Skip to content

Skip to table of contents

ਨੀਦਰਲੈਂਡਜ਼ ਵਿਚ ਹਰ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਨੀ

ਨੀਦਰਲੈਂਡਜ਼ ਵਿਚ ਹਰ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਨੀ

ਘੋਸ਼ਕ ਰਿਪੋਰਟ ਕਰਦੇ ਹਨ

ਨੀਦਰਲੈਂਡਜ਼ ਵਿਚ ਹਰ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਨੀ

ਅਬਰਾਹਾਮ ਇਕ ਅਨੋਖੀ ਨਿਹਚਾ ਰੱਖਣ ਵਾਲਾ ਇਨਸਾਨ ਸੀ। ਪੌਲੁਸ ਰਸੂਲ ਕਹਿੰਦਾ ਹੈ ਕਿ “ਅਬਰਾਹਾਮ ਜਾਂ ਸੱਦਿਆ ਗਿਆ” ਤਾਂ ਉਸ ਨੇ ਪਰਮੇਸ਼ੁਰ ਦੀ ਆਗਿਆ ਮੰਨੀ ਅਤੇ “ਭਾਵੇਂ ਉਹ ਨਹੀਂ ਸੀ ਜਾਣਦਾ ਭਈ ਮੈਂ ਕਿੱਧਰ ਨੂੰ ਲਗਾ ਜਾਂਦਾ ਹਾਂ ਤਾਂ ਵੀ ਨਿੱਕਲ ਤੁਰਿਆ।” ਅਬਰਾਹਾਮ ਆਪਣੀ ਜ਼ਿੰਦਗੀ ਦੇ ਬਾਕੀ ਰਹਿੰਦੇ ਸੌ ਸਾਲਾਂ ਲਈ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ, “ਵਾਇਦੇ ਵਾਲੀ ਧਰਤੀ ਵਿੱਚ ਜਾ ਵੱਸਿਆ।”—ਇਬਰਾਨੀਆਂ 11:8, 9.

ਇਸੇ ਤਰ੍ਹਾਂ, ਅੱਜ ਵੀ ਬਹੁਤ ਸਾਰੇ ਯਹੋਵਾਹ ਦੇ ਗਵਾਹਾਂ ਨੇ ਉਨ੍ਹਾਂ ਦੇਸ਼ਾਂ ਵਿਚ ਜਾ ਕੇ ਸੇਵਾ ਕਰਨ ਦੀ ਚੁਣੌਤੀ ਨੂੰ ਸਵੀਕਾਰ ਕੀਤਾ ਹੈ ਜਿੱਥੇ ਪ੍ਰਚਾਰਕਾਂ ਦੀ ਲੋੜ ਬਹੁਤ ਜ਼ਿਆਦਾ ਹੈ। ਦੂਸਰਿਆਂ ਨੇ ਇਕ ਵੱਖਰੀ ਭਾਸ਼ਾ ਸਿੱਖੀ ਹੈ ਤਾਂਕਿ ਉਹ ਉਨ੍ਹਾਂ ਪਰਦੇਸੀਆਂ ਨੂੰ ਗਵਾਹੀ ਦੇ ਸਕਣ ਜਿਹੜੇ ਉਨ੍ਹਾਂ ਦੇ ਦੇਸ਼ ਵਿਚ ਆ ਕੇ ਵੱਸ ਗਏ ਹਨ। ਹੇਠਾਂ ਦਿੱਤੀਆਂ ਗਈਆਂ ਉਦਾਹਰਣਾਂ ਦਿਖਾਉਂਦੀਆਂ ਹਨ ਕਿ ਇਸ ਤਰ੍ਹਾਂ ਦਾ ਜੋਸ਼ ਰੱਖਣ ਕਰਕੇ ਨੀਦਰਲੈਂਡਜ਼ ਵਿਚ “ਇੱਕ ਵੱਡਾ ਅਤੇ ਕੰਮ ਕੱਢਣ ਵਾਲਾ ਦਰਵੱਜਾ” ਖੁੱਲ੍ਹਿਆ ਹੈ, ਜਿੱਥੇ ਡੇਢ ਕਰੋੜ ਲੋਕਾਂ ਵਿੱਚੋਂ ਲਗਭਗ ਦਸ ਲੱਖ ਲੋਕ ਦੂਸਰੇ ਦੇਸ਼ਾਂ ਤੋਂ ਆ ਕੇ ਇੱਥੇ ਵੱਸੇ ਹੋਏ ਹਨ।—1 ਕੁਰਿੰਥੀਆਂ 16:9.

◻ ਬਾਰਾਮ ਨਾਮਕ ਇਕ ਸਾਬਕਾ ਕੁੰਗ ਫ਼ੂ ਉਸਤਾਦ ਮੱਧ ਪੂਰਬ ਦੇ ਇਕ ਦੇਸ਼ ਤੋਂ ਆਇਆ ਸੀ। ਉਸ ਨੂੰ ਇਕ ਬਾਈਬਲ ਅਤੇ ਵਾਚ ਟਾਵਰ ਦੇ ਕੁਝ ਪ੍ਰਕਾਸ਼ਨ ਮਿਲੇ। ਇਕ ਮਹੀਨੇ ਦੇ ਵਿਚ-ਵਿਚ ਹੀ, ਬਾਰਾਮ ਨੂੰ ਅਹਿਸਾਸ ਹੋ ਗਿਆ ਕਿ ਉਸ ਨੂੰ ਸੱਚਾਈ ਮਿਲ ਗਈ ਹੈ। ਉਸ ਨਾਲ ਅਤੇ ਉਸ ਦੀ ਪਤਨੀ ਨਾਲ ਬਾਈਬਲ ਅਧਿਐਨ ਸ਼ੁਰੂ ਕੀਤਾ ਗਿਆ, ਪਰ ਸਮੱਸਿਆ ਇਹ ਸੀ ਕਿ ਉਨ੍ਹਾਂ ਦੇ ਬਾਈਬਲ ਸਿੱਖਿਅਕ ਨੂੰ ਉਨ੍ਹਾਂ ਦੀ ਭਾਸ਼ਾ ਨਹੀਂ ਆਉਂਦੀ ਸੀ। ਉਹ ਯਾਦ ਕਰਦੇ ਹਨ ਕਿ ਉਹ “ਹੱਥ-ਪੈਰ ਹਿਲਾ ਕੇ” ਇਸ਼ਾਰਿਆਂ ਨਾਲ ਗੱਲਾਂ ਕਰਦੇ ਸਨ। ਸਮਾਂ ਪਾ ਕੇ ਬਾਰਾਮ ਤੇ ਉਸ ਦੀ ਪਤਨੀ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਦੀ ਇਕ ਕਲੀਸਿਯਾ ਦਾ ਥਾਂ-ਟਿਕਾਣਾ ਪਤਾ ਲੱਗ ਗਿਆ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਤੇਜ਼ੀ ਨਾਲ ਤਰੱਕੀ ਕੀਤੀ। ਬਾਰਾਮ ਹੁਣ ਇਕ ਬਪਤਿਸਮਾ-ਪ੍ਰਾਪਤ ਗਵਾਹ ਹੈ।

◻ ਇਕ ਡੱਚ ਪਾਇਨੀਅਰ ਜੋੜਾ ਇਕ ਇੰਡੋਨੇਸ਼ੀਆਈ ਵਿਅਕਤੀ ਕੋਲ ਗਿਆ ਜੋ ਇਕ ਸੁਪਰ-ਬਾਜ਼ਾਰ ਦੇ ਸਾਮ੍ਹਣੇ ਖੜ੍ਹਾ ਸੀ। ਜਦੋਂ ਉਸ ਜੋੜੇ ਨੇ ਉਸੇ ਦੀ ਹੀ ਭਾਸ਼ਾ ਵਿਚ ਉਸ ਨਾਲ ਗੱਲ ਕੀਤੀ ਤਾਂ ਉਹ ਬਹੁਤ ਖ਼ੁਸ਼ ਤੇ ਨਾਲੋ-ਨਾਲ ਬਹੁਤ ਹੈਰਾਨ ਵੀ ਹੋਇਆ। ਉਸ ਤੋਂ ਬਾਅਦ ਉਸ ਨੂੰ ਉਸ ਦੇ ਘਰ ਮਿਲਣ ਦਾ ਪ੍ਰਬੰਧ ਕੀਤਾ ਗਿਆ। ਗੱਲ-ਬਾਤ ਤੋਂ ਇਹ ਪਤਾ ਲੱਗਾ ਕਿ ਉਹ ਵੀਹ ਤੋਂ ਜ਼ਿਆਦਾ ਸਾਲਾਂ ਤੋਂ ਰੂਸ ਵਿਚ ਰਿਹਾ ਸੀ ਅਤੇ ਇਸ ਦੌਰਾਨ ਉਹ ਇਸਤਰੀ ਰੋਗਾਂ ਦਾ ਡਾਕਟਰ [ਗਾਈਨਾਕਾਲਜਿਸਟ] ਬਣ ਗਿਆ ਸੀ। ਉਸ ਨੇ ਆਪਣੇ ਆਪ ਨੂੰ ਨਾਸਤਿਕ ਕਿਹਾ, ਪਰ ਉਸ ਨੇ ਇਹ ਮੰਨਿਆ ਕਿ ਹਰ ਵਾਰ ਜਦੋਂ ਵੀ ਉਹ ਇਕ ਬੱਚੇ ਦਾ ਜਨਮ ਹੁੰਦਾ ਦੇਖਦਾ ਹੈ, ਤਾਂ ਉਸ ਨੂੰ ਬਹੁਤ ਹੈਰਾਨੀ ਹੁੰਦੀ ਹੈ ਅਤੇ ਉਹ ਸੋਚਦਾ ਹੈ, “ਮਨੁੱਖੀ ਸਰੀਰ ਕਿੰਨਾ ਸ਼ਾਨਦਾਰ ਹੈ! ਇਹ ਕਿੰਨਾ ਵੱਡਾ ਚਮਤਕਾਰ ਹੈ!” ਉਹ ਬਾਈਬਲ ਅਧਿਐਨ ਕਰਨ ਲਈ ਰਾਜ਼ੀ ਹੋ ਗਿਆ ਅਤੇ ਜਲਦੀ ਹੀ ਉਸ ਨੇ ਵਿਸ਼ਵਾਸ ਕਰ ਲਿਆ ਕਿ ਇਕ ਸਿਰਜਣਹਾਰ ਜ਼ਰੂਰ ਹੈ ਜਿਸ ਨੂੰ ਸਾਰੀ ਮਨੁੱਖਜਾਤੀ ਦੀ ਫ਼ਿਕਰ ਹੈ। (1 ਪਤਰਸ 5:6, 7) ਹੁਣ ਉਹ ਇਕ ਬਪਤਿਸਮਾ-ਪ੍ਰਾਪਤ ਭਰਾ ਹੈ ਅਤੇ ਅਮਸਟਰਡਮ ਵਿਚ ਇਕ ਇੰਡੋਨੇਸ਼ੀਆਈ ਕਲੀਸਿਯਾ ਵਿਚ ਸੇਵਾ ਕਰਦਾ ਹੈ।

◻ ਰੋਟਰਡਮ ਵਿਚ, ਜੋ ਦੁਨੀਆਂ ਦੀ ਇਕ ਸਭ ਤੋਂ ਵੱਡੀ ਸਮੁੰਦਰੀ ਬੰਦਰਗਾਹ ਹੈ, ਪਾਇਨੀਅਰਾਂ ਦਾ ਇਕ ਗਰੁੱਪ ਹਰ ਦਿਨ ਜਹਾਜ਼ ਰਾਹੀਂ ਇੱਥੇ ਆਉਣ ਵਾਲੇ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਨੂੰ ਪ੍ਰਚਾਰ ਕਰਨ ਵਿਚ ਮਾਹਰ ਹੋ ਗਿਆ ਹੈ। ਇਨ੍ਹਾਂ ਜੋਸ਼ੀਲੇ ਪ੍ਰਚਾਰਕਾਂ ਦੀ ਇਸ ਕੋਸ਼ਿਸ਼ ਦੇ ਸਿੱਟੇ ਵਜੋਂ, ਇਕ ਕਪਤਾਨ, ਇਕ ਜਲ-ਸੈਨਾ ਅਫ਼ਸਰ ਅਤੇ ਇਕ ਸਾਬਕਾ ਬਾਡੀ-ਗਾਰਡ ਸਮੇਤ ਕਈ ਮਲਾਹਾਂ ਨੇ ਸੱਚਾਈ ਸਵੀਕਾਰ ਕੀਤੀ। ਹੁਣ ਇਹ ਵੀ ਸਾਰੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਨੂੰ ਵਿਸ਼ਵ ਭਰ ਵਿਚ ਫੈਲਾਉਣ ਵਿਚ ਮਦਦ ਕਰਦੇ ਹਨ।—ਮੱਤੀ 24:14.

ਸੰਸਾਰ ਦੇ ਦੂਸਰੇ ਹਿੱਸਿਆਂ ਵਾਂਗ, ਨੀਦਰਲੈਂਡਜ਼ ਵਿਚ ਯਹੋਵਾਹ ਦੇ ਗਵਾਹ ਹਰੇਕ ਕੌਮ ਅਤੇ ਗੋਤ ਅਤੇ ਭਾਖਿਆ ਅਤੇ ਉੱਮਤ ਨੂੰ ਸਦੀਵੀ ਖ਼ੁਸ਼ ਖ਼ਬਰੀ ਸੁਣਾਉਣ ਲਈ ਦਿਲੋ-ਜਾਨ ਨਾਲ ਕੋਸ਼ਿਸ਼ ਕਰ ਰਹੇ ਹਨ।—ਪਰਕਾਸ਼ ਦੀ ਪੋਥੀ 14:6.