਹੈ ਜੇਕਰ ਸਾਡੇ ਕੋਲ ਫ਼ਾਇਦੇਮੰਦ ਟੀਚੇ ਹੋਣ। ਬਹੁਤ ਸਾਰੇ ਲੋਕ ਉਨ੍ਹਾਂ ਚੀਜ਼ਾਂ ਪਿੱਛੇ ਭੱਜਦੇ ਹਨ ਜਿਨ੍ਹਾਂ ਤੋਂ ਕੋਈ ਖ਼ੁਸ਼ੀ ਨਹੀਂ ਮਿਲਦੀ। ਪਰ ਬਾਈਬਲ ਕਹਿੰਦੀ ਹੈ: “ਜਿਹ ਨੇ ਪੂਰੀ ਸ਼ਰਾ ਨੂੰ ਅਰਥਾਤ ਅਜ਼ਾਦੀ ਦੀ ਸ਼ਰਾ ਨੂੰ ਗੌਹ ਨਾਲ ਵੇਖਿਆ ਅਤੇ ਵੇਖਦਾ ਰਹਿੰਦਾ ਹੈ  . . ਆਪਣੇ ਕੰਮ ਵਿੱਚ ਧੰਨ ਹੋਵੇਗਾ।” (ਯਾਕੂਬ 1:25) ਜੀ ਹਾਂ, ਪਰਮੇਸ਼ੁਰ ਦੀ ਸ਼ਰਾ ਜਾਂ ਉਸ ਦੇ ਨਿਯਮਾਂ ਨੂੰ ਸਮਝਣ ਲਈ ਬਾਈਬਲ ਦਾ ਅਧਿਐਨ ਕਰਨਾ ਇਕ ਬਹੁਤ ਹੀ ਫ਼ਾਇਦੇਮੰਦ ਟੀਚਾ ਹੈ। ਕਿਉਂ? ਇਸ ਲਈ, ਕਿਉਂਕਿ ਪਰਮੇਸ਼ੁਰ ਦੇ ਨਿਯਮ ਖਰੇ ਅਤੇ ਧਰਮੀ ਮਿਆਰਾਂ ਉੱਤੇ ਆਧਾਰਿਤ ਹਨ। ਸ੍ਰਿਸ਼ਟੀਕਰਤਾ ਹੋਣ ਦੇ ਨਾਤੇ, ਉਹ ਜਾਣਦਾ ਹੈ ਕਿ ਸਾਡੇ ਲਈ ਸਭ ਤੋਂ ਉੱਤਮ ਕੀ ਹੈ। ਇਸ ਲਈ ਜੇਕਰ ਅਸੀਂ ਪਰਮੇਸ਼ੁਰ ਦੀਆਂ ਹਿਦਾਇਤਾਂ ਪੜ੍ਹਨ ਲਈ ਅਤੇ ਉਸ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਲਈ ਦ੍ਰਿੜ੍ਹ ਰਹਿੰਦੇ ਹਾਂ, ਤਾਂ ਅਜਿਹੀ ਦ੍ਰਿੜ੍ਹਤਾ ਰੱਖਣ ਨਾਲ ਯਕੀਨਨ ਸਾਨੂੰ ਖ਼ੁਸ਼ੀ ਮਿਲੇਗੀ। ਕਹਾਉਤਾਂ 3:5, 6 ਵਿਚ ਵਾਅਦਾ ਕੀਤਾ ਗਿਆ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ . . . ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।”

ਇਸ ਤੋਂ ਇਲਾਵਾ, ਯਿਸੂ ਨੇ ਕਿਹਾ ਕਿ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਬਾਰੇ ਗਿਆਨ ਲੈਣ ਦਾ ਮਤਲਬ “ਸਦੀਪਕ ਜੀਉਣ” ਹੈ। (ਯੂਹੰਨਾ 17:3) ਬਾਈਬਲ ਦੀ ਭਵਿੱਖਬਾਣੀ ਦੱਸਦੀ ਹੈ ਕਿ ਅਸੀਂ ਇਸ ਰੀਤੀ ਬਿਵਸਥਾ ਦੇ “ਅੰਤ ਦਿਆਂ ਦਿਨਾਂ” ਵਿਚ ਰਹਿੰਦੇ ਹਾਂ। (2 ਤਿਮੋਥਿਉਸ 3:1-5; ਮੱਤੀ 24:3-13) ਜਲਦੀ ਹੀ ਪਰਮੇਸ਼ੁਰ ਦਾ ਰਾਜ, ਯਾਨੀ ਉਸ ਦੀ ਧਰਮੀ ਸਰਕਾਰ, ਧਰਤੀ ਦੇ ਵਾਸੀਆਂ ਉੱਤੇ ਆਪਣਾ ਰਾਜ ਸ਼ੁਰੂ ਕਰ ਦੇਵੇਗੀ। (ਦਾਨੀਏਲ 2:44; ਮੱਤੀ 6:10) ਇਹ ਸਰਕਾਰ ਸਾਰੀ ਆਗਿਆਕਾਰ ਮਨੁੱਖਜਾਤੀ ਦੇ ਭਲੇ ਲਈ ਸ਼ਾਂਤੀ ਅਤੇ ਖ਼ੁਸ਼ਹਾਲੀ ਦੇ ਇਕ ਸ਼ਾਨਦਾਰ ਯੁੱਗ ਦੀ ਸ਼ੁਰੂਆਤ ਕਰੇਗੀ। (ਜ਼ਬੂਰ 37:10, 11; ਪਰਕਾਸ਼ ਦੀ ਪੋਥੀ 21:4) ਰਸੂਲਾਂ ਦੇ ਕਰਤੱਬ 10:34 ਕਹਿੰਦਾ ਹੈ: “ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ।” ਜੀ ਹਾਂ, ਹਰੇਕ ਨੂੰ ਇਨ੍ਹਾਂ ਹਾਲਤਾਂ ਦਾ ਆਨੰਦ ਮਾਣਨ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ!

ਬਾਈਬਲ ਬੁੱਧੀ ਅਤੇ ਅਰਥ ਨਾਲ ਭਰਪੂਰ ਇਕ ਪੁਰਾਣੀ ਕਿਤਾਬ ਹੈ। ਇਸ ਨੂੰ ਸਮਝਣ ਲਈ ਸਮਾਂ ਲਾਉਣ ਦੀ ਅਤੇ ਜਤਨ ਕਰਨ ਦੀ ਲੋੜ ਹੈ। ਪਰ ਪਰਮੇਸ਼ੁਰ ਦੀ ਮਦਦ ਦੇ ਨਾਲ-ਨਾਲ ਜੇਕਰ ਅਸੀਂ ਇਸ ਦਾ ਗਿਆਨ ਲੈਣ ਲਈ ਦ੍ਰਿੜ੍ਹਤਾ ਨਾਲ ਲੱਗੇ ਰਹਿੰਦੇ ਹਾਂ, ਤਾਂ ਅਸੀਂ ਇਸ ਨੂੰ ਸਮਝ ਸਕਦੇ ਹਾਂ। (ਕਹਾਉਤਾਂ 2:4, 5; ਯਾਕੂਬ 1:5) ਯਕੀਨਨ, ਅਸੀਂ ਜੋ ਵੀ ਸਿੱਖਦੇ ਹਾਂ, ਉਸ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨਾ ਇਕ ਚੁਣੌਤੀ ਹੋ ਸਕਦੀ ਹੈ। ਸਾਨੂੰ ਆਪਣੀ ਸੋਚ ਅਤੇ ਆਪਣੀਆਂ ਆਦਤਾਂ ਵਿਚ ਤਬਦੀਲੀਆਂ ਕਰਨ ਦੀ ਲੋੜ ਹੋ ਸਕਦੀ ਹੈ। ਚੰਗੇ ਦੋਸਤ-ਮਿੱਤਰ ਜਾਂ ਪਰਿਵਾਰ ਦੇ ਮੈਂਬਰ ਸਾਡੇ ਬਾਈਬਲ ਅਧਿਐਨ ਦਾ ਵਿਰੋਧ ਵੀ ਕਰ ਸਕਦੇ ਹਨ। ਇਸ ਲਈ ਦ੍ਰਿੜ੍ਹ ਰਹਿਣਾ ਬਹੁਤ ਹੀ ਜ਼ਰੂਰੀ ਹੈ। ਪੌਲੁਸ ਰਸੂਲ ਨੇ ਸਾਨੂੰ ਯਾਦ ਦਿਵਾਇਆ ਕਿ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਸਦੀਪਕ ਜੀਵਨ ਦੇਵੇਗਾ “ਜਿਹੜੇ ਸ਼ੁਭ ਕਰਮਾਂ ਵਿੱਚ ਦ੍ਰਿੜ੍ਹ” ਰਹਿੰਦੇ ਹਨ। (ਰੋਮੀਆਂ 2:7) ਯਹੋਵਾਹ ਦੇ ਗਵਾਹਾਂ ਨੂੰ ਇਹ ਟੀਚਾ ਪ੍ਰਾਪਤ ਕਰਨ ਵਿਚ ਤੁਹਾਡੀ ਮਦਦ ਕਰ ਕੇ ਬਹੁਤ ਖ਼ੁਸ਼ੀ ਹੋਵੇਗੀ।

ਯਕੀਨ ਰੱਖੋ ਕਿ ਜੇਕਰ ਤੁਸੀਂ ਪਰਮੇਸ਼ੁਰ ਤੇ ਉਸ ਦੀ ਇੱਛਾ ਬਾਰੇ ਸਿੱਖਣ ਲਈ ਦ੍ਰਿੜ੍ਹ ਰਹਿੰਦੇ ਹੋ ਅਤੇ ਸਿੱਖੀਆਂ ਹੋਈਆਂ ਗੱਲਾਂ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਵਿਚ ਜੁਟੇ ਰਹਿੰਦੇ ਹੋ, ਤਾਂ ਤੁਸੀਂ ਜ਼ਰੂਰ ਕਾਮਯਾਬ ਹੋਵੋਗੇ।—ਜ਼ਬੂਰ 1:1-3.

[ਸਫ਼ੇ 6 ਉੱਤੇ ਤਸਵੀਰ]

ਜੇਕਰ ਤੁਸੀਂ ਪਰਮੇਸ਼ੁਰ ਅਤੇ ਉਸ ਦੀ ਇੱਛਾ ਬਾਰੇ ਸਿੱਖਣ ਲਈ ਦ੍ਰਿੜ੍ਹ ਰਹਿੰਦੇ ਹੋ, ਤਾਂ ਤੁਹਾਨੂੰ ਜ਼ਰੂਰ ਕਾਮਯਾਬੀ ਮਿਲੇਗੀ

[ਸਫ਼ੇ 4 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Culver Pictures